ਹਿੰਦ ਵਾਲਿਓ-ਪਾਕਿ ਵਾਲਿਓ, ਹਾੜ੍ਹਾ ਲੜਿਓ ਨਾ...

ਹਿੰਦ ਵਾਲਿਓ-ਪਾਕਿ ਵਾਲਿਓ, ਹਾੜ੍ਹਾ ਲੜਿਓ ਨਾ...

ਪੰਜਾਬੀ ਕਲਾਕਾਰ ਨਹੀਂ ਚਾਹੁੰਦੇ ਪਾਕਿ ਕਲਾਕਾਰਾਂ 'ਤੇ ਕੋਈ ਪਾਬੰਦੀ
ਸੰਗਰੂਰ/ਏਟੀ ਨਿਊਜ਼ :
ਕਸ਼ਮੀਰ 'ਚ ਪੁਲਵਾਮਾ ਵਿਖੇ ਬੀਤੀ 14 ਫ਼ਰਵਰੀ ਨੂੰ ਆਤਮਘਾਤੀ ਦਹਿਸ਼ਤਗਰਦ ਹਮਲੇ 'ਚ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸਮੁੱਚੇ ਭਾਰਤ ਵਿੱਚ ਇਸ ਵੇਲੇ ਪਾਕਿਸਤਾਨ–ਵਿਰੋਧੀ ਮਾਹੌਲ ਬਣਿਆ ਹੋਇਆ ਹੈ। ਬਾਲੀਵੁੱਡ ਨੇ ਪਾਕਿਸਤਾਨੀ ਕਲਾਕਾਰਾਂ ਦਾ ਬਾਈਕਾਟ ਕਰ ਦਿੱਤਾ ਹੈ ਤੇ ਹਿੰਦੀ ਫ਼ਿਲਮਾਂ ਨੂੰ ਪਾਕਿਸਤਾਨ ਵਿੱਚ ਰਿਲੀਜ਼ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ ਪਰ ਇਸ ਦੇ ਉਲਟ ਪੰਜਾਬੀ ਗਾਇਕ ਤੇ ਗੀਤਕਾਰ ਨਹੀਂ ਚਾਹੁੰਦੇ ਕਿ ਪਾਕਿਸਤਾਨੀ ਕਲਾਕਾਰਾਂ ਉੱਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਲੱਗੇ। ਉਹ ਦੋਵੇਂ ਦੇਸ਼ਾਂ ਵਿਚਾਲੇ ਅਮਨ ਚਾਹੁੰਦੇ ਹਨ ਤੇ ਸਭ ਕੁਝ ਪਹਿਲਾਂ ਵਰਗਾ ਜਾਰੀ ਰੱਖਣ ਦੇ ਚਾਹਵਾਨ ਹਨ।
ਉੱਘੇ ਪੰਜਾਬੀ ਗਾਇਕ ਹੈਪੀ ਰਾਏਕੋਟੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ਕਿ ''ਮੈਨੂੰ ਬਹੁਤ ਸਾਰੇ ਪਾਕਿਸਤਾਨੀ ਕਲਾਕਾਰ ਪਸੰਦ ਹਨ। ਸਾਨੂੰ ਵੀ ਉੱਧਰੋਂ ਬਹੁਤ ਪਿਆਰ ਮਿਲਦਾ ਹੈ। ਮੈਂ ਤਾਂ ਇਹੋ ਕਹਾਂਗਾ ਕਿ ਨਫ਼ਰਤ ਨੂੰ ਸਿਰਫ਼ ਤਦ ਹੀ ਖ਼ਤਮ ਕੀਤਾ ਜਾ ਸਕਦਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਗੱਲਬਾਤ ਵਧੇ। ਇਕੱਠਿਆਂ ਮਿਲ–ਬੈਠ ਕੇ ਖਾਣਾ ਖਾਣ, ਮੇਜ਼ਬਾਨੀ ਕਰਨ ਤੇ ਕਲਾਕਾਰਾਂ ਦੇ ਪ੍ਰੋਗਰਾਮਾਂ ਦੇ ਆਦਾਨ–ਪ੍ਰਦਾਨ ਰਵਾਇਤੀ ਤੌਰ ਉੱਤੇ ਜਾਰੀ ਰਹਿਣੇ ਚਾਹੀਦੇ ਹਨ।”
ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਕਲਾਕਾਰਾਂ; ਜਿਨ੍ਹਾਂ ਵਿੱਚ ਹੈਪੀ ਰਾਏਕੋਟੀ, ਵੀਤ ਬਲਜੀਤ, ਰਣਜੀਤ ਖ਼ਾਨ, ਮੱਟ ਸ਼ੇਰੋਂਵਾਲਾ, ਬਚਨ ਬੇਦਿਨ, ਮਨਪ੍ਰੀਤ ਟਿਵਾਣਾ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਸੰਗਰੂਰ ਦੇ ਮਹਾਰਾਜਾ ਰਣਬੀਰ ਕਲੱਬ ਵਿਖੇ ਮਾਂ–ਬੋਲੀ ਪੰਜਾਬੀ ਨੂੰ ਸਮਰਪਿਤ ਪ੍ਰੋਗਰਾਮ 'ਗੀਤ ਰੰਗ ਦਰਬਾਰ' ਵਿਚ ਭਾਗ ਲਿਆ।
ਇੱਕ ਫ਼ੌਜੀ ਜਵਾਨ ਤੋਂ ਗੀਤਕਾਰ ਬਣੇ ਮੱਟ ਸ਼ੇਰੋਂਵਾਲਾ ਦੇ ਗੀਤ–'ਹਿੰਦ ਵਾਲਿਓ ਪਾਕਿ ਵਾਲਿਓ, ਹਾੜ੍ਹਾ ਲੜਿਓ ਨਾ' ਅਤੇ 'ਪੁੱਤ ਵਰਗਾ ਫ਼ੋਰਡ ਟ੍ਰੈਕਟਰ ਜੱਟ ਨੇ ਵੇਚਿਆ ਰੋ–ਰੋ ਕੇ' ਬਹੁਤ ਪ੍ਰਸਿੱਧ ਹਨ। ਮੱਟ ਸ਼ੇਰੋਂਵਾਲਾ ਨੇ ਕਿਹਾ ਕਿ, ''ਸਰਕਾਰ ਨੂੰ ਇਹ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿ ਪੁਲਵਾਮਾ ਵਿਖੇ ਅਸਲ ਵਿਚ ਕੀ ਵਾਪਰਿਆ ਸੀ। ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ ਪਰ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਂਤੀ ਦਾ ਪ੍ਰਚਾਰ ਕਰਨ ਵਾਲੀ ਕਲਾ ਤੇ ਕਲਾਕਾਰਾਂ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲੱਗਣੀ ਚਾਹੀਦੀ।”
ਮੱਟ ਹੁਰਾਂ ਦਲੀਲ ਦਿੱਤੀ,''ਜਦੋਂ ਕਦੇ ਮੇਰੇ ਬਾਪੂ ਤੇ ਤਾਇਆ ਜੀ ਲੜਦੇ ਹਨ, ਤਾਂ ਅਸੀਂ ਸਾਰੇ ਤਾਏ–ਚਾਚੇ ਦੇ ਪੁੱਤਰ–ਭਰਾ ਕਦੇ ਵੀ ਇੱਕ–ਦੂਜੇ ਨਾਲ ਬੋਲਣੋਂ ਨਹੀਂ ਹਟਦੇ ਤੇ ਸਦਾ ਇੱਕ–ਦੂਜੇ ਦੇ ਸੰਪਰਕ 'ਚ ਰਹਿੰਦੇ ਹਾਂ।”
ਬਾਲੀਵੁੱਡ ਦੇ ਕੁਝ ਕਲਾਕਾਰਾਂ ਵੱਲੋਂ ਦਿੱਤੇ ਬਾਈਕਾਟ ਦੇ ਸੱਦਿਆਂ ਬਾਰੇ ਵੀਤ ਬਲਜੀਤ ਨੇ ਕੁਝ ਬੇਦਿਲੀ ਜਿਹੀ ਨਾਲ ਆਖਿਆ,''ਲਾ ਲੈਣ ਦਿਓ ਉਨ੍ਹਾਂ ਨੂੰ ਬੈਨ…।” ਗੀਤਕਾਰ ਟਿਵਾਣਾ ਹੁਰਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਇਹ ਤਣਾਅ ਕੁਝ ਮਾੜੇ ਅਨਸਰਾਂ ਕਰ ਕੇ ਪਿਆ ਹੈ। ''ਸਾਡਾ ਸਭਿਆਚਾਰ ਤੇ ਭਾਸ਼ਾ ਸਾਂਝੇ ਹਨ। ਕੁਝ ਮਾੜੇ ਤੱਤ ਸਾਡੇ ਵਿਚਕਾਰ ਨਫ਼ਰਤ ਪੈਦਾ ਕਰਦੇ ਹਨ। ਅਸੀਂ ਅਜਿਹੇ ਅਨਸਰਾਂ ਕਾਰਨ ਸ਼ਾਂਤੀ–ਵਾਰਤਾ ਨਹੀਂ ਤੋੜ ਸਕਦੇ। ਦਰਅਸਲ, ਕੁਝ ਫ਼ਿਰਕੂ ਕਿਸਮ ਦੇ ਲੋਕ ਇਸ ਤਣਾਅ ਵਾਲੀ ਹਾਲਤ ਦਾ ਸਿਆਸੀ ਲਾਹਾ ਲੈਣਾ ਚਾਹ ਰਹੇ ਹਨ।”