ਕਾਨਪੁਰ ਸਿੱਖ ਕਤਲੇਆਮ ਬਾਰੇ ਪਟੀਸ਼ਨ ‘ਤੇ ਹੋਈ ਸੁਣਵਾਈ

ਕਾਨਪੁਰ ਸਿੱਖ ਕਤਲੇਆਮ ਬਾਰੇ ਪਟੀਸ਼ਨ ‘ਤੇ ਹੋਈ ਸੁਣਵਾਈ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿੱਚ ਮਾਰੇ ਗਏ 127 ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਗਠਨ ਬਾਰੇ ਦਾਖ਼ਲ ਕੀਤੀ ਜਨਹਿੱਤ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ। ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਏ.ਐਮ. ਖਾਨਵਿਲਕਰ ਦੀ ਬੈਂਚ ਨੇ ਸੁਪਰੀਮ ਕੋਰਟ ਵਿੱਚ ‘ਸਿੱਟ’ ਨਾਲ ਸਬੰਧਤ ਚੱਲ ਰਹੇ ਇੱਕ ਹੋਰ ਮਾਮਲੇ ਦੇ ਨਾਲ ਹੀ ਦਿੱਲੀ ਕਮੇਟੀ ਦੀ ਇਸ ਪਟੀਸ਼ਨ ਉਤੇ ਵੀ ਸੁਣਵਾਈ ਦਾ ਆਦੇਸ਼ ਦਿੱਤਾ ਹੈ।
ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਯੂਪੀ ਸਰਕਾਰ ਤੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਅਦਾਲਤ ਨੂੰ ਇਸ ਮਾਮਲੇ ਦੀ ‘ਸਿੱਟ’ ਜਾਂ ਸੀਬੀਆਈ ਤੋਂ ਜਾਂਚ ਕਰਾਉਣ ਲਈ ਬੇਨਤੀ ਕੀਤੀ ਗਈ ਹੈ ਕਿਉਂਕਿ ਪਿਛਲੇ 32 ਸਾਲਾਂ ਦੌਰਾਨ ਯੂਪੀ ਪੁਲੀਸ ਨੇ ਦਰਜ ਐਫਆਈਆਰਜ਼ ‘ਤੇ ਸਬੂਤ ਲੱਭਣ ਦੀ ਬਜਾਏ ਮਾਮਲੇ ਬੰਦ ਕਰਾਉਣ ਵਿਚ ਜ਼ਿਆਦਾ ਦਿਲਚਸਪੀ ਦਿਖਾਈ ਸੀ। ਸਿੱਖ ਕਤਲੇਆਮ ‘ਤੇ ਬਣਾਏ ਗਏ ਰੰਗਨਾਥ ਮਿਸ਼ਰਾ ਅਤੇ ਨਾਨਾਵਤੀ ਕਮਿਸ਼ਨ ਵੱਲੋਂ ਵੀ ਕਾਨਪੁਰ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ।