ਕੌਮਾਂਤਰੀ ਅਦਾਲਤ (ਆਈਸੀਜੇ) ਨੇ ਕੁਲਭੂਸ਼ਨ ਯਾਦਵ ਨੂੰ ਰਿਹਾਅ ਕਰਾਉਣ ਦੀ ਭਾਰਤੀ ਅਪੀਲ ਰੱਦ ਕੀਤੀ
ਹੇਗ: ਪਾਕਿਸਤਾਨ ਵਲੋਂ ਜਾਸੂਸੀ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤੇ ਗਏ ਭਾਰਤੀ ਕੁਲਭੂਸ਼ਨ ਯਾਦਵ ਦੇ ਮਾਮਲੇ 'ਚ ਅੱਜ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਕੌਮਾਂਤਰੀ ਅਦਾਲਤ) ਨੇ ਆਪਣਾ ਫੈਂਸਲਾ ਸੁਣਾਉਂਦਿਆਂ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਕੁਲਭੂਸ਼ਨ ਨੂੰ ਫਾਂਸੀ ਦੇਣ ਦੇ ਆਪਣੇ ਫੈਂਸਲੇ 'ਤੇ ਮੁੜ ਵਿਚਾਰ ਕਰੇ। ਅਦਾਲਤ ਨੇ ਨਾਲ ਹੀ ਕਿਹਾ ਹੈ ਕਿ ਕੁਲਭੂਸ਼ਨ ਯਾਦਵ ਨੂੰ ਕੌਮਾਂਤਰੀ ਕੂਟਨੀਤਕ ਕਾਨੂੰਨਾਂ ਮੁਤਾਬਿਕ ਕਾਨੂੰਨੀ ਮਦਦ (ਵਕੀਲ) ਮੁਹੱਈਆ ਕਰਵਾਈ ਜਾਵੇ।
ਹਲਾਂਕਿ ਅਦਾਲਤ ਨੇ ਭਾਰਤ ਵੱਲੋਂ ਕੁਲਭੂਸ਼ਨ ਯਾਦਵ ਦੀ ਮੌਤ ਦੀ ਸਜ਼ਾ ਰੱਦ ਕਰਨ, ਰਿਹਾਅ ਕਰਕੇ ਸੁਰੱਖਿਅਤ ਭਾਰਤ ਭੇਜਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।
ਅੱਜ ਦੀ ਸੁਣਵਾਈ ਦੌਰਾਨ ਅਦਾਲਤ ਨੇ ਵੀਆਨਾ ਕਨਵੈਂਸ਼ਨ ਔਨ ਕੋਂਸਲਰ ਰਿਲੇਸ਼ਨਸ (ਵੀਸੀਸੀਆਰ) ਦੀ ਮੱਦ 36 ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮੱਦ ਮੁਤਾਬਿਕ ਇਹ ਕਿਤੇ ਵੀ ਦਰਜ ਨਹੀਂ ਹੈ ਕਿ ਕਿਸੇ ਦੇਸ਼ ਦੀ ਜਾਸੂਸੀ ਦੇ ਦੋਸ਼ੀ ਵਿਦੇਸ਼ੀ ਨੂੰ ਕਾਨੂੰਨੀ ਮਦਦ ਨਹੀਂ ਦਿੱਤੀ ਜਾ ਸਕਦੀ।
ਅਦਾਲਤ ਨੇ ਪਾਕਿਸਤਾਨ ਦੇ ਉਸ ਤਰਕ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਵੀਸੀਸੀਆਰ ਮੱਦ 36 ਜਾਸੂਸੀ ਦੇ ਦੋਸ਼ੀਆਂ 'ਤੇ ਲਾਗੂ ਨਹੀਂ ਹੁੰਦੀ।
ਅਦਾਲਤ ਨੇ ਉਸ ਸਮੇਂ ਤੱਕ ਯਾਦਵ ਦੀ ਫਾਂਸੀ 'ਤੇ ਰੋਕ ਲਾਉਣ ਲਈ ਕਿਹਾ ਹੈ ਜਦੋਂ ਤੱਕ ਹੁਣ ਇਹ ਕਾਨੂੰਨੀ ਮਦਦ ਵਾਲੀ ਕਾਰਵਾਈ ਪੂਰੀ ਨਹੀਂ ਕੀਤੀ ਜਾਂਦੀ।
ਦੱਸ ਦਈਏ ਕਿ ਕੁਲਭੂਸ਼ਨ ਯਾਦਵ ਭਾਰਤ ਦੀ ਜਲ ਫੌਜ (ਨੇਵੀ) ਦਾ ਕਮਾਂਡਰ ਸੀ ਤੇ 3 ਮਾਰਚ, 2016 ਨੂੰ ਪਾਕਿਸਤਾਨ ਦੇ ਬਲੋਚਿਸਤਾਨ ਖੇਤਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਭਾਰਤ ਦੀ ਖੂਫੀਆ ਅਜੈਂਸੀ 'ਰਾਅ' ਵਾਸਤੇ ਜਾਸੂਸੀ ਕਰਨ ਦਾ ਦੋਸ਼ ਹੈ।
ਪਾਕਿਸਤਾਨ ਦੀ ਫੌਜੀ ਅਦਾਲਤ ਵਿੱਚ ਚੱਲੇ ਮੁਕੱਦਮੇ ਵਿੱਚ ਯਾਦਵ ਨੇ ਕਬੂਲ ਕੀਤਾ ਸੀ ਕਿ ਉਹ ਪਾਕਿਸਤਾਨ ਵਿੱਚ ਅੱਤਵਾਦੀ ਹਮਲੇ ਕਰਾਉਣ ਵਿੱਚ ਸ਼ਾਮਿਲ ਸੀ।
2017 ਵਿੱਚ ਫੌਜੀ ਅਦਾਲਤ ਨੇ ਯਾਦਵ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਸੀ। ਹਲਾਂਕਿ ਭਾਰਤ ਲਗਾਤਾਰ ਯਾਦਵ ਨੂੰ ਬਚਾਉਣ ਦੀਆਂ ਸਿਰ ਤੋੜ ਕੋਸ਼ਿਸ਼ ਕਰਦਾ ਆ ਰਿਹਾ ਹੈ ਤੇ ਭਾਰਤ ਦਾ ਦਾਅਵਾ ਹੈ ਕਿ ਯਾਦਵ ਕੋਈ ਜਾਸੂਸ ਨਹੀਂ ਸੀ ਬਲਕਿ ਉਸਨੂੰ ਇਰਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਜੂਨ 2017 ਵਿੱਚ ਯਾਦਵ ਨੇ ਮੌਤ ਦੀ ਸਜ਼ਾ ਮੁਆਫ ਕਰਨ ਲਈ ਅਪੀਲ ਪਾਈ ਜਿਸ ਵਿੱਚ ਦੁਬਾਰਾ ਉਸ ਨੇ ਅੱਤਵਾਦੀ ਹਮਲਿਆਂ ਵਿੱਚ ਆਪਣੀ ਸ਼ਮੂਲੀਅਤ ਨੂੰ ਮੰਨਿਆ।
ਹਲਾਂਕਿ ਯਾਦਵ ਨੂੰ ਪਾਕਿਸਤਾਨ ਵੱਲੋਂ ਮੌਤ ਦੀ ਸਜ਼ਾ ਦੇਣ ਤੋਂ ਪਹਿਲਾਂ ਭਾਰਤ ਵੱਲੋਂ ਕੌਮਾਂਤਰੀ ਅਦਾਲਤ (ਆਈਸੀਜੇ) ਵਿੱਚ ਪਹੁੰਚ ਕੀਤੀ ਗਈ ਜਿਸਨੇ ਯਾਦਵ ਦੀ ਮੌਤ ਦੀ ਸਜ਼ਾ 'ਤੇ ਆਰਜ਼ੀ ਰੋਕ ਦੇ ਹੁਕਮ ਜਾਰੀ ਕਰਕੇ ਮੁਕੱਦਮਾ ਸ਼ੁਰੂ ਕਰ ਦਿੱਤਾ ਸੀ।
ਪਾਕਿਸਤਾਨ ਵੱਲੋਂ ਕੈਦ ਦੌਰਾਨ 2017 ਵਿੱਚ ਯਾਦਵ ਦੀ ਮਾਂ ਅਤੇ ਪਤਨੀ ਨੂੰ ਉਸ ਨਾਲ ਮੁਲਾਕਾਤ ਕਰਨ ਦਾ ਵੀ ਮੌਕਾ ਦਿੱਤਾ ਗਿਆ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)