ਲੋਕ ਸਭਾ ਦੌਰਾਨ ਪੰਜਾਬ ਵਿਚ ਬਸਪਾ ਕੋਈ ਸੀਟ ਲਿਜਾ ਸਕੇਗੀ?
ਜਲੰਧਰ, ਹੁਸ਼ਿਆਰਪੁਰ ਤੇ ਸ੍ਰੀ ਅਨੰਦਪੁਰ ਸਾਹਿਬ ਸੀਟਾਂ ਉਪਰ ਨਤੀਜੇ ਕਰ ਸਕਦੀ ਹੈ ਪ੍ਰਭਾਵਿਤ
*ਵਿਰੋਧੀ ਪਾਰਟੀਆਂ ਦੇ ਸਰਮਾਏਦਾਰਾਂ ਦਾ ਮੁਕਾਬਲਾ ਗਰੀਬ ਸਮਾਜ ਦਾ ਹਾਥੀ ਕਰੇਗਾ - ਜਸਵੀਰ ਸਿੰਘ ਗੜ੍ਹੀ
ਪੰਜਾਬ ਵਿਚ ਬਸਪਾ ਦਾ ਵੋਟ ਫ਼ੀਸਦੀ ਭਾਵੇਂ ਘੱਟ ਗਈ ਹੈ,ਪਰ ਅੱਜ ਵੀ ਪੰਜਾਬ ਦੇ ਕੁਝ ਖੇਤਰਾਂ ਵਿਚ ਆਪਣੀ ਮਜਬੂਤ ਹੋਂਦ ਮੌਜੂਦ ਹੈ। ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬੇ ਵਿਚ ਸਰਕਾਰ ਤੱਕ ਬਣਾਉਣ ਵਾਲੀ ਬਸਪਾ ਨੂੰ ਪੰਜਾਬ ਵਿਚ ਦਲਿਤ ਵਰਗ ਦਾ ਸਮਰਥਨ ਹੈ । ਬਹੁਜਨ ਹਲਕਿਆਂ ਨੂੰ ਉਮੀਦ ਹੈ ਕਿ ਇਹ ਸੂਬੇ ਦੀਆਂ 13 ਸੀਟਾਂ ਵਿਚੋਂ ਦੋ ਸੀਟਾਂ ’ਤੇ ਜਿੱਤ ਹਾਸਲ ਕਰ ਸਕਦੀ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਤਿੰਨ-ਚਾਰ ਸੀਟਾਂ ’ਤੇ ਸਿਆਸੀ ਸਮੀਕਰਨ ਵਿਗਾੜਨ ਦੀ ਹਾਲਤ ਵਿਚ ਹੈ।ਦਰਅਸਲ, ਸੂਬੇ ਦੀ ਦਲਿਤ ਆਬਾਦੀ ਵਧੇਰੇ ਪੇਂਡੂ ਖੇਤਰਾਂ ਵਿਚ ਹੈ, ਜਿਥੇ ਮੁੱਖ ਤੌਰ ’ਤੇ ਮੁਕਾਬਲਾ ਕਾਂਗਰਸ ਤੇ ਆਪ ਪਾਰਟੀ ਦੇ ਉਮੀਦਵਾਰਾਂ ਵਿਚ ਹੈ। ਬਸਪਾ ਦੀ ਮਜਬੂਤੀ ਦਾ ਕਾਂਗਰਸ ਨੂੰ ਵਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਪੂਰੇ ਦੇਸ਼ ਵਿਚ ਪੰਜਾਬ ਹੀ ਇਕਮਾਤਰ ਅਜਿਹਾ ਸੂਬਾ ਹੈ, ਜਿਥੇ ਦਲਿਤਾਂ ਦੀ ਗਿਣਤੀ ਸਭ ਤੋਂ ਵੱਧ 32 ਫ਼ੀਸਦੀ ਹੈ। ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਇਸ ਵਾਰ ਬਹੁਕੋਣੀ ਮੁਕਾਬਲਾ ਹੋ ਰਿਹਾ ਹੈ, ਕਿਉਂਕਿ ਕਾਂਗਰਸ, ਆਪ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਆਪਣੇ ਬਲਬੂਤੇ ਚੋਣਾਂ ਲੜ ਰਹੀਆਂ ਹਨ। ਦੋਆਬਾ ਖੇਤਰ ਦੀਆਂ ਦੋ ਸੀਟਾਂ ਜਲੰਧਰ, ਹੁਸ਼ਿਆਰਪੁਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਪਾਰਟੀ ਦਾ ਮਜ਼ਬੂਤ ਕੈਡਰ ਹੈ। ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ’ਚ ਸਮਰੱਥ ਹੈ। ਹੋਰਨਾਂ ਸੀਟਾਂ ’ਤੇ ਦੂਜੀਆਂ ਪਾਰਟੀਆਂ ਦਾ ਸਿਆਸੀ ਸਮੀਕਰਨ ਵਿਗਾੜ ਸਕਦਾ ਹੈ। ਮੌਜੂਦਾ ਚੋਣ ਵਿਚ ਪਾਰਟੀ ਨੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰ ਚੁਕੀ ਹੈ।
ਬਸਪਾ ਕਿਉਂ ਕਮਜ਼ੋਰ ਹੋਈ
ਬਸਪਾ ਦਾ ਕਮਜ਼ੋਰ ਹੋਣ ਕਾਰਣ ਇਹ ਹੈ ਕਿ ਇਹਨਾਂ ਨੂੰ ਕਾਸ਼ੀ ਰਾਮ ਵਰਗਾ ਮਜਬੂਤ ਲੀਡਰ ਨਹੀਂ ਮਿਲ ਸਕਿਆ।ਦੂਸਰਾ ਪਾਰਟੀ ਨੂੰ ਆਰਥਿਕ ਸਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਾਰਪੋਰੇਟ ਕੰਪਨੀਆਂ ਬਸਪਾ ਨੂੰ ਫੰਡ ਨਹੀਂ ਦਿੰਦੀਆਂ।ਦਲ ਬਦਲੂ ਲੀਡਰਾਂ ਨੇ ਵੀ ਬਸਪਾ ਦਾ ਨੁਕਸਾਨ ਕੀਤਾ ਹੈ।ਬਸਪਾ ਵਿਚ ਕਈ ਵਾਰ ਵੰਡ ਹੋਈ, ਪਰ ਇਸਦਾ ਪ੍ਰਭਾਵ ਹਾਲੇ ਵੀ ਕਾਇਮ ਹੈ। ਸਭ ਤੋਂ ਪਹਿਲਾਂ ਦੇਵੀ ਦਾਸ ਨਾਹਰ ਨੇ ਬਸਪਾ ਤੋਂ ਵੱਖ ਹੋ ਕੇ ਬਸਪਾ ਅੰਬੇਡਕਰ ਪਾਰਟੀ ਬਣਾਈ। ਉਸ ਤੋਂ ਬਾਅਦ ਪਵਨ ਟੀਨੂੰ ਨੇ ਬਹੁਜਨ ਸਮਾਜ ਕ੍ਰਾਂਤੀ ਪਾਰਟੀ ਬਣਾਈ ਤੇ ਫਿਰ ਸਤਨਾਮ ਸਿੰਘ ਕੈਂਥ ਨੇ ਬਹੁਜਨ ਸਮਾਜ ਮੋਰਚਾ ਦਾ ਗਠਨ ਕੀਤਾ। ਪਰ ਦਲਿਤ ਸਮਾਜ ਦੇ ਇਕ ਵੱਡੇ ਵਰਗ ਦਾ ਹਾਲੇ ਵੀ ਬਸਪਾ ਵਿਚ ਹੀ ਵਿਸ਼ਵਾਸ ਹੈ। ਜੇਕਰ ਅੰਕੜਿਆਂ ਅਨੁਸਾਰ ਦੇਖਿਆ ਜਾਵੇ ਤਾਂ ਉਸਦੀ ਵੋਟ ਫ਼ੀਸਦੀ ਘਟੀ ਹੈ।1996 ਵਿਚ 9.4 ਪ੍ਰਤੀਸ਼ਤ,1998 ਵਿਚ 12.6 ਪ੍ਰਤੀਸ਼ਤ,1999 ਵਿਚ 3.8 ਪ੍ਰਤੀਸ਼ਤ,2004 ਵਿਚ 7.7 ਪ੍ਰਤੀਸ਼ਤ,2009 ਦੌਰਾਨ 5.75, 2014 ਵਿਚ 1.91ਪ੍ਰਤੀਸ਼ਤ,2019 ਵਿਚ 3.49 ਪ੍ਰਤੀਸ਼ਤ ਸੀ
ਸਿਆਸੀ ਮਾਹਿਰਾਂ ਅਨੁਸਾਰ ਬਸਪਾ ਬਹੁਕੋਣੀ ਲੋਕ ਸਭਾ ਮੁਕਾਬਲੇ ਵਿਚ ਨਤੀਜੇ ਪ੍ਰਭਾਵਿਤ ਕਰ ਸਕਦੀ ਹੈ। ਜਲੰਧਰ , ਅਨੰਦਪੁਰ ਸਾਹਿਬ,ਹੁਸ਼ਿਆਰਪੁਰ ਇਨ੍ਹਾਂ ਦੀਆਂ ਹਾਟ ਸੀਟਾਂ ਮੰਨੀਆਂ ਜਾ ਰਹੀਆਂ ਹਨ।
ਇਥੇ ਜ਼ਿਕਰਯੋਗ ਹੈ ਕਿ 2019 ਦੀ ਚੋਣ ਵਿਚ ਜਲੰਧਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਨੇ 2,04,783 ਵੋਟਾਂ ਹਾਸਲ ਕੀਤੀਆਂ ਸਨ ਤੇ ਇਸ ਵਾਰ ਵੀ ਉਹੀ ਮੈਦਾਨ ਵਿਚ ਹਨ। ਖੇਤਰ ਵਿਚ ਕੁੱਲ ਵੋਟਰ ਕਰੀਬ 16.39 ਲੱਖ ਹਨ। ਅਨੁਸੂਚਿਤ ਜਾਤੀ ਦੇ ਵੋਟਰਾਂ ਦੀ ਆਬਾਦੀ 39 ਫ਼ੀਸਦੀ ਤੋਂ ਵੱਧ ਹੋਣ ਕਾਰਨ ਇਹ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਤੇ ਆਪ ਪਾਰਟੀ ਆਪਣੇ ਦਮ ’ਤੇ ਚੋਣ ਲੜ ਰਹੀਆਂ ਹਨ। ਜੇ ਪਿਛਲੇ ਸਾਲ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਉਮੀਦਵਾਰ ਨੇ ਕਰੀਬ 58000 ਵੋਟਾਂ ਹਾਸਲ ਕੀਤੀਆਂ ਸਨ ਤੇ ਉਸਦੀ ਵੋਟ ਫੀਸਦੀ ਵਧੀ ਸੀ। ਜੇ ਬਸਪਾ ਉਮੀਦਵਾਰ ਦੋ ਜਾਂ ਢਾਈ ਲੱਖ ਦੇ ਕਰੀਬ ਵੋਟ ਹਾਸਲ ਕਰਦਾ ਹੈ ਤਾਂ ਇਸਦਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਹੈ । ਪਰ ਬਲਵਿੰਦਰ ਅੰਬੇਡਕਰ ਤੇ ਉਸਦੇ ਸਾਥੀਆਂ ਦਾ ਕਹਿਣਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਅਸੀਂ ਜਿਤਾਂਗੇ। ਸਾਡਾ ਮੁਕਾਬਲਾ ਕਾਂਗਰਸ ਨਾਲ ਹੈ।
ਬਲਵਿੰਦਰ ਅੰਬੇਡਕਰ ਦਲਿਤ ਤੇ ਸਿਖ ਹਲਕਿਆਂ ਵਿਚ ਸਰਗਰਮ ਹਨ।ਵਡੀਆਂ ਰੈਲੀਆਂ ਕਰਨ ਦੀ ਥਾਂ ਉਹ ਘਰ ਘਰ ਜਾਕੇ ਸੰਪਰਕ ਕਰ ਰਹੇ ਹਨ।
ਜਲੰਧਰ ਸ਼ਹਿਰ ਤੋਂ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂੰ, ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ, ਭਾਜਪਾ ਤੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਮਹਿੰਦਰ ਸਿੰਘ ਕੇਪੀ ਚੋਣ ਮੈਦਾਨ ਵਿਚ ਹਨ।
ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਭਾਵੇਂ ਇਸ ਸਮੇਂ ਮੌਜੂਦਾ ਮੈਂਬਰ ਪਾਰਲੀਮੈਂਟ ਹਨ, ਪਰ ਉਨ੍ਹਾਂ ਲਈ ਰਾਹ ਸੌਖਾ ਨਹੀਂ ਹੋਵੇਗਾ, ਕਿਉਂਕਿ 2023 'ਚ ਕਾਂਗਰਸ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਣਾ ਅਤੇ ਹੁਣ ਪਾਰਟੀ ਵੱਲੋਂ ਟਿਕਟ ਮਿਲਣ ਦੇ ਬਾਵਜੂਦ ਭਾਜਪਾ ਵਿੱਚ ਛਾਲ ਮਾਰ ਜਾਣ ਨਾਲ ਲੋਕਾਂ ਵਿਚ ਉਨ੍ਹਾਂ ਪ੍ਰਤੀ ਉਤਸ਼ਾਹ ਘਟਿਆ ਹੈ। ਇਸਤੋਂ ਇਲਾਵਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੀ ਸਥਿਤੀ ਵੀ ਜਲੰਧਰ ਵਿਚ ਪਤਲੀ ਵਿਖਾਈ ਦੇ ਰਹੀ ਹੈ।
ਕਾਂਗਰਸ ਵੱਲੋਂ ਭਾਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ, ਪਰ ਕਾਂਗਰਸੀ ਆਗੂਆਂ ਵੱਲੋਂ ਹੀ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। 2019 ਵਿਚ ਕਾਂਗਰਸ ਦੇ ਸੰਸਦ ਮੈਂਬਰ ਮਰਹੂਮ ਸੰਤੋਖ ਚੌਧਰੀ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਉਨ੍ਹਾਂ ਦਾ ਮੁੰਡਾ ਵਿਕਰਮ ਚੌਧਰੀ ਪਾਰਟੀ ਹਾਈਕਮਾਂਡ ਤੋਂ ਚੰਨੀ ਨੂੰ ਟਿਕਟ ਦਿੱਤੇ ਜਾਣ ਕਾਰਨ ਨਾਰਾਜ਼ ਹਨ ਅਤੇ ਲਗਾਤਾਰ ਕਾਂਗਰਸੀ ਉਮੀਦਵਾਰ ਨੂੰ ਘੇਰਦੇ ਆ ਰਹੇ ਹਨ। ਕਰਮਜੀਤ ਕੌਰ ਜਿਥੇ ਪਾਰਟੀ ਛੱਡ ਕੇ ਭਾਜਪਾ ਵਿੱਚ ਚਲੇ ਗਏ ਹਨ, ਉਥੇ ਬੀਤੇ ਦਿਨ ਕਾਂਗਰਸ ਵੱਲੋਂ ਵਿਧਾਇਕ ਵਿਕਰਮ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਚੌਧਰੀ ਨੇ ਵੀ ਸਸਪੈਂਡ ਹੋਣ ਨੂੰ ਮਨਜੂਰ ਕਰਦਿਆ ਸਿੱਧਾ ਐਲਾਨ ਕੀਤਾ ਹੈ ਕਿ ਉਹ ਹੁਣ ਖੁੱਲ੍ਹ ਕੇ ਚੰਨੀ ਦਾ ਵਿਰੋਧ ਕਰਨਗੇ ।
ਆਪ ਪਾਰਟੀ ਵੱਲੋਂ ਉਤਾਰੇ ਬਾਹਰੀ ਉਮੀਦਵਾਰ ਪਵਨ ਕੁਮਾਰ ਟੀਨੂ ਤਿੰਨ ਵਾਰ ਪਾਰਟੀ ਬਦਲ ਚੁੱਕੇ ਹਨ ਅਤੇ ਇੱਕ ਵਾਰ ਆਪਣੀ ਪਾਰਟੀ ਵੀ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਬਸਪਾ ਤੋਂ ਸ਼ੁਰੂ ਕੀਤੀ ਸੀ । ਸਥਾਨਕ ਲੋਕਾਂ ਵਿਚ ਬਾਹਰਲੇ ਉਮੀਦਵਾਰ ਹੋਣ ਕਾਰਨ ਕਾਰਨ ਆਪ ਪਾਰਟੀ ਵਿਰੁੱਧ ਰੋਸ ਵੀ ਹੈ।
ਬਾਦਲ ਅਕਾਲੀ ਦਲ ਵੱਲੋਂ ਵੀ ਕਾਂਗਰਸ ਛਡਕੇ ਬਾਦਲ ਦਲ ਵਿਚ ਸ਼ਾਮਿਲ ਹੋਏ ਮਹਿੰਦਰ ਸਿੰਘ ਕੇਪੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸਿਆਸੀ ਮਾਹਿਰਾਂ ਅਨੁਸਾਰ ਅਕਾਲੀ ਦਲ ਦੀ ਸਿਆਸੀ ਹਾਲਤ ਦੁਆਬੇ ਵਿਚ ਬਹੁਤੀ ਚੰਗੀ ਨਹੀਂ ਹੈ।
ਬਸਪਾ ਨੇ ਹੁਸ਼ਿਆਰਪੁਰ ਤੋਂ ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦਾ ਇਸ ਖੇਤਰ ਵਿਚ ਦਲਿਤ ਵੋਟਰਾਂ ’ਤੇ ਚੰਗਾ ਪ੍ਰਭਾਵ ਹੈ।ਯਾਦ ਰਹੇ ਕਿ 2019 ਵਿਚ ਹੁਸ਼ਿਆਰਪੁਰ ਲੋਕ ਸਭਾ ਖੇਤਰ ਤੋਂ ਬਸਪਾ ਉਮੀਦਵਾਰ ਖੁਸ਼ੀ ਰਾਮ ਨੇ 1,28,564 ਵੋਟਾਂ ਹਾਸਲ ਕੀਤੀਆਂ ਸਨ। ਇਥੋਂ ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਤਹਿਤ ਸੀਟ ਜਿੱਤੀ ਸੀ। ਇਸ ਵਾਰ ਇਥੋਂ ਜੇ ਬਸਪਾ ਉਮੀਦਵਾਰ ਡੇਢ-ਦੋ ਲੱਖ ਦੇ ਕਰੀਬ ਵੋਟਾਂ ਹਾਸਲ ਕਰਦਾ ਹੈ ਤਾਂ ਇਸਦਾ ਫਾਇਦਾ ਭਾਜਪਾ ਨੂੰ ਹੋ ਸਕਦਾ ਹੈ, ਕਿਉਂਕਿ ‘ਆਪ’ ਉਮੀਦਵਾਰ ਕਾਂਗਰਸ ਛੱਡ ਕੇ ਆਉਣ ਵਾਲਾ ਵਿਧਾਇਕ ਹੈ ਤੇ ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਯਾਮਿਨੀ ਗੋਮਰ ਪਹਿਲਾਂ ‘ਆਪ’ ਵੱਲੋਂ ਇਸ ਖੇਤਰ ’ਚ ਚੋਣ ਲੜ ਚੁੱਕੀ ਹੈ, ਜਿਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਡਾ. ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਦੇ ਚੱਬੇਵਾਲ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਦੋ ਵਾਰੀ ਐੱਮਐੱਲਏ ਰਹਿ ਚੁੱਕੇ ਹਨ।ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਤੋਂ ਚੋਣ ਲੜੀ ਪਰ ਭਾਜਪਾ ਦੇ ਉਮੀਵਾਰ ਸੋਮ ਪ੍ਰਕਾਸ਼ ਤੋਂ ਹਾਰ ਗਏ ਸਨ। ਅਕਾਲੀ ਦਲ ਵਲੋਂ ਉਮੀਦਵਾਰ ਸੋਹਣ ਸਿੰਘ ਠੰਡਲ ਹਨ।ਅਜਿਹੇ ’ਚ ਇਸ ਖੇਤਰ ਵਿਚ ਬਸਪਾ ਜਿੰਨੀਆਂ ਵੱਧ ਵੋਟਾਂ ਹਾਸਲ ਕਰੇਗੀ, ਉਨਾ ਉਸਦਾ ਫਾਇਦਾ ਭਾਜਪਾ ਨੂੰ ਹੋਵੇਗਾ।ਇਸ ਖੇਤਰ ਵਿਚ ਆਪ ,ਕਾਂਗਰਸ, ਅਕਾਲੀ ਦਲ,ਬਸਪਾ,ਭਾਜਪਾ ਵਿਚਾਲੇ ਟੱਕਰ ਹੈ।ਨਤੀਜੇ ਕੁਛ ਵੀ ਹੋ ਸਕਦੇ ਨੇ।
ਲੋਕ ਸਭਾ ਖੇਤਰ ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਚੋਣਾਵੀ ਮੈਦਾਨ ਵਿਚ ਉਤਾਰਿਆ ਹੈ। ਲੋਕ ਸਭਾ ਦੀ ਹਰੇਕ ਵਿਧਾਨ ਸਭਾ ਤੋਂ ਬਸਪਾ ਦੀ ਮੁੱਖ ਲੀਡਰਸ਼ਿਪ ਪੁੱਜੀ ਜਿਸ ਦੀ ਅਗਵਾਈ ਬਸਪਾ ਵਿਧਾਇਕ ਡਾ ਨਛੱਤਰ ਪਾਲ ਕਰ ਰਹੇ।ਸੂਬਾ ਪ੍ਰਧਾਨ ਤੇ ਸਥਾਨਕ ਵਾਸੀ ਬੇਬਾਕ ਭਾਸ਼ਣ ਕਾਰਣ ਸਿਆਸੀ ਵਿਰੋਧੀਆਂ ਨੂੰ ਕਰਾਰੇ ਹੱਥੀਂ ਲੈਣ ਵਾਲੇ ਜਸਵੀਰ ਸਿੰਘ ਗੜ੍ਹੀ ਇਸ ਹਲਕੇ ਦੇ ਚੋਣ ਮੁਕਾਬਲੇ ਵਿਚ ਹਨ ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜਸਵੀਰ ਸਿੰਘ ਗੜ੍ਹੀ ਬਹੁਜਨ ਸਮਾਜ ਨਾਲ ਸਬੰਧਤ ਵੋਟ ਬੈਂਕ ਨੂੰ ਦੂਜੀਆਂ ਪਾਰਟੀਆਂ ਦੇ ਮੁਫ਼ਤ ਬਿਜਲੀ, ਮੁਫ਼ਤ ਆਟਾ-ਦਾਲ ਸਕੀਮ ਵਰਗੇ ਪ੍ਰਭਾਵ ਤੋਂ ਮੁਕਤ ਕਰਨ ਵਿਚ ਸਫ਼ਲ ਹੋ ਗਏ ਤਾਂ ਹਲਕੇ ਦੇ ਸਿਆਸੀ ਸਮੀਕਰਨ ਬਦਲਣ ਨਾਲ ਇਸ ਦਾ ਸਭ ਤੋਂ ਵੱਡਾ ਨੁਕਸਾਨ ਸੂਬੇ ਦੀ ਸੱਤਾਧਾਰੀ ਧਿਰ ਨੂੰ ਹੋਵੇਗਾ । ਬਸਪਾ ਵਲੋਂ ਸੀਟ ਕਢਣ ਦੀ ਸੰਭਾਵਨਾ ਬਣ ਸਕਦੀ ਹੈ।ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਵੀ ਗੜੀ ਦੀ ਹਮਾਇਤ ਉਪਰ ਹਨ।
ਉਮੀਦਵਾਰ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 75ਸਾਲਾਂ ਵਿੱਚ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਕਾਂਗਰਸ ਅਕਾਲੀ, ਆਮ ਆਦਮੀ ਪਾਰਟੀਆ ਨੇ ਵੱਡੇ ਸਰਮਾਏਦਾਰ ਉਮੀਦਵਾਰ ਪੰਜਾਬ ਦੇ ਕੋਨੇ ਕੋਨੇ ਵਿਚੋਂ ਲਿਆਕੇ ਖੜੇ ਕੀਤੇ ਹਨ, ਜਿਨ੍ਹਾਂ ਨੇ ਧਨ-ਬਲ ਦੇ ਨਾਲ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ। ਲੋਕ ਸਭਾ ਦੇ 17 ਲੱਖ ਵੋਟਰਾਂ ਵਿੱਚੋਂ 15 ਲੱਖ ਵੋਟ ਗਰੀਬ, ਮਜਲੂਮ, ਦਲਿਤ ਪਿਛੜੇ ਗਰੀਬਾਂ ਤੇ ਮੱਧਵਰਗੀ ਲੋਕਾਂ ਦੀ ਹੈ।ਸਰਦਾਰ ਗੜੀ ਨੇ ਕਿਹਾ ਕਿ ਸਮੁੱਚੇ ਗਰੀਬਾਂ, ਦਲਿਤਾਂ, ਪਿਛੜੇ ਵਰਗਾਂ ਤੇ ਪੰਥਕ ਸੋਚ ਰੱਖਣ ਵਾਲੇ ਲੋਕਾਂ ਨੂੰ ਇਕੱਠੇ ਹੋਕੇ ਇਹਨਾਂ ਵਿਰੋਧੀ ਪਾਰਟੀਆਂ ਨੂੰ ਹਰਾਕੇ ਵੱਡਾ ਸਬਕ ਸਿਖਾਉਣਾ ਚਾਹੀਦਾ
2019 ਵਿਚ ਬਸਪਾ ਉਮੀਦਵਾਰ ਸੋਢੀ ਵਿਕਰਮ ਸਿੰਘ ਨੇ 1,45,441 ਵੋਟਾਂ ਹਾਸਲ ਕੀਤੀਆਂ ਸਨ।
ਕਾਂਗਰਸ ਨੇ ਵਿਜੇਇੰਦਰ ਸਿੰਗਲਾ ਨੂੰ ਮੈਦਾਨ ਵਿਚ ਉਤਾਰਿਆ ਹੈ, ਜਿਸਦਾ ਨੁਕਸਾਨ ਉਸਨੂੰ ਝੱਲਣਾ ਪੈ ਸਕਦਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਮਜਬੂਤ ਉਮੀਦਵਾਰ ਨਹੀਂ ਹੈ।ਪਾਰਟੀ ਵਿਚ ਵੀ ਉਸਦਾ ਵਿਰੋਧ ਹੈ।ਅਕਾਲੀ ਦਲ ਦੀ ਸਥਿਤੀ ਉਂਝ ਵੀ ਠੀਕ ਨਹੀਂ ਚੱਲ ਰਹੀ ।ਪਰ ਅਕਾਲੀ ਉਮੀਦਵਾਰ ਪ੍ਰੋਫੈਸਰ ਚੰਦੂਮਾਜਰਾ ਚੰਗੀ ਮਿਹਨਤ ਕਰ ਰਹੇ ਹਨ।ਆਪ ਪਾਰਟੀ ਵਲੋਂ ਮਾਲਵਿੰਦਰ ਸਿੰਘ ਕੰਗ ਉਮੀਦਵਾਰ ਹਨ।
Comments (0)