ਅਮਰੀਕਾ ਦੇ ਕਈ ਰਾਜਾਂ ਵਿਚ ਤੂਫਾਨ ਨੇ ਮਚਾਈ ਤਬਾਹੀ, ਘੱਟੋ ਘੱਟ 2 ਮੌਤਾਂ, ਕਈ ਘਰ ਹੋਏ ਤਬਾਹ ਤੇ ਹਜਾਰਾਂ ਘਰਾਂ ਵਿਚ ਬਿਜਲੀ ਦੀ ਸਪਲਾਈ ਠੱਪ

ਅਮਰੀਕਾ ਦੇ ਕਈ ਰਾਜਾਂ ਵਿਚ ਤੂਫਾਨ ਨੇ ਮਚਾਈ ਤਬਾਹੀ, ਘੱਟੋ ਘੱਟ 2 ਮੌਤਾਂ, ਕਈ ਘਰ ਹੋਏ ਤਬਾਹ ਤੇ ਹਜਾਰਾਂ ਘਰਾਂ ਵਿਚ ਬਿਜਲੀ ਦੀ ਸਪਲਾਈ ਠੱਪ
ਕੈਪਸ਼ਨ ਸਲਫੁਰ, ਓਕਲਾਹੋਮਾ ਵਿਚ ਤੂਫਾਨ ਕਾਰਨ ਤਬਾਹ ਹੋਇਆ ਇਕ ਘਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨੇਬਰਾਸਕਾ, ਲੋਵਾ, ਟੈਕਸਾਸ ਤੇ ਓਕਲਾਹੋਮਾ ਰਾਜਾਂ ਵਿਚ ਮੌਸਮ ਵਿਚ ਪਿਛਲੇ ਦੋ ਦਿਨਾਂ ਦੌਰਾਨ ਆਈ ਖਤਰਨਾਕ ਤਬਦੀਲੀ ਉਪਰੰਤ ਆਏ ਜਬਰਦਸਤ ਤੂਫਾਨ ਕਾਰਨ ਘੱਟੋ ਘੱਟ ਦੋ ਮੌਤਾਂ ਹੋਣ , ਕਈ ਘਰਾਂ ਨੂੰ ਨੁਕਸਾਨ ਪਹੁੰਚਣ ਤੇ ਹਜਾਰਾਂ ਘਰਾਂ ਵਿਚ ਬਿਜਲੀ ਦੀ ਸਪਲਾਈ ਠੱਪ ਰਹਿਣ ਦੀ ਖਬਰ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਚਿਤਾਵਨੀ ਵਿਚ ਟੈਕਸਾਸ, ਨੇਬਰਾਸਕਾ, ਓਕਲਾਹੋਮਾ , ਕੰਸਾਸ, ਮਿਸੂਰੀ ਤੇ ਲੋਵਾ ਵਿਚ ਆਮ ਲੋਕਾਂ ਨੂੰ ਤੂਫਾਨ ਤੋਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਐਮਰਜੰਸੀ ਮੈਨਜਮੈਂਟ ਅਧਿਕਾਰੀਆਂ ਨੇ ਹੂਗਸ ਕਾਊਂਟੀ ਵਿਚ ਘੱਟੋ ਘੱਟ 2 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਲੋਵਾ ਕਾਊਂਟੀ ਦੇ ਕਸਬੇ ਮੈਰੀਏਟਾ ਵਿਚ ਵੀ ਤੂਫਾਨ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਡਿਕਸਨ ਕਾਊਂਟੀ ਜਿਥੇ 4 ਮਹੀਨੇ ਪਹਿਲਾਂ ਤੂਫਾਨ ਨੇ ਜਬਰਦਸਤ ਤਬਾਹੀ ਮਚਾਈ ਸੀ ਤੇ 125 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਸਨ, ਵਿਚ ਵੀ ਤਾਜਾ ਤੂਫਾਨ ਆਇਆ ਹੈ।

ਮੌਸਮ ਵਿਭਾਗ ਨੇ ਸੋਸ਼ਲ ਮੀਡੀਆ ਉੁਪਰ ਅੱਧੀ ਰਾਤ ਵੇਲੇ ਦਿੱਤੀ ਚਿਤਾਵਨੀ ਵਿਚ ਕਿਹਾ ਹੈ ਕਿ ਹਾਲਾਤ ਬਹੁਤ ਗੰਭੀਰ ਹਨ ਇਸ ਲਈ ਘਰਾਂ ਵਿਚ ਜਾਂ ਸੁਰੱਖਿਅਤ ਥਾਂ 'ਤੇ ਪਨਾਹ ਲਈ ਜਾਵੇ। ਟੈਕਸਾਸ ਤੇ ਓਕਲਾਹੋਮਾ ਵਿਚ 80000 ਦੇ ਆਸ ਪਾਸ ਘਰਾਂ ਤੇ ਕਾਰੋਬਾਰੀ ਅਦਾਰਿਆਂ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ ਜਿਸ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਨੇਬਰਾਸਕਾ ਵਿਚ ਓਮਾਹਾ ਵਿਖੇ ਮੌਸਮ ਬਾਰੇ ਕੌਮੀ ਸੇਵਾ ਦਫਤਰ ਨੇ ਕਿਹਾ ਹੈ ਕਿ ਹੋਰ ਤੂਫਾਨ ਆ ਸਕਦੇ ਹਨ। ਸੋਸ਼ਲ ਮੀਡੀਆ ਉਪਰ ਦਿੱਤੀ ਚਿਤਾਵਨੀ ਵਿਚ ਕੌਮੀ ਸੇਵਾ ਦਫਤਰ ਨੇ ਕਿਹਾ ਹੈ ਕਿ ਬੇਹੱਦ ਗੰਭੀਰ ਤੂਫਾਨ ਆ ਸਕਦਾ ਹੈ ਇਸ ਲਈ ਮੌਸਮ ਉਪਰ ਨਜਰ ਰੱਖੀ ਜਾਵੇ ਤੇ ਖਾਸ ਤੌਰ 'ਤੇ ਜੇਕਰ ਤੁਸੀਂ ਘਰ ਤੋਂ ਬਾਹਰ ਹੋ ਤਾਂ ਇਸ ਸਬੰਧੀ ਚੌਕਸੀ ਵਰਤਣੀ ਬਹੁਤ ਜਰੂਰੀ ਹੈ।