ਲੋਕ ਸਭਾ ਚੋਣਾਂ ਵਿਚ ਬੇਅਦਬੀ ਦਾ ਮੁੱਦਾ ਗਰਮਾਇਆ ਕਿਉਂ  ਨਹੀਂ?

ਲੋਕ ਸਭਾ ਚੋਣਾਂ ਵਿਚ ਬੇਅਦਬੀ ਦਾ ਮੁੱਦਾ ਗਰਮਾਇਆ ਕਿਉਂ  ਨਹੀਂ?

*ਤਿੰਨ ਚੋਣਾਂ ਵਿਚ ਵਿਰੋਧ ਦਾ ਸਾਹਮਣਾ ਕਰਨ ਵਾਲੇ ਅਕਾਲੀ ਦਲ ਨੂੰ ਇਸ ਵਾਰ ਰਾਹਤ

* ਬੇਅਦਬੀ ਦੇ ਮਾਮਲੇ ਵਿਚ ਆਪ ਦੀ ਸਰਕਾਰ ਆਪਣਿਆਂ ਦਾ ਨਿਸ਼ਾਨਾ ਬਣੀ

ਪਿਛਲੀਆਂ ਤਿੰਨ ਚੋਣਾਂ ਵਿੱਚ ਲੋਕਾਂ ਦੇ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਨੂੰ ਇਸ ਵਾਰ ਸਭ ਤੋਂ ਘੱਟ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਪਾਰਟੀ ਵਿਧਾਨ ਸਭਾ ਚੋਣਾਂ 2017, ਲੋਕ ਸਭਾ ਚੋਣਾਂ 2019 ਅਤੇ ਵਿਧਾਨ ਸਭਾ ਚੋਣਾਂ 2022 ਵਿੱਚ ਬੁਰੀ ਤਰ੍ਹਾਂ ਹਾਰ ਗਈ ਸੀ। ਸਥਿਤੀ ਇਹ ਬਣ ਗਈ ਕਿ 2007 ਅਤੇ 2012 ਵਿੱਚ ਲਗਾਤਾਰ ਦੋ ਵਾਰ ਸੱਤਾ ਵਿੱਚ ਰਹੀ ਪਾਰਟੀ ਅੱਜ ਸਿਰਫ਼ ਤਿੰਨ ਵਿਧਾਨ ਸਭਾ ਸੀਟਾਂ ਤੱਕ ਹੀ ਸੀਮਤ ਰਹਿ ਗਈ ਹੈ।ਬਾਦਲ ਅਕਾਲੀ ਦਲ ਦਾ ਵੋਟ ਬੈਂਕ ਵੀ 41 ਫੀਸਦੀ ਤੋਂ ਘਟ ਕੇ 18 ਰਹਿ ਗਿਆ ਹੈ। ਹਾਲਾਂਕਿ ਇਸ ਵਾਰ ਬੇਅਦਬੀ ਦਾ ਮਾਮਲਾ ਇੰਨਾ ਗਰਮ ਨਹੀਂ ਹੈ, ਜਿਸ ਕਾਰਨ ਵਿਰੋਧ ਘੱਟ ਹੈ। ਪਾਰਟੀ ਮੁਖੀ ਸੁਖਬੀਰ ਬਾਦਲ ਆਪਣਾ ਪੁਰਾਣਾ ਪੰਥਕ ਵੋਟ ਬੈਂਕ ਵਾਪਸ ਲਿਆਉਣਾ ਚਾਹੁੰਦੇ ਹਨ। ਇਸ ਦੇ ਲਈ ਉਹ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਬਚਾਓ ਯਾਤਰਾ 'ਤੇ ਸਨ ਜੋ ਬੀਤੇ ਹਫਤੇ ਸੰਪੂਰਨ ਕੀਤੀ ਹੈ।ਇਸ ਨਾਲ ਅੰਸ਼ਕ ਸਫ਼ਲਤਾ ਜ਼ਰੂਰ ਮਿਲੀ ਹੈ ਪਰ ਵੋਟ ਬੈਂਕ ਮੁੜ ਹਾਸਲ ਕਰਨ ਦੀ ਪਾਰਟੀ ਦੀ ਕੋਸ਼ਿਸ਼ ਅਜੇ ਪੂਰੀ ਹੁੰਦੀ ਨਜ਼ਰ ਆ ਰਹੀ ਹੈ।

ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਸਮੇਤ ਕਈ ਵੱਡੇ ਆਗੂਆਂ ਦੀ ਵਾਪਸੀ ਨਾਲ ਅਜਿਹਾ ਲੱਗ ਰਿਹਾ ਸੀ ਕਿ ਪਾਰਟੀ ਵਿੱਚ ਵਾਪਸੀ ਹੋਵੇਗੀ ਪਰ ਸੰਗਰੂਰ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਅਤੇ ਢੀਂਡਸਾ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਰ ਵਿੱਚ ਸ਼ਾਮਲ ਨਾ ਕਰਨ ਕਾਰਨ ਕਮੇਟੀ, ਉਸ ਦਾ ਗਰੁੱਪ ਹਾਲੇ ਚੋਣਾਂ ਵਿਚ ਸਰਗਰਮ ਨਹੀਂ ਹੈ। ਪਰਮਿੰਦਰ ਢੀਂਡਸਾ ਲਹਿਰਾਗਾਗਾ ਅਤੇ ਸੁਨਾਮ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ।

ਉਹ ਪਿਛਲੇ ਕੁਝ ਦਿਨਾਂ ਤੋਂ ਇੱਥੇ ਸਰਗਰਮ ਸੀ। ਹੁਣ ਜਿਵੇਂ ਹੀ ਇਸ ਸੀਟ 'ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦਾ ਨਾਂ ਤੈਅ ਹੋਇਆ ਹੈ ਤਾਂ ਉਹ ਹੌਲੀ-ਹੌਲੀ ਨਿਰਾਸ਼ ਹੋ ਕੇ ਪਿੱਛੇ ਹਟ ਗਏ ਹਨ।

ਬਾਦਲ ਦਲ ਦਾ ਮੰਨਣਾ ਹੈ ਕਿ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ ਜਾਂ ਨਸ਼ਾਖੋਰੀ ਦਾ ਮਾਮਲਾ, ਜਨਤਾ ਦਾ ਗੁੱਸਾ ਕਾਫੀ ਹੱਦ ਤੱਕ ਸ਼ਾਂਤ ਹੋਇਆ ਹੈ।ਇਸ ਨਾਲ ਪਾਰਟੀ ਕਾਡਰ ਦੀ ਵਾਪਸੀ ਸੰਭਵ ਹੋ ਸਕੇਗੀ। ਇਨ੍ਹਾਂ ਚੋਣਾਂ ਵਿਚ ਪਾਰਟੀ ਦਾ ਵੋਟ ਬੈਂਕ ਜ਼ਰੂਰ ਵਧੇਗਾ ਪਰ ਇਹ ਵਾਪਸੀ ਵੋਟਾਂ ਵਿਚ ਬਦਲੇਗੀ ਜਾਂ ਨਹੀਂ ਇਹ ਤਾਂ ਵੋਟਾਂ ਤੋਂ ਬਾਅਦ ਹੀ ਪਤਾ ਲੱਗੇਗਾ। ਪਾਰਟੀ ਦਾ ਹੁਣ ਤੱਕ ਜਿਸ ਤਰ੍ਹਾਂ ਪ੍ਰਚਾਰ ਚੱਲ ਰਿਹਾ ਹੈ, ਸੁਖਬੀਰ ਬਾਦਲ ਇਕੱਲੇ ਹੀ ਲੜਦੇ ਨਜ਼ਰ ਆ ਰਹੇ ਹਨ।

ਦੂਜੇ ਪਾਸੇ ਪੰਥਕ ਮਾਹਿਰਾਂ ਅਨੁਸਾਰ ਬੇਅਦਬੀ ਦੇ ਮੁਦੇ ਉਪਰ ਸਿਰਫ ਅਕਾਲੀ ਦਲ ਨੂੰ ਹੀ ਨਹੀਂ ਆਪ ਪਾਰਟੀ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।ਪੰਜਾਬ ਦੀ ਸੱਤਾ ਉਪਰ ਬਿਰਾਜਮਾਨ ਹੋਣ  ਤੋਂ ਪਹਿਲਾਂ ਆਪ  ਪਾਰਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ 24 ਘੰਟੇ ਵਿਚ ਸਜ਼ਾਵਾਂ ਦਿੱਤੇ ਜਾਣ ਦਾ ਭਰੋਸਾ ਅੱਜ ਤੱਕ ਪੂਰਾ ਨਹੀਂ ਹੋਇਆ ।ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਬੇਅਦਬੀ ਮਾਮਲੇ ਵਿਚ ਜਿਹੜੀਆਂ ਵੱਡੀਆਂ ਗੱਲਾਂ ਕੀਤੀਆਂ ਸਨ, ਉਹ ਧੋਖਾ ਹੀ ਸਾਬਿਤ ਹੋਈਆਂ । ਸਰਕਾਰ ਬਣਨ ਤੋਂ ਬਾਅਦ ਇਸ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਬਰਗਾੜੀ ਮੋਰਚੇ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸਹੁੰ ਖਾ ਕੇ ਇਸ ਮਾਮਲੇ ਦੇ ਜਲਦ ਹੱਲ ਕੀਤੇ ਜਾਣ ਦੇ ਸੰਗਤ ਨਾਲ ਵਾਅਦੇ ਵੀ ਕੀਤੇ, ਇਹ ਵਾਅਦੇ ਵੀ ਸਰਕਾਰ ਪੂਰੇ ਨਾ ਕਰ ਸਕੀ ।ਬੇਅਦਬੀ ਮਾਮਲੇ ਦੀ ਉੱਚ ਪੱਧਰੀ ਜਾਂਚ ਵਿਚ ਜੁਟੇ 'ਆਪ' ਦੇ ਵਿਧਾਇਕ ਜਿਹੜੇ ਕਿ ਉਸ ਸਮੇਂ ਪੁਲਿਸ ਦੇ ਵੱਡੇ ਅਹੁਦੇ 'ਤੇ ਸਨ, ਵਲੋਂ ਇਸ ਮਾਮਲੇ ਦੀ ਮੁਕੰਮਲ ਜਾਂਚ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਜ਼ਰ ਨਹੀਂ ਆਈ ।ਇਸ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬੇਅਦਬੀ ਮਾਮਲੇ ਨੂੰ ਪੂਰਾ ਪ੍ਰਚਾਰ ਕੇ ਆਪਣਾ ਸਿਆਸੀ ਫ਼ਾਇਦਾ ਲਿਆ ਸੀ । ਇਸ ਵਾਰ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਮੌਨਧਾਰੀ ਬੈਠੇ ਹਨ ਪ੍ਰੰਤੂ ਪੰਜਾਬ ਦੇ ਲੋਕ ਜਿੱਥੇ ਵੀ ਇਨ੍ਹਾਂ ਦੇ ਉਮੀਦਵਾਰ ਜਾਂਦੇ ਹਨ ਉਨ੍ਹਾਂ ਨੂੰ ਬੇਅਦਬੀ ਮਾਮਲਿਆਂ ਸਬੰਧੀ ਸਵਾਲ ਜ਼ਰੂਰ ਕਰ ਰਹੇ ਹਨ । ਸ਼ਾਇਦ ਇਨ੍ਹਾਂ ਸਵਾਲਾਂ ਦਾ ਜਵਾਬ ਹੁਣ ਇਨ੍ਹਾਂ ਕੋਲ ਨਹੀਂ ਰਿਹਾ । ਆਮ ਆਦਮੀ ਪਾਰਟੀ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਪਾਸਾ ਵੱਟਦੀ ਨਜ਼ਰ ਆ ਰਹੀ ਹੈ । ਸਾਬਕਾ ਏ.ਡੀ.ਜੀ.ਪੀ. ਤੇ 'ਆਪ' ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਵੀ ਬੇਅਦਬੀ ਮਾਮਲੇ ਵਿਚ ਆਪਣੀ ਪਾਰਟੀ ਦੇ ਰਵੱਈਏ ਤੋਂ ਸਖ਼ਤ ਖ਼ਫ਼ਾ ਨਜ਼ਰ ਆ ਰਹੇ ਹਨ । ਉਹ ਜਨਤਕ ਤੌਰ 'ਤੇ ਵੀ ਆਪਣੇ ਮੁੱਖ ਮੰਤਰੀ ਅਤੇ ਪਾਰਟੀ ਦੇ ਨੇਤਾਵਾਂ ਨੂੰ ਇਸ ਮਾਮਲੇ ਨੂੰ ਨਾ ਪੂਰਾ ਕਰਨ ਲਈ ਭੰਡ ਰਹੇ ਹਨ ।ਉਥੇ ਬਹਿਬਲ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਵੀ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸਵਾਲ ਕਰ ਰਹੇ ਹਨ |

ਇਹੀ ਵਿਧਾਇਕ ਹੁਣ ਮੁੱਖ ਮੰਤਰੀ ਅਤੇ ਆਪਣੀ ਸਰਕਾਰ ਦੀ ਨੁਕਤਾਚੀਨੀ ਕਰਦੇ ਨਜ਼ਰ ਆਉਂਦੇ ਹਨ ।ਪ੍ਰੰਤੂ ਸਰਕਾਰ ਨੇ ਇਸ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ । ਸੰਨ 2015 ਵਿਚ ਵਾਪਰੇ ਬੇਅਦਬੀ ਮਾਮਲੇ ਅਤੇ ਉਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਹੋਏ ਗੋਲੀਕਾਂਡ ਦਾ ਮਾਮਲਾ ਅੱਜ ਵੀ ਅਦਾਲਤਾਂ ਵਿਚ ਚੱਲ ਰਿਹਾ ਹੈ । ਸਿੱਖ ਸੰਗਤ ਪਹਿਲਾਂ ਇਸ ਮਾਮਲੇ ਲਈ ਪੂਰੇ ਤੌਰ 'ਤੇ ਅਕਾਲੀ ਦਲ ਬਾਦਲ ਨੂੰ ਕਸੂਰਵਾਰ ਮੰਨਦੀ ਰਹੀ, ਜਿਸ ਦਾ ਖਾਮਿਆਜ਼ਾ ਪਾਰਟੀ ਨੂੰ ਚੋਣਾਂ ਵਿਚ ਭੁਗਤਣਾ ਪਿਆ ਸੀ।ਉਸ ਤੋਂ ਬਾਅਦ ਕਾਂਗਰਸ ਨੇ ਇਸ ਮਾਮਲੇ ਵਿਚ ਵੀ ਰਾਜਨੀਤੀ ਕਰਦਿਆਂ ਜਾਂਚ ਲਈ ਕਮਿਸ਼ਨ ਬਿਠਾਏ ਤੇ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਪ੍ਰੰਤੂ ਉਹ ਸਰਕਾਰ ਵੀ ਆਪਣਾ ਪੰਜ ਸਾਲਾ ਕਾਰਜਕਾਲ ਪੂਰਾ ਕਰਕੇ ਇਸ ਮਾਮਲੇ ਵਿਚ ਸ਼ਾਮਿਲ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਵਾ ਸਕੀ ।ਉਸੇ ਤਰ੍ਹਾਂ ਹੀ ਹੁਣ ਆਮ ਆਦਮੀ ਪਾਰਟੀ ਇਸ ਮਾਮਲੇ ਵਿਚ ਭੂਮਿਕਾ ਅਦਾ ਕਰ ਰਹੀ ਹੈ ।ਇਸ ਮਾਮਲੇ ਨਾਲ ਜੁੜੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਤਾਂ ਪਿੱਛੇ ਰਹੀ ਇਸ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਡੇਰਾ ਸਿਰਸਾ ਮੁਖੀ ਸੌਦਾ ਸਾਧ ਵਿਰੁੱਧ ਮੁਕੱਦਮਾ ਚਲਾਉਣ ਦੀ ਵੀ ਗ੍ਰਹਿ ਵਿਭਾਗ ਨੂੰ ਇਜ਼ਾਜਤ ਨਹੀਂ ਦਿੱਤੀ ।ਹੁਣ ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਪੂਰੀ ਤਰ੍ਹਾਂ ਚੁੱਪ ਧਾਰ ਰੱਖੀ ਹੈ ਤੇ ਅਕਾਲੀ ਦਲ ਨੇ ਵੀ ।

 ‘ਆਪ’ ਦੇ ਸੂਬਾ ਸੰਯੁਕਤ ਸਕੱਤਰ  ਰਹਿ ਚੁਕੇ ਜਸਟਿਸ (ਸੇਵਾਮੁਕਤ) ਜੋਰਾ ਸਿੰਘ ਨੇ ਬੇਅਦਬੀ ਦੇ ਮਾਮਲੇ ਵਿਚ ਆਪਣੀ ਸਰਕਾਰ ਖ਼ਿਲਾਫ਼ ਝੰਡਾ ਚੁੱਕ ਲਿਆ ਹੈ।  ਉਨ੍ਹਾਂ ਕਿਹਾ ਕਿ ‘ਮਾਨ’ ਸਰਕਾਰ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਬਤੌਰ ਕਮਿਸ਼ਨ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਨੂੰ ਜਨਤਕ ਕੀਤਾ ਜਾਵੇਗਾ। ਸਰਕਾਰ ਬਣਨ ਦੇ ਦੋ ਸਾਲ ਬਾਅਦ ਵੀ ਉਨ੍ਹਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਜਸਟਿਸ (ਸੇਵਾਮੁਕਤ) ਜੋਰਾ ਸਿੰਘ ਦਸੰਬਰ 2018 ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਰਾਖਵਾਂ ਹਲਕੇ ਤੋਂ ‘ਆਪ’ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਸੀ ਪਰ ਉਹ ਅਸਫ਼ਲ ਰਹੇ ਸਨ। ਉਹ ਹੁਣ ਆਪ ਵਿਚੋਂ ਅਸਤੀਫਾ ਦੇ ਚੁਕੇ ਹਨ।

ਕੀ ਇਸ ਵਾਰ ਬਾਦਲ ਦਲ ਨੂੰ ਫਾਇਦਾ ਹੋਵੇਗਾ?

ਵਿਰੋਧੀ ਧਿਰ ਦੀ ਅਣਹੋਂਦ ਦੇ ਬਾਵਜੂਦ ਬਾਦਲ ਦਲ ਦੀ ਮੁਹਿੰਮ ਇਸ ਵਾਰ ਬਹੁਤਾ ਵਿਰੋਧ ਨਾ ਹੋਣ ਦੇ ਬਾਵਜੂਦ ਵੀ ਰਫ਼ਤਾਰ ਫੜ ਨਹੀਂ ਸਕੀ। ਜ਼ਿਆਦਾਤਰ ਸੀਟਾਂ 'ਤੇ ਪਾਰਟੀ ਉਮੀਦਵਾਰ ਵੀ ਦੌੜ ਵਿਚ ਨਜ਼ਰ ਨਹੀਂ ਆ ਰਹੇ। ਹਾਲਾਂਕਿ ਇਸ ਵਾਰ ਪਾਰਟੀ ਨੂੰ ਇਹ ਵੀ ਉਮੀਦ ਹੈ ਕਿ ਜੇਕਰ ਕਾਂਗਰਸ ਕੁਝ ਸੀਟਾਂ 'ਤੇ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਫਾਇਦਾ ਜ਼ਰੂਰ ਮਿਲੇਗਾ।

 ਪੰਜਾਬ ’ਚ ਬੇਅਦਬੀ ਦੀਆਂ ਮੁੱਖ ਘਟਨਾਵਾਂ

*1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ। 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।

*12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।

*14 ਅਕਤੂਬਰ 2015 ਨੂੰ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।

*ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੋਤ ਹੋ ਗਈ ।

*ਇਸ ਮਾਮਲੇ ਨਾਲ ਜੁੜੇ ਇੱਕ ਮੁਲਜ਼ਮ ਮਹਿੰਦਰ ਬਿੱਟੂ ਦਾ ਜੇਲ੍ਹ ਵਿੱਚ ਕਤਲ ਹੋ ਗਿਆ ਸੀ।

*26 ਜੁਲਾਈ 2016 ਨੂੰ 47 ਸਾਲਾ ਬਲਵਿੰਦਰ ਕੌਰ ਨੂੰ ਦਿਨ-ਦਿਹਾੜੇ ਦੋ ਮੋਟਰ ਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ। ਬਲਵਿੰਦਰ ਕੌਰ ਉੱਤੇ ਲੁਧਿਆਣਾ ਦੇ ਘਵੱਦੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਸੀ।ਪੁਲਿਸ ਨੇ ਇਸ ਮਾਮਲੇ ਦਾ ਮੁਲਜ਼ਮ ਸੰਗਰੂਰ ਦੇ ਅਮਰਗੜ੍ਹ ਦੇ ਗੁਰਪ੍ਰੀਤ ਸਿੰਘ ਜੱਗੋਵਾਲ ਤੇ ਪਟਿਆਲ਼ਾ ਦੇ ਨਿਹਾਲ ਸਿੰਘ ਨੂੰ ਨਾਮਜ਼ਦ ਕੀਤਾ ਸੀ।ਬਲਵਿੰਦਰ ਕੌਰ ਉੱਤੇ ਘਵੱਦੀ ਦੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਲੱਗਿਆ ਸੀ।

*13 ਸਤੰਬਰ 2021 - ਅਕਾਲ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਪਰਮਜੀਤ ਸਿੰਘ ਵਾਸੀ ਲੁਧਿਆਣਾ ਵੱਲੋਂ ਸਿਗਰਟ ਦਾ ਧੂੰਆ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ, ਜਿਸ ਨੂੰ ਟਾਸਕ ਫੋਰਸ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ।ਜਿਸ ਦੇ ਰੋਸ ਵਜੋਂ ਲੋਕਾਂ ਵੱਲੋਂ ਆਨੰਦਪੁਰ ਸਾਹਿਬ ਮੁਕੰਮਲ ਤੋਰ 'ਤੇ ਬੰਦ ਕਰ ਦਿੱਤਾ ਗਿਆ ਸੀ।

*18 ਦਸੰਬਰ 2021 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ।ਬਾਅਦ ਵਿੱਚ ਪੁਲਿਸ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਸੀ।ਅਕਾਲ ਤਖਤ ਦੇ ਜਥੇਦਾਰ ਅਤੇ ਐੱਸਜੀਪੀਸੀ ਨੇ ਇਸ ਘਟਨਾ ਪਿੱਛੇ ਬਹੁਤ ਵੱਡੀ ਸਾਜ਼ਿਸ਼ ਅਤੇ ਸਿੱਖ ਕੌਮ ਉੱਪਰ ਹਮਲਾ ਕਰਾਰ ਦਿੱਤਾ ਸੀ।