ਵਾਈਟ ਹਾਊਸ ਉਪਰ ਹਮਲੇ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਜ਼ੀ ਸਮਰਥਕ ਭਾਰਤੀ ਨੇ ਆਪਣਾ ਗੁਨਾਹ ਕਬੂਲਿਆ, 23 ਅਗਸਤ  ਨੂੰ ਸੁਣਾਈ ਜਾਵੇਗੀ ਸਜ਼ਾ

ਵਾਈਟ ਹਾਊਸ ਉਪਰ ਹਮਲੇ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਜ਼ੀ ਸਮਰਥਕ ਭਾਰਤੀ ਨੇ ਆਪਣਾ ਗੁਨਾਹ ਕਬੂਲਿਆ, 23 ਅਗਸਤ  ਨੂੰ ਸੁਣਾਈ ਜਾਵੇਗੀ ਸਜ਼ਾ
ਕੈਪਸ਼ਨ  ਸਾਈ ਵਰਸ਼ਿਟ ਕੰਡੂਲਾ  ਤੇ ਹਾਦਸੇ ਵੇਲੇ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- 22 ਮਈ, 2023 ਨੂੰ ਵਾਈਟ ਹਾਊਸ ਉਪਰ ਹਮਲੇ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਜ਼ੀ ਸਮਰਥਕ ਭਾਰਤੀ ਮੂਲ ਦੇ ਸਾਈ ਵਰਸ਼ਿਟ ਕੰਡੁੂਲਾ (20) ਨਾਮੀ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਕੰਡੂਲਾ ਵਿਰੁੱਧ ਦੋਸ਼ ਆਇਦ ਕੀਤੇ ਗਏ ਸਨ ਕਿ ਉਸ ਨੇ ਜਾਣਬੁੱਝ ਕੇ ਇਕ ਯੂ ਹਾਲ ਟਰੱਕ  ਵਾਈਟ ਹਾਊਸ ਇਮਾਰਤ ਦੀਆਂ ਰੋਕਾਂ ਵਿਚ ਮਾਰਿਆ ਸੀ ਜਿਸ ਕਾਰਨ ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਪੁੱਜਾ। ਯ ੂ ਐਸ ਡਿਸਟ੍ਰਿਕਟ ਜੱਜ ਡਬਨੇਅ ਐਲ ਫਰਾਈਡਰਿਚ ਨੇ ਸਜ਼ਾ ਸੁਣਾਉਣ ਦੀ ਤਰੀਕ 23 ਅਗਸਤ ਤੈਅ ਕੀਤੀ ਹੈ। ਕੰਡੂਲਾ ਮੂਲ ਰੂਪ ਵਿਚ ਚੰਦਨ ਨਗਰ (ਭਾਰਤ) ਦਾ ਵਸਨੀਕ ਹੈ । ਘਟਨਾ ਵਾਪਰਨ ਸਮੇ ਉਹ ਕਾਨੂੰਨੀ ਤੌਰ 'ਤੇ ਅਮਰੀਕਾ ਦਾ ਸਥਾਈ ਵਸਨੀਕ (ਪੀ ਆਰ) ਬਣ ਗਿਆ ਸੀ ਤੇ ਉਸ  ਨੂੰ ਗਰੀਨ ਕਾਰਡ ਵੀ ਮਿਲ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕੰਡੂਲਾ ਇਕ ਕਮਰਸ਼ੀਅਲ ਉਡਾਨ ਰਾਹੀਂ ਸੇਂਟ ਲੋਇਸ (ਮਿਸੂਰੀ) ਤੋਂ ਵਸ਼ਿੰਗਟਨ 22 ਮਈ, 2023 ਨੂੰ ਪੁੱਜਾ। ਬਾਅਦ ਵਿਚ  ਉਹ ਇਕ ਹੋਰ ਉਡਾਣ ਰਾਹੀਂ ਡੂਲਸ ਇੰਟਰਨੈਸ਼ਨਲ ਏਅਰਪੋਰਟ 'ਤੇ ਸ਼ਾਮ 5. 20 ਵਜੇ ਪੁੱਜਾ ਤੇ ਉਸ ਨੇ ਉਸੇ ਸ਼ਾਮ 6.30 ਵਜੇ ਇਕ ਟਰੱਕ ਕਿਰਾਏ 'ਤੇ ਲਿਆ। ਉਪਰੰਤ ਉਹ ਸਿੱਧਾ ਵਸ਼ਿੰਗਟਨ, ਡੀ ਸੀ ਪੁੱਜਾ ਜਿਥੇ ਉਸ ਨੇ ਰਾਤ 9.35 ਵਜੇ ਵਾਈਟ ਹਾਊਸ ਦੀ ਸੁਰੱਖਿਆ ਲਈ ਲਾਈਆਂ ਰੋਕਾਂ ਤੇ ਰਾਸ਼ਟਰਪਤੀ ਦੇ ਪਾਰਕ ਵਿਚ ਟਰੱਕ ਮਾਰਿਆ।

ਇਸ ਮੌਕੇ ਪੈਦਲ ਜਾ ਰਹੇ ਲੋਕਾਂ ਵਿਚ ਹਫੜਾਦਫੜੀ ਮਚ ਗਈ। ਬਾਅਦ ਵਿਚ  ਉਸ ਨੇ  ਪਿੱਛੇ ਨੂੰ ਕਰਕੇ ਟਰੱਕ ਦੁਬਾਰਾ ਫਿਰ ਧਾਤ ਦੀਆਂ ਰੋਕਾਂ ਵਿਚ ਮਾਰਿਆ ਜਿਸ ਉਪਰੰਤ ਇੰਜਣ ਵਿਚੋਂ ਧੂੰਆਂ ਨਿਕਲਣਾ ਤੇ ਤੇਲ ਵਗਣਾ ਸ਼ੁਰੂ ਹੋ ਗਿਆ। ਇਸ ਮੌਕੇ ਉਸ ਨੇ ਨਾਜ਼ੀਆਂ ਦੇ ਚਿਨ ਵਾਲਾ ਇਕ  ਝੰਡਾ ਵੀ ਲਹਿਰਾਇਆ। ਇਸ ਉਪਰੰਤ ਪੁਲਿਸ ਨੇ ਉਸ ਨੂੰ ਮੌਕੇ ਉਪਰ ਹੀ ਗ੍ਰਿਫਤਾਰ ਕਰ ਲਿਆ ਸੀ।