'ਜੈ ਤੇਗੰ ਜੈ ਤੇਗੰ'

'ਜੈ ਤੇਗੰ ਜੈ ਤੇਗੰ'

ਹਰਬੰਸ ਸਿੰਘ ਤੇਗ ਦਾ ਅਕਾਲ ਚਲਾਣਾ

ਅਵਤਾਰ ਸਿੰਘ (ਫ਼ੋਨ : 94175-18384)

ਦਸਵੀਂ ਕਰਕੇ ਮੈਂ ਨਵੇਂਸ਼ਹਿਰ ਕਾਲਜ ਦਾਖਲਾ ਲੈ ਲਿਆ। ਉਥੇ ਮਨ ਨਾ ਲੱਗਿਆ ਕਰੇ। ਇਕ ਦਿਨ ਐਵੇਂ ਹੀ ਸਾਈਕਲ ਬੰਗਿਆਂ ਨੂੰ ਰੇੜ੍ਹ ਲਿਆ। ਚਰਨ ਕੌਲੀਂ ਮੱਥਾ ਟੇਕਿਆ ਤੇ ਗੁਰਦੁਆਰੇ ਦੀ ਦੁੱਧ ਚਿੱਟੀ ਸਮੋਸਮੀ ਇਮਾਰਤ ਦਾ ਅਕਸ ਦਿਲ ਵਿੱਚ ਧਸ ਗਿਆ। ਫਿਰ ਕਾਲਜ ਗਿਆ, ਜਿਸ ਦੇ ਹਾਲ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਦੇਖਿਆ ਤਾਂ ਮਨ ਨੇ ਫੈਸਲਾ ਕੀਤਾ, 'ਮੈਂ ਇੱਥੇ ਪੜ੍ਹਾਂਗਾ'।

ਕਿਸੇ ਨੂੰ ਪੁੱਛਿਆ ਨਾ ਦੱਸਿਆ ਮੈ ਚਰਨ ਕੌਲੀਂ ਦਾਖਲਾ ਲੈ ਲਿਆ। ਉਸ ਕਾਲਜ ਨੂੰ ਉਦੋਂ 'ਚਰਨ ਕੌਲ' ਹੀ ਕਹਿੰਦੇ ਸਨ, ਜੋ ਹੌਲੀ ਹੌਲੀ 'ਚਰਨ ਕੰਵਲ' ਹੋ ਗਿਆ। ਫਿਰ ਇਸਨੂੰ ਪੜ੍ਹਿਆਂ ਲਿਖਿਆਂ ਨੇ 'ਐੱਸ ਐੱਨ ਕਾਲਜ' ਬਣਾ ਲਿਆ ਤੇ ਕਾਲਜ ਗੁਰੂ ਕੇ ਚਰਨ ਕੌਲਾਂ 'ਚੋ ਬਾਹਰ ਹੋ ਗਿਆ।

ਮੈਂ ਰੋਜ ਕਲਾਸਾਂ ਲੌਣੀਆਂ, ਵਿਹਲੇ ਪੀਰੀਅਡ ਗੁਰਦੁਆਰੇ ਜਾਣਾ, ਮੱਥਾ ਟੇਕਣਾ ਤੇ ਪ੍ਰਸ਼ਾਦ ਲੈਣਾ। ਪੇਪਰ ਆਏ ਤਾਂ ਮੇਰੇ ਲਈ ਪਿੰਡੋਂ ਸੁਵੱਖਤੇ ਆਉਣਾ ਮੁਸ਼ਕਲ ਸੀ ਤੇ ਮੈਂ ਗੁਰਦੁਆਰੇ ਦੀ ਸਰਾਂ ਵਿੱਚ ਕਮਰਾ ਲੈ ਲਿਆ। ਰਾਤ ਨੂੰ ਪੜ੍ਹਦਾ ਦੇਖ ਕੇ ਮੁੱਖ ਗ੍ਰੰਥੀ ਮੇਰੇ ਕੋਲ ਆ ਗਿਆ ਤੇ ਗੱਲਾਂ ਬਾਤਾਂ ਕਰਦਿਆਂ ਮੇਰਾ ਦੋਸਤ ਬਣ ਗਿਆ।

ਇਕ ਦਿਨ ਕਹਿਣ ਲੱਗਾ ਕਿ ਉਸ ਨੇ ਕਿਤੇ ਜਾਣਾ ਹੈ ਤੇ ਮੈਂ ਤੜਕੇ ਉਸਦੀ ਰੌਲ਼ ਲਗਾ ਦੇਵਾਂ। ਮੈਂ ਰੌਲ਼ 'ਤੇ ਬੈਠ ਗਿਆ; ਸਪੀਕਰ ਲੱਗਾ ਹੋਇਆ ਸੀ; ਡਰਦਿਆਂ ਡਰਦਿਆਂ ਪਾਠ ਕੀਤਾ। ਉੱਠਿਆ ਤਾਂ ਪ੍ਰਸ਼ਾਦ ਵਾਲੇ ਬਜ਼ੁਰਗ ਨੇ ਕਿਹਾ ਕਿ ਮੈਨੂੰ ਮੈਨੇਜਰ ਸਾਹਿਬ ਨੇ ਬੁਲਾਇਆ ਹੈ। ਮੈਂ ਹੋਰ ਡਰ ਗਿਆ ਕਿ ਜ਼ਰੂਰ ਗਲਤ ਪਾਠ ਕੀਤਾ ਹੋਣਾ ਹੈ।

ਮੈਨੇਜਰ ਸਾਹਿਬ ਕੋਲ਼ ਗਿਆ ਤਾਂ ਉਹ ਇਸ਼ਨਾਨ ਉਪਰੰਤ ਤਿਆਰ ਬਰ ਤਿਆਰ ਨਿੱਤ-ਨੇਮ ਕਰਕੇ ਹਟੇ ਸਨ। ਉਨ੍ਹਾਂ ਦੇ ਕੋਲ ਗਰਮ ਦੁੱਧ ਦੀ ਗੜਵੀ ਤੇ ਦੋ ਗਲਾਸ ਪਏ ਸਨ। ਉਨ੍ਹਾਂ ਨੇ ਗਲਾਸਾਂ ਵਿੱਚ ਦੁੱਧ ਪਾਇਆ; ਆਪ ਛਕਿਆ ਤੇ ਮੈਨੂੰ ਵੀ ਛਕਾਇਆ; ਮੈਨੂੰ ਥਾਪੜਾ ਦਿੱਤਾ ਤੇ ਰੋਜ ਤੜਕੇ ਰੌਲ਼ ਲਾਉਣ ਲਈ ਆਖਿਆ। ਮੈਂ ਝਿਜਕਿਆ, ਉਨ੍ਹਾਂ ਮੇਰਾ ਅਤਾ ਪਤਾ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਮੇਰੇ ਪਿਤਾ ਜੀ ਦੇ ਚੰਗੇ ਜਾਣੂੰ ਸਨ। ਮੈਂ ਉਨ੍ਹਾਂ ਬਾਬਤ ਕੁਝ ਨਾ ਪੁੱਛ ਸਕਿਆ। ਬਾਹਰ ਆਕੇ ਦੇਖਿਆ ਤਾਂ ਨੇਮ ਪਲੇਟ 'ਤੇ 'ਗਿਆਨੀ ਹਰਬੰਸ ਸਿੰਘ ਤੇਗ' ਲਿਖਿਆ ਹੋਇਆ ਸੀ।

ਮੈਂ ਅਕਸਰ ਉੱਥੇ ਰਹਿਣ ਲੱਗ ਪਿਆ ਤੇ ਮੇਰੇ ਮੱਥੇ 'ਤੇ ਉਨ੍ਹਾਂ ਦੀ ਸੰਗਤ ਦਾ ਨਸੀਬ ਲਿਖਿਆ ਗਿਆ। ਗੁਰਦੁਆਰੇ ਵਿੱਚ ਹੋਣਾਂ ਤਾਂ ਉਨ੍ਹਾਂ ਦੇ ਸਿਰ 'ਤੇ ਕੇਸਰੀ ਰੰਗ ਦੀ ਕੇਸਕੀ ਹੋਣੀ ਤੇ ਉਨ੍ਹਾਂ ਨੇ ਨਿੱਕੇ ਮੋਟੇ ਕੰਮ ਲੱਗੇ ਰਹਿਣਾ। ਇਕ ਦਫ਼ਾ ਉਹ ਹਥੋੜਾ ਹਥੋੜੀ ਲੈਕੇ ਗੁਰਦੁਆਰੇ ਦੇ ਪੁਰਾਣੇ ਜਿੰਦਰੇ ਠੀਕ ਕਰ ਰਹੇ ਸਨ ਕਿ ਇਕ ਐੱਨ ਆਰ ਆਈ ਬੀਬੀ ਆਈ ਤੇ ਕਹਿਣ ਲੱਗੀ 'ਮੈਨੇਜਰ ਸਾਹਿਬ ਨੂੰ ਮਿਲਣਾ'। ਉਹ ਕਹਿਣ ਲੱਗੇ 'ਦੱਸੋ'। ਬੀਬੀ ਕਹੇ 'ਨਹੀਂ, ਉਨ੍ਹਾਂ ਨੂੰ ਹੀ ਮਿਲਣਾ'। ਉਹ ਸਮਝ ਗਏ ਕਿ ਬੀਬੀ ਨੇ ਦਫ਼ਤਰਾਂ 'ਚ ਸਜ ਧਜ ਕੇ ਬੈਠੇ ਮੈਨੇਜਰ ਹੀ ਦੇਖੇ ਹੋਣਗੇ, ਕੰਮ ਕਰਦੇ ਨਹੀਂ। ਉਸ ਬੀਬੀ ਨੂੰ ਸੱਚ ਦੱਸਣ ਦਾ ਕੋਈ ਫ਼ਾਇਦਾ ਨਹੀਂ ਸੀ। ਉਨ੍ਹਾਂ ਬੀਬੀ ਨੂੰ ਆਖਿਆ, 'ਉਹ ਦਫਤਰ ਵਿੱਚ ਨੌਂ ਵਜੇ ਮਿਲਣਗੇ।

ਇਸ ਮੈਨੇਜਰ ਨੂੰ ਅੰਮ੍ਰਿਤਪਾਨ ਕਰਨ ਸਮੇਂ ਪੰਚ ਪਰਵਾਣ ਪੰਚ ਪ੍ਰਧਾਨ ਸਿੰਘਾਂ ਨੇ ਆਦੇਸ਼ ਦਿੱਤਾ ਸੀ ਕਿ ਅੱਜ ਤੋਂ ਤੁਹਾਡਾ ਕਰਮ ਨਾਸ, ਕੁੱਲ ਨਾਸ ਤੇ ਜਾਤ ਵਰਣ ਸਭ ਨਾਸ ਹੈ। ਉਸਨੇ ਗੁਰੂ ਦੀ ਸਿੱਖਿਆ ਦੀਖਿਆ ਮਨੋ ਧਾਰਣ ਕਰ ਲਈ ਤੇ ਆਪਣਾ ਤਖ਼ੱਲਸ 'ਤੇਗ' ਰੱਖ ਲਿਆ।

ਦਿਨ ਵੇਲੇ ਉਹ ਇਧਰ ਉਧਰ ਕਈ ਪਾਸੇ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਭਰਦੇ। ਉਨ੍ਹਾਂ ਦੇ ਜਾਣ ਅਤੇ ਆਉਣ ਦਾ ਪਤਾ ਰਾਜਦੂਤ ਮੋਟਰ ਸਾਈਕਲ ਦੇ ਸਟਾਰਟ ਅਤੇ ਬੰਦ ਹੋਣ ਤੋਂ ਲੱਗਦਾ। ਕਣਕ ਵੰਨਾ ਰੰਗ, ਪਤਲਾ ਸਰੀਰ, ਨੀਲੀ ਦਸਤਾਰ, ਸਲੇਟੀ ਕਮੀਜ਼ ਪਜਾਮਾਂ ਤੇ ਤਿੰਨ ਫੁੱਟੀ ਕਿਰਪਾਨ; ਪੈਰੀਂ ਹਮੇਸ਼ਾ ਗੁਰਗਾਬੀ ਹੋਣੀ ਤੇ ਸਰਦੀਆਂ ਵਿੱਚ ਓਵਰਕੋਟ।

ਉਨ੍ਹਾਂ ਦੇ ਗਲ਼ੇ ਵਿਚ ਕੁਝ ਖਾਰਿਸ਼ ਜਹੀ ਰਹਿੰਦੀ ਸੀ ਤੇ ਉਹ ਰੁਕ ਰੁਕ ਕੇ ਖੰਘੂਰੇ ਮਾਰਦੇ। ਗੁਰਦੁਆਰੇ ਦੇ ਅੰਦਰ ਤਕ ਪਤਾ ਲੱਗਦਾ ਕਿ ਤੇਗ ਸਾਹਿਬ ਦਫਤਰ 'ਚ ਬੈਠੇ ਹਨ। ਆਸਾ ਦੀ ਵਾਰ ਦੇ ਭੋਗ ਸਮੇਂ ਉਹ ਬੜੇ ਸਲੀਕੇ ਨਾਲ਼ ਗੁਰਦੁਆਰੇ ਦੇ ਅੰਦਰ ਆਉਂਦੇ, ਬੇਹੱਦ ਇਤਮਿਨਾਨ ਅਤੇ ਸਤਿਕਾਰ ਵਿਚ ਮੱਥਾ ਟੇਕਦੇ ਤੇ ਮਾਇਕ 'ਤੇ ਜਾ ਖੜ੍ਹਦੇ।

ਪਹਿਲਾਂ ਬੜੀ ਹੀ ਭਾਵਪੂਰਤ ਤੇ ਪੁਰਜੋਰ ਤਕਰੀਰ ਕਰਦੇ; ਕੌਮੀਂ ਮਸਲੇ ਉਭਾਰਦੇ ਤੇ ਬਾਣੀ ਦੇ ਹਵਾਲੇ ਦਿੰਦੇ। ਇਤਿਹਾਸਕ ਵਾਕਿਆਤ ਦੀ ਯਥਾਸ਼ਕਤ ਵਿਆਖਿਆ ਕਰਦੇ ਤੇ ਵਰਤਮਾਨ ਨਾਲ਼ ਜੋੜਦੇ। ਸੰਗਤ ਦੀਆਂ ਅੱਖਾਂ ਵਿੱਚ ਚਮਕ ਆਉਂਦੀ ਤੇ ਵਿਸ਼ੇਸ਼ ਕਿਸਮ ਦਾ ਉਤਸ਼ਾਹ ਝਲਕਾਂ ਮਾਰਦਾ। ਉਹ ਆਪਣੇ ਪੂਰੇ ਜਲੌਅ ਵਿਚ ਹੁੰਦੇ ਤੇ ਕਿਸੇ ਦਾ ਲਿਹਾਜ ਨਾ ਕਰਦੇ।

ਅਖੀਰ, ਜਿਸ ਵੱਲੋਂ ਅਖੰਡ ਪਾਠ ਰਖਾਇਆ ਹੁੰਦਾ, ਉਸ ਦਾ ਨਾਂ ਲੈ ਕੇ ਆਖਦੇ ਕਿ 'ਅੱਜ ਗੁਰੂ ਘਰ ਵਲ੍ਹੋਂ ਉਨ੍ਹਾਂ ਨੂੰ ਸਿਰੋਪਾ ਬਖ਼ਸ਼ਿਸ਼ ਹੋਣੈ'। ਫਿਰ ਸਿਰੋਪਾ ਦੇ ਕੇ ਜੈਕਾਰਾ ਛੱਡਦੇ ਤੇ ਪ੍ਰਸ਼ਾਦ ਵਰਤਦਾ। ਤੇਗ ਸਾਹਿਬ ਦਫਤਰ ਵਿਚ ਬੈਠਦੇ ਤੇ ਉੱਥੇ ਤਿੰਨ ਅਖਬਾਰਾਂ ਪਈਆਂ ਹੁੰਦੀਆਂ; ਸੁਰਖ਼ੀਆਂ 'ਤੇ ਚਰਚਾ ਛਿੜਦੀ; ਤੇਗ ਸਾਹਿਬ ਪੰਥਕ ਦ੍ਰਿਸ਼ਟੀਕੋਣ ਸਪਸ਼ਟ ਕਰਦੇ; ਖੰਘੂਰੇ ਮਾਰਦੇ ਤੇ ਗੜ੍ਹਕਦੇ। ਸ਼ਾਇਦ ਸ਼ਿਰੋਮਣੀ ਕਮੇਟੀ ਦਾ ਇਹੀ ਇਕ ਗੁਰਦੁਆਰਾ ਸੀ, ਜਿਥੇ ਦਾ ਮੈਨੇਜਰ, ਮੈਨੇਜਰ ਨਹੀਂ, ਬਲਕਿ ਪੰਥਕ ਸਰੋਕਾਰਾਂ ਨੂੰ ਤਨੋ ਮਨੋ ਪ੍ਰਣਾਇਆ ਹੋਇਆ ਜਥੇਦਾਰ ਸੀ।

ਉਹ ਸਫਲ ਪ੍ਰਬੰਧਕ, ਸੇਵਾ ਅਤੇ ਸਿਮਰਨ ਵਾਲਾ ਇਨਸਾਨ ਸੀ। ਮੈਂ ਆਪਣੀਆਂ ਇਨ੍ਹਾਂ ਅੱਖਾਂ ਨਾਲ ਉਸਨੂੰ ਹੱਥਾਂ ਨਾਲ਼ ਗੁਰਦੁਆਰੇ ਦੀਆਂ ਟੌਇਲਿਟਸ ਸਾਫ ਕਰਦਿਆਂ ਦੇਖਿਆ ਸੀ। ਗਰਮੀਆਂ ਦੇ ਦਿਨ ਸਨ; ਪਸੀਨੋ ਪਸੀਨਾ ਹੋਏ ਹੋਏ ਉਹ ਭਗਤ ਪੂਰਨ ਸਿੰਘ ਲੱਗ ਰਹੇ ਸਨ। ਗੁਰਦੁਆਰੇ ਦਾ ਕਿਹੜਾ ਕੰਮ ਸੀ, ਜੋ ਉਹ ਆਪਣੇ ਹੱਥੀਂ ਨਹੀਂ ਸੀ ਕਰ ਸਕਦੇ।

ਯਾਦ ਆਇਆ, ਉਹ ਮੈਨੂੰ ਕਦੀ ਕਦੀ ਅਵਤਾਰ ਸਿੰਘ ਦੀ ਬਜਾਏ ਮੱਖਣ ਸਿੰਘ ਕਹਿੰਦੇ ਤੇ ਖੁਸ਼ ਹੁੰਦੇ। ਪਤਾ ਨਹੀਂ ਕਿਸੇ! ਇਸਦਾ ਰਾਜ ਨਾ ਕਦੇ ਮੈਂ ਪੁੱਛਿਆ ਤੇ ਨਾ ਉਨ੍ਹਾਂ ਦੱਸਿਆ। ਉਹ ਗਿਆਨੀ ਦਿੱਤ ਸਿੰਘ ਦੀ ਬੇਹੱਦ ਤਾਰੀਫ ਕਰਦੇ। ਸੁਆਮੀ ਦਇਆਨੰਦ ਦਾ ਨਾਂ, ਲੈਣਾ ਤਾਂ ਕਿਤੇ ਰਿਹਾ, ਸੁਣਨਾ ਵੀ ਪਸੰਦ ਨਾ ਕਰਦੇ; ਕਹਿਣਾ 'ਉਸ ਬੰਦੇ ਨੇ ਸਿੱਖੀ ਨੂੰ ਬਹੁਤ ਢਾਹ ਲਾਈ ਹੈ।

ਕਿਸੇ ਨੂੰ ਹੈਰਾਨੀ ਹੋ ਸਕਦੀ ਹੈ ਕਿ ਉਹ ਸ਼ਤਰੰਜ ਦੇ ਬੜੇ ਮਾਹਿਰ ਖਿਲਾੜੀ ਅਤੇ ਸ਼ੌਕੀਨ ਸਨ। ਉਹ ਲੱਕੜ ਦੀ ਸ਼ਤਰੰਜ ਲੈਕੇ ਅਕਸਰ ਮੇਰੇ ਕਮਰੇ ਵਿੱਚ ਆਉਂਦੇ ਤੇ ਸ਼ਤਰੰਜ ਦੀਆਂ ਬਾਜ਼ੀਆਂ ਲਾ ਲਾ ਖੁਸ਼ ਹੁੰਦੇ। ਪਿਆਦੇ, ਫੀਲ੍ਹੇ, ਕਿਸ਼ਤੀ, ਘੋੜੇ ਤੇ ਰਾਜੇ ਵਜ਼ੀਰ ਦਾ ਮੈਨੂੰ ਉਨ੍ਹਾਂ ਤੋਂ ਹੀ ਪਤਾ ਲੱਗਾ। ਕਦੀ ਕਦੀ ਅਸੀਂ ਸਰੋਵਰ ਦੀ ਪਰਿਕਰਮਾ ਵਿੱਚ ਸ਼ਤਰੰਜ ਖੇਡਦੇ ਹੋਣਾ ਤਾਂ ਕਿਸੇ ਸੜੀਅਲ ਸਿੱਖ ਨੇ ਇਵੇਂ ਦੇਖਣਾ, ਜਿਵੇਂ ਅਸੀਂ ਜੂਆ ਖੇਡਦੇ ਹੋਈਏ। ਤੇਗ ਸਾਹਿਬ ਤਾੜ ਜਾਂਦੇ ਤੇ ਆਖਦੇ, 'ਇਨ੍ਹਾਂ ਨੂੰ ਪਰਿਕਰਮਾ 'ਚ ਸ਼ਤਰੰਜ ਚੁਭਦੀ ਹੈ, ਹੱਟੀ ਅੰਦਰ ਬੇਈਮਾਨੀ ਨਹੀਂ ਚੁਭਦੀ।

ਉਨ੍ਹਾਂ ਨੇ ਮੈਨੂੰ ਸ਼ਤਰੰਜ ਦਿਖਾਈ ਵੀ ਤੇ ਸਿਖਾਈ ਵੀ; ਮੇਰੇ ਨਾਲ ਅਕਸਰ ਖੇਡਦੇ ਤੇ ਮੈਨੂੰ ਹਰਾ ਦਿੰਦੇ। ਸਿਰਫ ਇੱਕ ਬਾਰ, ਪਤਾ ਨਹੀਂ, ਮੈਂ ਕਿਵੇਂ ਜਿੱਤ ਗਿਆ; ਉਹ ਕਹਿਣ ਲੱਗੇ 'ਹੁਣ ਤੈਨੂੰ ਸ਼ਤਰੰਜ ਆ ਗਈ'। ਮੈਂ ਸਮਝਦਾ ਸੀ ਕਿ ਉਨ੍ਹਾਂ ਨੇ ਮੈਨੂੰ ਆਪ ਹੀ ਅਵੇਸਲੇ ਜਹੇ ਹੋ ਕੇ ਜਿਤਾ ਦਿੱਤਾ ਸੀ। ਉਹ ਸਾਡੀ ਆਖਰੀ ਬਾਜ਼ੀ ਸੀ।

ਗਿਆਨੀ ਦਿੱਤ ਸਿੰਘ ਦੇ ਇਲਾਵਾ ਉਹ ਭਾਈ ਕਾਹਨ ਸਿੰਘ ਨਾਭਾ ਤੇ ਪ੍ਰੋ. ਸਾਹਿਬ ਸਿੰਘ ਦੇ ਵੀ ਕਾਇਲ ਸਨ। ਮਹਾਨ ਕੋਸ਼ ਉਨ੍ਹਾਂ ਦੇ ਸਿਰਹਾਣੇ ਪਿਆ ਰਹਿੰਦਾ। ਕੋਈ ਗੱਲ ਛਿੜਦੀ ਉਹ ਝੱਟ ਮਹਾਨ ਕੋਸ਼ ਖੋਲ੍ਹ ਲੈਂਦੇ। ਹੋਰ ਤਾਂ ਹੋਰ, ਉਨ੍ਹਾਂ ਨੇ ਕਈਆਂ ਦੇ ਚਿਰੋਕਣੇ ਰੋਗ ਮਹਾਨ ਕੋਸ਼ 'ਚ ਲਿਖੇ ਨੁਸਖਿਆਂ ਨਾਲ਼ ਠੀਕ ਕਰ ਦਿੱਤੇ ਸਨ। ਕਈ ਲੋਕ ਉਨ੍ਹਾਂ ਨੂੰ ਬਹੁਤ ਵੱਡਾ ਹਕੀਮ ਸਮਝਦੇ। ਤ੍ਰਿਫਲ਼ਾ ਉਹ ਆਪ ਵੀ ਛਕਦੇ ਤੇ ਦੂਜਿਆਂ ਨੂੰ ਛਕਾਉਂਦੇ। ਤ੍ਰਿਫਲ਼ੇ ਦੇ ਗੁਣ ਹਮੇਸ਼ਾ ਉਨ੍ਹਾਂ ਦੀ ਜ਼ੁਬਾਨ 'ਤੇ ਰਹਿੰਦੇ।

ਕਾਲਜ ਦੇ ਪ੍ਰੋ. ਨਿਸ਼ਾਨ ਸਿੰਘ ਤੇ ਪ੍ਰੋ. ਗਜਿੰਦਰ ਸਿੰਘ ਕਲਾਸਾਂ ਛੱਡ ਛੱਡ ਉਨ੍ਹਾਂ ਦੀ ਸੰਗਤ ਮਾਣਦੇ ਤੇ ਗੁਰਮਤਿ ਗਿਆਨ ਸਿੱਖਦੇ। ਤੇਗ ਸਾਹਿਬ ਵੀ ਖੁਸ਼ ਹੁੰਦੇ ਕਿ ਉਹ ਪ੍ਰੋਫੈਸਰਾਂ ਨੂੰ ਕੁਝ ਸਿਖਾਉਂਦੇ ਹਨ; ਉਹ ਵੀ ਸਾਇੰਸ ਦਿਆਂ ਨੂੰ। ਉਹ ਸਾਇੰਸ ਦੀਆਂ ਕਈ ਗੱਲਾਂ ਇਨ੍ਹਾਂ ਨੂੰ ਪੁੱਛਦੇ ਤੇ ਅਗਲੇ ਦਿਨ ਕਥਾ ਵਿੱਚ ਵਖਿਆਨ ਕਰਦੇ। ਪ੍ਰੋਫੈਸਰ ਆਪਣੀਆਂ ਗੱਲਾਂ ਦਾ ਵਿਸਤਾਰ ਸੁਣ ਕੇ ਖੁਸ਼ ਹੁੰਦੇ ਤੇ ਉਨ੍ਹਾਂ ਨੂੰ ਲੱਗਦਾ ਕਿ ਉਹ ਵੀ ਕੋਈ ਸ਼ੈਅ ਹਨ। ਅਗਲੇ ਦਿਨ ਉਹੀ ਗੱਲਾਂ ਉਹ ਕਲਾਸਾਂ 'ਚ ਦੱਸਦੇ ਤੇ ਵਿਦਿਆਰਥੀ ਦੇਖਦੇ ਕਿ ਸਾਡੇ ਅਧਿਆਪਕ ਕਿੰਨੇ ਮਹਾਨ ਹਨ। ਕਾਲਜ ਅਤੇ ਗੁਰਦੁਆਰੇ ਦਰਮਿਆਨ ਗਿਆਨ ਦਾ ਸੰਵਾਦ ਜਾਰੀ ਰਹਿੰਦਾ।

ਦੀਵਾਨਾਂ ਦੀ ਹਾਜ਼ਰੀ ਭਰਨ ਉਹ ਦੂਰ-ਦੂਰ ਤਕ ਚਲੇ ਜਾਂਦੇ ਤੇ ਕਦੇ-ਕਦੇ ਮੈਨੂੰ ਨਾਲ਼ ਲੈ ਜਾਂਦੇ। ਉਹ ਵਾਰ-ਵਾਰ ਤਿੰਨ ਫੁੱਟੀ ਕਿਰਪਾਨ ਸੰਭਾਲਦੇ ਤੇ ਹਰ ਵਾਰ ਮੇਰੇ ਗੋਡੇ 'ਤੇ ਵੱਜਦੀ। ਉਨ੍ਹਾਂ ਆਖਣਾ 'ਦੇਖੀਂ'। ਮੈ ਕਹਿਣਾ 'ਕੋਈ ਨੀ ਜੀ'। ਕਦੇ ਕਦੇ ਉਨ੍ਹਾਂ ਦਾ ਮੋਟਰ ਸਾਈਕਲ ਬੰਦ ਹੋ ਜਾਣਾ ਤਾਂ ਉਨ੍ਹਾਂ ਨੇ ਹਿਲਾ ਹਲੂ ਕੇ ਚਲਾ ਲੈਣਾ ਤੇ ਕਹਿਣਾ 'ਘੋੜਾ ਬੜਾ ਅੜੀਅਲ ਜਾਨਵਰ ਹੈ'। ਉਨ੍ਹਾਂ ਲਈ ਮੋਟਰ ਸਾਈਕਲ ਵੀ ਜਾਨਵਰ ਹੀ ਸੀ।

ਦੀਵਾਨ ਵਿੱਚ ਪਹੁੰਚ ਕੇ ਉਨ੍ਹਾਂ ਨੇ ਸੰਗਤ ਵਿੱਚ ਬੈਠ ਜਾਣਾ। ਅਨੰਦ ਸਾਹਿਬ ਦੇ ਪਾਠ ਉਪਰੰਤ ਪਤਾ ਹੀ ਨਾ ਲੱਗਣਾ ਕਿਹੜੇ ਵੇਲੇ 'ਤੁਮ ਠਾਕੁਰ ਤੁਮ ਪੈ ਅਰਦਾਸ' ਕਰਦੇ ਕਰਦੇ ਤੇਗ ਸਾਹਿਬ ਨੇ ਆਪੇ ਹੀ ਅਰਦਾਸ ਲਈ ਆ ਖਲੋਣਾ ਤੇ ਜੈਕਾਰਾ ਗਜਾ ਕੇ ਮਾਹਰਾਜ ਦੀ ਤਾਬਿਆ ਬੈਠ ਜਾਣਾ। ਵਾਕ ਲੈਣਾ ਤੇ ਉਸਦੀ ਕਥਾ ਕਰਨੀ, ਜਿਸ ਵਿੱਚ ਸਾਡੀ ਸਿਆਸਤ, ਸਮਾਜਿਕਤਾ ਅਤੇ ਧਾਰਮਿਕਤਾ ਨੂੰ ਸੇਧਾਂ ਦੇਣੀਆਂ, ਨਵੀਂ ਪੀੜ੍ਹੀ ਨੂੰ ਤਾੜਨਾ ਕਰਨੀ, ਵਹਿਮਾਂ ਭਰਮਾਂ ਦਾ ਖੰਡਨ ਕਰਨਾ, ਪ੍ਰਵਾਣਤ ਰਹਿਤ ਮਰਿਯਾਦਾ ਦੀ ਲੋੜ 'ਤੇ ਜ਼ੋਰ ਦੇਣਾ ਤੇ ਬਾਣੀ ਦੇ ਹਵਾਲਿਆਂ ਦੀ ਵਰਖਾ ਕਰ ਦੇਣੀ। ਧੰਨ ਧੰਨ ਹੋ ਜਾਣੀ। 

ਛਿੜੇ ਦੀਵਾਨ ਵਿੱਚ ਤੇਗ ਸਾਹਿਬ ਦੀਆਂ ਗੱਲਾਂ ਦੀ ਚਰਚਾ ਹੋਣੀ; ਹੋਰ ਕਿਸੇ ਨੇ ਕੀ ਕਿਹਾ ਸਭ ਭੁੱਲ ਭੁਲਾ ਜਾਣਾ। ਮੇਲਾ ਲੁੱਟਣਾ ਤਾਂ ਸੁਣਿਆ ਸੀ, ਤੇਗ ਸਾਹਿਬ ਦੀਵਾਨ ਲੁੱਟ ਲੈਂਦੇ। ਕਥਾ ਕਰਦਿਆਂ ਕਈ ਸ਼ਰਧਾਲੂ ਉਨ੍ਹਾਂ ਅੱਗੇ ਮਾਇਆ ਅਰਪਣ ਕਰਦੇ ਤਾਂ ਉਹ ਇਸਨੂੰ ਮਨਮੱਤ ਸਮਝਦੇ ਹੋਏ ਚੁੱਕ ਕੇ ਮਹਾਰਾਜ ਦੇ ਅੱਗੇ ਅਰਪਣ ਕਰ ਦਿੰਦੇ। ਤੇਗ ਸਾਹਿਬ ਮਹੀਨ ਗੱਲਾਂ ਦੇ ਵੱਡੇ ਸਿਦਕਵਾਨ ਵਿਦਵਾਨ ਸਨ।

ਉਨ੍ਹਾਂ ਦੇ ਵਖਿਆਨ ਅਕਸਰ ਮਨ ਦੇ ਵਿਸ਼ੇ ਵਿਚ ਉਤਰ ਜਾਂਦੇ। ਉਹ ਮਾਨਵੀ ਮਾਨਸਿਕ ਕਮਜੋਰੀਆਂ ਦੀ ਬੜੀ ਮਹੀਨ ਵਿਆਖਿਆ ਕਰਦੇ। ਕਦੇ-ਕਦੇ ਝੌਲ਼ਾ ਜਿਹਾ ਪੈਂਦਾ, ਜਿਵੇਂ ਉਹ ਮੈਨੇਜਰ ਨਾਲ਼ੋਂ ਮਨੋਵਿਗਿਆਨ ਦਾ ਪ੍ਰੋਫੈਸਰ ਹੋਵੇ। ਉਨ੍ਹਾਂ ਨੇ ਇਸੇ ਵਿਸ਼ੇ ਨਾਲ ਸਬੰਧਤ 'ਮਨ ਰਾਜਾ ਸੁਲਤਾਨ' ਕਿਤਾਬ ਵੀ ਲਿਖੀ ਸੀ, ਜਿਸ ਦਾ ਜ਼ਿਕਰ ਕਰਨਾ ਉਹ ਕਦੇ ਨਾ ਭੁੱਲਦੇ। 

ਉਹ ਗਿਆਨੀ ਪਾਸ ਸਨ ਤੇ ਉਹ ਹਮੇਸ਼ਾ ਇਤਰਾਜ਼ ਕਰਦੇ ਕਿ ਲੋਕੀਂ ਹਰ ਸਿੱਖ ਨੂੰ ਗਿਆਨੀ ਕਹਿ ਦਿੰਦੇ ਹਨ।  ਉਹ ਅੰਗਰੇਜ਼ੀ ਨਹੀਂ ਸੀ ਜਾਣਦੇ। ਇਸ ਗੱਲ ਦਾ ਪਤਾ ਉਦੋਂ ਲੱਗਦਾ ਜਦ ਉਹ ਕਿਸੇ ਗੱਲ ਦੇ ਜਵਾਬ ਵਿੱਚ 'ਨੋ' ਦੀ ਬਜਾਏ ਦੋ ਬਾਰ 'ਨੌਟ ਨੌਟ' ਆਖਦੇ। ਮੈਂ ਇੱਕ ਵਾਰ ਉਨ੍ਹਾਂ ਨੂੰ ਦੱਸਿਆ ਵੀ ਕਿ 'ਤੇਗ ਸਾਹਿਬ “ਨੌਟ”ਨਹੀਂ ਨੋ ਕਿਹਾ ਕਰੋ'। ਕਹਿਣ ਲੱਗੇ 'ਨਹੀਂ, ਸਿੰਘਾਂ ਦਾ ਨੌਟ ਹੀ ਹੁੰਦਾ'।

ਉਹ ਖ਼ੁਦ ਨੂੰ ਪ੍ਰਿੰਸੀਪਲ ਸਾਹਿਬ ਸਿੰਘ ਦਾ ਪੇਟ-ਘਰੋੜੀ ਦਾ ਵਿਦਿਆਰਥੀ ਦੱਸ ਕੇ ਖੁਸ਼ ਹੁੰਦੇ। ਉਨ੍ਹਾਂ ਕੋਲ਼ ਸਾਹਿਬ ਸਿੰਘ ਦੀਆਂ ਕਈ ਚਿੱਠੀਆਂ ਸਨ, ਜਿਨ੍ਹਾਂ ਨੂੰ ਉਹ ਕੀਮਤੀ ਖ਼ਜ਼ਾਨੇ ਦੀ ਤਰਾਂ ਸਾਂਭ ਸਾਂਭ ਰੱਖਦੇ। ਇਸ ਮੁਹੱਬਤੀ ਦੀਖਿਆ ਰਾਹੀਂ ਉਨ੍ਹਾਂ ਨੇ ਗੁਰਬਾਣੀ ਨੂੰ ਸਮਝਣ ਲਈ ਵਿਆਕਰਣਿਕ ਸੂਝ ਬੂਝ ਹਾਸਲ ਕੀਤੀ ਹੋਈ ਸੀ, ਜਿਸਦਾ ਇਸਤੇਮਾਲ ਬੜੇ ਫ਼ਖ਼ਰ ਨਾਲ਼ ਕਰਦੇ।

ਉਹ ਲੰਮਾਂ ਸਮਾਂ ਇੰਗਲੈਂਡ ਵਿਚ ਰਹੇ, ਪਰ ਉਥੋਂ ਦੀ ਸਿੱਖ ਆਬੋਹਵਾ ਰਾਸ ਨਾ ਆਈ। ਉਥੋਂ ਦੇ ਰਹਿਣ ਸਹਿਣ 'ਤੇ ਉਹ ਗੁਰ ਮਰਿਯਾਦਾ ਦੇ ਟੀਕੇ ਲਾਉਂਦੇ ਰਹਿੰਦੇ, ਜਿਸ ਨੂੰ ਕੋਈ ਬਰਦਾਸ਼ਤ ਨਾ ਕਰਦਾ; ਜਿਵੇਂ ਟੀਕੇ ਰੀਐਕਸ਼ਨ ਕਰਦੇ ਹੋਣ। ਉਹ ਦੁਖੀ ਮਨ ਨਾਲ਼ ਵਾਪਸ ਪਰਤ ਆਏ ਤੇ ਆਪਣੇ ਪਿੰਡ ਖੇਤੀ ਕਰਨ ਲੱਗ ਪਏ। ਖੇਤੀ ਨੂੰ ਉਨ੍ਹਾਂ ਨੇ ਵਪਾਰ ਨਾ ਬਣਾਇਆ, ਬਲਕਿ ਸੇਵਾ ਭਾਵ ਹੀ ਜਾਰੀ ਰੱਖਿਆ। ਉਹ ਲੋੜਵੰਦਾਂ ਦੀਆਂ ਗਰਜਾਂ ਪੂਰੀਆਂ ਕਰਦੇ ਤੇ ਕਈ ਗਰੀਬ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਦੇ। ਕਿਸੇ ਕਿਸੇ ਨੂੰ ਉਹ ਕਿਤਾਬਾਂ ਤੱਕ ਲੈ ਦਿੰਦੇ। ਇਲਾਕੇ ਭਰ ਵਿੱਚ ਵਿੱਚ ਉਹ ਇਸ ਕਰਤੱਵ ਲਈ ਜਾਣੇ ਜਾਂਦੇ।

ਕਈ ਦਫ਼ਾ ਉਹ ਮੈਨੂੰ ਫ਼ੋਨ ਕਰਕੇ ਪੁੱਛਦੇ, 'ਅਵਤਾਰ ਸਿਹਾਂ, ਤੁਹਾਡੇ ਕਾਲਜ ਬੀਏ. ਦੀ ਫ਼ੀਸ ਕਿੰਨੀ ਹੈ? ਮੈਂ ਕਿਹਾ ਸਹੁਰੇ ਵਾਧੂ ਨਾ ਲਈ ਜਾਣ'। ਉਨ੍ਹਾਂ ਦੀ ਬੋਲਬਾਣੀ ਇੰਨੀ ਸੁਭਾਉਕੀ ਤੇ ਨਿਰਮਲ ਸੀ ਕਿ ਉਹ ਕਦੇ ਵੀ 'ਸਹੁਰੇ' ਤੋਂ ਅਗਲੀ (ਅੰਗਰੇਜ਼ੀ/ਪੰਜਾਬੀ) ਗਾਲ਼ ਨਾ ਕੱਢਦੇ।

ਉਹ ਮੇਰੇ ਨਾਲ ਫੇਸਬੁੱਕ 'ਤੇ ਜੁੜੇ ਹੋਏ ਸਨ ਤੇ ਅਕਸਰ ਮੇਰੀ ਪੋਸਟ ਦੀ  ਰੱਜ ਰੱਜ ਤਾਰੀਫ ਕਰਦੇ। ਮੈਂ ਉਨ੍ਹਾਂ ਦੇ ਵਿਚਾਰ ਵਿੱਚ ਮੀਨ ਮੇਖ ਕੱਢਦਾ ਤਾਂ ਉਹ ਬੁਰਾ ਨਾ ਮਨਾਉਂਦੇ। ਉਹ ਬੜੇ ਜ਼ਿੰਦਾ-ਦਿਲ ਇਨਸਾਨ ਅਤੇ ਵਿਦਵਾਨ ਸਨ। ਬੇਸ਼ੱਕ ਉਨ੍ਹਾਂ ਨੂੰ ਕਦੀ ਸਿਆਸਤ ਰਾਸ ਨਾ ਆਈ, ਪਰ ਉਹ ਵੀ ਕਦੇ ਸਿਆਸਤ ਤੋਂ ਬਾਜ ਨਾ ਆਏ। ਸਿਆਸਤ ਉਨ੍ਹਾਂ ਪਿੱਛੇ ਤੇ ਉਹ ਸਿਆਸਤ ਪਿੱਛੇ ਪਏ ਰਹੇ; ਦੋਵੇਂ ਇੱਕ ਦੂਜੇ ਨੂੰ ਦਰੁਸਤ ਕਰਨ ਲੱਗੇ ਰਹੇ।

ਮਾਨ ਅਕਾਲੀ ਦਲ ਦੀ ਟਿਕਟ ਮਿਲੀ ਤਾਂ ਉਹ ਬੁਰੀ ਤਰ੍ਹਾਂ ਹਾਰ ਗਏ। ਨਿਰਾਸ਼ ਨਹੀਂ ਹੋਏ ਤੇ ਕਹਿੰਦੇ 'ਅੰਮ੍ਰਿਤਸਰ ਤਾਂ ਐਵੇਂ ਬੁਰਕਾ ਹੀ ਆ, ਵਿੱਚੋਂ ਕਹਾਣੀ ਹੋਰ ਆ'। ਸਿੱਖ ਸਿਆਸਤ ਦੀ ਕਹਾਣੀ ਉਨ੍ਹਾਂ ਨੂੰ ਸਮਝ ਆ ਚੁੱਕੀ ਸੀ। ਉਹ ਹੁਣ ਸਿੱਖ ਸਮਾਜਿਕਤਾ 'ਤੇ ਵਧੇਰੇ ਪਹਿਰਾ ਦਿੰਦੇ ਤੇ ਇਸੇ ਦਾ ਫਿਕਰ ਕਰਦੇ। ਕਈ ਵਾਰ ਫ਼ੋਨ 'ਤੇ ਆਖਦੇ, 'ਜੇ ਸਾਡਾ ਸਮਾਜ ਠੀਕ ਹੋ ਜਾਵੇ ਤਾਂ ਸਭ ਠੀਕ ਹੋ ਜਾਵੇ'।  ਜੇ ਉਹ ਹੋਰ ਕਿਤਾਬ ਲਿਖਦੇ ਤਾਂ ਉਹ ਸਿਆਸਤ 'ਤੇ ਨਹੀਂ, ਬਲਕਿ ਸਾਡੀ ਸਮਾਜਿਕਤਾ 'ਤੇ ਹੋਣੀ ਸੀ। ਪਰ ਵਿਧਾਤਾ ਨੂੰ ਇਹ ਮਨਜ਼ੂਰ ਨਹੀਂ ਸੀ। ਸਿਆਸਤ ਨੇ ਸਾਡੀ ਸਮਾਜਿਕਤਾ ਨੂੰ ਹਾਲੇ ਹੋਰ ਮਧੋਲਣਾ ਹੈ। ਹਾਲੇ ਅਸੀਂ ਹੋਰ ਠੇਡੇ ਖਾਣੇ ਹਨ।  

ਪਤਾ ਲੱਗਾ ਕਿ ਉਹ ਰਾਹੋਂ ਤੋਂ ਆਪਣੇ ਪਿੰਡ ਭਾਲ਼ਟੇ ਨੂੰ ਆ ਰਹੇ ਸਨ ਕਿ ਮੋਟਰ ਸਾਈਕਲ ਦੀ ਦੁੱਗ ਦੁੱਗ ਦਗਾ ਦੇ ਗਈ। ਪਿੱਛੋਂ ਆਉਂਦੇ ਵਹੀਕਲ ਦੀ ਅਵਾਜ਼ ਨਾ ਸੁਣੀ ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਸਿਰ ਵਿੱਚ ਸੱਟ ਲੱਗੀ ਤੇ ਬੇਹੋਸ਼ ਹੋ ਗਏ। ਲੁਧਿਆਣੇ ਦਾ ਦਇਆਨੰਦ ਹਸਪਤਾਲ ਰਾਸ ਨਾ ਆਇਆ; ਉਹ ਕੌਮਾਂ 'ਚ ਗਏ ਤੇ ਕੌਮਾਂ 'ਚ ਆ ਗਏ। ਉਹ ਦਇਆਨੰਦ ਦਾ ਨਾਂ ਸੁਣਨੋ ਬਚ ਗਏ। ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ 'ਸੇਵਾ ਕਰ ਲਉ'। 

ਸੇਵਾ ਉਨ੍ਹਾਂ ਦੀ ਬੇਹੋਸ਼ੀ ਤੋੜ ਨਾ ਸਕੀ। ਮਹੀਨੇ ਤੋਂ ਉੱਪਰ ਉਹ ਕੌਮਾਂ ਵਿਚ ਰਹੇ। ਅਖੀਰ ਕੌਮਾਂ ਫੁੱਲਸਟੌਪ ਵਿੱਚ ਤਬਦੀਲ ਹੋ ਗਿਆ। ਖ਼ਬਰ ਮਿਲੀ ਕਿ ਉਹ ਨਹੀਂ ਰਹੇ। ਮਨ ਉਦਾਸ ਹੋ ਗਿਆ ਤੇ ਯਾਦਾਂ ਦੀ ਨਦੀ ਵਿੱਚ ਰੁੜ ਗਿਆ। ਮੇਰੇ ਅੰਦਰ ਤੇਗ ਸਾਹਿਬ ਦੀ ਸਿਮਰਤੀ ਜਾਗ ਪਈ ਤੇ ਕਾਗ਼ਜ਼ ਦੀ ਤਲਾਸ਼ ਕਰਨ ਲੱਗੀ।

ਉਦਾਸ ਮਨ ਨੇ ਆਖਿਆ ਕਿ ਹੁਣ ਹੋਰ ਗਿਆਨੀ ਤੇਗਾਂ ਜਨਮ ਲੈਣਗੀਆਂ, ਜਾਹੋ ਜਲਾਲ ਵਿੱਚ ਆਉਣਗੀਆਂ ਤੇ ਸਾਡੇ ਸਮਾਜ ਨੂੰ ਇਸ ਕਦਰ ਉਬਾਰ ਦੇਣਗੀਆਂ ਕਿ ਸਿਆਸਤ ਨੂੰ ਸਿਆਸਤ ਸਿਖਾ ਦੇਣਗੀਆਂ। ਬੁਰਕੇ ਲੱਥ ਜਾਣਗੇ ਤੇ ਸਭ ਆਖਣਗੇ-ਜੈ ਤੇਗੰ ਜੈ ਤੇਗੰ।।