ਗੁਰਦੁਆਰਾ ਮੰਜੀ ਸਾਹਿਬ ਆਲਮਗੀਰ

ਗੁਰਦੁਆਰਾ ਮੰਜੀ ਸਾਹਿਬ ਆਲਮਗੀਰ

ਕਰਨੈਲ ਸਿੰਘ 

ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਲੁਧਿਆਣਾ-ਮਾਲੇਰਕੋਟਲਾ ਰੋਡ ’ਤੇ ਸ਼ਹਿਰ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਰੇਲ ਗੱਡੀ ਰਾਹੀਂ ਇਹ ਲੁਧਿਆਣਾ-ਧੂਰੀ ਰੇਲਵੇ ਲਾਈਨ ’ਤੇ ਰੇਲਵੇ ਸਟੇਸ਼ਨ ਗਿੱਲ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੱਖਣ ਵੱਲ ਹੈ।
ਗੁਰਦੁਆਰਾ ਆਲਮਗੀਰ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਮਾਛੀਵਾੜੇ ਤੋਂ ਤਲਵੰਡੀ ਸਾਬੋ ਨੂੰ ਜਾਂਦਿਆਂ ਉੱਚ ਦੇ ਪੀਰ ਦੇ ਰੂਪ ਵਿਚ ਪਲੰਘ ’ਤੇ ਸਵਾਰ ਹੋ ਕੇ 14 ਪੋਹ ਸੰਮਤ 1761 ਬਿਕਰਮੀ ਸੰਨ 1704 ਈ. ਨੂੰ ਇਸ ਸਥਾਨ ’ਤੇ ਪੁੱਜੇ। ਇਹ ਨਗਰ 17ਵੀਂ ਸਦੀ ਦੇ ਦੂਜੇ ਅੱਧ ਵਿਚ ਵਸਣਾ ਸ਼ੁਰੂ ਹੋਇਆ ਸੀ। ਇਕ ਦਿਨ ਪਿੰਡ ਧਾਂਦਰਾ ਦੇ ਚੌਧਰੀ ਦੀ ਧੀ ਦਾ ਮੁਕਲਾਵਾ ਜਾ ਰਿਹਾ ਸੀ। ਉਸੇ ਦਿਨ ਲੁਧਿਆਣੇ ਦਾ ਨਵਾਬ ਵੀ ਅਚਾਨਕ ਉਧਰੋਂ ਲੰਘ ਰਿਹਾ ਸੀ। ਉਸ ਦੇ ਅਹਿਲਕਾਰਾਂ ਨੇ ਉਸ ਨੂੰ ਦੱਸਿਆ ਕਿ ਧਾਂਦਰਾ ਦੇ ਚੌਧਰੀ ਦੀ ਧੀ, ਜੋ ਬਹੁਤ ਖੂਬਸੂਰਤ ਹੈ, ਉਹ ਅੱਜ ਮੁਕਲਾਵੇ ਜਾ ਰਹੀ ਹੈ। ਇਹ ਸੁਣ ਕੇ ਨਵਾਬ ਨੇ ਉਸ ਲੜਕੀ ਨੂੰ ਚੁੱਕ ਕੇ ਲਿਆਉਣ ਦਾ ਹੁਕਮ ਦਿੱਤਾ। ਪਿੰਡ ਦੇ ਲੋਕਾਂ ਨੇ ਨਵਾਬ ਦੇ ਸਿਪਾਹੀਆਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਿਪਾਹੀ ਲੜਕੀ ਨੂੰ ਜਬਰੀ ਚੁੱਕ ਕੇ ਲੈ ਗਏ। ਉਨ੍ਹੀਂ ਦਿਨੀਂ ਬਾਦਸ਼ਾਹ ਔਰੰਗਜ਼ੇਬ ਵੀ ਇਧਰੋਂ ਲੰਘ ਰਿਹਾ ਸੀ। ਇਲਾਕੇ ਦੇ ਲੋਕ ਇਕੱਠੇ ਹੋ ਕੇ ਇਸ ਦੇ ਕੈਂਪ ਜਾ ਫਰਿਆਦੀ ਹੋਏ। ਬਾਦਸ਼ਾਹ ਔਰੰਗਜ਼ੇਬ ਨੇ ਉਸ ਸਮੇਂ ਅਹਿਦੀਏ ਨੂੰ ਭੇਜ ਕੇ ਨਵਾਬ ਨੂੰ ਤਲਬ ਕਰ ਲਿਆ। ਨਵਾਬ ਬਾਦਸ਼ਾਹ ਅੱਗੇ ਪੇਸ਼ ਹੋਇਆ ਤੇ ਉਸ ਨੂੰ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣਾ ਮੰਨ ਲਿਆ। ਬਾਦਸ਼ਾਹ ਨੇ ਉਸੇ ਵੇਲੇ ਆਪਣੀ ਤਲਵਾਰ ਨਾਲ ਉਸ ਦਾ ਸਿਰ ਲਾਹ ਦਿੱਤਾ ਤੇ ਲੜਕੀ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਲੋਕਾਂ ਨੇ ਅਕੀਦਤ ਵਜੋਂ ਇਸ ਇਲਾਕੇ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਨਾਂ ਦੇ ਪਿਛੋਕੜ ਵਿਚ ‘ਆਲਮਗੀਰ’ ਦਾ ਨਾਂ ਦੇ ਦਿੱਤਾ।
ਮਹਾਨ ਕੋਸ਼ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਆਲਮਗੀਰ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਦੁਨੀਆਂ ਨੂੰ ਕਾਬੂ ਰੱਖਣ ਵਾਲਾ, ਜਗਤ ਜਿੱਤਣ ਵਾਲਾ, ਔਰੰਗਜ਼ੇਬ ਦਾ ਇਕ ਖਿਤਾਬ। ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਿਆ ਹੈ, ‘‘ਆਲਮਗੀਰ ਅਹੈਂ ਤੂੰ ਏਕ।’’
ਗੁਰੂ ਗੋਬਿੰਦ ਸਿੰਘ ਜੀ ਦੇ ਆਲਮਗੀਰ ਦਰਸ਼ਨ ਦੇਣ ਦੀ ਤਵਾਰੀਖ ਬਾਰੇ ਭਾਈ ਵੀਰ ਸਿੰਘ ਨੇ ‘ਕਲਗੀਧਰ ਚਮਤਕਾਰ’ ਵਿਚ ਜ਼ਿਕਰ ਕੀਤਾ ਹੈ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਲੱਲ, ਕੁੱਬਾ, ਕਟਾਣਾ, ਰਾਮਪੁਰ ਤੋਂ ਹੁੰਦੇ ਹੋਏ ਕਨੇਚ ਗਏ ਤੇ ਉੱਥੋਂ ਆਲਮਗੀਰ ਆਏ। ਆਲਮਗੀਰ ਪਿੰਡ ਦੇ ਘੋੜਿਆਂ ਦੇ ਵਪਾਰੀ ਭਾਈ ਨਗਾਹੀਆ ਸਿੰਘ ਨੇ ਗੁਰੂ ਜੀ ਨੂੰ ਘੋੜਾ ਭੇਟ ਕੀਤਾ। ਗੁਰੂ ਜੀ ਨੇ ਨਬੀ ਖਾਂ ਤੇ ਗਨੀ ਖਾਂ ਨੂੰ ਪਲੰਘ ਦੇ ਕੇ ਵਾਪਸ ਭੇਜ ਦਿੱਤਾ। ਆਪ ਨੇ ਗੋਹੇ ਚੁਗਦੀ ਮਾਈ ਨੂੰ ਪੁੱਛਿਆ, ‘‘ਮਾਈ ਜੀ! ਇੱਥੇ ਕਿਤੇ ਇਸ਼ਨਾਨ ਕਰਨ ਨੂੰ ਜਲ ਮਿਲ ਸਕਦਾ ਹੈ’’ ਤਾਂ ਮਾਈ ਨੇ ਕਿਹਾ, ‘‘ਪੀਰ ਜੀ! ਇਹ ਥੇਹ ਦੀ ਧਰਤੀ ਹੈ, ਇੱਥੇ ਜਲ ਨਹੀਂ ਹੈ। ਦੂਰ ਇਕ ਖੂਹ ਹੈ ਪਰ ਉੱਥੇ ਇਕ ਬਹੁਤ ਵੱਡੀ ਸਰਾਲ ਰਹਿੰਦੀ ਹੈ, ਉਥੇ ਕੋਈ ਨਹੀਂ ਜਾ ਸਕਦਾ। ਗੁਰੂ ਜੀ ਨੇ ਤੀਰ ਮਾਰ ਕੇ ਸਰਾਲ ਦੀ ਮੁਕਤੀ ਕੀਤੀ ਤੇ ਉਹ ਖੂਹ ਵਿਚ ਡਿੱਗ ਪਈ।’’ ਸਿੱਖ ਪਾਣੀ ਲੈਣ ਗਏ ਤਾਂ ਪਾਣੀ ਖਰਾਬ ਸੀ। ਇਸੇ ਕਰਕੇ ਜਿੱਥੇ ਗੁਰੂ ਜੀ ਆਪ ਬੈਠੇ ਸਨ, ਨੇੜੇ ਜਿਹੇ ਇਕ ਹੋਰ ਤੀਰ ਮਾਰਿਆ ਤਾਂ ਧਰਤੀ ਦੀ ਹਿੱਕ ’ਚੋਂ ਪਵਿੱਤਰ ਜਲ ਦਾ ਸੋਮਾ ਫੁੱਟ ਪਿਆ ਤਾਂ ਸਿੱਖਾਂ ਨੇ ਇਸ਼ਨਾਨ ਕੀਤਾ। ਬਾਅਦ ਵਿਚ ਇੱਥੇ ਹੀ ਸਰੋਵਰ ਤਿਆਰ ਕੀਤਾ ਗਿਆ, ਜੋ ‘ਤੀਰਸਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇੱਥੋਂ ਦੇ ਇਕ ਸਿੱਖ ਭਾਈ ਕੀਰਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਉਸ ਸਮੇਂ ਖੰਡੇ ਦੀ ਪਾਹੁਲ ਹਾਸਲ ਕੀਤੀ, ਜਦੋਂ ਉਨ੍ਹਾਂ 1699 ਈ. ਨੂੰ ਖਾਲਸਾ ਪ੍ਰਗਟ ਕਰਕੇ ਖੰਡੇ ਦੀ ਪਾਹੁਲ ਸ਼ੁਰੂ ਹੀ ਕੀਤੀ ਸੀ। ਭਾਈ ਦਇਆ ਸਿੰਘ ਤੇ ਉਸ ਦੇ ਤਿੰਨ ਸਾਥੀ ਪਹਿਲਾਂ ਹੀ ਕੀਰਤ ਸਿੰਘ ਕੋਲ ਰਾਤ ਕੱਟ ਕੇ ਅੱਗੇ ਜਾ ਚੁੱਕੇ ਸਨ ਤੇ ਉਸ ਨੂੰ ਸਮਝਾ ਗਏ ਸਨ ਕਿ ਉਹ ਉੱਚ ਦੇ ਪੀਰ ਨੂੰ ਮੱਥਾ ਟੇਕਣ ਨਾ ਜਾਵੇ। ਜੇ ਗੁਰੂ ਜੀ ਆਪ ਬੁਲਾਉਣ ਤਾਂ ਬੇਸ਼ੱਕ ਚਲਾ ਜਾਵੇ। ਆਲਮਗੀਰ ਵਿਚ ‘ਉੱਚ ਦੇ ਪੀਰ’ ਦਾ ਆਉਣਾ ਸੁਣ ਕੇ ਸਭ ਮਾਈ-ਭਾਈ ਉਨ੍ਹਾਂ ਨੂੰ ਨਮਸਕਾਰ ਕਰਨ ਆਏ। ਜਦੋਂ ਸਾਰੇ ਦਰਸ਼ਨ ਕਰਕੇ ਚਲੇ ਗਏ ਤਾਂ ਗੁਰੂ ਸਾਹਿਬ ਨੇ ਇਕ ਮੁਰੀਦ ਨੂੰ ਭੇਜ ਕੇ ਭਾਈ ਕੀਰਤ ਸਿੰਘ ਨੂੰ ਬੁਲਾਇਆ, ਉਹ ਪਰਿਵਾਰ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ। ਉਸ ਨੇ ਗੁਰੂ ਸਾਹਿਬ ਅਤੇ ਪੰਜ ਮੁਰੀਦਾਂ ਨੂੰ ਦੁੱਧ ਛਕਾਇਆ। ਗੁਰੂ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਉਦਾਸੀ ਜ਼ਾਹਿਰ ਕਰਨ ਲੱਗਾ। ਗੁਰੂ ਸਾਹਿਬਾਂ ਉਸ ਨੂੰ ਧੀਰਜ ਦਿੱਤਾ ਤੇ ਅਕਾਲ ਪੁਰਖ ਦੇ ਭਾਣੇ ਵਿਚ ਰਹਿਣ ਵਾਸਤੇ ਆਖਿਆ।
ਗੁਰਦੁਆਰਾ ਮੰਜੀ ਸਾਹਿਬ ਵਾਲੀ ਇਮਾਰਤ ਦੇ ਹੇਠਾਂ ਇਕ ਭੋਰਾ ਬਣਿਆ ਹੋਇਆ ਹੈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਮੁਰੀਦਾਂ ਨਾਲ ‘ਉੱਚ ਦੇ ਪੀਰ’ ਦੇ ਰੂਪ ਵਿਚ ਆਲਮਗੀਰ ਪੁੱਜੇ ਸਨ ਤਾਂ ਉਨ੍ਹਾਂ ਦਾ ਪਲੰਘ ਸਭ ਤੋਂ ਪਹਿਲਾਂ ਇਸੇ ਥਾਂ ’ਤੇ ਰੱਖਿਆ ਗਿਆ ਸੀ। ਹੁਣ ਵੀ ਇਸ ਭੋਰੇ ਵਿਚ ਇਕ ਖੂਬਸੂਰਤ ਪਲੰਘ ਰੱਖਿਆ ਹੋਇਆ ਹੈ, ਜਿਸ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ। ਗੁਰੂਘਰ ਦੇ ਨਿਕਟਵਰਤੀ ਭਾਈ ਨਾਨੂੰ ਸਿੰਘ ਨੇ ਸਭ ਤੋਂ ਪਹਿਲਾਂ ਇਸ ਅਸਥਾਨ ਦੀ ਸੇਵਾ-ਸੰਭਾਲ ਕੀਤੀ। ਉਨ੍ਹਾਂ ਦੀ ਯਾਦਗਾਰ ਨੂੰ ਵੀ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨ੍ਹਾਂ ਨੂੰ ਦੱਖਣ ਤੋਂ ਭੇਜਿਆ ਸੀ, ਇਹ ਥਾਂ ਬਾਬਾ ਜੀ ਦਾ ਤਪ ਅਸਥਾਨ ਹੈ ਅਤੇ ਇੱਥੇ ਹੀ ਸਮਾਏ ਸਨ। ਇਸ ਥਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ-ਪਾਠਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਇਹ ਥਾਂ ਗੁਰਦੁਆਰਾ ਮੰਜੀ ਸਾਹਿਬ ਤੋਂ ਉੱਤਰ ਵੱਲ ਹੈ। ਇਸ ਦੇ ਨਾਲ ਹੀ ਕੁਝ ਕੁ ਫਰਲਾਂਗ ’ਤੇ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਅਸਥਾਨ ਹੈ।
ਜਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ’ਤੇ ਤੀਰ ਮਾਰ ਕੇ ਸੋਮਾ ਪ੍ਰਗਟ ਕੀਤਾ ਤਾਂ ਇਹ ਕੌਤਕ ਦੇਖ ਕੇ ਮਾਈ ਗੁਰੂ ਜੀ ਦੇ ਚਰਨਾਂ ’ਤੇ ਡਿੱਗ ਪਈ ਤੇ ਕਹਿਣ ਲੱਗੀ, ‘‘ਪੀਰ ਜੀ! ਤੁਸੀਂ ਤਾਂ ਕਮਾਲ ਦੇ ਪੀਰ ਹੋ।’’ ਮੇਰੀ ਇਕ ਅਰਜ਼ ਹੈ ਮੈਨੂੰ ਕੋਹੜ ਹੈ, ਮੈਂ ਅਨੇਕਾਂ ਪਾਸੋਂ ਇਲਾਜ ਕਰਵਾਇਆ ਪਰ ਠੀਕ ਨਹੀਂ ਹੋਇਆ। ਆਪ ਇਸ ਦਾ ਇਲਾਜ ਕਰੋ ਅਤੇ ਮੇਰਾ ਰੋਗ ਦੂਰ ਕਰੋ। ਗੁਰੂ ਜੀ ਨੇ ਕਿਹਾ, ‘‘ਮਾਤਾ ਜੀ! ਇਸ ਸੋਮੇ ਵਿਚ ਜੋ ਵੀ ਸ਼ਰਧਾ ਨਾਲ ਇਸ਼ਨਾਨ ਕਰੇਗਾ, ਉਸ ਦੇ ਦੁੱਖ-ਦਲਿੱਦਰ ਵਾਹਿਗੁਰੂ ਆਪ ਦੂਰ ਕਰੇਗਾ।’’ ਗੁਰੂ ਜੀ ਨੇ ਇੱਥੇ ਨੀਲੇ ਬਸਤਰ ਉਤਾਰ ਕੇ ਤਿੰਨ ਦਿਨ ਵਿਸ਼ਰਾਮ ਕੀਤਾ ਤੇ ਬੇਅੰਤ ਸੰਗਤਾਂ ਨੂੰ ਗੁਰਮਤਿ ਗਿਆਨ ਦੀ ਬਖਸ਼ਿਸ਼ ਕੀਤੀ। ਗੁਰੂ ਜੀ ਨੇ ਭਾਈ ਨਗਾਹੀਆ ਸਿੰਘ ਦੇ ਦਿੱਤੇ ਘੋੜੇ ’ਤੇ ਚੜ੍ਹ ਕੇ ਰਾਏਕੋਟ ਵੱਲ ਚਲੇ ਗਏ। ਮਾਈ ਨੇ ਉਸ ਸੋਮੇ ਵਿਚ ਇਸ਼ਨਾਨ ਕੀਤਾ  ਤੇ ਬਿਲਕੁਲ ਠੀਕ ਹੋ ਗਈ। ਪਿੰਡ ਜਾ ਕੇ ਸਾਰੀ ਵਿਖਿਆ ਸੁਣਾਈ। ਜਿਸ ਥਾਂ ’ਤੇ ਗੁਰੂ ਜੀ ਦਾ ਮੰਜਾ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਰੱਖਿਆ ਸੀ, ਉਸ ਥਾਂ ’ਤੇ ਅੱਜ ਸੁੰਦਰ ਛੇ ਮੰਜ਼ਲਾ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ ਜਿਸ ਉਪਰ ਸੋਨੇ ਦਾ ਕਲਸ ਚਮਕ ਰਿਹਾ ਹੈ।
ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਮੁੱਖ ਦੁਆਰ ’ਤੇ ਲਿਖਿਆ ਹੈ, ‘‘ਸਤਿਨਾਮੁ ਵਾਹਿਗੁਰੂ ਦਰਸ਼ਨੀ ਡਿਓਢੀ ‘ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ’’ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਿਓਂ ਮੰਜੇ ’ਤੇ ਸਵਾਰ ਆਏ, ਐਥੇ ਮਨੀ ਸਿੰਘ ਤੇ ਨਗਾਹੀਆ ਨੇ ਘੋੜਾ ਦਿੱਤਾ।’’
ਗੁਰਦੁਆਰਾ ਮੰਜੀ ਸਾਹਿਬ ਅੰਦਰ ਪ੍ਰਵੇਸ਼ ਕਰਦਿਆਂ ਖੱਬੇ ਹੱਥ ਗੁਰਮਤਿ ਲਿਟਰੇਚਰ ਹਾਊਸ, ਗੱਠੜੀ ਘਰ, ਜੋੜਾ ਘਰ ਤੇ ਪੀਣ ਦਾ ਪਾਣੀ ਹੈ। ਸੱਜੇ ਹੱਥ ਦਫਤਰ, ਕੰਟੀਨ, ਗੁਰੂ ਅਮਰਦਾਸ ਫਰੀ ਡਿਸਪੈਂਸਰੀ, ਲਾਇਬਰੇਰੀ ਤੇ ਯੂਕੋ ਬੈਂਕ ਹੈ।
ਗੁਰਦੁਆਰਾ ਆਲਮਗੀਰ ਵਿਚ ਮੰਜੀ ਸਾਹਿਬ ਦੇ ਬਿਲਕੁਲ ਸਾਹਮਣੇ ਇਕ ਵੱਡਾ ਤੇ ਖੂਬਸੂਰਤ ਹਾਲ ਬਣਿਆ ਹੋਇਆ ਹੈ, ਜਿਸ ਦੀ ਲੰਬਾਈ ਤੇ ਚੌੜਾਈ 127 ਫੁੱਟ ਹੈ। ਇਸ ਦੀਵਾਨ ਅਸਥਾਨ ਬਿਲਕੁਲ ਸਾਊਂਡ ਪਰੂਫ ਹੈ। ਇਸ ਹਾਲ ਵਿਚ ਤਕਰੀਬਨ 10 ਹਜ਼ਾਰ ਸੰਗਤਾਂ ਬੈਠ ਸਕਦੀਆਂ ਹਨ।
ਗੁਰਦੁਆਰਾ ਸਾਹਿਬ ਵਿਖੇ 151 ਫੁੱਟ ਉੱਚਾ ਨਿਸ਼ਾਨ ਸਾਹਿਬ ਦਿਲਾਂ ਨੂੰ ਧੂਹ ਪਾਉਂਦਾ ਹੈ। ਯਾਤਰੂਆਂ ਦੇ ਆਰਾਮ ਵਾਸਤੇ ਕਲਗੀਧਰ ਨਿਵਾਸ ਬਣਿਆ ਹੋਇਆ ਹੈ। ਇਸ ਦੇ ਕਮਰੇ ਖੁੱਲ੍ਹੇ ਤੇ ਹਵਾਦਾਰ ਹਨ। ਯਾਤਰੂਆਂ ਦੇ ਦਵਾ-ਦਾਰੂ ਲਈ ਗੁਰਦੁਆਰਾ ਸਾਹਿਬ ਵਿਖੇ ਗੁਰੂ ਅਮਰਦਾਸ ਫਰੀ ਡਿਸਪੈਂਸਰੀ ਵੀ ਕਾਇਮ ਹੈ। ਇਸ ਵਿਚ ਉੱਘੇ ਡਾਕਟਰ ਮਰੀਜ਼ਾਂ ਦਾ ਮੁਫਤ ਇਲਾਜ ਕਰਦੇ ਹਨ ਤੇ ਦਵਾਈਆਂ ਵੀ ਮੁਫਤ ਦਿੰਦੇ ਹਨ।