ਭਾਰਤ 'ਚ ਮੋਦੀ ਦੀ ਜਿੱਤ ਤੋਂ ਬਾਅਦ ਹਮਲਾਵਰ ਹੋਇਆ ਹਿੰਦੂਤਵ

ਭਾਰਤ 'ਚ ਮੋਦੀ ਦੀ ਜਿੱਤ ਤੋਂ ਬਾਅਦ ਹਮਲਾਵਰ ਹੋਇਆ ਹਿੰਦੂਤਵ

ਮਨਜੀਤ ਸਿੰਘ ਟਿਵਾਣਾ

ਸਵਾ ਕੁ ਮਹੀਨਾ ਹੀ ਹੋਇਆ ਹੈ ਕਿ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਲਗਾਤਾਰ ਦੂਜੀ ਵਾਰ ਕੇਂਦਰ ਦੀ ਸੱਤਾ ਉਤੇ ਬਿਰਾਜਮਾਨ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਸ ਪਾਰਟੀ ਦੀ ਪਹਿਲੀ ਸਰਕਾਰ ਦੇ ਪੰਜ ਸਾਲ ਦਾ ਦੇਸ਼ ਦੀਆਂ ਘੱਟ ਗਿਣਤੀਆਂ ਪ੍ਰਤੀ ਰਿਕਾਰਡ ਬਹੁਤ ਹੀ ਮਾੜਾ ਰਿਹਾ ਹੈ। ਪੂਰੇ ਪੰਜ ਸਾਲ ਹੀ ਕੱਟੜਵਾਦੀ ਹਿੰਦੂ ਸੋਚ ਵਾਲੀਆਂ ਜਥੇਬੰਦੀਆਂ ਪੂਰੇ ਦੇਸ਼ ਵਿਚ ਹੀ ਦਨਦਨਾਉਂਦੀਆਂ ਰਹੀਆਂ ਤੇ ਘੱਟ ਗਿਣਤੀ ਭਾਈਚਾਰਿਆਂ ਨੂੰ ਸ਼ਰ੍ਹੇਆਮ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਅਜਿਹੀਆਂ ਘਟਨਾਵਾਂ ਉਤੇ ਪ੍ਰਧਾਨ ਮੰਤਰੀ ਅਕਸਰ ਚੁੱਪ ਹੀ ਰਹੇ ਤੇ ਇਹ ਇਕ ਤਰ੍ਹਾਂ ਨਾਲ ਹਿੰਦੂਤਵੀ ਹਿੰਸਾ ਨੂੰ ਮੂਕ ਸਹਿਮਤੀ ਦੇਣ ਵਰਗਾ ਸੀ। ਇਥੋਂ ਤਕ ਕਿ ਸਰਕਾਰ ਦੇ ਕਈ ਮੰਤਰੀ ਤੇ ਭਾਜਪਾ ਆਗੂ ਸ਼ਰੇਆਮ ਹਿੰਦੂਤਵੀਆਂ ਦੇ ਹੱਕ ਵਿਚ ਬੋਲਦੇ ਤੇ ਖੜ੍ਹਦੇ ਵੀ ਰਹੇ। 

ਹੁਣ ਜਦੋਂ ਨਰਿੰਦਰ ਮੋਦੀ ਦੀ ਹੀ ਅਗਵਾਈ ਵਿਚ ਦੁਬਾਰਾ ਭਾਜਪਾ ਦੀ ਸਰਕਾਰ ਬਣੀ ਹੈ, ਤਾਂ ਹਾਲਾਤ ਪਹਿਲਾਂ ਤੋਂ ਵੀ ਬਦਤਰ ਤੇ ਸੰਗੀਨ ਰੂਪ ਧਾਰਨ ਕਰਦੇ ਜਾ ਰਹੇ ਹਨ।  ਮਹੀਨੇ ਕੁ ਦੇ ਵਕਫੇ ਵਿਚ ਹੀ ਘੱਟ ਗਿਣਤੀਆਂ ਨੂੰ ਕਦੇ ''ਜੈ ਸ਼੍ਰੀਰਾਮ” ਦੇ ਨਾਹਰੇ ਦੇ ਨਾਮ ਉਤੇ, ਕਦੇ ਗਊ ਰੱਖਿਆ ਤੇ ਕਦੇ ਹੋਰ ਬਹਾਨੇ ਨਿਸ਼ਾਨੇ ਉਤੇ ਲੈ ਕੇ ਭਾਰੀ ਮਾਰ ਕੁੱਟ ਕਰਨ ਤੇ ਜਾਨੋਂ ਮਾਰ ਦੇਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। 

ਜੇਕਰ ਇਸ ਤਾਜ਼ਾ ਹਿੰਸਾ ਦੇ ਵਰਤਾਰੇ ਨੂੰ ਹੋਰ ਗਹਿਰਾਈ ਨਾਲ ਸਮਝਣਾ ਹੋਵੇ ਤਾਂ ਹਾਲ ਹੀ ਵਿਚ ਨਰਿੰਦਰ ਮੋਦੀ ਤੇ ਭਾਜਪਾ ਦੀ ਜਿੱਤ ਉਤੇ ਵਿਸ਼ਵ ਦੇ ਨਾਮੀ ਮੀਡੀਆ ਦੀਆਂ ਭਾਵਪੂਰਤ ਟਿੱਪਣੀਆਂ ਸਾਨੂੰ ਗਹਿਰੇ ਇਸ਼ਾਰੇ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਅਮਰੀਕਾ ਦੇ ਨਾਮਵਰ ਅਖਬਾਰ 'ਵਾਸ਼ਿੰਗਟਨ ਪੋਸਟ' ਮੁਤਾਬਿਕ ਨਰਿੰਦਰ ਮੋਦੀ ਦੀ ਜਿੱਤ ਉਸ ਧਾਰਮਿਕ ਰਾਸ਼ਟਰਵਾਦ ਦੀ ਜਿੱਤ ਹੈ ਜਿਸ ਵਿਚ ਭਾਰਤ ਨੂੰ ਧਰਮ ਨਿਰਪੱਖਤਾ ਦੀ ਰਾਹ ਤੋਂ ਵੱਖ ਹਿੰਦੂ ਰਾਸ਼ਟਰ ਦੇ ਰੂਪ ਵਿਚ ਦੇਖਿਆ ਜਾਣ ਲੱਗਿਆ ਹੈ। ਇਕ ਹੋਰ ਅਮਰੀਕੀ ਅਖਬਾਰ 'ਨਿਊਯਾਰਕ ਟਾਈਮਜ਼' ਨੇ ਨਰਿੰਦਰ ਮੋਦੀ ਦੀ ਜਿੱਤ 'ਤੇ ਇਕ ਵਿਸ਼ੇਸ਼ ਰਿਪੋਰਟ 'ਭਾਰਤ ਦੇ ਚੌਕੀਦਾਰ ਨਰਿੰਦਰ ਮੋਦੀ ਦੀ ਇਤਿਹਾਸਕ ਜਿੱਤ' ਸਿਰਲੇਖ ਦੇ ਨਾਲ ਛਾਇਆ ਕੀਤੀ ਸੀ। ਇਸ ਰਿਪੋਰਟ ਵਿਚ ਲਿਖਿਆ ਗਿਆ ਕਿ ਮੋਦੀ ਨੇ ਪੂਰੇ ਚੋਣ ਪ੍ਰਚਾਰ ਵਿਚ ਆਪਣੇ ਆਪ ਨੂੰ ਭਾਰਤ ਦਾ ਚੌਕੀਦਾਰ ਦੱਸਿਆ ਜਦਕਿ ਉਹਨਾਂ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਦੀਆਂ ਘੱਟ ਗਿਣਤੀਆਂ ਨੇ ਆਪਣੇ-ਆਪ ਨੂੰ ਕਦੇ ਵੀ ਸੁਰੱਖਿਅਤ ਮਹਿਸੂਸ ਨਹੀਂ ਸੀ ਕੀਤਾ। ਬ੍ਰਿਟੇਨ ਦੇ ਪ੍ਰਸਿੱਧ ਅਖਬਾਰ 'ਦ ਗਾਰਡਿਅਨ' ਨੇ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਲਿਖਿਆ ਕਿ ਮੋਦੀ ਦੀ ਅਸਧਾਰਨ ਪ੍ਰਸਿੱਧੀ ਦੇ ਚਲਦਿਆਂ ਭਾਰਤੀ ਸਿਆਸਤ ਹੁਣ ਹਿੰਦੂ ਰਾਸ਼ਟਰਵਾਦ ਦੇ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਅਖਬਾਰ ਨੇ ਆਪਣੀ ਸੰਪਾਦਕੀ ਵਿਚ ਮੋਦੀ 'ਤੇ ਸਖ਼ਤ ਟਿੱਪਣੀ ਕੀਤੀ। ਇਸ ਦੇ ਮੁਤਾਬਿਕ ਬ੍ਰੈਗਜ਼ਿਟ, ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਸਫਲਤਾ ਦਾ ਬੀਜ ਸਥਾਨਕ ਨਸਲਵਾਦ ਅਤੇ ਅਸਮਾਨਤਾ ਦੁਆਰਾ ਬੋਇਆ ਗਿਆ ਹੈ। 'ਦ ਗਾਰਡੀਅਨ' ਨੇ ਇਕ ਹੋਰ ਸੰਪਾਦਕੀ ਵਿਚ ਲਿਖਿਆ ਕਿ ਭਾਰਤ ਦੀ ਆਤਮਾ ਲਈ ਮੋਦੀ ਦੀ ਜਿੱਤ ਬੁਰੀ ਹੈ। ਅਖਬਾਰ ਨੇ ਸਾਫ ਤੌਰ 'ਤੇ ਲਿਖਿਆ ਹੈ ਕਿ ਦੁਨੀਆ ਨੂੰ ਇਕ ਹੋਰ ਪ੍ਰਸਿੱਧ ਰਾਸ਼ਟਰਵਾਦੀ ਨੇਤਾ ਦੀ ਜ਼ਰੂਰਤ ਨਹੀਂ ਹੈ ਜੋ ਕਿ ਕਿਸੇ ਵੀ ਘੱਟ ਗਿਣਤੀ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਦਾ ਹੋਵੇ। ਭਾਰਤੀ ਲੋਕ ਸਭਾ ਸਭਾ ਚੋਣਾਂ ਤੋਂ ਪਹਿਲਾਂ ਅਮਰੀਕਾ ਸਰਕਾਰ ਦੇ ਵਿਦੇਸ਼ ਵਿਭਾਗ ਨੇ ਸਾਰੇ ਦੇਸ਼ਾਂ ਅੰਦਰ ਧਾਰਮਕ ਆਜ਼ਾਦੀ ਬਾਰੇ ਰਿਪੋਰਟ ਜਾਰੀ ਕੀਤੀ ਸੀ। ਇਸ ਵਿਚ ਵੀ ਭਾਰਤ ਅੰਦਰ ਫ਼ਿਰਕੂਵਾਦ ਫੈਲਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਸੀ। ਰਿਪੋਰਟ ਮੁਤਾਬਕ ਭਾਰਤ ਵਿਚ ਧਾਰਮਕ ਆਜ਼ਾਦੀ ਅਤੇ ਵੱਖਵਾਦੀ ਫ਼ਿਰਕੂ ਸੋਚ ਹਾਵੀ ਹੈ। ਇਸ ਵਿਚ ਕੇਂਦਰ ਸਰਕਾਰ ਉਤੇ ਇਸ ਫ਼ਿਰਕੂ ਸੋਚ ਨੂੰ ਵਧਾਉਣ ਅਤੇ ਉਤਸ਼ਾਹਤ ਕਰਨ ਦੀ ਸਿੱਧੀ ਜ਼ਿੰਮੇਵਾਰੀ ਵੀ ਮੜ੍ਹੀ ਗਈ ਹੈ।

ਅਕਸਰ ਹੀ ਕਿਹਾ ਜਾਂਦਾ ਹੈ ਕਿ ਭਾਰਤ ਦੀ ਸਹਿਣਸ਼ੀਲਤਾ ਸਦੀਆਂ ਪੁਰਾਣੀ ਹੈ। ਇਹ ਗੰਗਾ-ਯਮੁਨਾ ਦੀ ਸਾਂਝੀ ਤਹਿਜ਼ੀਬ ਹੈ। ਇਥੇ ਹਰ ਇਕ ਨੂੰ ਗਲੇ ਨਾਲ ਹੀ ਲਗਾਇਆ ਜਾਂਦਾ ਹੈ। ਦਰਅਸਲ ਇਹ ਵੀ ਇਥੋਂ ਦੇ ਚਾਣਕਿਆਵਾਦੀਆਂ ਦਾ ਮਿੱਥਕ ਜੁਮਲਾ ਹੀ ਹੈ। ਅਜਿਹਾ ਕਹਿਣ ਵਾਲੇ ਬੜੀ ਅਸਾਨੀ ਨਾਲ ਭੁੱਲ ਜਾਂਦੇ ਹਨ ਕਿ ਦਲਿਤਾਂ ਨੂੰ ਅਛੂਤ ਕਹਿ ਕੇ ਜੋ ਸਲੂਕ ਸਦੀਆਂ ਤੋਂ ਉਨ੍ਹਾਂ ਨਾਲ ਇਸ ਧਰਤੀ ਉਤੇ ਕੀਤਾ ਗਿਆ, ਦੁਨੀਆ ਵਿਚ ਹੋਰ ਕਿਸੇ ਸਮਾਜ ਵਿਚ, ਇਸ ਤਰ੍ਹਾਂ ਕਿਸੇ ਨਾਲ ਨਹੀਂ ਹੋਇਆ। ਸਦੀਆਂ ਪਹਿਲਾਂ ਬੋਧੀਆਂ ਨੂੰ ਜਿਵੇਂ ਜ਼ਿੰਦਾ ਸਾੜਿਆ ਗਿਆ, ਸਿੱਖਾਂ ਨਾਲ ਹੁਣੇ-ਹੁਣੇ ਸੰਨ 1984 ਵਿਚ ਜੋ ਕੁਝ ਕੀਤਾ ਗਿਆ ਤੇ ਮੁਸਲਮਾਨਾਂ ਨਾਲ ਸੰਨ 2002 ਵਿਚ ਜੋ ਹੋਇਆ, ਸਭ ਤਵਾਰੀਖ ਵਿਚ ਦਰਜ ਹੈ। 

ਹੁਣੇ ਜਿਹੇ ਕਿੰਨੇ ਹੀ ਹਾਦਸੇ ਸਾਡੇ ਸਾਹਮਣੇ ਆ ਚੁੱਕੇ ਹਨ ਅਤੇ ਮੋਦੀ ਦੀ ਜਿੱਤ ਤੋਂ ਬਾਅਦ ਫ਼ਿਰਕੂਵਾਦ ਹੋਰ ਤਾਕਤਵਰ ਮਹਿਸੂਸ ਕਰ ਰਿਹਾ ਹੈ। ਇਸ ਤਰ੍ਹਾਂ ਦੇ ਅਪਰਾਧਾਂ 'ਚ ਸਾਲ 2014 ਤੋਂ ਬਾਅਦ 554 ਫ਼ੀ ਸਦੀ ਵਾਧਾ ਹੋਇਆ ਹੈ। ਰਾਸ਼ਟਰਵਾਦ ਦੇ ਨਾਂ 'ਤੇ ਨਫ਼ਰਤ ਨੂੰ ਹਵਾ ਦੇਣਾ ਤਾਂ ਪਾਪ ਹੈ ਹੀ ਪਰ ਜ਼ਿੰਮੇਵਾਰ ਅਹੁਦਿਆਂ ਉਤੇ ਬੈਠੇ ਲੋਕਾਂ ਦਾ ਉਸ ਤੋਂ ਮੂੰਹ ਪਰੇ ਕਰ ਲੈਣਾ ਘੋਰ ਪਾਪ ਮੰਨਿਆ ਜਾਂਦਾ ਹੈ। ਆਪਣੇ ਮਨੁੱਖੀ ਅਧਿਕਾਰਾਂ ਦੀ ਆੜ ਹੇਠ ਕਿਸੇ ਹੋਰ ਦੇ ਅਧਿਕਾਰਾਂ ਨੂੰ ਕੁਚਲਣਾ ਵੱਡਾ ਗੁਨਾਹ ਹੀ ਹੁੰਦਾ ਹੈ। 

ਅਜਿਹੀਆਂ ਘਟਨਾਵਾਂ ਨੇ ਇਹ ਸੁਆਲ ਖੜ੍ਹੇ ਕੀਤੇ ਹਨ ਕਿ ਕੀ ਇਹ ਦੇਸ਼ ਸਿਰਫ਼ ਹਿੰਦੂਆਂ ਦਾ ਹੈ? ਕੀ ਇਸ ਦੇਸ਼ ਦਾ ਕਾਨੂੰਨ, ਸਰਕਾਰ, ਸਰਕਾਰੀ ਮਸ਼ੀਨਰੀ ਵੀ ਸਿਰਫ਼ ਹਿੰਦੂਆਂ ਲਈ ਹੈ? ਦੇਸ਼ ਵਿਚ ਭਗਵੇਂ ਅੱਤਵਾਦ ਦੇ ਖ਼ੌਫ਼ ਨੂੰ ਗੂੜਾ ਕਰਨ ਦੀ ਰਣਨੀਤੀ ਉਤੇ ਜ਼ੋਰ-ਸ਼ੋਰ ਨਾਲ ਅਮਲ ਹੋ ਰਿਹਾ ਹੈ। ਇਕ ਤਾਂ ਇਸ ਨਾਲ ਭੋਲੇ-ਭਾਲੇ ਆਮ ਹਿੰਦੂਆਂ ਦੀਆਂ ਵੋਟਾਂ ਨੂੰ ਹਿੰਦੂਤਵੀਆਂ ਦੀ ਸਰਕਾਰ ਬਣਾਉਣ ਦੇ ਹੱਕ ਵਿਚ ਜ਼ਰਬਾਂ ਆਉਂਦੀਆਂ ਹਨ, ਦੂਜਾ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਨੂੰ ਕਿਸੇ ਵੀ ਤਰੀਕੇ ਹਿੰਦੂਆਂ ਵਿਚ ਜਜ਼ਬ ਕਰਨ ਦੀ ਸੰਘੀ ਸੋਚ ਨੂੰ ਬਲ ਮਿਲਦਾ ਹੈ। ਭਾਰਤ ਵਿਚ ਵਾਪਰੀਆਂ ਜਾਂ ਵਾਪਰ ਰਹੀਆਂ ਘਟਨਾਵਾਂ ਵਿਚੋਂ ਇਸ ਅਮਲ ਦੇ ਨਕਸ਼ ਸਹਿਜੇ ਹੀ ਪਹਿਚਾਣੇ ਜਾ ਸਕਦੇ ਹਨ। ਸਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਣਾਂ ਹਨ। ਸੁਨੇਹਾ ਸਾਫ ਹੈ ਕਿ ਅਸੀਂ ਹੁਣ ਇੰਝ ਹੀ ਕਰਾਂਗੇ। ਦਲਿਤ ਸਮਾਜ ਨੂੰ ਵੀ ਗੁੱਝੀ ਚਿਤਾਵਨੀ ਹੈ ਕਿ ਤੁਸੀਂ ਭਾਜਪਾ ਜਾਂ ਕਾਂਗਰਸ ਵਿਚ ਜਾ ਕੇ ਵੀ ਤਾ ਹੀ ਬਚ ਸਕਦੇ ਹੋ ਜੇ ਸੰਘ ਦੀ ਜੁੱਤੀ ਹੇਠ ਰਹਿਣਾ ਪਸੰਦ ਕਰੋਗੇ। ਕਿਸੇ ਵੀ ਧਿਰ ਨੂੰ ਹੁਣ ਭਗਵਿਆਂ ਦੇ ਅਸਲ ਨਿਸ਼ਾਨੇ ਬਾਰੇ ਕਿਸੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ