ਗੂਗਲ ਵੀ ਕਸ਼ਮੀਰ ਨੂੰ ਭਾਰਤ ਦਾ ਨਹੀਂ, ਬਲਕਿ ਵਿਵਾਦਤ ਖਿੱਤਾ ਮੰਨਦਾ ਹੈ

ਗੂਗਲ ਵੀ ਕਸ਼ਮੀਰ ਨੂੰ ਭਾਰਤ ਦਾ ਨਹੀਂ, ਬਲਕਿ ਵਿਵਾਦਤ ਖਿੱਤਾ ਮੰਨਦਾ ਹੈ

ਵਾਸ਼ਿੰਗਟਨ: ਭਾਰਤ ਅਤੇ ਪਾਕਿਸਤਾਨ ਦਰਮਿਆਨ ਲੰਬੇ ਸਮੇਂ ਤੋਂ ਰਾਜਨੀਤਕ ਅਧੀਨਗੀ ਹੰਢਾ ਰਹੇ ਕਸ਼ਮੀਰ ਖਿੱਤੇ ਬਾਰੇ ‘ਗੂਗਲ ਮੈਪਸ’ ਦੇ ਨਕਸ਼ੇ ਦਾ ਵੀ ਮੰਨਣਾ ਹੈ ਕਿ ਇਹ ਖਿੱਤਾ ਵਿਵਾਦਤ ਹੈ। ਗੂਗਲ ਮੈਪਸ ’ਚ ਵਿਸ਼ਵ ਦੀਆਂ ਸਰਹੱਦਾਂ ਨਵੇਂ ਸਿਰਿਓਂ ਖਿੱਚੀਆਂ ਗਈਆਂ ਹਨ। ਦੇਖਣ ਵਾਲਾ ਇਨ੍ਹਾਂ ਨੂੰ ਕਿੱਥੋਂ ਦੇਖ ਰਿਹਾ ਹੈ, ਉਸ ਹਿਸਾਬ ਨਾਲ ਇਹ ਬਦਲ ਜਾਂਦੀਆਂ ਹਨ। ਮਸ਼ਹੂਰ ਸਰਚ ਇੰਜਨ ‘ਗੂਗਲ’ ਦੇ ਇਸ ਨਕਸ਼ੇ ਵਿਚ ਜਦ ਕਸ਼ਮੀਰ ਨੂੰ ਭਾਰਤ ਦੇ ਬਾਹਰੋਂ ਦੇਖਦੇ ਹਾਂ ਤਾਂ ਇਹ ਹਿੱਸਾ ਬਿੰਦੀਆਂ ਨਾਲ (ਡੌਟਡ ਲਾਈਨਜ਼) ਆਊਟਲਾਈਨ ਕੀਤਾ ਹੋਇਆ ਹੈ। 

‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਇਸ ਦਾ ਮਤਲਬ ਹੈ ਕਿ ਭਾਰਤ ਦੇ ਬਾਹਰ ਇਸ ਖਿੱਤੇ ਨੂੰ ‘ਵਿਵਾਦਤ’ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਵਿਚ ਮੈਪਸ ਦੇਖਣ ’ਤੇ ਕਸ਼ਮੀਰ ‘ਵਿਵਾਦਤ ਖਿੱਤੇ’ ਵਜੋਂ ਨਜ਼ਰ ਆਉਂਦਾ ਹੈ ਜਦਕਿ ਭਾਰਤ ’ਚ ਦੇਖਣ ’ਤੇ ਇਹ ਭਾਰਤ ਦਾ ਹੀ ਹਿੱਸਾ ਨਜ਼ਰ ਆਉਂਦਾ ਹੈ। ਪੋਸਟ ਦੀ ਰਿਪੋਰਟ ਮੁਤਾਬਕ ਗੂਗਲ ਮੈਪਸ ਵਿਵਾਦਤ ਸਰਹੱਦਾਂ ਨੂੰ ਬਦਲ ਦਿੰਦਾ ਹੈ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਕਿੱਥੋਂ ਦੇਖ ਰਹੇ ਹੋ। 

ਉੱਘੀ ਅਮਰੀਕੀ ਅਖ਼ਬਾਰ ਦੀ ਰਿਪੋਰਟ ’ਤੇ ਟਿੱਪਣੀ ਕਰਦਿਆਂ ਕੰਪਨੀ ਨੇ ਕਿਹਾ ਕਿ ‘ਗੂਗਲ ਦੀ ਵਿਵਾਦਤ ਖਿੱਤਿਆਂ ਤੇ ਇਨ੍ਹਾਂ ਨਾਲ ਜੁੜੇ ਹੋਰ ਪੱਖਾਂ ਬਾਰੇ ਆਲਮੀ ਨੀਤੀ ਇਕਸਾਰ ਤੇ ਨਿਰਪੱਖ ਹੈ। ਵਿਵਾਦਤ ਤੇ ਦਾਅਵਾ ਕਰਨ ਵਾਲੇ ਮੁਲਕਾਂ ਵੱਲੋਂ ਰੱਖੇ ਪੱਖ ਦਾ ਆਲਮੀ ਪੱਧਰ ’ਤੇ ਪੈ ਰਿਹਾ ਪ੍ਰਭਾਵ ਵੀ ਇਸ ਦਾ ਹਿੱਸਾ ਹੈ। ਕੰਪਨੀ ਕਿਸੇ ਵੀ ਧਿਰ ਵੱਲੋਂ ਅਪਣਾਏ ਰੁਖ਼ ਦਾ ਸਮਰਥਨ ਨਹੀਂ ਕਰਦੀ। ਜੋ ਕੁਝ ਮੈਪਸ ’ਤੇ ਭਾਰਤ ਵਿਚ ਨਜ਼ਰ ਆ ਰਿਹਾ ਹੈ, ਉਹ ਉੱਥੋਂ ਦੇ ਕਾਨੂੰਨ ਮੁਤਾਬਕ ਹੈ।’ ਗੂਗਲ ਮੁਤਾਬਕ ਕੰਪਨੀ ਸਟੀਕ ਤੇ ਅਪਡੇਟ ਹੋਇਆ ਡੇਟਾ ਦਿੰਦੀ ਹੈ। 

ਪੋਸਟ ਦੀ ਰਿਪੋਰਟ ਮੁਤਾਬਕ ‘ਅਰਜਨਟੀਨਾ ਤੋਂ ਲੈ ਕੇ ਯੂਕੇ ਤੋਂ ਇਰਾਨ ਤੱਕ’ ਸੰਸਾਰ ਦਾ ਨਕਸ਼ਾ ਵੱਖਰਾ ਹੀ ਨਜ਼ਰ ਆਉਂਦਾ ਹੈ। ਇਹ ਇਸ ਗੱਲ ’ਤੇ ਨਿਰਭਰ ਹੈ ਕਿ ਤੁਸੀਂ ਇਸ ਨੂੰ ਕਿੱਥੋਂ ਦੇਖ ਰਹੇ ਹੋ।