ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ 'ਚ ਸਿੱਟ ਨੇ ਦੋਸ਼ੀਆਂ ਖਿਲਾਫ ਚਾਰਸ਼ੀਟ ਦਾਖਲ ਕੀਤੀ

ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ 'ਚ ਸਿੱਟ ਨੇ ਦੋਸ਼ੀਆਂ ਖਿਲਾਫ ਚਾਰਸ਼ੀਟ ਦਾਖਲ ਕੀਤੀ
ਕੋਟਕਪੂਰਾ ਵਿਖੇ ਧਰਨੇ 'ਤੇ ਬੈਠੀਆਂ ਸਿੱਖ ਸੰਗਤਾਂ ਦੀ ਤਸਵੀਰ

ਫਰੀਦਕੋਟ: ਅਕਤੂਬਰ 2015 'ਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ 'ਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਪੰਜਾਬ ਪੁਲਿਸ ਵੱਲੋਂ ਚਲਾਈ ਗੋਲੀ ਦੇ ਮਾਮਲਿਆਂ 'ਚ ਸਿੱਟ ਵੱਲੋਂ ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਸਾਬਕਾ ਅਕਾਲੀ ਐੱਮ.ਐੱਲ.ਏ ਅਤੇ ਪੰਜਾਬ ਪੁਲਿਸ ਦੇ ਪੰਜ ਉੱਚ ਅਫਸਰਾਂ ਖਿਲਾਫ 2000 ਪੰਨਿਆਂ ਤੋਂ ਵੱਧ ਦੀ ਚਾਰਜਸ਼ੀਟ ਦਾਖਲ ਕੀਤੀ ਹੈ। 

ਚਾਰਜਸ਼ੀਟ ਵਿੱਚ ਬਾਦਲ ਦਲ ਦੇ ਕੋਟਕਪੂਰਾ ਤੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਉਸ ਸਮੇਂ ਲੁਧਿਆਣਾ ਦੇ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਏਡੀਸੀਪੀ ਪਰਮਜੀਤ ਸਿੰਘ ਪੱਨੂ, ਡੀਐੱਸਪੀ ਬਲਜੀਤ ਸਿੰਘ ਅਤੇ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਦੋਸ਼ੀ ਪਾਇਆ ਗਿਆ ਹੈ। 

ਇਹਨਾਂ ਸਾਰਿਆਂ ਖਿਲਾਫ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ 307, 323, 341 ਅਤੇ ਅਸਲਾ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। 

ਸਿੱਟ ਨੇ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਇਹਨਾਂ ਮਾਮਲਿਆਂ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਸਾਬਕਾ ਡੀਆਈਜੀ ਅਮਰ ਸਿੰਘ ਚਾਹਲ ਅਤੇ ਹੋਰਾਂ ਖਿਲਾਫ ਜਾਂਚ ਚੱਲ ਰਹੀ ਹੈ। ਇਹ ਜਾਂਚ ਪੂਰੀ ਹੋਣ ਤੋਂ ਬਾਅਦ ਹੋਰ ਚਾਜਸ਼ੀਟ ਦਾਖਲ ਕੀਤੀ ਜਾਵੇਗੀ। 

ਪ੍ਰਾਪਤ ਜਾਣਕਾਰੀ ਮੁਤਾਬਿਕ ਸਿੱਟ ਨੇ ਇਸ ਚਾਰਜਸ਼ੀਟ ਵਿੱਚ ਦੋਸ਼ੀਆਂ ਦੀਆਂ ਫੋਨ ਕਾਲ ਡਿਟੇਲਾਂ ਅਤੇ ਹੋਰ ਡਿਜੀਟਲ ਦਸਤਾਵੇਜ ਵੀ ਨੱਥੀ ਕੀਤੇ ਹਨ। ਸਿੱਟ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਮਰਾਨੰਗਲ ਨੇ ਸਿੱਖ ਸੰਗਤਾਂ 'ਤੇ ਕਾਰਵਾਈ ਕਰਨ ਲਈ ਫੋਨ ਕਰਕੇ ਲੁਧਿਆਣਾ ਤੋਂ ਏਡੀਸੀਪੀ ਪੱਨੂ ਅਤੇ ਮੋਗਾ ਤੋਂ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਬੁਲਾਇਆ। ਜਾਂਚ ਮੁਤਾਬਿਕ ਲੁਧਿਆਣਾ ਤੋਂ ਅੱਥਰੂ ਗੈਸ ਵਾਲੀ ਪਾਰਟੀ ਵੀ ਕੋਟਕਪੂਰ ਪਹੁੰਚੀ ਤੇ ਧਰਨਾਕਾਰੀਆਂ ਖਿਲਾਫ ਵਰਤਣ ਲਈ ਹਥਿਆਰਾਂ ਨੂੰ ਪੁਲਿਸ ਨੇ ਲੁਕੋ ਕੇ ਰੱਖਿਆ ਹੋਇਆ ਸੀ। 

ਸਿੱਟ ਨੇ ਆਪਣੀ ਜਾਂਚ ਵਿੱਚ ਰੋਹਤਕ ਦੇ ਡੀਸੀ ਅਤੇ ਰੋਹਤਕ ਜੇਲ੍ਹ ਦੇ ਸੁਰਡੈਂਟ 'ਤੇ ਜਾਂਚ ਵਿੱਚ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ। ਸਿੱਟ ਨੇ ਕਿਹਾ ਕਿ ਇਹਨਾਂ ਦੋਵਾਂ ਨੇ ਜੁਡੀਸ਼ੀਅਮ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਨਾ ਮੰਨਦਿਆਂ ਬਲਾਤਕਾਰ ਦੇ ਦੋਸ਼ 'ਚ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸਿੱਟ ਨੂੰ ਪੁੱਛਗਿੱਛ ਨਹੀਂ ਕਰਨ ਦਿੱਤੀ। 

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਗੁਰਮੀਤ ਰਾਮ ਰਹੀਮ ਦੀ ਪੁੱਛਗਿੱਛ ਇਸ ਜਾਂਚ ਵਿੱਚ ਅਹਿਮ ਹੈ ਤੇ ਹਰਿਆਣਾ ਦੇ ਉਪਰੋਕਤ ਅਫਸਰਾਂ ਵੱਲੋਂ ਪੁੱਛਗਿੱਛ ਨਾ ਕਰਨ ਦੇਣ ਨਾਲ ਜਾਂਚ ਅਧੂਰੀ ਹੈ ਜਿਸ ਲਈ ਉਹ ਕਾਨੂੰਨੀ ਚਾਰਾਜੋਈ ਕਰਨਗੇ। 

ਸਿੱਟ ਨੇ ਚਾਰਜਸ਼ੀਟ ਵਿੱਚ ਫਿਲਮੀ ਅਦਾਕਾਰ ਅਕਸ਼ੇ ਕੁਮਾਰ ਦੇ ਇਹਨਾਂ ਮਾਮਲਿਆਂ 'ਚ ਸ਼ਾਮਿਲ ਹੋਣ ਬਾਰੇ ਕਿਹਾ ਕਿ ਡੇਰਾ ਮੁਖੀ ਅਤੇ ਸੁਖਬੀਰ ਬਾਦਲ ਦਰਮਿਆਨ ਅਕਸ਼ੇ ਕੁਮਾਰ ਦੇ ਘਰ ਮੀਟਿੰਗ ਹੋਣ ਸਬੰਧੀ ਉਹਨਾਂ ਸੁਖਬੀਰ ਬਾਦਲ ਦੇ ਮੁੰਬਈ ਦੌਰੇ ਦੀ ਜਾਣਕਾਰੀ ਚਾਰਜਸ਼ੀਟ ਵਿੱਚ ਸ਼ਾਮਿਲ ਕੀਤੀ ਹੈ। ਇਸ ਜਾਣਕਾਰੀ ਮੁਤਾਬਿਕ ਸੁਖਬੀਰ ਬਾਦਲ 15 ਸਤੰਬਰ, 2015 ਨੂੰ ਮੁੰਬਈ ਵਿੱਚ ਹੀ ਸੀ, ਜਿਸ ਦੀ ਪੁਸ਼ਟੀ ਸੁਖਬੀਰ ਬਾਦਲ ਦੀ ਫੇਸਬੁੱਕ ਪੋਸਟ ਤੋਂ ਵੀ ਹੁੰਦੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ