ਟਰੰਪ ਨੂੰ ਫੇਰ ਝਟਕਾ : ਪਾਬੰਦੀ ਬਾਰੇ ਨਵੇਂ ਹੁਕਮਾਂ ‘ਤੇ ਅਮਰੀਕੀ ਜੱਜ ਨੇ ਲਾਈ ਰੋਕ

ਟਰੰਪ ਨੂੰ ਫੇਰ ਝਟਕਾ : ਪਾਬੰਦੀ ਬਾਰੇ ਨਵੇਂ ਹੁਕਮਾਂ ‘ਤੇ ਅਮਰੀਕੀ ਜੱਜ ਨੇ ਲਾਈ ਰੋਕ

ਵਾਸ਼ਿੰਗਟਨ/ਬਿਊਰੋ ਨਿਊਜ਼ :
ਇਕ ਅਮਰੀਕੀ ਜੱਜ ਨੇ ਮੁਸਲਿਮ ਬਹੁ-ਗਿਣਤੀ ਵਾਲੇ ਛੇ ਮੁਲਕਾਂ ਦੇ ਨਾਗਰਿਕਾਂ ‘ਤੇ ਮੁੜ ਯਾਤਰਾ ਪਾਬੰਦੀ ਲਾਉਣ ਦੇ ਡੋਨਲਡ ਟਰੰਪ ਦੇ ਫੈਸਲੇ ਨੂੰ ਰੋਕ ਦਿੱਤਾ ਹੈ। ਇਹ ਰੋਕ ਇਸ ਫੈਸਲੇ ਦੇ ਲਾਗੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਲਾਈ ਗਈ ਹੈ, ਜਿਸ ਨਾਲ ਅਮਰੀਕੀ ਰਾਸ਼ਟਰਪਤੀ ਨੂੰ ਝਟਕਾ ਲੱਗਿਆ। ਹਾਲਾਂਕਿ ਰਾਸ਼ਟਰਪਤੀ ਨੇ ਇਸ ਫੈਸਲੇ ਨੂੰ ‘ਨਿਆਂਇਕ ਦਬੰਗਪੁਣਾ’ ਦੱਸਿਆ ਅਤੇ ਇਸ ਨੂੰ ਚੁਣੌਤੀ ਦੇਣ ਦਾ ਅਹਿਦ ਲਿਆ।
ਹਵਾਈ ਦੇ ਫੈਡਰਲ ਜੱਜ ਦਾ ਇਹ ਹੁਕਮ ਸੂਬੇ ਵੱਲੋਂ ਪੇਸ਼ ਉਸ ਕੇਸ ਵਿੱਚ ਆਇਆ, ਜਿਸ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਹਫ਼ਤੇ ਨਵੇਂ ਸਿਰਿਓਂ ਯਾਤਰਾ ਪਾਬੰਦੀ ਲਾਗੂ ਕਰਨ ਨੂੰ ਚੁਣੌਤੀ ਦਿੱਤੀ ਗਈ ਸੀ। ਹਵਾਈ ਸੂਬੇ ਦਾ ਤਰਕ ਹੈ ਕਿ ਯਾਤਰਾ ਪਾਬੰਦੀ ਵਿੱਚ ਸੋਧ ਹਾਲੇ ਵੀ ਗ਼ੈਰ ਸੰਵਿਧਾਨਕ ਹੈ। ਇਸ ਨਵੀਂ ਯਾਤਰਾ ਪਾਬੰਦੀ ਅਨੁਸਾਰ ਇਰਾਨ, ਲਿਬੀਆ, ਸੋਮਾਲੀਆ, ਸੁਡਾਨ, ਸੀਰੀਆ ਅਤੇ ਯਮਨ ਦੇ ਲੋਕ 90 ਦਿਨਾਂ ਤੱਕ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਣਗੇ। ਇਹ ਪਾਬੰਦੀ 15 ਮਾਰਚ ਅੱਧੀ ਰਾਤ ਤੋਂ ਲਾਗੂ ਹੋਣੀ ਸੀ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਹੁਕਮ ਨਾਲ ‘ਅਸੀਂ ਕਮਜ਼ੋਰ ਲੱਗ ਰਹੇ ਹਾਂ।” ਉਨ੍ਹਾਂ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦਾ ਅਹਿਦ ਲਿਆ।
ਵਿਦੇਸ਼ੀ ਮਦਦ ਵਿੱਚ ਕਟੌਤੀ
ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਪਹਿਲੇ ਬਜਟ ਵਿੱਚ 28 ਫੀਸਦੀ ਤੱਕ ਪੁੱਜੀ ਵਿਦੇਸ਼ੀ ਮਦਦ ਵਿੱਚ ਕਟੌਤੀ ਦੀ ਮੰਗ ਕਰ ਰਹੇ ਹਨ। ਇਸ ਦਾ ਅਸਰ ਪਾਕਿਸਤਾਨ ਉਤੇ ਪੈ ਸਕਦਾ ਹੈ, ਜੋ ਅਮਰੀਕਾ ਦੀ ਮਦਦ ਪ੍ਰਾਪਤ ਕਰਨ ਵਿੱਚ ਸਭ ਤੋਂ ਅੱਗੇ ਹੈ।ਬਜਟ ਵਿੱਚ ਓਬਾਮਾ ਦੀ ‘ਨਰਮ ਸ਼ਕਤੀ’ ਨਾਲੋਂ ‘ਮਜ਼ਬੂਤ ਫੌਜੀ ਤਾਕਤ’ ਵੱਲ ਨਾਟਕੀ ਤਬਦੀਲੀ ਦਾ ਵੀ ਸੱਦਾ ਹੋਵੇਗਾ।