ਸਾਈਬਰ ਠੱਗਾਂ ਨੇ ਅਪਨਾਇਆ ਇਕ ਨਵਾਂ ਢੰਗ ਡਿ਼ਜੀ਼ਟਲ ਅਰੈਸਟ"  

ਸਾਈਬਰ ਠੱਗਾਂ ਨੇ ਅਪਨਾਇਆ ਇਕ ਨਵਾਂ ਢੰਗ ਡਿ਼ਜੀ਼ਟਲ ਅਰੈਸਟ

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪੁਲਿਸ ਅਫਸਰਾਂ ਜਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ), ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਰਗੀਆਂ ਕੇਂਦਰੀ ਏਜੰਸੀਆਂ ਦੇ ਨੁਮਾਇੰਦਿਆਂ ਦੇ ਰੂਪ ਵਿੱਚ ਸਾਈਬਰ ਅਪਰਾਧੀਆਂ ਦੁਆਰਾ "ਬਲੈਕਮੇਲ" ਅਤੇ "ਡਿਜੀਟਲ ਗ੍ਰਿਫਤਾਰੀ" ਦੇ ਵਿਰੁੱਧ ਇੱਕ ਚੇਤਾਵਨੀ ਜਾਰੀ ਕੀਤੀ ਹੈ।

ਹੁਣੇ ਜਿਹੇ ਭਾਰਤ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਸਾਈਬਰ ਅਪਰਾਧੀਆਂ ਨੇ ਪੁਲਿਸ, ਕੇਂਦਰੀ ਜਾਂਚ ਬਿਊਰੋ (ਸੀਬੀਆਈ), ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਭਾਰਤੀ ਰਿਜ਼ਰਵ ਬੈਂਕ ਵਰਗੀਆਂ ਜਾਂਚ ਏਜੰਸੀਆਂ ਦੇ ਅਧਿਕਾਰੀ ਦੱਸ ਕੇ ਪੀੜਤਾਂ ਨੂੰ ਧਮਕੀ ਦਿਤੀ ਤੇ ਬਲੈਕਮੇਲ ਕੀਤਾ ।

ਹੁਣੇ ਜਿਹੇ ਜਾਰੀ ਇੱਕ ਅਲਰਟ ਵਿੱਚ, ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਇਹ ਇੱਕ ਸੀਮਾ ਪਾਰ ਅਪਰਾਧਿਕ ਸਿੰਡੀਕੇਟ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਇਹ ਸਾਈਬਰ ਅਪਰਾਧੀ ਪੁਲਿਸ ਸਟੇਸ਼ਨਾਂ ਅਤੇ ਸਰਕਾਰੀ ਦਫ਼ਤਰਾਂ ਦੇ ਮਾਡਲਾਂ ਵਾਲੇ ਸਟੂਡੀਓ ਦੀ ਵਰਤੋਂ ਕਰਨ ਵਿੱਚ ਮਾਹਿਰ ਹਨ ਅਤੇ ਇੱਥੋਂ ਤੱਕ ਕਿ ਅਸਲੀ ਦਿਖਣ ਲਈ ਵਰਦੀ ਵੀ ਪਹਿਨਦੇ ਹਨ।

ਡਿਜੀਟਲ ਗ੍ਰਿਫਤਾਰੀ" ਕੀ ਹੈ?

ਗ੍ਰਹਿ ਮੰਤਰਾਲੇ ਦੇ ਅਨੁਸਾਰ, ਸਾਈਬਰ ਅਪਰਾਧੀ ਆਮ ਤੌਰ 'ਤੇ ਸੰਭਾਵੀ ਪੀੜਤਾਂ ਨੂੰ ਫ਼ੋਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਗੈਰ-ਕਾਨੂੰਨੀ ਸਮਾਨ, ਨਸ਼ੀਲੇ ਪਦਾਰਥ, ਜਾਅਲੀ ਪਾਸਪੋਰਟ ਜਾਂ ਕੋਈ ਹੋਰ ਵਰਜਿਤ ਵਸਤੂ ਵਾਲਾ ਪਾਰਸਲ ਭੇਜਿਆ ਜਾਂ ਪ੍ਰਾਪਤ ਕੀਤਾ ਹੈ।ਅਜਿਹੇ ਕਥਿਤ ਮਾਮਲਿਆਂ ਵਿੱਚ ਨਿਪਟਾਰੇ ਲਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਕੁਝ ਮਾਮਲਿਆਂ ਵਿੱਚ, ਪੀੜਤਾਂ ਨੂੰ "ਡਿਜੀਟਲ ਗ੍ਰਿਫਤਾਰੀ" ਦਾ ਸਾਹਮਣਾ ਕਰਨਾ ਪੈਂਦਾ ਹੈ. ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਪੀੜਤ ਨੂੰ ਸਕਾਈਪ ਜਾਂ ਹੋਰ ਵੀਡੀਓ ਕਾਨਫਰੰਸਿੰਗ ਪਲੇਟਫਾਰਮਾਂ 'ਤੇ ਸਾਈਬਰ ਅਪਰਾਧੀਆਂ ਲਈ ਆਨਲਾਈਨ ਮੌਜੂਦ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ।

ਸਾਈਬਰ ਅਪਰਾਧੀਆਂ ਦੇ ਨਵੇਂ ਤਰੀਕੇ

ਸਾਈਬਰ ਅਪਰਾਧੀ  ਸੰਭਾਵੀ ਪੀੜਤਾਂ ਨੂੰ ਠੱਗਣ  ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ, ਪੀੜਤਾਂ ਨੂੰ ਦੱਸਿਆ ਜਾਂਦਾ ਹੈ ਕਿ ਕੋਈ ਨਜ਼ਦੀਕੀ ਜਾਂ ਰਿਸ਼ਤੇਦਾਰ ਕਿਸੇ ਅਪਰਾਧ ਜਾਂ ਦੁਰਘਟਨਾ ਵਿੱਚ ਸ਼ਾਮਲ ਪਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਿਰਾਸਤ ਵਿੱਚ ਹੈ। ਇਸ ਤੋਂ ਬਾਅਦ ਸਾਈਬਰ ਅਪਰਾਧੀ ਕੇਸ ਨਿਪਟਾਉਣ ਲਈ ਪੈਸਿਆਂ ਦੀ ਮੰਗ ਕਰਦੇ ਹਨ।

ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਕਈ ਪੀੜਤ ਅਜਿਹੇ ਅਪਰਾਧੀਆਂ ਦੇ ਹੱਥੋਂ ਵੱਡੀ ਰਕਮ ਗੁਆ ਚੁੱਕੇ ਹਨ। ਮੰਤਰਾਲੇ ਨੇ ਕਿਹਾ, "ਇਹ ਇੱਕ ਸੰਗਠਿਤ ਔਨਲਾਈਨ ਆਰਥਿਕ ਅਪਰਾਧ ਹੈ ਅਤੇ ਇੱਕ ਸਰਹੱਦ ਪਾਰ ਅਪਰਾਧ ਸਿੰਡੀਕੇਟ ਦੁਆਰਾ ਚਲਾਇਆ ਜਾਂਦਾ ਹੈ।

ਹੁਣ ਸਰਕਾਰ ਨੇ ਅਜਿਹੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਾਈਬਰ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਲਈ, ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C) ਬਣਾਇਆ ਗਿਆ ਹੈ, ਜੋ ਦੇਸ਼ ਵਿੱਚ ਸਾਈਬਰ ਅਪਰਾਧ ਨੂੰ ਕਾਬੂ  ਕਰਨ ਲਈ ਸਬੰਧਤ ਗਤੀਵਿਧੀਆਂ ਦੀ ਅਗਵਾਈ ਕਰਦਾ ਹੈ।

I4 ਸੀ ਅਜਿਹੇ ਮਾਮਲਿਆਂ ਦੀ ਪਛਾਣ ਕਰਨ ਅਤੇ ਜਾਂਚ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਅਧਿਕਾਰੀਆਂ ਨੂੰ ਇਨਪੁਟ ਅਤੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਤਾਜ਼ਾ ਮਾਮਲੇ ਵਿੱਚ, 14ਸੀ ਨੇ ਮਾਈਕ੍ਰੋਸਾਫਟ ਦੀ ਮਦਦ ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ 1,000 ਤੋਂ ਵੱਧ ਸਕਾਈਪ ਆਈਡੀਜ਼ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ।

ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐੱਨ.ਸੀ.ਆਰ.ਪੀ.) 'ਤੇ ਪੀੜਤਾਂ ਵੱਲੋਂ ਸਾਈਬਰ ਅਪਰਾਧੀਆਂ ਵਿਰੁੱਧ ਵੱਡੀ ਗਿਣਤੀ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਸਾਲ 2023 ਦੀ ਰਿਪੋਰਟ ਅਨੁਸਾਰ 2021 ਵਿੱਚ ਦੇਸ਼ ਭਰ ਵਿੱਚ ਸਾਈਬਰ ਅਪਰਾਧ ਦੇ ਕੁੱਲ 52,974 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ ਸਾਲ 2022 ਵਿੱਚ ਇਹ ਵੱਧ ਕੇ 65,893 ਹੋ ਗਏ ਸਨ। ਇਸ ਤਰ੍ਹਾਂ ਇਕ ਸਾਲ ਵਿਚ ਸਾਈਬਰ ਅਪਰਾਧ ਦੇ ਮਾਮਲਿਆਂ ਵਿਚ ਕਰੀਬ 24 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਭਾਰਤ ਸਾਈਬਰ ਅਪਰਾਧ ਦੇ ਮਾਮਲੇ ’ਚ 10ਵੇਂ ਨੰਬਰ ’ਤੇ

ਭਾਰਤ ਸਾਈਬਰ ਅਪਰਾਧ ਦੇ ਮਾਮਲੇ ’ਚ 10ਵੇਂ ਨੰਬਰ ’ਤੇ ਹੈ। ਦੁਨੀਆ ਭਰ ਦੇ ਸਾਈਬਰ ਅਪਰਾਧ ਮਾਹਿਰਾਂ ਦਾ ਸਰਵੇਖਣ ਕਰਨ ਵਾਲੇ ਇਕ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਖੋਜਕਰਤਾਵਾਂ ਦੀ ਇਕ ਕੌਮਾਂਤਰੀ ਟੀਮ ਨੇ 'ਵਰਲਡ ਸਾਈਬਰ ਕ੍ਰਾਈਮ ਇੰਡੈਕਸ’ ਤਿਆਰ ਕੀਤਾ ਹੈ, ਜੋ ਲਗਭਗ 100 ਦੇਸ਼ਾਂ ਦੀ ਰੈਂਕਿੰਗ ਕਰਦਾ ਹੈ ਅਤੇ ਸਾਈਬਰ ਅਪਰਾਧ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਅਨੁਸਾਰ ਪ੍ਰਮੁੱਖ ਸਥਾਨਾਂ ਦੀ ਪਛਾਣ ਕਰਦਾ ਹੈ।

ਇਨ੍ਹਾਂ ਸ਼੍ਰੇਣੀਆਂ ਵਿਚ ਰੈਂਸਮਵੇਅਰ, ਕ੍ਰੈਡਿਟ ਕਾਰਡ ਚੋਰੀ ਅਤੇ ਘਪਲੇ ਸ਼ਾਮਲ ਹਨ। ‘ਪਲੋਸ ਵਨ’ ਜਰਨਲ ’ਚ ਛਪੇ ਅਧਿਐਨ ਮੁਤਾਬਕ ਇਸ ਸੂਚੀ ਵਿਚ ਰੂਸ ਚੋਟੀ ’ਤੇ ਹੈ, ਜਿਸ ਤੋਂ ਬਾਅਦ ਯੂਕ੍ਰੇਨ, ਚੀਨ, ਅਮਰੀਕਾ, ਨਾਈਜ਼ੀਰੀਆ ਤੇ ਰੋਮਾਨੀਆ ਆਉਂਦੇ ਹਨ। ਉੱਤਰੀ ਕੋਰੀਆ 7ਵੇਂ ਨੰਬਰ ’ਤੇ ਹੈ, ਜਦੋਂਕਿ ਬ੍ਰਿਟੇਨ ਤੇ ਬ੍ਰਾਜ਼ੀਲ ਕ੍ਰਮਵਾਰ 8ਵੇਂ ਤੇ 9ਵੇਂ ਨੰਬਰ ’ਤੇ ਸਨ। ਖੋਜਕਰਤਾਵਾਂ ਨੇ ਜਿਨ੍ਹਾਂ ਪ੍ਰਮੁੱਖ ਸ਼੍ਰੇਣੀਆਂ ਦੀ ਪਛਾਣ ਕੀਤੀ ਸੀ, ਉਨ੍ਹਾਂ ਵਿਚ ਤਕਨੀਕੀ ਉਤਪਾਦ ਤੇ ਸੇਵਾਵਾਂ ਜਿਵੇਂ ਮੈਲਵੇਅਰ, ਰੈਂਸਮਵੇਅਰ ਸਮੇਤ ਹਮਲੇ ਅਤੇ ਜਬਰੀ ਵਸੂਲੀ, ਹੈਕਿੰਗ ਤੇ ਕ੍ਰੈਡਿਟ ਕਾਰਡ ਸਮੇਤ ਡਾਟਾ ਚੋਰੀ, ਐਡਵਾਂਸ ਫੀਸ ਧੋਖਾਦੇਹੀ ਵਰਗੇ ਘਪਲੇ, ਮਨੀ ਲਾਂਡ੍ਰਿੰਗ ਆਦਿ ਸ਼ਾਮਲ ਹਨ।

ਕੀ ਹੈ ਵਾਇਸ ਕਲੋਨਿੰਗ  ਸਾਈਬਰ ਅਪਰਾਧ 

ਕੁੱਝ ਸਮਾਂ ਪਹਿਲਾਂ ਤੱਕ ਸਾਈਬਰ ਅਪਰਾਧੀਆਂ ਵਲੋਂ ਵ੍ਹਟਸਐਪ ’ਤੇ ਵੀਡੀਓ ਕਾਲ ਕਰ ਕੇ ਲੋਕਾਂ ਤੋਂ ਪੈਸਾ ਠੱਗਿਆ ਜਾ ਰਿਹਾ ਸੀ। ਜਿਵੇਂ-ਜਿਵੇਂ ਇਸ ਤਰ੍ਹਾਂ ਦੇ ਸਾਈਬਰ ਅਪਰਾਧ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗਾ ਤਾਂ ਇਨ੍ਹਾਂ ਸਾਈਬਰ ਠੱਗਾਂ ਦੇ ਅਪਰਾਧਾਂ ਵਿਚ ਕਮੀ ਆਉਣ ਲੱਗੀ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਨਵੇਂ ਦੌਰ ਵਿਚ ਸਾਈਬਰ ਠੱਗੀ ਦੇ ਨਵੇਂ ਤਰੀਕੇ ਵੀ ਸਾਹਮਣੇ ਆਉਣ ਲੱਗੇ ਹਨ। ਇਨ੍ਹਾਂ ਵਿਚ ਇਕ ਤਾਜ਼ਾ ਤਰੀਕਾ ਹੈ ਵਾਇਸ ਕਲੋਨਿੰਗ। ਇਹ ਇਕ ਅਜਿਹੀ ਤਕਨੀਕ ਹੈ ਜਿਸ ਨਾਲ ਕਿ ਕੰਪਿਊਟਰ ਰਾਹੀਂ ਕਿਸੇ ਦੀ ਵੀ ਆਵਾਜ਼ ਦੀ ਨਕਲ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਆਵਾਜ਼ ਦੀ ਇਸ ਤਰ੍ਹਾਂ ਨਕਲ ਨੂੰ ਪਛਾਣ ਸਕਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ।

ਵਾਇਸ ਕਲੋਨਿੰਗ ਸਾਈਬਰ ਠੱਗਾਂ ਦਾ ਸਭ ਤੋਂ ਤਾਜ਼ਾ ਹਥਿਆਰ ਸਾਬਤ ਹੋ ਰਿਹਾ ਹੈ। ਸਾਈਬਰ ਠੱਗ ਤੁਹਾਨੂੰ ਫੋਨ ’ਤੇ ਕਿਸੇ ਬੈਂਕ, ਫੋਨ ਜਾਂ ਬੀਮਾ ਕੰਪਨੀ ਦਾ ਅਧਿਕਾਰੀ ਬਣ ਕੇ ਤੁਹਾਡੇ ਨਾਲ ਗੱਲ ਕਰਦੇ ਹਨ। ਇਸ ਪਿੱਛੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਵਾਇਸ ਕਲੋਨਿੰਗ ਸਾਫਟਵੇਅਰ ਵਿਚ ਤੁਹਾਡੀ ਆਵਾਜ਼ ’ਚ ਆਸਾਨੀ ਨਾਲ ਬਦਲਾਅ ਕਰ ਕੇ ਤੁਹਾਡੀ ਆਵਾਜ਼ ਦੀ ਨਕਲ ਜਾਂ ਵਾਇਸ ਕਲੋਨਿੰਗ ਕਰ ਲੈਂਦੇ ਹਨ। ਮਤਲਬ ਤੁਹਾਡੀ ਹੀ ਆਵਾਜ਼ ਵਿਚ ਗੱਲਬਾਤ ਦਾ ਵਿਸ਼ਾ ਬਦਲ ਦਿੰਦੇ ਹਨ। ਇਨ੍ਹਾਂ ਸਾਈਬਰ ਠੱਗਾਂ ਕੋਲ ਤੁਹਾਡੇ ਨੇੜਲੇ ਰਿਸ਼ਤੇਦਾਰਾਂ ਦੇ ਨੰਬਰ ਹੁਣ ਕੋਈ ਵੱਡੀ ਗੱਲ ਨਹੀਂ ਹੈ। ਇਸ ਕਾਰਨ ਉਹ ਵਾਇਸ ਕਲੋਨਿੰਗ ਦੀ ਮਦਦ ਨਾਲ ਤੁਹਾਡੀ ਨਕਲੀ ਆਵਾਜ਼ ਰਾਹੀਂ ਸਕੈਮ ਕਰਨ ਵਿਚ ਕਾਮਯਾਬ ਹੋ ਰਹੇ ਹਨ। 

ਪਹਿਲਾ, ਜੇ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਅਜਿਹਾ ਵਾਇਸ ਕਲੋਨਿੰਗ ਵਾਲਾ ਫੋਨ ਆਵੇ ਤਾਂ ਪਹਿਲਾਂ ਇਹ ਨਿਸ਼ਚਿਤ ਕਰ ਲਓ ਕਿ ਤੁਹਾਡੇ ਜਿਸ ਰਿਸ਼ਤੇਦਾਰ ਬਾਰੇ ਗੱਲ ਕੀਤੀ ਜਾ ਰਹੀ ਹੈ, ਕੀ ਉਹ ਉਸ ਦੀ ਹੀ ਆਵਾਜ਼ ਹੈ? ਦੂਜਾ, ਕਿਸੇ ਨਾ ਕਿਸੇ ਬਹਾਨੇ ਨਾਲ ਫੋਨ ਨੂੰ ਕੱਟ ਕੇ ਆਪਣੇ ਉਸੇ ਰਿਸ਼ਤੇਦਾਰ ਨੂੰ ਫੋਨ ਕਰ ਕੇ ਉਸ ਨਾਲ ਗੱਲ ਜ਼ਰੂਰ ਕਰੋ। ਤੀਜਾ, ਜੇ ਕੋਈ ਵੀ ਖੁਦ ਨੂੰ ਪੁਲਸ ਅਧਿਕਾਰੀ ਦੱਸਦਾ ਹੈ ਤਾਂ ਪਹਿਲਾਂ ਉਸ ਵਿਅਕਤੀ ਦੀ ਪੂਰੀ ਪਛਾਣ ਮੰਗੋ ਅਤੇ ਅਧਿਕਾਰਤ ਫੋਨ ਨੰਬਰ ਮੰਗ ਲਓ। ਜੇ ਸੰਭਵ ਹੋਵੇ ਤਾਂ ਫੌਰਨ ਉਸ ਦੀ ਦੱਸੀ ਪਛਾਣ ਦੀ ਪੁਸ਼ਟੀ ਵੀ ਕਰ ਲਓ। ਕਦੀ ਵੀ ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ, ਖਾਸ ਕਰ ਕੇ ਜਿਸ ਦੇ ਨੰਬਰ ਤੋਂ ਪਹਿਲਾਂ +92 ਲੱਗਾ ਹੋਵੇ, ਉਸ ਨੂੰ ਨਾ ਚੁੱਕੋ। ਕਾਲ ਕਰਨ ਵਾਲੇ ਦੇ ਲੱਖ ਕਹਿਣ ’ਤੇ ਵੀ ਉਸ ਦੀਆਂ ਗੱਲਾਂ ’ਚ ਨਾ ਆਓ। ਆਪਣੇ ਬੈਂਕ ਖਾਤੇ ਜਾਂ ਹੋਰ ਜ਼ਰੂਰੀ ਜਾਣਕਾਰੀ ਨੂੰ ਕਦੀ ਸਾਂਝੀ ਨਾ ਕਰੋ। ਅਜਿਹੇ ਨੰਬਰਾਂ ਨੂੰ ਤੁਰੰਤ ਬਲਾਕ ਕਰੋ। ਜਿਓਂ ਹੀ ਪਤਾ ਲੱਗੇ ਕਿ ਤੁਹਾਡੇ ਨਾਲ ਠੱਗੀ ਹੋ ਸਕਦੀ ਹੈ ਜਾਂ ਤੁਸੀਂ ਇਨ੍ਹਾਂ ਦੇ ਸ਼ਿਕਾਰ ਹੋ ਚੱੁਕੇ ਹੋ ਤਾਂ ਪੁਲਸ ਨੂੰ ਇਸ ਦੀ ਤੁਰੰਤ ਇਤਲਾਹ ਦਿਓ। ਤੁਸੀਂ ਜਾਣਕਾਰ ਹੋਵੋਗੇ ਤਾਂ ਸੁਰੱਖਿਅਤ ਰਹੋਗੇ।