ਜਥੇਦਾਰ ਭਾਈ ਕਾਉਂਕੇ ਪੁਲਿਸ ਰਿਕਾਰਡ ਵਿਚ ਅੱਜ ਵੀ ਭਗੌੜਾ, ਲੋੜੀਂਦਾ ਤੇ ਦਸ ਨੰਬਰੀਆ

ਜਥੇਦਾਰ ਭਾਈ ਕਾਉਂਕੇ ਪੁਲਿਸ ਰਿਕਾਰਡ ਵਿਚ ਅੱਜ ਵੀ ਭਗੌੜਾ, ਲੋੜੀਂਦਾ ਤੇ ਦਸ ਨੰਬਰੀਆ

ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਖ਼ਾਸਤ ਦੇਣ ਦੇ ਬਾਵਜੂਦ ਆਪ ਸਰਕਾਰ ਨੇ ਕਾਰਵਾਈ ਨਹੀਂ ਕੀਤੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਭਾਵੇਂ ਜਗਰਾਓਂ ਪੁਲਿਸ ਵਲੋਂ ਉਨ੍ਹਾਂ ਦੇ ਪਿੰਡ ਤੋਂ 25 ਦਸੰਬਰ 1992 ਨੂੰ ਲੋਕਾਂ ਦੀ ਹਾਜ਼ਰੀ ਵਿਚ ਚੁੱਕ ਕੇ ਕਈ ਦਿਨ ਹਿਰਾਸਤ ਵਿਚ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਪਰ ਪੰਜਾਬ ਪੁਲਿਸ ਦਾ ਰਿਕਾਰਡ ਅੱਜ ਵੀ ਉਨ੍ਹਾਂ ਨੂੰ ਭਗੌੜਾ, ਲੋੜੀਂਦਾ ਅਤੇ ਦਸ ਨੰਬਰੀਆ ਦਿਖਾ ਰਿਹਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵਲੋਂ ਇਸ ਕੇਸ ਦੀ ਪੈਰਵਾਈ ਸ਼ੋ੍ਰਮਣੀ ਕਮੇਟੀ ਨੂੰ ਕਰਨ ਦੇ ਦਿੱਤੇ ਗਏ ਆਦੇਸ਼ ਤੋਂ ਬਾਅਦ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਲਈ ਦਰਖ਼ਾਸਤ ਵੀ ਦਿੱਤੀ ਗਈ ਸੀ, ਪਰ ਮੌਜੂਦਾ ਸਰਕਾਰ ਵੀ ਇਸ ਕੇਸ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਅਤੇ ਇਸ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਇਆ ਹੋਇਆ ਹੈ । ਭਾਵੇਂਕਿ ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਨੇ ਪੰਜਾਬ ਪੁਲਿਸ ਵਲੋਂ ਮਿਤੀ 2 ਜਨਵਰੀ 1993 ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਜਾਣ ਸਮੇਂ ਹਿਰਾਸਤ ਵਿਚੋਂ ਭੱਜਣ ਦੀ ਕਹਾਣੀ ਨੂੰ ਝੁਠਲਾਉਂਦੇ ਹੋਏ ਸਾਲ 1999 ਵਿਚ ਪੰਜਾਬ ਸਰਕਾਰ ਨੂੰ ਰਿਪੋਰਟ ਸੌਂਪੀ ਸੀ, ਪਰ ਬੀ.ਪੀ. ਤਿਵਾੜੀ ਦੀ ਇਸ ਰਿਪੋਰਟ 'ਤੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਬਜਾਏ ਉਸ ਸਮੇਂ ਦੇ ਡੀ.ਜੀ.ਪੀ. ਸਰਬਜੀਤ ਸਿੰਘ ਨੂੰ ਰਿਪੋਰਟ 'ਤੇ ਦੁਬਾਰਾ ਵਿਚਾਰ ਕਰਨ ਲਈ ਭੇਜ ਦਿੱਤਾ, ਜਿਨ੍ਹਾਂ ਨੇ ਪੁਲਿਸ ਦੀ ਭਾਈ ਕਾਉਂਕੇ ਦੀ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕਾਰਵਾਈ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ ।ਜਦੋਂ ਇਹ ਕੇਸ ਹਾਈਕੋਰਟ ਵਿਚ ਪਹੁੰਚਿਆ ਤਾਂ ਇਕ ਤੋਂ ਬਾਅਦ ਇਕ ਕਈ ਟੀਮਾਂ ਬਣਾ ਕੇ ਪੁਲਿਸ ਦੀ ਕਾਰਵਾਈ ਨੂੰ ਸੱਚ ਸਾਬਿਤ ਕਰਨ ਦੇ ਯਤਨ ਕੀਤੇ ਗਏ ।ਅੱਜ 32 ਸਾਲ ਬੀਤ ਜਾਣ ਦੇ ਬਾਵਜੂਦ ਵੀ ਭਾਈ ਕਾਉਂਕੇ ਜਗਰਾਓਂ ਪੁਲਿਸ ਦੇ ਰਿਕਾਰਡ ਵਿਚ ਭਗੌੜੇ ਅਤੇ ਦਸ ਨੰਬਰੀਏ ਹਨ । ਭਾਵੇਂਕਿ ਪਰਿਵਾਰ ਵਲੋਂ ਇਸ ਸੰਬੰਧੀ ਮੁਕੱਦਮਾ ਦਰਜ ਕਰਨ ਲਈ ਪੁਲਿਸ ਨੂੰ ਦਰਖਾਸਤ ਦਿੱਤੀ ਸੀ, ਪਰ ਮੌਜੂਦਾ ਸਰਕਾਰ ਵੀ ਇਸ ਕੇਸ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ।

ਪੰਜਾਬ ਮਨੁੱਖੀ ਅਧਿਕਾਰ ਸੰਸਥਾ ਦੇ ਚੇਅਰਮੈਨ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਪਿਛਲੇ 3 ਦਹਾਕਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਥਿਤ ਤਸ਼ੱਦਦ ਨਾਲ ਮੌਤ ਹੋਣ ਦਾ ਮਾਮਲਾ ਦੱਬਿਆ ਪਿਆ ਹੈ।ਵੇਰਕਾ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਪਿਛਲੇ 25 ਸਾਲਾਂ ਦੌਰਾਨ ਨਾ ਕਾਉਂਕੇ ਦੇ ਮਾਮਲੇ ਦੀ ਜਾਂਚ ਰਿਪੋਰਟ ‘ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਗਿਆ।ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਥੇਦਾਰ ਗੁਰਦੇਵ ਸਿੰਘ ਅੱਜ ਵੀ ਪੁਲਿਸ ਦੇ ਕਾਗਜ਼ਾਂ ਅਨੁਸਾਰ ਭਗੌੜਾ ਕਰਾਰ ਦਿੱਤਾ ਹੋਇਆ ਹੈ।