ਲੋਕ ਸਭਾ ਚੋਣਾਂ ਵਿਚ ਸਿੱਧੂ ਮੂਸੇਵਾਲਾ ਕਤਲ ਕਾਂਡ ਕਾਰਣ ਆਪ ਸਰਕਾਰ ਘਿਰੀ

ਲੋਕ ਸਭਾ ਚੋਣਾਂ ਵਿਚ ਸਿੱਧੂ ਮੂਸੇਵਾਲਾ ਕਤਲ ਕਾਂਡ ਕਾਰਣ ਆਪ ਸਰਕਾਰ ਘਿਰੀ

* ਪੰਜਾਬ ਸਰਕਾਰ ਉਪਰ ਲਗੇ ਦੋਸ਼,ਸੁਰਖਿਆ ਕਿਉ ਵਾਪਸ ਲਈ ਮੂਸੇਵਾਲ ਦੀ 

*ਖਾੜਕੂਵਾਦ ਉਪਰ ਕਰਨ ਲਗੀ ਘਟੀਆ ਸਿਆਸਤ

*ਭਾਜਪਾ ਤੇ ਕਾਂਗਰਸ ਸਿਧੂ ਮੂਸੇਵਾਲ ਦੇ ਕਤਲ ਲਈ ਠਹਿਰਾ ਰਹੇ ਹਨ ਆਪ ਸਰਕਾਰ ਨੂੰ ਦੋਸ਼ੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੁਧਿਆਣਾ-ਮਰਹੂਮ ਪੰਜਾਬੀ ਗਾਇਕ ਤੇ ਕਾਂਗਰਸ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਨਾਮ ਲੋਕ ਸਭਾ ਚੋਣਾਂ ਦੌਰਾਨ ਗੂੰਜ ਰਿਹਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ। ਸਿੱਧੂ ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਲੁਧਿਆਣਾ ਦੇ ਨਾਲ ਨਾਲ ਜਿੱਥੇ ਵੀ ਚੋਣ ਜਲਸਾ ਕਰਦੇ ਹਨ, ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹਨ ਤੇ ਸਾਫ਼ ਤੌਰ ’ਤੇ ਦੋਸ਼ ਲਾਉਂਦੇ ਹਨ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਆਈ ਹੈ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸਰਕਾਰ ਨੂੰ ਘੇਰਦੇ ਹੋਏ ਨਾਲ ਹੀ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ’ਤੇ ਵੀ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਤੋਂ ਪਿੱਛੇ ਹਟਣ ਦੇ ਦੋਸ਼ ਲਾਏ।

ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿਹਾਤੀ ਖੇਤਰਾਂ ਦੇ ਨਾਲ ਨਾਲ ਸ਼ਹਿਰੀ ਇਲਾਕਿਆਂ ਵਿਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਝਾੜੂ ਦੀ ਸਰਕਾਰ ਨੇ ਹੀ ਸਿੱਧੂ ਮੂਸੇਵਾਲਾ ਮਰਵਾ ਦਿੱਤਾ ਹੈ। ਹੁਣ ਉਨ੍ਹਾਂ ਦੇ ਘਰ ਲੜਕਾ ਪੈਦਾ ਹੋਇਆ ਤਾਂ ਸਰਕਾਰ ਨੇ ਪੁਲੀਸ ਭੇਜੀ ਤੇ ਪੁੱਛ-ਪੜਤਾਲ ਕਰਵਾਉਣੀ ਸ਼ੁਰੂ ਕਰ ਦਿੱਤੀ ਕਿ ਲੜਕਾ ਕਿਵੇਂ ਤੇ ਕਿਉਂ ਪੈਦਾ ਹੋਇਆ ਹੈ। ਇਸ ਸਮੇਂ ਵਿਚ ਕਿਵੇਂ ਬੱਚਾ ਪੈਦਾ ਹੋ ਸਕਦਾ ਹੈ। ਇਸ ਨਾਲ ਸਰਕਾਰ ਧੱਕੇਸ਼ਾਹੀ ਕਰਨ ਲੱਗ ਗਈ ਹੈ। ਉਹ ਲੋਕਾਂ ਨੂੰ ਆਖ ਰਹੇ ਹਨ ਕਿ ਕੇਂਦਰ ਵਿਚ ਜੇਕਰ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਉਧਰ, ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਰਕਾਰ ਅਤੇ ਕਾਂਗਰਸੀਆਂ ਨੂੰ ਘੇਰ ਰਹੇ ਹਨ।

ਉਹ ਆਖ ਰਹੇ ਹਨ ਕਿ ਕਾਂਗਰਸ ਆਗੂਆਂ ਕਾਰਨ ਹੀ ਇਨਸਾਫ਼ ਮਿਲਣ ਵਿਚ ਦੇਰੀ ਹੋ ਰਹੀ ਹੈ। ਬਿੱਟੂ ਆਖਦੇ ਹਨ ਕਿ ਕੇਂਦਰ ’ਚ ਮੋਦੀ ਸਰਕਾਰ ਆਉਣ ’ਤੇ ਚਾਰ ਜੂਨ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਉਹ ਖੁਦ ਲੈ ਕੇ ਜਾਣਗੇ ਅਤੇ ਇਨਸਾਫ਼ ਦਿਵਾਉਣਗੇ। ਉਧਰ, ਰਣਜੀਤ ਸਿੰਘ ਢਿੱਲੋਂ ਵੀ ਮਾਨ ਸਰਕਾਰ ਨੂੰ ਇਸ ਮੁੱਦੇ ’ਤੇ ਘੇਰ ਰਹੇ ਹਨ।

ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਦੋ ਅਹਿਮ ਟਿੱਪਣੀਆਂ ਕਰਦਿਆਂ ਬੀਤੇ ਦਿਨੀਂ ਮੰਨਿਆ ਸੀ ਕਿ ਮਸ਼ਹੂਰ ਪੰਜਾਰੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਏ ਜਾਣ ਕਾਰਨ ਉਸ ਦੀ ਹੱਤਿਆ ਹੋਈ ਸੀ ।ਨਾਲ ਹੀ ਪੰਜਾਬ ਦੇ ਸੁਰੱਖਿਆ ਹਾਲਾਤਾਂ ਨੂੰ ਲੈ ਕੇ ਇਹ ਵੀ ਕਿਹਾ ਕਿ ਸੂਬੇ ਵਿਚ ਸੁਰੱਖਿਆ ਹਾਲਾਤ ਠੀਕ ਨਹੀਂ ਹਨ । ਪੰਜਾਬ ਵਿਚ ਗੈਂਗਸਟਰਾਂ ਦਾ ਬੋਲਬਾਲਾ ਹੈ ਅਤੇ ਅੱਤਵਾਦੀ ਹਮਲੇ ਹੋ ਰਹੇ ਹਨ ।

ਜਦ ਕਿ ਕਾਂਗਰਸ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸਿਧੂ ਮੂਸੇਵਾਲ ਦੀ ਹਤਿਆ ਦਾ ਕਾਰਣ ਉਸਦੀ ਸੁਰਖਿਆ ਵਾਪਸ ਲਈ ਜਾਣੀ ਹੈ।ਅਪਰਾਧ ਕੰਟਰੋਲ ਕਰਨ ਵਿਚ ਮੁਖ ਮੰਤਰੀ ਭਗਵੰਤ ਮਾਨ ਅਸਫਲ ਸਿਧ ਹੋਇਆ ਹੈ। ਖਾੜਕੂਵਾਦ ਜਦ ਕਿ ਪੰਜਾਬ ਵਿਚ ਨਹੀਂ ਹੈ ਤਾਂ ਭਗਵੰਤ ਸਰਕਾਰ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਇਸ ਦਾ ਸਹਾਰਾ ਲੈ ਰਹੀ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਦਰਮਿਆਨ ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ ਇਹ 'ਕਬੂਲਨਾਮਾ' ਉਸ ਦਾ ਕਾਫੀ ਨੁਕਸਾਨ ਕਰ ਸਕਦਾ ਹੈ, ਕਿਉਂਕਿ ਪਹਿਲਾਂ ਵੀ ਵਿਰੋਧੀ ਧਿਰਾਂ ਸੂਬਾ ਸਰਕਾਰ 'ਤੇ ਇਹ ਇਲਜ਼ਾਮ ਲਾਉਂਦੀਆਂ ਰਹੀਆਂ ਹਨ ਕਿ ਪੰਜਾਬ ਸਰਕਾਰ ਵਲੋਂ ਸੁਰੱਖਿਆ ਹਟਾਏ ਜਾਣ ਕਾਰਨ ਹੀ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਈ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਸੂਬਾ ਸਰਕਾਰ ਨੇ ਅਧਿਕਾਰਤ ਤੌਰ 'ਤੇ ਇਹ ਗੱਲ ਮੰਨੀ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਉਸ ਦੀ ਸੁਰੱਖਿਆ ਹਟਾਉਣ ਕਾਰਨ ਹੋਈ ਸੀ । ਼