ਆਪ ਵਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ,ਭਗਵੰਤ ਮਾਨ ਨੂੰ ਪਿਛੇ ਧਕੇਲਿਆ

ਆਪ ਵਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ,ਭਗਵੰਤ ਮਾਨ ਨੂੰ ਪਿਛੇ ਧਕੇਲਿਆ

ਪੰਜਾਬ ਵਿਚ 'ਆਪ' ਦੇ ਸਟਾਰ ਪ੍ਰਚਾਰਕਾਂ ਵਿਚ ਕੇਜਰੀਵਾਲ ਦੀ ਵਹੁਟੀ ਦਾ ਨਾਮ ਭਗਵੰਤ ਮਾਨ ਤੋਂ ਉੱਪਰ 

 *40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਭਗਵੰਤ ਮਾਨ 25ਵੇਂ ਨੰਬਰ 'ਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ- ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਚੋਣ ਪ੍ਰਚਾਰ ਸਬੰਧੀ ਜਿਨ੍ਹਾਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ।ਇਸ ਸੂਚੀ ਨੇ ਪਾਰਟੀ ਵਿਚ ਸੀਨੀਆਰਤਾ ਪੱਖੋਂ ਅਰਵਿੰਦ ਕੇਜਰੀਵਾਲ ਤੋਂ ਬਾਅਦ ਪਾਰਟੀ ਵਿਚ ਦੂਸਰਾ ਸਥਾਨ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਨ੍ਹਾਂ ਤੋਂ ਹੇਠਾਂ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ, ਉਹ ਸਾਰਿਆਂ ਲਈ ਵੱਡੀ ਹੈਰਾਨੀ ਵਾਲਾ ਹੈ ਕਿ ਕੀ ਬਦਲਾਅ ਦੇ ਨਾਅਰੇ ਨਾਲ ਸੱਤਾ ਵਿਚ ਆਈ ਪਾਰਟੀ ਵਿਚ ਵੀ ਪਰਿਵਾਰਵਾਦ ਭਾਰੂ ਹੋ ਗਿਆ ਹੈ । ਸੁਨੀਤਾ ਕੇਜਰੀਵਾਲ ਜੋ ਦੇਸ਼ ਵਿਚ ਕਈ ਥਾਵਾਂ 'ਤੇ ਪਾਰਟੀ ਦੀ ਚੋਣ ਪ੍ਰਚਾਰ ਲਈ ਚਾਰਟਡ ਜਹਾਜ਼ਾਂ 'ਤੇ ਜਾ ਰਹੇ ਹਨ, ਨੂੰ ਇਕ ਤਰ੍ਹਾਂ ਕੇਜਰੀਵਾਲ ਤੋਂ ਬਾਅਦ ਦੂਜਾ ਸੀਨੀਅਰ ਆਗੂ ਐਲਾਨ ਦਿੱਤਾ ਗਿਆ ਹੈ ਜਦੋਂ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ, ਸਾਂਸਦ ਸੰਜੇ ਸਿੰਘ ਅਤੇ ਡਾ. ਸੰਦੀਪ ਪਾਠਕ ਨੂੰ ਵੀ ਉਨ੍ਹਾਂ ਤੋਂ ਬਾਅਦ ਹੀ ਰੱਖਿਆ ਗਿਆ ਹੈ ।

ਇਸ ਸੂਚੀ ਵਿਚ 'ਆਪ' ਦੇ ਪੰਜਾਬ ਪ੍ਰਧਾਨ ਨੂੰ ਵੀ 25ਵਾਂ ਸਥਾਨ ਮਿਲਿਆ ਹੈ ਜਦੋਂ ਕਿ ਪੰਜਾਬ ਤੋਂ ਸਾਂਸਦ ਰਾਘਵ ਚੱਢਾ ਨੂੰ 10ਵਾਂ ਸਥਾਨ ਦਿੱਤਾ ਗਿਆ ਹੈ ।ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਤੋਂ ਬਾਅਦ ਦੂਜੇ ਸੀਨੀਅਰ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਸੂਚੀ ਵਿਚ 15ਵੇਂ ਸਥਾਨ 'ਤੇ ਰੱਖਿਆ ਗਿਆ ਹੈ, ਜਦੋਂ ਕਿ ਅਮਨ ਅਰੋੜਾ 16ਵੇਂ, ਅਨਮੋਲ ਗਗਨ ਮਾਨ 17ਵੇਂ ਤੇ ਚੇਤਨ ਸਿੰਘ ਜੋੜਾਮਾਜਰਾ 18ਵੇਂ ਸਥਾਨ 'ਤੇ ਹਨ ।ਲੇਕਿਨ ਬਾਕੀ ਸਭ ਮੰਤਰੀ ਉਨ੍ਹਾਂ ਤੋਂ ਹੇਠਾਂ ਹਨ ।ਡਾ. ਇੰਦਰਬੀਰ ਸਿੰਘ ਨਿੱਜਰ (ਸਾਬਕਾ ਮੰਤਰੀ) ਵਰਗੇ ਸੀਨੀਅਰ ਆਗੂ ਨੂੰ ਵੀ 34ਵਾਂ ਸਥਾਨ ਦਿੱਤਾ ਗਿਆ ਹੈ ।ਵਰਨਣਯੋਗ ਹੈ ਕਿ ਸਾਰੇ ਮੰਤਰੀ ਤੇ ਪਾਰਟੀ ਵਿਧਾਇਕ ਹੁਣ ਤੱਕ ਉਨ੍ਹਾਂ ਵਿਧਾਨ ਸਭਾ ਖੇਤਰਾਂ ਵਿਚ ਹੀ ਕੰਮ ਕਰ ਰਹੇ ਸਨ ਜਿਨ੍ਹਾਂ ਤੋਂ ਉਹ ਖ਼ੁਦ ਚੋਣ ਲੜ ਕੇ ਆਏ ਸਨ, ਪ੍ਰੰਤੂ ਕੀ ਹੁਣ ਅਗਲੇ ਦਿਨਾਂ ਦੌਰਾਨ ਉਹ ਬਾਕੀ ਪਾਰਲੀਮੈਂਟਰੀ ਹਲਕਿਆਂ ਵਿਚ ਵੀ ਚੋਣ ਪ੍ਰਚਾਰ ਕਰਨਗੇ, ਇਹ ਵੇਖਣ ਵਾਲੀ ਗੱਲ ਹੋਵੇਗੀ ।ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਸੁਪਰੀਮੋ ਦੇਸ਼ ਦੇ ਦੂਜੇ ਖੇਤਰਾਂ ਵਿਚ ਚੋਣ ਪ੍ਰਚਾਰ ਤੋਂ ਬਾਅਦ ਪੰਜਾਬ ਆਉਣਾ ਚਾਹੁੰਦੇ ਹਨ, ਕਿਉਂਕਿ ਪੰਜਾਬ ਵਿਚ ਵੋਟਾਂ ਸਭ ਤੋਂ ਬਾਅਦ ਪੈਣੀਆਂ ਹਨ | ਕੇਜਰੀਵਾਲ ਪੰਜਾਬ ਵਿਚ 19-20 ਮਈ ਦੇ ਨੇੜੇ ਆ ਸਕਦੇ ਹਨ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਰੈਲੀਆਂ ਨੂੰ ਸੰਬੋਧਨ ਕਰਨਗੇ । ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਵਿਚ ਚੋਣ ਮੁਹਿੰਮ ਦਾ ਕੰਟਰੋਲ ਪਾਰਟੀ ਹਾਈਕਮਾਨ ਵਲੋਂ ਆਪਣੇ ਹੱਥਾਂ ਵਿਚ ਲਿਆ ਜਾ ਰਿਹਾ ਹੈ, ਜੋ ਕਿ ਪਹਿਲਾਂ ਪੂਰਨ ਤੌਰ 'ਤੇ ਮੁੱਖ ਮੰਤਰੀ ਭਗਵੰਤ ਦੇ ਅਧਿਕਾਰ ਹੇਠ ਸੀ ।