ਲਾਹੌਰ ਵਿਚ ਪੰਜਾਬੀ ਸੰਗੀਤ ਦੇ ਤਵਿਆਂ ਦੇ ਪੁਰਾਤਨ ਵੱਡੇ ਡਿਸਟ੍ਰੀਬਿਊਟਰ
ਪੰਜਾਬੀ ਸੰਗੀਤ ਨੂੰ ਗਾਇਕ ਦੇ ਗਲੇ ਤੋਂ ਲੈ ਕੇ ਆਮ ਲੋਕਾਈ ਦੇ ਬਨੇਰਿਆਂ ਤੱਕ ਪਹੁੰਚਾਉਣ ਦੇ ਯੋਗਦਾਨ ਨੂੰ ਵਾਕਿਆ ਹੀ ਭੁਲਾਇਆ ਨਹੀਂ ਜਾ ਸਕਦਾ।
ਪੁਰਾਤਨ ਸਮਿਆਂ ਵਿਚ ਹਰ ਵਿਅਕਤੀ ਕੋਲ ਗ੍ਰਾਮੋਫੋਨ ਮਸ਼ੀਨ ਨਹੀਂ ਸੀ ਹੁੰਦੀ। ਕੁਝ ਸੰਗੀਤ ਪ੍ਰੇਮੀ, ਫ਼ੌਜੀ ਜਾਂ ਸੰਗੀਤ ਦਾ ਮੋਹ ਪਾਲਣ ਵਾਲੇ ਰਈਸ ਲੋਕ ਹੀ ਇਸ ਮਹਿੰਗੇ ਸ਼ੌਕ ਨੂੰ ਪਾਲਦੇ ਸਨ। ਇਹ ਮਹਿੰਗਾ ਸ਼ੌਕ ਹਾਰੀ-ਸਾਰੀ ਦੇ ਵੱਸ ਦਾ ਰੋਗ ਨਹੀਂ ਸੀ।
ਸਾਂਝੇ ਪੰਜਾਬ ਦਾ ਵੱਡਾ ਸ਼ਹਿਰ ਲਾਹੌਰ ਸੀ ਤੇ ਮਸ਼ਹੂਰ ਵੀ ਸੀ। ਇਥੋਂ ਦੇ ਬਜ਼ਾਰਾਂ ਵਿਚ ਕੁਝ ਦੁਕਾਨਦਾਰ ਘੜੀਆਂ, ਟਾਈਮਪੀਸ ਜਾਂ ਸਜਾਵਟ ਦਾ ਮਹਿੰਗਾ ਸਮਾਨ ਵੇਚਣ ਦਾ ਧੰਦਾ ਕਰਦੇ ਸਨ। 1902 ਦੇ ਆਸ-ਪਾਸ ਇਸ ਸ਼ਹਿਰ ਵਿਚ ਭਾਰਤੀ ਖ਼ਾਸ ਕਰ ਪੰਜਾਬੀ ਸੰਗੀਤ ਦਾ ਆਗਾਜ਼ ਹੋਇਆ, ਰਿਕਾਰਡਿੰਗ ਕੰਪਨੀਆਂ ਖੁੱਲ੍ਹੀਆਂ। ਇਨ੍ਹਾਂ ਵੱਡੇ ਦੁਕਾਨਦਾਰਾਂ ਨੇ ਕੰਪਨੀਆਂ ਨਾਲ ਸਮਝੌਤੇ ਕਰਕੇ ਡੀਲਰਸ਼ਿਪ ਹਾਸਲ ਕੀਤੀ ਅਤੇ ਘੜੀਆਂ, ਟਾਈਮਪੀਸਾਂ ਦੇ ਨਾਲ-ਨਾਲ ਵੱਖ-ਵੱਖ ਕੰਪਨੀਆਂ ਦੇ ਤਵੇ ਵੀ ਵੇਚਣੇ ਸ਼ੁਰੂ ਕਰ ਦਿੱਤੇ।
ਇਹ ਡੀਲਰ ਅਮੀਰ ਸੰਗੀਤ ਪ੍ਰੇਮੀਆਂ ਤੋਂ ਮਨੀਆਰਡਰ ਲੈਂਦੇ ਅਤੇ ਪੰਜਾਬੀ ਸੰਗੀਤ ਦੇ ਤਵੇ ਡਾਕ ਰਾਹੀਂ ਉਨ੍ਹਾਂ ਦੇ ਘਰ ਤੱਕ ਪਹੁੰਚਾ ਦਿੰਦੇ, ਦੁਨੀਆ ਵਿਚ ਵਸਦੇ ਪੰਜਾਬੀਆਂ ਨੂੰ ਡਾਕ ਤੋਂ ਇਲਾਵਾ ਹੋਰ ਸਾਧਨਾਂ ਰਾਹੀਂ ਵੀ ਹੋਮ ਡਲਿਵਰੀ ਕੀਤੀ ਜਾਂਦੀ ਸੀ।
ਇਥੇ ਅਸੀਂ ਵੱਡੇ ਡਿਸਟ੍ਰੀਬਿਊਟਰ ਜਾਨਕੀ ਨਾਥ ਕੁਮਾਰ ਨਾਂਅ ਦੇ ਸ਼ਖ਼ਸ ਦਾ ਜ਼ਿਕਰ ਕਰਨਾ ਚਾਹਾਂਗੇ। ਜਿਸ ਦੀ ਖ਼ੁਦ ਦੀ ਜੀਨ-ਓ-ਫੋਨ ਰਿਕਾਰਡਿੰਗ ਕੰਪਨੀ ਸੀ। ਉਸ ਦੀ ਦੁਕਾਨ ਅਨਾਰਕਲੀ ਬਾਜ਼ਾਰ ਵਿਚ ਸੀ। ਉਸ ਨੇ ਬਹੁਤ ਸਾਰੇ ਪੰਜਾਬੀ ਗਾਇਕਾਂ, ਗਾਇਕਾਵਾਂ ਦੇ ਰਿਕਾਰਡਿੰਗ ਵਾਲੇ ਸਪੂਲ ਤਿਆਰ ਕੀਤੇ। ਇਸ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਰਿਕਾਰਡਿੰਗ ਵੀ ਕੀਤੀ। ਇਹ ਮੂਲ ਰੂਪ ਵਿਚ ਪੰਜਾਬੀ ਸੀ। ਦੇਸ਼ ਦੀ ਵੰਡ ਸਮੇਂ ਦੰਗਾਕਾਰੀਆਂ ਨੇ ਇਸ ਦੇ 60 ਫ਼ੀਸਦੀ ਰਿਕਾਰਡਾਂ ਨੂੰ ਅੱਗ ਵਿਚ ਸਾੜ ਦਿੱਤਾ ਜੋ ਪੰਜਾਬੀਆਂ ਲਈ ਵੱਡਾ ਘਾਟਾ ਸੀ। ਇਸ ਨੇ ਦੇਸ਼ ਦੀ ਵੰਡ ਤੋਂ ਬਾਅਦ ਜਲੰਧਰ ਵਿਚ ਰਿਕਾਰਡਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਅੰਤਿਮ ਸਮੇਂ ਦਿੱਲੀ ਵਿਚ ਇਹੀ ਕੰਮ ਸ਼ੁਰੂ ਕੀਤਾ।
ਇਸ ਤੋਂ ਅੱਗੇ ਅਸੀਂ ਇਕ ਹੋਰ ਡਿਸਟ੍ਰੀਬਿਊਟਰ ਕਿਦਾਰ ਨਾਥ ਮਹਿਰਾ ਦਾ ਜ਼ਿਕਰ ਕਰਨਾ ਚਾਹਾਂਗੇ। ਇਹ ਸ਼ਖ਼ਸ ਪੰਜਾਬ, ਭਾਰਤ ਜਾਂ ਵਿਦੇਸ਼ ਜਿਥੇ ਵੀ ਪੰਜਾਬੀ ਵਸੋਂ ਸੀ, ਉਥੋਂ ਤੱਕ ਗੀਤ ਪਹੁੰਚਾਉਂਦੇ ਰਹੇ। ਯਾਦ ਰਹੇ ਕਿ ਉਦੋਂ ਗੀਤਾਂ (ਤਵਿਆਂ) ਉੱਪਰ ਦੁਕਾਨਾਂ ਦੇ ਸਟਿੱਕਰ ਲਾਉਣ ਦਾ ਰਿਵਾਜ ਆਮ ਸੀ।
ਤੀਸਰਾ ਡਿਸਟ੍ਰੀਬਿਊਟਰ ਬਖ਼ਸ਼ੀ ਰਾਮ ਸੀ, ਇਨ੍ਹਾਂ ਦਾ ਇਕ ਤਵਾ ਜੋ ਇਨ੍ਹਾਂ ਨੇ ਸਭ ਤੋਂ ਵੱਧ ਵੇਚਿਆ ਉਹ ਮਿਸ ਪ੍ਰੇਮ ਲਤਾ ਅਤੇ ਸ਼ਾਮ ਕੌਰ ਵਲੋਂ ਗਾਏ ਸੁਹਾਗ ਗੀਤ ਸਨ। ਬੋਲ ਸਨ 'ਲੈ ਚੱਲੇ ਬਾਬਲਾ ਲੈ ਚੱਲੇ।'
ਹੁਣ ਅਸੀਂ ਇਕ ਵੱਡੇ ਡਿਸਟ੍ਰੀਬਿਊਟਰ ਦਾ ਜ਼ਿਕਰ ਕਰ ਰਹੇ ਹਾਂ, ਜਿਸ ਦਾ ਨਾਂਅ ਨਾਨਕ ਘਰ ਡਿਸਟ੍ਰੀਬਿਊਟਰ ਸੀ। ਇਹ ਦੁਕਾਨ ਲਾਹੌਰ ਵਿਚ ਪੰਜਾਬੀ ਸੰਗੀਤ ਦਾ ਵੱਡਾ ਅੱਡਾ ਸੀ। ਇਸ ਨੇ ਬੁੱਧ ਸਿੰਘ ਅਤੇ ਸ਼ਾਮ ਕੌਰ ਦੀ ਆਵਾਜ਼ ਵਾਲੇ ਬਹੁਤ ਤਵੇ ਵੇਚੇ। ਜ਼ਿਕਰਯੋਗ ਹੈ ਕਿ ਬੁੱਧ ਸਿੰਘ ਵੱਡਾ ਗਾਇਕ, ਸੰਗੀਤਕਾਰ ਸੀ। ਇਸ ਨੂੰ ਸੁਰਿੰਦਰ ਕੌਰ ਦਾ ਗੁਰੂ ਹੋਣ ਦਾ ਮਾਣ ਹਾਸਲ ਹੈ। ਇਸ ਸ਼ਖ਼ਸ ਨੂੰ ਪੰਜਾਬੀ ਫ਼ਿਲਮਾਂ ਵਿਚ ਪਿੱਠਵਰਤੀ ਗਾਇਕ ਹੋਣ ਦਾ ਮਾਣ ਵੀ ਹਾਸਿਲ ਹੈ।
ਇਕ ਗੱਲ ਗੌਰਤਲਬ ਹੈ ਕਿ ਪੰਜਾਬ ਦੇ ਰਿਆਸਤੀ ਰਾਜਿਆਂ ਜਿਵੇਂ ਕਿ ਕਪੂਰਥਲਾ, ਫਰੀਦਕੋਟ, ਪਟਿਆਲਾ ਦੇ ਆਪਣੇ ਰਾਜ ਗਾਇਕ ਸਨ, ਕੁਝ ਢਾਡੀ ਸਨ ਇਨ੍ਹਾਂ ਦੀ ਰਿਕਾਰਡਿੰਗ ਲਾਹੌਰ ਦੇ ਸਟੂਡੀਓਜ਼ ਵਿਚ ਹੁੰਦੀ ਰਹੀ। ਦੇਸ਼ ਦੀ ਵੰਡ ਤੋਂ ਬਾਅਦ ਰਾਜ ਘਰਾਣਿਆਂ ਨੇ ਇਨ੍ਹਾਂ ਗਾਇਕਾਂ ਦੇ ਤਵੇ ਆਪਣੀ ਮਸ਼ਹੂਰੀ ਹਿਤ ਲਾਹੌਰ ਤੋਂ ਮੰਗਵਾਏ ਅਤੇ ਆਪਣੇ ਤੌਰ 'ਤੇ ਵੇਚ ਕੇ ਆਪਣੇ ਰਾਜ ਗਾਇਕਾਂ ਦੀ ਜੱਸ-ਕੀਰਤੀ ਪੰਜਾਬੀਆਂ ਵਿਚ ਫੈਲਾ ਦਿੱਤੀ। ਪਟਿਆਲਾ ਸ਼ਹਿਰ ਵਿਚ ਜੇ.ਆਰ. ਨਰੂਲਾ ਦੀ ਦੁਕਾਨ ਸੀ। ਇਸ ਦੁਕਾਨ ਤੋਂ ਲੇਖਕ ਖੁਦ ਇਕ ਰਿਕਾਰਡ ਖਰੀਦ ਕੇ ਲਿਆਇਆ ਸੀ। ਬੋਲ ਸਨ 'ਮੋਰ ਬੋਲੇ, ਚਕੌਰ ਬੋਲੇ, ਪਟਿਆਲੇ ਵਾਲਾ ਰਾਜਾ ਬੋਲੀ ਹੋਰ ਬੋਲੇ।'
ਪੰਜਾਬੀ ਗਾਇਕੀ ਦੇ ਗੜ੍ਹ ਸ਼ਹਿਰ ਲੁਧਿਆਣਾ ਅਤੇ ਫਿਲੌਰ ਵਿਚ ਵੀ ਲਾਹੌਰ ਦੀ ਤਰਜ਼ 'ਤੇ ਪ੍ਰਤਾਪ ਐਂਡ ਕੰਪਨੀ ਦੀ ਮਸ਼ਹੂਰ ਦੁਕਾਨ ਸੀ। ਜਿਸ ਨੇ ਰਾਜ ਗਾਇਕ ਪਟਿਆਲਾ ਭਾਈ ਛੈਲਾ ਜੀ ਦੇ ਸਟਿੱਕਰ ਵਾਲੇ ਤਵੇ ਵੱਡੀ ਤਾਦਾਦ ਵਿਚ ਵੇਚੇ। ਭਾਈ ਜੀ ਨੇ ਪੰਜਾਬੀ ਦੀਆਂ ਫ਼ਿਲਮਾਂ ਵਿਚ ਵੀ ਕੰਮ ਕੀਤਾ ਅਤੇ ਵੱਡੀ ਤਾਦਾਦ ਵਿਚ ਤਵੇ ਰਿਕਾਰਡ ਕਰਵਾਏ ਸਨ।
ਤਵਿਆਂ ਦੇ ਵੱਡੇ ਵਿਕਰੇਤਾ ਜੋ ਵੱਖ-ਵੱਖ ਕੰਪਨੀਆਂ ਦੇ ਤਵੇ ਵੇਚਦੇ ਸਨ, ਉਨ੍ਹਾਂ ਨੂੰ ਕੰਪਨੀਆਂ ਵੱਖ-ਵੱਖ ਤਿਉਹਾਰ 'ਤੇ ਬੋਨਸ ਵੀ ਦਿੰਦੀਆਂ ਸਨ, ਸਪੈਸ਼ਲ ਰੰਗਦਾਰ ਤਵੇ ਬਣਾ ਕੇ ਬੋਨਸ ਦੇ ਰੂਪ ਵਿਚ ਦੁਕਾਨਦਾਰ ਨੂੰ ਭੇਜੇ ਜਾਂਦੇ ਸਨ। ਜਿਸ ਗਾਇਕ ਦੇ ਸਭ ਤੋਂ ਵੱਧ ਤਵੇ ਵਿਕਦੇ ਸਨ, ਉਨ੍ਹਾਂ ਦੀਆਂ ਸਪੈਸ਼ਲ ਤਸਵੀਰਾਂ ਵੀ ਛਾਪੀਆਂ ਜਾਂਦੀਆਂ, ਜਿਵੇਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਮਹਿੰਦਰ ਕਪੂਰ, ਮੁਕੇਸ਼ ਆਦਿ ਦੇ ਤਵੇ ਵਿਆਹਾਂ ਮੁਤਾਬਿਕ ਸੀਜ਼ਨ ਵਿਚ ਕੱਢੇ ਜਾਂਦੇ ਸਨ। ਮਾਰਚ, ਅਪ੍ਰੈਲ, ਸਤੰਬਰ, ਅਕਤੂਬਰ ਰਿਕਾਰਡ ਕਰਕੇ ਵੱਡੇ ਦੁਕਾਨਦਾਰ ਵਿਕਰੇਤਾ ਨੂੰ ਭੇਜੇ ਜਾਂਦੇ ਸਨ। ਕੰਪਨੀਆਂ ਵੱਡੇ ਵਿਕਰੇਤਾ ਤੋਂ ਚਿੱਠੀਆਂ ਰਾਹੀਂ ਕਿਸੇ ਗਾਇਕ ਦੀਆਂ ਕਿੰਨੀਆਂ ਕਾਪੀਆਂ ਬਣਾਈਆਂ ਜਾਣ ਦੀ ਪੁੱਛਗਿੱਛ ਵੀ ਕਰਦੀਆਂ ਸਨ।
ਦੇਸ਼ ਦੀ ਵੰਡ ਤੋਂ ਬਾਅਦ ਕਲਕੱਤਾ, ਦਿੱਲੀ, ਮੇਰਠ, ਚੇਨਈ ਵਿਚ ਰਿਕਾਰਡਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਅਤੇ ਕੁਝ ਪਹਿਲਾਂ ਵੀ ਮੌਜੂਦ ਸਨ। ਸੰਗੀਤ ਪ੍ਰੇਮੀਆਂ ਦੀ ਜਾਣਕਾਰੀ ਹਿਤ ਦੱਸਣ ਜਾ ਰਹੇ ਹਾਂ ਕਿ ਦਿੱਲੀ ਦੇ ਚਾਂਦਨੀ ਚੌਕ, ਦਰਿਆਗੰਜ, ਮੀਨਾ ਬਾਜ਼ਾਰ, ਕਨਾਟ ਪਲੇਸ ਵਿਚ ਅੱਜ ਵੀ ਪੁਰਾਤਨ ਰਿਕਾਰਡ, ਗ੍ਰਾਮੋਫੋਨ ਮਸ਼ੀਨਾਂ ਵਿਕ ਰਹੀਆਂ ਹਨ। ਸੰਗੀਤ ਪ੍ਰੇਮੀ ਉਥੋਂ ਆਪਣੀ ਲੋੜ ਅਨੁਸਾਰ ਇਹ ਸੰਗੀਤ ਦੇ ਉਪਕਰਨ ਖਰੀਦਦੇ ਹਨ। ਮੰਗ ਜ਼ਿਆਦਾ ਹੋਣ ਕਾਰਨ ਜਰਮਨ, ਇੰਗਲੈਂਡ ਵਰਗੇ ਦੇਸ਼ਾਂ ਤੋਂ ਨਵੇਂ ਰਿਕਾਰਡ ਬਣ ਕੇ ਇਨ੍ਹਾਂ ਦੁਕਾਨਾਂ ਉੱਪਰ ਆ ਰਹੇ ਹਨ, ਛੇਤੀ ਹੀ ਪੰਜਾਬੀ ਦੇ ਤਵੇ ਨਵੇਂ ਰੂਪ ਵਿਚ ਇਨ੍ਹਾਂ ਦੁਕਾਨਾਂ 'ਤੇ ਉਪਲਬੱਧ ਹੋਣਗੇ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੁਕਾਨਾਂ ਉੱਪਰ ਤਵਿਆਂ ਅਤੇ ਗ੍ਰਾਮੋਫੋਨ ਮਸ਼ੀਨਾਂ ਦੀ ਵਿਕਰੀ ਵਾਲੀਆਂ ਰਸੀਦਾਂ 80 ਸਾਲ ਤੱਕ ਦੀਆਂ ਮੌਜੂਦ ਹਨ। ਇਨ੍ਹਾਂ ਦੁਕਾਨਾਂ ਉੱਪਰ ਪੁਰਾਣੀਆਂ ਮਸ਼ੀਨਾਂ, ਟੇਪ ਰਿਕਾਰਡਰਾਂ, ਸਪੀਕਰਾਂ ਆਦਿਕ ਦੇ ਸਾਰੇ ਪੁਰਜ਼ੇ ਉਪਲਬੱਧ ਹਨ।
ਗੁਰਮੁਖ ਸਿੰਘ
-ਸਟੇਟ ਐਵਾਰਡੀ, ਪੁਰਾਤਨ ਸੰਗੀਤ, ਸ਼ੇਰ ਸਿੰਘਪੁਰਾ (ਬਰਨਾਲਾ)।
Comments (0)