ਹਿੰਦੁਸਤਾਨ ਮੁਲਕ ਲਈ ਸਿੱਖ ਕੌਮ ਦੀ ਦਿੱਤੀਆ ਕੁਰਬਾਨੀਆ ਵਿਚ ਵੱਡਾ ਹਿੱਸਾ ਹੋਣ ਦੇ ਬਾਵਜੂਦ ਬਾਹਰਲੇ ਮੁਲਕਾਂ ਵਿਚ ਸਿੱਖਾਂ ਦਾ ਕਤਲੇਆਮ ਕਰਨ ਦੀ ਨੀਤੀ ਅਤਿ ਨਿੰਦਣਯੋਗ : ਮਾਨ

ਹਿੰਦੁਸਤਾਨ ਮੁਲਕ ਲਈ ਸਿੱਖ ਕੌਮ ਦੀ ਦਿੱਤੀਆ ਕੁਰਬਾਨੀਆ ਵਿਚ ਵੱਡਾ ਹਿੱਸਾ ਹੋਣ ਦੇ ਬਾਵਜੂਦ ਬਾਹਰਲੇ ਮੁਲਕਾਂ ਵਿਚ ਸਿੱਖਾਂ ਦਾ ਕਤਲੇਆਮ ਕਰਨ ਦੀ ਨੀਤੀ ਅਤਿ ਨਿੰਦਣਯੋਗ : ਮਾਨ

ਇੰਡੀਆ ਦੀ ਰੱਖਿਆ ਵਿਚ ਫ਼ੌਜੀ ਵਿਧਵਾਵਾਂ ਦੀ 6,98,252 ਗਿਣਤੀ ਪੰਜਾਬ ਸੂਬੇ ਦੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 11 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-“ਇਤਿਹਾਸ ਅਤੇ ਮੁਲਕ ਦਾ ਰਿਕਾਰਡ ਇਸ ਗੱਲ ਦੀ ਪ੍ਰਤੱਖ ਪੁਸਟੀ ਕਰਦਾ ਹੈ ਕਿ ਇੰਡੀਆ ਦੀ ਫ਼ੌਜ, ਨੇਵੀ, ਏਅਰਫੋਰਸ ਤਿੰਨੇ ਸੈਨਾਵਾਂ ਵਿਚ ਇੰਡੀਆ ਮੁਲਕ ਦੇ ਹੋਦ ਵਿਚ ਆਉਣ ਤੋ ਬਾਅਦ ਫ਼ੌਜੀਆਂ ਦੀ ਸ਼ਹਾਦਤ ਗਿਣਤੀ ਜੇਕਰ ਸਭ ਤੋ ਵੱਧ ਕਿਸੇ ਸੂਬੇ ਦੀ ਹੈ, ਉਹ ਪੰਜਾਬ ਸੂਬੇ ਦੀ ਹੈ । ਫ਼ੌਜ ਦੇ ਰਿਕਾਰਡ ਅਨੁਸਾਰ ਜੋ ਬੀਤੇ ਦਿਨੀਂ ਇੰਡੀਆ ਦੀ ਰੱਖਿਆ ਵਿਜਾਰਤ ਨੇ ਮੁਲਕ ਵਿਚ ਫ਼ੌਜੀ ਵਿਧਵਾਵਾਂ ਦੀ ਗਿਣਤੀ ਨਸਰ ਕੀਤੀ ਹੈ ਉਸ ਵਿਚ 6,98,252 ਵਿਧਾਵਵਾਂ ਤਿੰਨੇ ਫ਼ੌਜਾਂ ਵਿਚ ਪੰਜਾਬ ਸੂਬੇ ਦੀਆਂ ਹਨ । ਜਿਸ ਵਿਚ ਸਿੱਖ ਕੌਮ ਦੀ ਬਹੁਤ ਵੱਡੀ ਨਫਰੀ ਹੈ । ਦੂਸਰਾ ਅੱਜ ਤੱਕ ਦੇ ਇਤਿਹਾਸ ਵਿਚ ਮਨੁੱਖਤਾ, ਸਮਾਜਿਕ ਕਦਰਾਂ-ਕੀਮਤਾਂ, ਔਖੇ ਸਮੇ ਵੱਡੇ ਜੋਖਮ ਲੈਕੇ ਉੱਦਮ ਕਰਨ ਵਾਲੇ ਸਿੱਖਾਂ ਦੀ ਵੱਡੀ ਗਿਣਤੀ ਰਹੀ ਹੈ । ਜਿਸ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਇਸ ਮੁਲਕ ਲਈ ਦਿੱਤੀਆ ਕੁਰਬਾਨੀਆ ਵਿਚ ਵੱਡਾ ਹਿੱਸਾ ਰਿਹਾ ਹੋਵੇ ਅਤੇ ਜਿਸ ਸੂਬੇ ਦੀਆਂ ਫ਼ੌਜੀ ਵਿਧਾਵਾਵਾਂ ਦੀ ਗਿਣਤੀ ਵੀ ਸਭ ਤੋ ਵੱਧ ਹੈ, ਉਸ ਸੂਬੇ ਤੇ ਉਸ ਸਿੱਖ ਕੌਮ ਦੀ ਨੌਜਵਾਨੀ ਨੂੰ ਮੌਜੂਦਾ ਸਮੇ ਦੀ ਸੈਟਰ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਇੰਡੀਆ ਵਿਚ ਅਤੇ ਇੰਡੀਆ ਤੋ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਆਪਣੀਆ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੇ ਰਾਹੀ ਸਾਜਸੀ ਢੰਗਾਂ ਰਾਹੀ ਮਰਵਾਉਣ ਦੇ ਅਮਲ ਕੀਤੇ ਜਾਣ, ਇਹ ਤਾਂ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਇਕ ਬਹੁਤ ਹੀ ਵੱਡੀ ਜਿਆਦਤੀ ਜਾਂ ਬੇਇਨਸਾਫ਼ੀ ਹੀ ਨਹੀ ਬਲਕਿ ਇਕ ਸ਼ਰਮਨਾਕ ਕਾਰਾ ਹੈ । ਜੋ ਇੰਡੀਆ ਦੇ ਨਾਮ ਤੇ ਕੌਮਾਂਤਰੀ ਪੱਧਰ ਤੇ ਕਾਲਾ ਧੱਬਾ ਹੈ । ਸਾਨੂੰ ਇਹ ਸਮਝ ਨਹੀ ਆਉਦੀ ਕਿ ਮੌਜੂਦਾ ਬੀਜੇਪੀ-ਆਰ.ਐਸ.ਐਸ ਹਕੂਮਤ ਨੇ ਨਿਰਦੋਸ਼ ਸਿੱਖਾਂ ਨੂੰ ਇੰਡੀਆ ਵਿਚ ਬਾਹਰਲੇ ਮੁਲਕਾਂ ਵਿਚ ਮਾਰਨ ਦੀ ਨੀਤੀ ਕਿਉਂ ਅਪਣਾਈ ਹੋਈ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੰਡੀਆ ਦੀ ਰੱਖਿਆ ਵਿਜਾਰਤ ਵੱਲੋ ਆਪਣੇ ਮੁਲਕ ਦੀਆਂ ਫ਼ੌਜੀ ਵਿਧਵਾਵਾਂ ਦੀ ਗਿਣਤੀ ਦਾ ਰਿਕਾਰਡ ਨਸਰ ਕਰਦੇ ਹੋਏ ਪੰਜਾਬ ਦੀਆਂ ਸਭ ਤੋ ਵੱਧ ਵਿਧਵਾਵਾਂ ਹੋਣ ਅਤੇ ਸਿੱਖ ਕੌਮ ਵੱਲੋ ਹਰ ਖੇਤਰ ਵਿਚ ਕੁਰਬਾਨੀਆ ਤੇ ਸ਼ਹਾਦਤਾਂ ਦੇਣ ਉਪਰੰਤ ਵੀ ਇੰਡੀਆ ਦੇ ਹੁਕਮਰਾਨਾਂ ਵੱਲੋਂ ਸਿੱਖਾਂ ਨੂੰ ਪੰਜਾਬ-ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਨਿਸ਼ਾਨਾਂ ਬਣਾਕੇ ਸਾਜਸੀ ਢੰਗਾਂ ਰਾਹੀ ਮਰਵਾਉਣ ਦੀਆਂ ਨੀਤੀਆ ਤੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਅਮਲ ਨੂੰ ਅਤਿ ਸ਼ਰਮਨਾਕ ਅਤੇ ਮਨੁੱਖਤਾ ਦੇ ਨਾਮ ਤੇ ਕਾਲਾ ਧੱਬਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ ਬੀਤੇ ਕੁਝ ਸਮੇ ਵਿਚ ਹੀ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ ਅਤੇ ਇੰਡੀਆ ਦੇ ਹਰਿਆਣੇ ਵਿਚ ਦੀਪ ਸਿੰਘ ਸਿੱਧੂ ਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਉਪਰੋਕਤ ਇੰਡੀਅਨ ਏਜੰਸੀਆ ਅਤੇ ਇੰਡੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਰਾਹੀ ਨਿਸ਼ਾਨਾਂ ਬਣਾਕੇ ਮਰਵਾਇਆ ਗਿਆ ਹੈ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਉਪਰੋਕਤ ਸਭ ਕਾਤਲ ਇੰਡੀਅਨ ਏਜੰਸੀਆ ਅਤੇ ਸੁਰੱਖਿਆ ਸਲਾਹਕਾਰ ਕੇਵਲ ਤੇ ਕੇਵਲ ਇੰਡੀਆ ਦੇ ਵਜੀਰ-ਏ-ਆਜਮ ਨੂੰ ਜੁਆਬਦੇਹ ਹਨ ਨਾ ਕਿ ਇੰਡੀਆ ਦੀ ਪਾਰਲੀਮੈਟ ਨੂੰ । ਇਥੋ ਤੱਕ ਉਪਰੋਕਤ ਏਜੰਸੀਆ, ਇੰਡੀਅਨ ਪਾਰਲੀਮੈਟ ਨੂੰ ਨਾ ਤਾਂ ਜੁਆਬਦੇਹ ਹਨ ਅਤੇ ਨਾ ਹੀ ਇਨ੍ਹਾਂ ਵੱਲੋ ਜੋ ਕਰੋੜਾਂ-ਅਰਬਾਂ ਰੁਪਏ ਦੇ ਗੁਪਤ ਫੰਡ ਰੱਖੇ ਜਾਂਦੇ ਹਨ, ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਹਿਸਾਬ-ਕਿਤਾਬ ਹੁੰਦਾ ਹੈ । ਜਦੋਕਿ ਜਿਵੇ ਹੋਰ ਸਭ ਸਿਆਸੀ ਅਹੁਦੇਦਾਰ ਅਤੇ ਸੰਸਥਾਵਾਂ ਪਾਰਲੀਮੈਂਟ ਨੂੰ ਆਪਣੇ ਕੀਤੇ ਕੰਮਾਂ ਲਈ ਜੁਆਬਦੇਹ ਹਨ, ਉਸੇ ਤਰ੍ਹਾਂ ਉਪਰੋਕਤ ਸਿੱਖ ਕੌਮ ਦੀਆਂ ਇਹ ਕਾਤਲ ਏਜੰਸੀਆ ਵੀ ਆਪਣੇ ਵੱਲੋ ਕੀਤੇ ਜਾਣ ਵਾਲੇ ਗੈਰ ਕਾਨੂੰਨੀ ਅਤੇ ਅਣਮਨੁੱਖੀ ਕੰਮਾਂ ਲਈ ਪਾਰਲੀਮੈਟ ਨੂੰ ਜਿਥੇ ਜੁਆਬਦੇਹ ਹੋਣੇ ਚਾਹੀਦੇ ਹਨ, ਉਥੇ ਇਨ੍ਹਾਂ ਦੇ ਫੰਡਾਂ ਦਾ ਪਾਰਦਰਸ਼ੀ ਢੰਗ ਨਾਲ ਹਿਸਾਬ-ਕਿਤਾਬ ਵੀ ਹੋਣਾ ਚਾਹੀਦਾ ਹੈ ਅਤੇ ਵਜੀਰ-ਏ-ਆਜਮ, ਸੰਸਥਾਵਾਂ ਤੇ ਏਜੰਸੀਆ ਦੇ ਵਿਚਕਾਰ ਪਾਰਲੀਮੈਟ ਬਤੌਰ ਬਫਰ ਦੇ ਕੰਮ ਕਰਨੇ ਚਾਹੀਦੇ ਹਨ । ਇਸ ਵਿਸੇ ਉਤੇ ਅਸੀ ਅਕਸਰ ਹੀ ਉਸਾਰੂ ਸੋਚ ਵਾਲੇ ਹੁਕਮਰਾਨਾਂ ਨੂੰ ਸੁਝਾਅ ਦਿੰਦੇ ਆਏ ਹਾਂ ਪਰ ਹੁਕਮਰਾਨ ਹਮੇਸ਼ਾਂ ਸਾਡੇ ਵੱਲੋ ਉਸਾਰੂ ਸੋਚ ਵਾਲੇ ਸੁਝਾਵਾਂ ਨੂੰ ਵੀ ਸੱਕ ਨਾਲ ਹੀ ਦੇਖਦੇ ਹਨ ।