ਅਕਾਲੀ ,ਪੰਥਕ ਸਿਆਸਤ ਤੋਂ ਖਾਲੀ,ਕੌਣ ਬਣੂੰ ਪੰਥਕ ਸਿਆਸਤ ਦਾ ਝੰਡਾ ਬਰਦਾਰ ? 

ਅਕਾਲੀ ,ਪੰਥਕ ਸਿਆਸਤ ਤੋਂ ਖਾਲੀ,ਕੌਣ ਬਣੂੰ ਪੰਥਕ ਸਿਆਸਤ ਦਾ ਝੰਡਾ ਬਰਦਾਰ ? 

ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਮਨੁੱਖ ਨੂੰ ਸਚਿਆਰ ਮਨੁੱਖ ਬਣਨ ਲਈ ਮਾਰਗ ਦਰਸ਼ਨ ਕੀਤਾ ਹੈ। ਹਰ ਮਨੁੱਖ ਆਪਣੇ ਅੰਦਰ ਜੋ ਕੂੜ ਦੀ ਕੰਧ ਹੈ ਤੋੜੇ। ਐਸਾ ਕਰ ਸਕਣ ਦੀ ਜੁਗਤਿ ਲਈ ਕਰਤਾ ਪੁਰਖ ਜੀ ਦੇ ਹੁਕਮ ਨੂੰ ਬੁਝਣਾ ਤੇ ਪਾਲਣਾ ਕਿਹਾ। ਗੁਰੂ ਜੀ ਨੇ ਸੰਗਤ ਤਥਾ ਖ਼ਾਲਸੇ ਦਾ ਇਕ ਅਦੁੱਤੀ ਰੂਪ ਆਪਣੇ ਦਸਾਂ ਜਾਮਿਆਂ ਰਾਹੀਂ ਅਕਾਲ ਪੁਰਖ ਦੀ ਮੌਜ ਵਿਚ ਪ੍ਰਗਟਾਇਆ ਹੈ। 

ਖ਼ਾਲਸੇ ਤਥਾ ਗੁਰੂ ਪੰਥ ਦਾ ਇਤਿਹਾਸ ਤਥਾ ਕਰਨੀਨਾਮਾ ਜਗ ਜਾਹਰ ਹੈ। ਗੁਰਬਾਣੀ ਗੁਰੂ ਦੀ ਅਗਵਾਈ ਤੇ ਗੁਰੂ ਇਤਿਹਾਸ ਦੀ  ਸ਼ਕਤੀ ਗੁਰੂ ਪੰਥ ਲਈ ਸਦੀਵੀ ਪ੍ਰੇਰਨਾ ਹੈ। 

ਗੁਰਬਾਣੀ ਵਿਚ ਜੀਵਨ ਉਸਾਰੀ ਦੀ ਚੌਤਰਫਾ ਸੇਧ ਤਥਾ ਬ੍ਰਹਮ ਗਿਆਨ ਸੁਭਾਇਮਾਨ ਹੈ। ਧਾਰਮਿਕ, ਸਮਾਜਿਕ, ਰਾਜਨੀਤਕ ਤੇ ਆਰਥਿਕ ਪੱਖਾਂ ਦੀ ਸਮਝ ਤੇ ਵਰਤਾਰਿਆਂ ਦਾ ਡੂੰਘਾ ਬੋਧ ਹੈ। ਕਈ ਵਾਰ ਵੱਡੀ ਗਿਣਤੀ ਵਿਚ ਖ਼ਾਲਸਾ ਪੰਥ ਦਾ ਇਕ ਹਿੱਸਾ ਭਰਮ ਜਾਂ ਬੇਸਮਝੀ ਕਾਰਨ ਰਾਜਨੀਤੀ ਦੀ ਸਮਝ ਤੇ ਅਮਲ ਤੋਂ ਖੁਦ ਨੂੰ ਦੂਰ ਰੱਖਣ ਦੀ ਬੇਲੋੜੀ ਕੋਸ਼ਿਸ਼ ਵਿਚ ਲੱਗਾ ਰਹਿੰਦਾ ਹੈ। ਆਦਿ ਤੋਂ ਪਰਵਾਰਕ ਪ੍ਬੰਧ ਤਥਾ ਸਮਾਜਿਕ ਪ੍ਰਬੰਧ ਦੀ ਜੁਗਤਿ ਨਾਲ ਸਮਾਜਿਕ ਬਹੁਤ ਪੱਖੀ ਵਰਤਾਰਿਆਂ ਦੇ ਰੂਬਰੂ ਹੋਣਾ ਬੜਾ ਹੀ ਸੁਭਾਵਿਕ ਕਿਰਿਆ ਰਹੀ ਹੈ ਅਤੇ ਇਸ ਸਦੀਵੀ ਰਹਿਣਾ ਵੀ ਹੈ। ਸਾਡੇ ਗੁਰੂ ਸਾਹਿਬ ਜੀ ਦਾ ਜੀਵਨ ਕਰਨੀਨਾਮੇ ਦੀ ਖੁੱਲੀ ਕਿਤਾਬ ਇਨ੍ਹਾਂ ਸਾਰੇ ਵਰਤਾਰਿਆਂ ਦੇ ਵੱਖ ਵੱਖ ਸਮੇਂ ਪਏ ਵਾਹ ਵਾਸਤੇ ਦੀ ਵਿਥਿਆ ਦਾ ਗੰਭੀਰ ਪ੍ਗਟਾਅ ਵੀ ਕਰਦੀ ਹੈ। ਗੁਰੂ ਜੀ ਨੇ ਆਪਣੇ ਸੇਵਕਾਂ ਦੀ ਸਮਝ ਨੂੰ ਨਿਖਾਰਨ ਤੇ ਸਭ ਕਿਸੇ ਸਾਹਮਣੇ ਆਪਣੇ ਫਰਜ਼ ਪਾਲਣ ਦੀ ਯੋਗਤਾ ਰੱਖਣ ਲਈ ਮੌਕੇ ਸਿਰਜੇ ਹਨ। ਭਾਈ ਜੇਠਾ ਜੀ ਤੇ ਭਾਈ ਗੁਰਦਾਸ ਜੀ ਅਤੇ ਹੋਰ ਸਿੱਖ ਸੇਵਕ ਸਮੇਂ ਦੀਆਂ ਸਲਤਨਤਾਂ ਦੇ ਆਗੂਆਂ ਨਾਲ ਬੈਠਣ ਵਾਲੇ ਵੱਡੇ ਫਰਜ਼ ਪਾਲਦੇ ਮਿਲਦੇ ਹਨ। ਰਾਜ ਪ੍ਰਬੰਧਾਂ ਦੀਆਂ ਤਬਦੀਲੀਆਂ ਵਿਚ ਹਿੱਸੇਦਾਰੀ ਨਿਰਪੱਖਤਾ ਦੇ ਮਸੀਹੇ ਬਣ ਕੇ ਗੁਰੂ ਜੀ ਨੇ ਖੁਦ ਵੀ ਨਿਭਾਈ ਹੈ। ਰਾਜ ਪ੍ਰਬੰਧਾਂ ਦੀਆਂ ਬਾਰੀਕੀਆਂ ਦਾ ਜਾਣਕਾਰ ਹੋਣ ਦੀ ਯੋਗਤਾ ਗੁਰੂ ਜੀ ਨੇ ਸਿੱਖ ਸੰਗਤਾਂ ਵਿਚ ਭਰੀ ਹੈ। 

੧੭੦੮ ਤੋਂ ਖਾਲਸੇ ਦਾ ਗੁਰੂ ਸਨਮੁਖ ਰਹਿ ਕੇ ਸਿਰਜਿਆ ਇਤਿਹਾਸ ਉਹ ਸਿਰਮੌਰ ਕਰਨੀਨਾਮਾ ਹੈ ਜਿਸਦਾ ਪੂਰਾ ਇਲਮ ਹਰ ਸਿੱਖ ਨੂੰ ਹੋਣਾ ਬੜਾ ਜ਼ਰੂਰੀ ਹੈ। ੧੮੪੯ ਦੇ ਸਿੱਖ ਰਾਜ ਦੇ ਖਾਤਮੇ ਮਗਰੋਂ ਸਿੱਖ ਤਥਾ ਖ਼ਾਲਸਾ ਪੰਥ ਪਹਿਲੇ ਵਾਲੀਆਂ ਦੁਸ਼ਵਾਰੀਆਂ ਵਾਂਗ ਮੁੜ ਕਈ ਤਰ੍ਹਾਂ ਇਮਤਿਹਾਨ ਥਾਣੀ ਗੁਜ਼ਰਦਾ ਹੈ। ਖ਼ਾਲਸਾ ਜੱਥੇਬੰਦੀ ਦਾ ਉਹ ਸੰਪੂਰਣ ਰੂਪ ਜੋ ਕੌਮੀ ਤੌਰ ਤੇ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ; ਜਦੋਂ ਹਕੂਮਤੀ ਬਦਨੀਤੀਆਂ ਕਰਕੇ ਜਾਂ ਆਪਣੇ ਅੰਦਰ ਆਈਆਂ ਕਮਜ਼ੋਰੀਆਂ ਕਰਕੇ ਨਹੀਂ ਰਹਿੰਦਾ ਤਾਂ ਸਾਰਥਿਕ ਸਿੱਟੇ ਕੌਮੀ ਹਿਤ ਦੇ ਕਦਾਚਿਤ  ਪੱਲੇ ਨਹੀਂ ਪੈਂਦੇ! 

ਜਦੋਂ ਅਸੀਂ ਪੂਰੇ ਆਪਣੇ ਪੰਥਕ ਜੱਥੇਬੰਦ ਰੂਪ ਨੂੰ ਮੋਤੀਆਂ ਵਾਂਗ ਗੁਰੂ ਹੁਕਮ ਦੇ ਸੂਤਰ ਵਿਚ ਪਰੋਇਆ ਹੋਇਆ ਵੇਖਣ ਦਾ ਨੀਝ ਲਾ ਕੇ ਯਤਨ ਕਰਦੇ ਹਾਂ ਤਾਂ ਕੌਮੀ ਵਿਹੜੇ ਦੀਆਂ ਕਮਜ਼ੋਰੀਆਂ ਉਭਰ ਕੇ ਸਾਹਮਣੇ ਆ ਜਾਂਦੀਆਂ ਹਨ। ਇਹ ਕਮਜ਼ੋਰੀਆਂ ਕੌਮੀ ਸੱਥਾਂ ਵਿਚ ਵਖਰੇਵੇਂ ਤੇ ਨਿਰਾਸ਼ਤਾ ਫੈਲਾਉਣ ਦਾ ਸਾਧਨ ਹੋ ਜਾਂਦੀਆਂ ਹਨ। 

ਸਿੰਘ ਸਭਾ ਲਹਿਰ ਉਹ ਲਹਿਰ ਹੈ ਜਿਸ ਦੇ ਵਾਰਸਾਂ ਕੌਮ ਸਾਹਮਣੇ ਖੜੀਆਂ ਸਾਰੀਆਂ ਚੁਣੌਤੀਆਂ ਨੂੰ ਨਾ ਕੇਵਲ ਉਸ ਵਕਤ ਹੀ ਵੇਖਿਆ ਬਲਕਿ ਭਵਿੱਖ ਦੀਆਂ ਚੁਣੌਤੀਆਂ ਨੂੰ ਭਾਂਪਿਆ। ਸਿੰਘ ਸਭਾ ਲਹਿਰ ਕੌਮੀ ਜੜ੍ਹਾਂ ਵਿਚ ਸਿਧਾਂਤ ਤੇ ਮਰਯਾਦਾ ਨੂੰ ਭਰਨ ਲਈ ਨਿਰੰਤਰ ਕੰਮ ਕਰਦੀ ਹੈ। ਸਿੱਖ ਕੌਮ ਦੇ ਬਹੁ-ਪੱਖੀ ਵਿਕਾਸ ਲਈ ਗੁਰਬਾਣੀ ਪਠਨ ਪਾਠਨ ਤੇ ਇਤਿਹਾਸ ਦੀ ਸਹੀ ਸਮਝ ਨੂੰ ਪਰਚਾਰਨ ਲਈ ਜੁਗਤਿ ਭਰਪੂਰ ਕਦਮ ਪੁੱਟਦੀ ਹੈ। ਕੌਮ ਨੂੰ ਵਿਦਿਆ ਖੇਤਰ ਦੀ ਅਹਿਮੀਅਤ ਸਮਝਾਉਣ ਵਿਚ ਤੇ ਸਫਲਤਾ ਵਿਚ ਸਿੰਘ ਸਭਾ ਲਹਿਰ ਦਾ ਇਤਿਹਾਸਕ ਕੰਮ ਹੈ। 

ਵੱਡੀਆਂ ਵਿਦਿਅਕ ਸੰਸਥਾਵਾਂ ਤੇ ਪ੍ਬੰਧਕ ਸੰਸਥਾਵਾਂ ਦੀ ਪੂਰੀ ਸਥਾਪਨਾ ਪਿੱਛੇ ਕੇਵਲ ਤੇ ਕੇਵਲ ਸਿੰਘ ਸਭਾ ਲਹਿਰ ਦੀ ਪ੍ਰੇਰਨਾ ਸ਼ਕਤੀ ਹੈ। 

੧੯੨੦ ਦਾ ਵਰਤਾਰਾ ਜਦੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਉਭਾਰ ਸਾਹਮਣੇ ਆਉਂਦਾ ਹੈ ਇਸ ਪਿੱਛੇ ਦੀ ਚੇਤਨਾ ਸ਼ਕਤੀ ਗੁਰੂ-ਗ੍ਰੰਥ ਗੁਰੂ-ਪੰਥ ਦੇ ਸਿਧਾਂਤਾਂ ਨੂੰ ਸਮਝਣ ਜੀਊਣ ਤੇ ਪ੍ਚਾਰਨ ਵਾਲੀ ਲਹਿਰ ਸਿੰਘ ਸਭਾ ਲਹਿਰ ਖੜ੍ਹੀ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕੌਮ ਦੀਆਂ ਵੱਡੀਆਂ ਮਜ਼ਬੂਤ ਸੰਸਥਾਵਾਂ ਪੂਰੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਲਈ ਸਾਹਮਣੇ ਆ ਜਾਂਦੀਆਂ ਹਨ। 

ਪੰਥਕ ਸਿਆਸਤ ਦੀ ਘਾੜਤ ਤੇ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੇਵਕ ਸੰਭਾਲਦੇ ਹਨ। ਜੋ ਨਿਰਸਵਾਰਥ, ਨਿਹਕਾਮ , ਨਿਰਭਉ -ਨਿਰਵੈਰ ਤੇ ਨਿਰਪੱਖਤਾ ਦੇ ਮੁਜੱਸਮੇ ਗੁਰਸਿੱਖਾਂ ਦੇ ਰੂਪ ਹਨ। ਸੇਵਕ ਬਣ ਕੇ ਸੰਸਾਰ ਸਾਹਮਣੇ ਆਉਂਦੇ ਹਨ। ਉਨ੍ਹਾਂ ਦੇ ਉੱਚੇ ਸੁੱਚੇ ਕਿਰਦਾਰ ਦੀਆਂ ਮਿਸਾਲਾਂ ਸਾਕਾ ਨਨਕਾਣਾ ਸਾਹਿਬ, ਗੰਗਸਰ ਜੈਤੋਂ, ਗੁਰੂ ਕਾ ਬਾਗ, ਪੰਜਾ ਸਾਹਿਬ ਤੇ ਹੋਰ ਮੌਕਿਆਂ 'ਤੇ ਦਿੱਤੀਆਂ ਕੁਰਬਾਨੀਆਂ ਰਾਹੀਂ ਸੰਸਾਰ ਭਰ ਦੇ ਦਾਨਸ਼ਮੰਦਾਂ ਦੇ ਲੂੰ ਕੰਡੇ ਖੜ੍ਹੇ ਕਰਦੀਆਂ ਹਨ। ਗੈਰ ਸਿੱਖ ਕੁਰਬਾਨੀ ਦੇ ਇਨ੍ਹਾਂ ਕਿਰਦਾਰਾਂ ਵਿੱਚੋਂ ਪੈਗੰਬਰੀ ਕੁਰਬਾਨੀ ਦੇ ਬਿੰਬ ਵੇਖ ਅੱਸ਼ ਅੱਸ਼ ਕਰ ਉੱਠਦੇ ਹਨ। ਸੱਤਾ ਦੀ ਉਹ ਤਾਕਤ ਜਿਸ ਦੇ ਰਾਜ ਦੀਆਂ ਹੱਦਾਂ ਅੰਦਰ ਸੂਰਜ ਨਹੀਂ ਸੀ ਡੁੱਬਦਾ ਪੰਥਕ ਸੇਵਕਾਂ ਦੇ ਸੱਚੇ ਸੁੱਚੇ ਕਿਰਦਾਰਾਂ ਦੀਆਂ ਕਰਨੀਆਂ ਅੱਗੇ ਲੜਖੜਾਉਣ ਲੱਗਦੀ ਹੈ। ਪੰਥਕ ਸਿਆਸਤ ਦੀ ਮਨਸਾ ਵਿਚ ਸਵਾਰਥ ਨਾਂ ਦੀ ਕੋਈ ਸ਼ੈ ਨਹੀਂ ਸੀ ਨਾ ਹੀ ਹੋ ਸਕਦੀ ਹੈ। 

ਨਿਰਸਵਾਰਥੀ ਪੰਥਕ ਸੇਵਕਾਂ ਦਾ ਕਾਫ਼ਲਾ ਹੀ ਪੰਥਕ ਸਿਆਸਤ ਨੂੰ ਸਮਝ ਸਕਦਾ ਹੈ ਵੱਡੇ ਹਾਸਲਾਂ ਦੀ ਪ੍ਰਾਪਤੀ ਦਾ ਹਾਣੀ ਬਣ ਸਕਦਾ ਹੈ। ਪੰਥਕ ਸਮਝ ਸੂਝ ਤੇ ਅਮਲ ਵਾਲੇ ਸਿੱਖ ਹੀ ਪੰਥਕ ਸਿਆਸਤ ਦੇ ਸੇਵਾਦਾਰ ਹੋਣ ਦੀ ਯੋਗਤਾ ਰੱਖਦੇ ਹਨ। ਪੰਥਕ ਸਿਆਸਤ ਦੇ ਪਹਿਰੇਦਾਰਾਂ ਦੇ ਸਾਹਮਣੇ ਸਰਬੱਤ ਦਾ ਭਲਾ ਤੇ ਹਲੇਮੀ ਰਾਜ ਸਥਾਪਨਾ ਦਾ ਨਿਸ਼ਾਨਾ ਹੋਣਾ ਜ਼ਰੂਰੀ ਹੈ। ਪੰਥਕ ਸਿਆਸਤ ਦਾ ਸੇਵਕ ਜਾਤ ਮਜ਼੍ਹਬ ਇਲਾਕੇ ਦੀਆਂ ਸੌੜੀਆਂ ਹੱਦਾਂ ਦਾ ਮੁਥਾਜ ਨਹੀਂ ਰਹਿੰਦਾ। ਉਸ ਲਈ ਇਨਸਾਨੀਅਤ ਦਾ ਧਰਮ ਜ਼ਿੰਦਾ ਰੱਖਣ ਦੀ ਪ੍ਰਮੁੱਖ ਜ਼ਿੰਮੇਵਾਰੀ ਰਹਿੰਦੀ ਹੈ। ਪੰਥਕ ਸਿਆਸਤ ਦਾ ਸੇਵਕ ਹੋ ਕੇ ਜੀਊਣਾ ਸੰਸਾਰ ਦਾ ਪ੍ਰਮੁੱਖ ਸੇਵਕ ਹੋਣਾ ਮੰਨਿਆ ਜਾਂਦਾ ਹੈ। ਜਦੋਂ ੧੯੪੭ ਦੇ ਪਹਿਲਾਂ ਗੈਰ ਬਰਾਬਰੀ ਦੇ ਖੁੱਲੇਆਮ ਪ੍ਗਟਾਅ ਕਰਨ ਵਾਲੀ ਬਰਤਾਨਵੀ ਹਕੂਮਤ ਦੀਅਾਂ ਲੋਕ-ਮਾਰੂ ਨੀਤੀਆਂ ਵਰਤਾਰਿਆਂ ਦਾ ਸਭ ਤੋਂ ਵੱਧ ਵਿਰੋਧ ਪੰਥਕ ਸਿਆਸਤ ਦੇ ਪਹਿਰੇਦਾਰਾਂ ਨੇ ਹੀ ਕੀਤਾ ਸੀ ਤਾਂ ਨਤੀਜੇ ਵਜੋਂ ਸਭ ਤੋਂ ਵੱਧ ਕੁਰਬਾਨੀਆਂ ਦਾ ਮਾਣ ਮਿਲਿਆ ਸੀ। 

੧੯੪੭ ਤੋਂ ਪੰਥਕ ਸਿਆਸਤ ਦੇ ਪਹਿਰੇਦਾਰਾਂ ਦਾ ਵਾਹ ਬਰਤਾਨਵੀ ਹਕੂਮਤ ਨਾਲੋਂ ਵਧੇਰੇ ਬਦਤਰ ਸੋਚ ਵਾਲੇ ਅਖੌਤੀ ਭਾਰਤੀ ਸਿਆਸਤਦਾਨਾਂ ਨਾਲ ਪਿਆ ਹੈ।

ਭਾਰਤੀ ਨਵੇਂ ਗੈਰ-ਤਜ਼ਰਬੇਕਾਰ ਸਿਆਸਤਦਾਨ ਰਾਜ ਪ੍ਬੰਧ ਦੀਆਂ ਸੂਖਮ ਕਦਰਾਂ ਕੀਮਤਾਂ ਤੋਂ ਖਾਲੀ ਹਨ। ਇਹ ਹੱਕ ਮਾਰਨ ਦੇ ਨਾਲ ਨਾਲ ਹੱਕਾਂ ਲਈ ਲੜਨ ਵਾਲਿਆਂ ਦੇ ਕਿਰਦਾਰ ਹੀ ਖਤਮ ਕਰਨ ਦਾ ਕਾਇਰਤਾ ਪੂਰਨ ਕੰਮ ਕਰਦੇ। ਐਸਾ ਕਰਨ ਲਈ ਭਾਵੇਂ ਭਾਰਤੀ ਹੁਕਮਰਾਨਾਂ ਕੁਝ ਵੀ ਕਿਉਂ ਨਾ ਕਰਨਾ ਪਵੇ ਇਹ ਉਸ ਵੀ ਘਟੀਆ ਕੰਮ ਨੂੰ ਕਰ ਲੈਂਦੇ ਹਨ। ਰਾਜ ਭਾਗ ਬਟੇਰਾ ਭਾਰਤੀ ਬਹੁਗਿਣਤੀ ਦੇ ਹੱਥ ਬਿਨਾਂ ਕੀਮਤ ਦਿੱਤਿਆਂ ਆ ਗਿਆ ਹੈ ਇਹ ਕਦਰਦਾਨ ਹੀ ਨਹੀਂ ਹਨ। ਘੱਟ ਗਿਣਤੀ ਕੌਮਾਂ ਨੂੰ ਬਰਾਬਰ ਦਾ ਮਾਨ ਸਨਮਾਨ ਦੇਣ ਨਾਲ ਜੋ ਇੱਜ਼ਤ ਪੂਰੇ ਸੰਸਾਰ ਵਿਚ ਭਾਰਤੀ ਹਾਕਮਾਂ ਨੂੰ ਮਿਲਣੀ ਸੀ ਉਹ ਹੁਣ ਤੱਕ ਘੱਟ ਗਿਣਤੀ ਕੌਮਾਂ ਨੂੰ ਨਸਲਕੁਸ਼ੀ ਵੱਲ ਧੱਕਣ ਵਾਲੇ ਵਰਤਾਰਿਆਂ ਕਾਰਨ ਮਿੱਟੀ ਵਿਚ ਮਿਲ ਚੁੱਕੀ ਹੈ। 

ਪੰਥਕ ਸਿਆਸਤ ਦੇ ਪਹਿਰੇਦਾਰਾਂ ਦੀ ਪਹਿਚਾਣ ਹਕੂਮਤੀ ਦਾਅ ਪੇਚਾਂ ਦੀਆਂ ਚਾਲਬਾਜ਼ੀਆਂ ਨੇ ਪਿਛਲੇ ਕਈ ਦਹਾਕਿਆਂ ਤੋਂ ਸ਼ੱਕੀ ਬਣਾਉਣ ਵਾਸਤੇ ਵੀ ਹਿੱਸਾ ਪਾਇਆ ਹੈ। ਸਿੱਖ ਸਮਾਜ ਦੀਆਂ ਰੁਚੀਆਂ ਕੌਮਪ੍ਰਸਤੀ ਦੇ ਉੱਚੇ ਸੁੱਚੇ ਸਥਾਪਿਤ ਆਦਰਸ਼ਾਂ ਜੀਵਨ ਵੱਲੋਂ ਗਰਜਾਂ ਵਾਲੀ ਸੁਰਤੀ ਬਿਰਤੀ ਨੇ ਰਸਾਤਲ ਵੱਲ ਧੱਕੀਆਂ ਨੇ। ੧੯੮੪ ਤੋਂ ਮਗਰੋਂ ਪੰਥਕ ਸਿਆਸਤ ਦਾ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਕੁਰਸੀ ਦਾ ਮੁਥਾਜ ਤੇ ਪਰਿਵਾਰਵਾਦ ਦੀ ਪਕੜ ਦਾ ਸ਼ਿਕਾਰ ਹੋ ਜਾਂਦਾ ਹੈ। ਪੰਥਕ ਸਿਆਸਤ ਦੀ ਸਮਝ ਇਸ ਦੌਰ ਵਿਚ ਸੁਰਤਿ ਵਿਚੋਂ ਪੰਥਕ ਸਿਆਸਤ ਦੇ ਨਾਮ ਨਿਹਾਤ ਸੇਵਕ ਕਹਾਉਣ ਵਾਲਿਆਂ ਵਿੱਚੋਂ ਮਰਨੀ ਮੁੱਕਣੀ ਸ਼ੁਰੂ ਹੋ ਗਈ। ਇਸ ਨਵੇਂ ਅਖਾਣ ਦੇ ਰੂਪ ਵਿਚ ਵਟ ਗਈ। "ਅਕਾਲੀ ,ਪੰਥਕ ਸਿਆਸਤ ਤੋਂ ਖਾਲੀ "। 

ਅੱਜ ਦੇ ਅਕਾਲੀ ਅਖਵਾਉਣ ਵਾਲਿਆਂ ਦੇ ਧੜੇ ਮਨੁੱਖੀ ਤੇ ਮਤਲਬੀ ਪ੍ਭਾਵਾਂ ਹੇਠ ਵਧੇਰੇ ਕਰ ਚਲੇ ਗਏ ਹਨ। ਇਥੇ ਪੰਥਕ ਸਿਆਸਤ ਦੀ ਥਾਂ ਧੜਿਆਂ ਦੇ ਆਗੂਆਂ ਦੀ ਸੋਚ ਵਾਲੀ ਇਕ ਦੂਜੇ ਨੂੰ ਭੰਡਣ, ਦਬਾਉਣ, ਦਬਕਾਉਣ ਵਾਲੀ ਸਿਆਸਤ ਭਾਰੂ ਹੋ ਗਈ ਹੈ। ਸੱਚ ਪਰਵਾਨ ਕਰਨਾ ਬਣਦਾ ਹੈ ਜੋ ਇਹ ਹੈ ਕਿ ਅੱਜ ਦੀ ਤਰੀਕ ਵਿਚ ਪੰਥਕ ਸਿਆਸਤ ਦੀ ਸਮਝ ਸੂਝ ਵਾਲਾ ਸਿਆਸੀ ਦਲ ਖ਼ਾਲਸਾ ਪੰਥ ਦੇ ਪਾਸ ਨਹੀਂ ਹੈ। ਕੂੜੀ ਦਾਵੇਦਾਰੀ ਵਾਲੇ ਦਰਜਨਾਂ ਹੀ ਅਕਾਲੀ ਸਦਵਾਉਂਦੇ ਧੜੇ ਭਾਵੇਂ ਆਪੋ ਆਪਣਾ ਰਾਗ ਅਲਾਪ ਰਹੇ ਮਿਲਦੇ ਹਨ। 

ਸਵਾਲ ਇਹ ਹੈ ਪੰਥਕ ਸਿਆਸਤ ਲਈ ਸਹੀ ਪੰਥਕ ਸਿਆਸੀ ਜੱਥਾ ਨਵੇਂ ਸਿਰੇ ਤੋਂ ਹੋਂਦ ਵਿਚ ਆ ਸਕਦਾ ਹੈ? ਸਾਰਥਕ ਉੱਤਰ ਹੈ ਕਿ ਆ ਸਕਦਾ ਹੈ! ਦੂਜਾ ਸਵਾਲ ਹੈ ਪੰਥਕ ਸਿਆਸੀ ਜੱਥਾ ਕਦੋਂ ਹੋਂਦ ਵਿਚ ਆਵੇਗਾ? ਇਸ ਦਾ ਉੱਤਰ ਹੈ ਜਦੋਂ ਗੁਰੂ- ਗ੍ਰੰਥ ਗੁਰੂ- ਪੰਥ ਪ੍ਸਤ ਸਿੱਖ ਮਨੋ ਚਾਹੁੰਣਗੇ! 

ਅੱਜ ਦੀ ਤਰੀਕ ਵਿਚ ਬਹੁਤੇ ਪੰਥਪ੍ਸਤ ਸਿੱਖ ਕਹਾਉਣ ਵਾਲੇ ਆਪਣੀ ਨਿੱਜੀ ਜ਼ਿੰਦਗੀ ਦੇ ਸੁੱਖ ਸਾਧਨਾਂ ਦੀ ਜਦੋ ਜਹਿਦ ਵਿਚ ਮਸ਼ਰੂਫ ਹਨ। ਪੰਥਕ ਫਰਜ਼ ਨੂੰ ਪਿੱਛੇ ਪਾ ਕੇ ਦਿਨ ਕਟੀ ਕਰਨਾ ਜੀਵਨ ਵਿਹਾਰ ਅਪਣਾ ਲਿਆ ਹੈ। ਹਾਂ ਸਮਾਜਿਕ ਪ੍ਚਾਰ ਸਾਧਨਾਂ ਤੇ ਜਾਂ ਸੱਥਾਂ ਵਿਚ ਇਕ ਦੂਜੇ ਤੇ ਟੀਕਾ ਟਿਪਣੀ ਵਾਲੀ ਨੂਰਾ ਕੁਸ਼ਤੀ ਜਾਰੀ ਰੱਖਣਾ ਹੀ ਹਾਲ ਦੀ ਘੜੀ ਪੰਥਕ ਸੇਵਾ ਹੈ।

ਸਿੱਖ ਨੌਜਵਾਨਾਂ ਨੂੰ ਵਿਰਸੇ ਵਿਰਾਸਤ ਦਾ ਗਿਆਨ ਦੇਣ ਲਈ ਜੋ ਕੌਮੀ ਵਿਧੀ ਵਿਧਾਨ ਉਸਾਰ ਕੇ ਕੰਮ ਕਰਨਾ ਜ਼ਰੂਰੀ ਹੈ ਇਸ ਨੂੰ ਬੇਧਿਆਨਾ ਛੱਡਿਆ ਹੋਇਆ ਹੈ। 

ਸਿਰਲੇਖ ਵਾਲੇ ਸ਼ਬਦ ਕਿ  "ਪੰਥਕ ਸਿਆਸਤ ਦਾ ਝੰਡਾ ਬਰਦਾਰ ਕੌਣ ਬਣੂੰ ? " ਬਹੁਤ ਵੱਡਾ ਸਵਾਲ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਇਹ ਸਵਾਲ ਵਰਤਮਾਨ ਸਮੇਂ ਕੌਮੀ ਧਿਆਨ ਵਿਚੋਂ ਦਰ ਕਿਨਾਰੇ ਹੈ। ਇਹ ਚੋਣਾਂ ਬਿਨਾ ਪੰਥਕ ਸਿਆਸਤ ਦੇ ਨੁਕਤਾ ਨਿਗਾਹ ਵੱਲ ਝਾਤ ਮਾਰਿਆ ਹੀ ਲੰਘਣਗੀਆਂ। ਸਭ ਗੈਰ ਪੰਥਕ ਸਿਆਸਤ ਦਾ ਰਾਗ ਹੀ ਅਲਾਪਣਗੇ!ਆਪਣੀ ਆਪਣੀ ਹਉਮੈ ਦੇ ਘੋੜੇ ਸਰਪਟ ਜਰੂਰ ਭਜਾਉਣਗੇ। ਪੰਥ ਤੇ ਪੰਜਾਬ ਇਨ੍ਹਾਂ ਦੀਆਂ ਨਾਕਾਬਲ ਨੀਤਾਂ ਨੂੰ ਵੇਖ ਵੇਖ ਭਵਿੱਖ ਦੀ ਉਡੀਕ ਕਰੇਗਾ।

 

ਗਿਆਨੀ ਕੇਵਲ ਸਿੰਘ

ਸਾਬਕਾ ਜਥੇਦਾਰ

ਤਖ਼ਤ ਸ੍ਰੀ ਦਮਦਮਾ ਸਾਹਿਬ

95920-93472