ਕੀ ਕਾਨੂੰਨ ਦੇ ਸ਼ਿਕੰਜੇ ਵਿਚੋਂ ਬਚ ਨਿਕਲਣਗੇ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ?

ਕੀ ਕਾਨੂੰਨ ਦੇ ਸ਼ਿਕੰਜੇ ਵਿਚੋਂ ਬਚ ਨਿਕਲਣਗੇ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ?
ਬੇਅਦਬੀ ਖਿਲਾਫ ਰੋਸ ਕਰਦੀਆਂ ਸਿੱਖ ਸੰਗਤਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਕੱਲ੍ਹ ਫਰੀਦਕੋਟ ਦੀ ਫਰੀਦਕੋਟ ਦੀ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਲੋਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੇ ਮਾਮਲੇ 'ਚ ਸੁਣਵਾਈ ਕਰਦਿਆਂ ਐਸਆਈਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜ ਡੇਰਾ ਸਿਰਸਾ ਪ੍ਰੇਮੀਆਂ ਨੂੰ ਮੁਕੱਦਮਾ ਚੱਲਣ ਤਕ ਜ਼ਮਾਨਤ ਦੇ ਦਿੱਤੀ ਹੈ।

ਦੱਸ ਦਈਏ ਕਿ ਇਹਨਾਂ ਦੇ ਇਕ ਸਾਥੀ ਮਹਿੰਦਰ ਪਾਲ ਬਿੱਟੂ ਦਾ ਪਹਿਲਾਂ ਹੀ ਜੇਲ੍ਹ ਵਿਚ ਕਤਲ ਹੋ ਚੁੱਕਿਆ ਹੈ ਅਤੇ ਦੋ ਹੋਰ ਡੇਰਾ ਪ੍ਰੇਮੀਆਂ ਨੂੰ ਸੀਬੀਆਈ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਜਾ ਚੁੱਕੀ ਹੈ। 

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਇਹਨਾਂ ਡੇਰਾ ਪ੍ਰੇਮੀਆਂ ਖਿਲਾਫ ਮਜ਼ਬੂਤ ਸਬੂਤ ਨਹੀਂ ਪੇਸ਼ ਕੀਤੇ ਜਾ ਸਕੇ, ਜਿਸ ਦੇ ਚਲਦਿਆਂ ਇਹਨਾਂ ਨੂੰ ਅਦਾਲਤ ਤੋਂ ਬੜੀ ਸੌਖੀ ਜ਼ਮਾਨਤ ਮਿਲ ਗਈ ਹੈ। 

ਥਾਣਾ ਬਾਜਾਖਾਲਾ ਵਿਖੇ ਦਰਜ ਹੋਏ ਮਾਮਲੇ ਦੀ ਪੜਤਾਲ ਕਰ ਰਹੀ ਡੀ. ਆਈ. ਜੀ. ਰਣਵੀਰ ਸਿੰਘ ਖੱਟੜਾ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ 3-4 ਜੁਲਾਈ ਦੀ ਦਰਮਿਆਨ ਰਾਤ ਨੂੰ ਡੇਰਾ ਪ੍ਰੇਮੀ ਰਣਦੀਪ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਨਰਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਇਹ ਡੇਰਾ ਪ੍ਰੇਮੀ ਅਦਾਲਤੀ ਹਿਰਾਸਤ 'ਚ ਜੇਲ੍ਹ 'ਚ ਬੰਦ ਸਨ। ਡੇਰਾ ਪ੍ਰੇਮੀ ਸੁਖਜਿੰਦਰ ਅਤੇ ਸ਼ਕਤੀ ਪਹਿਲਾਂ ਹੀ ਜ਼ਮਾਨਤ 'ਤੇ ਹਨ। 

ਅਦਾਲਤ ਵਿਚ ਡੇਰਾ ਪ੍ਰੇਮੀਆਂ ਦੇ ਵਕੀਲ ਅਤੇ ਡੇਰਾ ਪ੍ਰੇਮੀਆਂ ਨੇ ਸੀਬੀਆਈ ਜਾਂਚ ਨੂੰ ਆਪਣੇ ਪੱਖ ਵਿਚ ਬੜੇ ਚੰਗੇ ਤਰੀਕੇ ਭੁਗਤਾਇਆ। ਦੱਸ ਦਈਏ ਕਿ ਸੀਬੀਆਈ ਦੀ ਜਾਂਚ ਵਿਚ ਡੇਰਾ ਪ੍ਰੇਮੀਆਂ ਨੂੰ ਬਰੀ ਕਰਨ ਦੀ ਗੱਲ ਕਹੀ ਗਈ ਸੀ। ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਸੀਬੀਆਈ ਜਾਂਚ ਵਿਚ ਉਹਨਾਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ। 

ਡੇਰਾ ਪ੍ਰੇਮੀਆਂ ਦੇ ਵਕੀਲ ਮੋਗਾ ਨੇ ਕਿਹਾ ਕਿ ਜਾਂਚ ਟੀਮ ਨੇ ਕੁੱਝ ਵਿਅਕਤੀਆਂ ਦੇ ਇਕਬਾਲੀਆ ਬਿਆਨਾਂ ਦੇ ਅਧਾਰ 'ਤੇ ਡੇਰਾ ਪ੍ਰੇਮੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ, ਜੋ ਗੈਰ ਕਾਨੂੰਨੀ ਹੈ ਅਤੇ ਇਕਬਾਲੀਆ ਬਿਆਨ ਦੇਣ ਵਾਲੇ ਮਹਿੰਦਰਪਾਲ ਬਿੱਟੂ ਦਾ ਜੇਲ੍ਹ ਵਿਚ ਕਤਲ ਹੋ ਚੁੱਕਾ ਹੈ ਅਤੇ ਉਸ ਦੇ ਬਿਆਨ ਨੂੰ ਹੁਣ ਕਿਸੇ ਖਿਲਾਫ ਨਹੀਂ ਵਰਤਿਆ ਜਾ ਸਕਦਾ।