ਮੇਰੇ ‘ਤੇ ਗੁੱਸਾ ਨਾ ਕੱਢੋ, ਆਪਣੀ ਗੈਰਤ ਦਾ ਸਵਾਲ ਏ

ਮੇਰੇ ‘ਤੇ ਗੁੱਸਾ ਨਾ ਕੱਢੋ, ਆਪਣੀ ਗੈਰਤ ਦਾ ਸਵਾਲ ਏ

ਅੱਠ ਰੈਲੀਆਂ ਵਿਚੋਂ ਇਕ ‘ਚ ਨਾਅਰੇਬਾਜ਼ੀ, ਦੂਜੇ ‘ਚ ਬਾਈਕਾਟ, ਤੀਜੇ ‘ਚ ਲੋਕ ਨਾ ਪੁੱਜੇ ਤਾਂ ਬਾਦਲ ਬੋਲੇ….
ਲੰਬੀ/ਬਿਊਰੋ ਨਿਊਜ਼ :
ਪੰਜਾਬ ਦੀ ਸਭ ਤੋਂ ਅਹਿਮ ਸੀਟ ਲੰਬੀ ਵਿਚ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ ਦੀ ਇੱਜ਼ਤ ਦਾਅ ‘ਤੇ ਲੱਗੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਲੰਬੀ ਵਿਚ ਹੀ ਰੈਲੀਆਂ ਕਰ ਰਹੇ ਹਨ। ਚਾਰ ਦਿਨਾਂ ਦੌਰਾਨ ਵੀਰਵਾਰ ਨੂੰ ਹੀ ਉਨ੍ਹਾਂ ਨੇ 8 ਪਿੰਡਾਂ ‘ਚ ਰੈਲੀਆਂ ਕੀਤੀਆਂ। ਪਿੰਡ ਦਿਓਨ ਖੇੜਾ ‘ਚ ਪਹਿਲੀ ਸਭਾ ‘ਚ ਹੀ ਚੈੱਕ ਨਾ ਮਿਲਣ ਤੋਂ ਨਾਰਾਜ਼ ਲੋਕਾਂ ਨੂੰ ਜਦੋਂ ਬਾਦਲ ਨੂੰ ਨਾ ਮਿਲਣ ਦਿੱਤਾ ਗਿਆ ਤਾਂ ਉਨ੍ਹਾਂ ਨੇ ਨਾਅਰੇਬਾਜ਼ੀ ਕਰ ਦਿੱਤੀ। ਪਿੰਡ ਸਹਿਣਾ ਖੇੜਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਬਾਈਕਾਟ ਕਰ ਦਿੱਤਾ ਅਤੇ ਪਿੰਡ ਚੱਕ ਮਿੱਡੂ ਸਿੰਘ ਵਾਲਾ ਵਿਚ 7ਵੀਂ ਸਭਾ ‘ਚ ਤਾਂ ਜਦੋਂ ਅੱਧੀਆਂ ਕੁਰਸੀਆਂ ਖਾਲੀ ਵੇਖੀਆਂ ਤਾਂ 6 ਮਿੰਟ ਬੋਲ ਕੇ ਹੀ ਬਾਦਲ ਉੱਥੋਂ ਚਲੇ ਗਏ। ਅੰਤਮ ਸਭਾ ਆਪਣੇ ਪਿੰਡ ਬਾਦਲ ਵਿਚ ਜਾ ਕੇ ਕੀਤੀ।
ਪਿੰਡ ਸਹਿਣਾ ਖੇੜਾ ‘ਚ ਤਾਂ ਜਦੋਂ ਬਾਦਲ ਨੂੰ ਪੰਜ ਵਾਰ ਅਕਾਲੀ ਦਲ ਦੇ ਸਰਪੰਚ ਰਹੇ ਜਸਵੰਤ ਸਿੰਘ ਤੇ ਉਨ੍ਹਾਂ ਦਾ ਗਰੁੱਪ ਨਾ ਨਜ਼ਰ ਆਇਆ ਤਾਂ ਉਹ ਬੋਲ ਪਏ, ”ਮੇਰੇ ‘ਤੇ ਗੁੱਸਾ ਨਾ ਕੱਢੋ ਵੀਰੋ, ਇਸ ਵਾਰ ਆਪਣੀ ਗੈਰਤ ਦਾ ਸਵਾਲ ਏ, ਮੈਂ ਤਾਂ ਸਾਰਿਆਂ ਨੂੰ ਇਕ ਬਰਾਬਰ ਗ੍ਰਾਂਟਾਂ ਦੇ ਚੈੱਕ ਭੇਜੇ, ਵੰਡਣ ਵਾਲੇ ਤਾਂ ਹੋਰ ਨੇ, ਮੈਂ ਬੇਨਤੀ ਕਰਦਾ ਹਾਂ, ਕਮੀ ਰਹਿ ਜਾਂਦੀ ਏ, ਸੁਧਾਰ ਦਾ ਮੌਕਾ ਦਿਓ।” ਅਜਿਹਾ ਪਹਿਲੀ ਵਾਰ ਹੈ ਕਿ ਜਿੱਥੋਂ ਲਗਾਤਾਰ 20 ਸਾਲ ਤੋਂ ਜਿੱਤ ਰਹੇ ਹਨ, ਉੱਥੇ ਬਾਦਲ ਨੂੰ ਗੈਰਤ ਦਾ ਹਵਾਲਾ ਦੇ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਹਨ। ਚਾਰ ਦਿਨ ਤੋਂ ਹਲਕੇ ਵਿਚ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਦਾ ਪ੍ਰੋਗਰਾਮ ਹੁਣ ਪੰਜਾਬ ਦੇ ਦੂਜੇ ਹਲਕਿਆਂ ‘ਚ ਪ੍ਰਚਾਰ ਕਰਨ ਦਾ ਹੈ।
10:00 ਵਜੇ : ਮੁੱਖ ਮੰਤਰੀ ਆਪਣੇ ਨਾਨਕੇ ਪਿੰਡ ਤਪਾ ਖੇੜਾ ‘ਚ ਰੈਲੀ ਕਰਨ ਗਏ। ਇੱਥੇ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਦਾ ਇਕ ਧੜਾ ਨਾਰਾਜ਼ ਹੋ ਕੇ ਅਕਾਲੀ ਨੇਤਾ ਸੁਖਚੈਨ ਭੁੱਲਰ ਸਮੇਤ ਕਾਂਗਰਸ ਵਿਚ ਜਾ ਰਲਿਆ ਤਾਂ ਇੱਥੇ ਮੁੱਖ ਮੰਤਰੀ ਨੇ ਸਭ ਤੋਂ ਵੱਧ 22 ਮਿੰਟ ਸੰਬੋਧਨ ਕੀਤਾ।
10:30 ਵਜੇ : ਪਿੰਡ ਮਾਊਆਣਾ ‘ਚ ਬਾਦਲ ਪੁੱਜੇ ਤਾਂ ਇੱਥੇ ਰੈਲੀ ਵਿੱਚ ਯੂਥ ਨੇਤਾ ਗਾਇਬ ਵਿਖੇ।
11.00 ਵਜੇ : ਪਿੰਡ ਅਦਨਿਆਂ ‘ਚ ਬਾਦਲ ਨੇ ਰੈਲੀ ਕੀਤੀ ਤਾਂ ਇੱਥੋਂ ਪਿੰਡ ਦੇ ਅਕਾਲੀ ਨੇਤਾ ਵਜੀਰ ਚੰਦ ਤੇ ਉਨ੍ਹਾਂ ਦੇ ਸਮਰੱਥਕ ਸਮਾਗਮ ਵਿਚ ਨਾ ਪੁੱਜੇ।
12:00 ਵਜੇ : ਪਿੰਡ ਸਹਿਣਾ ‘ਚ ਬਾਦਲ ਨੇ ਰੈਲੀ ਕੀਤੀ ਤਾਂ ਇੱਥੇ ਪਿੰਡ ਦਾ ਪੰਜ ਵਾਰ ਸਰਪੰਚ ਰਿਹਾ ਟਕਸਾਲੀ ਨੇਤਾ ਜਸਵੰਤ ਸਿੰਘ ਤੇ ਉਸ ਦਾ ਗਰੁੱਪ ਨਾ ਪੁੱਜਾ। ਜਦਕਿ ਉਸ ਨੂੰ ਮਨਾਉਣ ਲਈ ਅਕਾਲੀ ਨੇਤਾ ਜਸਮੇਲ ਮਿਠੜੀ ਨੂੰ ਭੇਜਿਆ ਸੀ।
12:20 ਵਜੇ : ਪਿੰਡ ਮਹਿਣਾ ਗਏ, ਉੱਥੇ ਮਾਹੌਲ ਵੇਖ ਕੇ ਸਿਰਫ 12 ਮਿੰਟ ਹੀ ਰੁਕੇ।
12:40 ਵਜੇ : ਪਿੰਡ ਚੱਕ ਮਿੱਡੂ ਸਿੰਘ ਵਾਲਾ ਵਿਚ ਰੈਲੀ ਕਰਨ ਗਏ। ਇੱਥੇ ਪੰਡਾਲ ਵਿਚ 100 ਕੁਰਸੀਆਂ ਸਨ, 52 ਲੋਕ ਬੈਠੇ ਸਨ, ਬਾਕੀ ਖਾਲੀ ਪਈਆਂ ਸਨ, ਜਿਨ੍ਹਾਂ ਨੂੰ ਮੌਕੇ ‘ਤੇ ਅਕਾਲੀ ਆਗੂਆਂ ਨੇ ਇਕੱਤਰ ਕਰਵਾ ਦਿੱਤਾ। ਜਦੋਂ ਗੱਲ ਨਾ ਬਣੀ ਤਾਂ ਬਾਹਰੋਂ 14 ਵਿਅਕਤੀ, ਜਿਨ੍ਹਾਂ ਵਿਚ ਇਕ ਬਠਿੱਡਾ ਦਾ ਕੌਂਸਲਰ ਵੀ ਸੀ, ਨੂੰ ਬੁਲਾ ਕੇ ਕੁਰਸੀਆਂ ਭਰੀਆਂ। ਪਰ ਬਾਦਲ ਹਾਲਾਤ ਸਮਝ ਗਏ ਅਤੇ ਇੱਥੇ ਸਿਰਫ 6 ਮਿੰਟ ਹੀ ਬੋਲ ਕੇ 12:46 ਵਜੇ ਚਲੇ ਗਏ।

ਲੋਕਾਂ ਦੀ ਨਾਰਾਜ਼ਗੀ ਵੀ ਸਹਿਣੀ ਪਈ :
ਸਵੇਰੇ 9:20 ਵਜੇ ਮੁੱਖ ਮੰਤਰੀ ਸਭ ਤੋਂ ਪਹਿਲਾਂ ਪਿੰਡ ਦਿਓਨ ਖੇੜਾ ਪੁੱਜੇ। ਇੱਥੇ ਪਿੰਡ ਦੇ ਹੰਸਰਾਜ ਨੇ ਗ੍ਰਾਂਟਾਂ ਦੀ ਵੰਡ ‘ਤੇ ਨਾਰਾਜ਼ਗੀ ਪ੍ਰਗਟ ਕਰਨ ਲਈ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਮੰਗ ਕੀਤੀ। ਪਰ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪਿੱਛੇ ਹਟਾ ਦਿੱਤਾ। ਵਿਰੋਧ ਵੇਖ ਬਾਦਲ ਇੱਥੇ 12 ਮਿੰਟ ਹੀ ਬੋਲੇ। ਬਾਦਲ ਦੇ ਉਠਦਿਆਂ ਹੀ ਹੰਸਰਾਜ ਤੇ ਉਨ੍ਹਾਂ ਦੇ ਸਮਰਥਕਾਂ ਨੇ ਬਾਦਲ ਵਿਰੁੱਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ।

ਸਾਰੀਆਂ ਥਾਵਾਂ ‘ਤੇ ਇਕੋ ਜਿਹਾ ਭਾਸ਼ਣ, ਕਿਤੇ ਉਮਰ ਤੇ ਕਿਤੇ ਸਿਆਸੀ ਤਜਰਬੇ ਦਾ ਹਵਾਲਾ :
ਵੀਰਵਾਰ ਨੂੰ 8 ਰੈਲੀਆਂ ‘ਚ ਇਕੋ ਜਿਹੀ ਗੱਲ ਇਹ ਰਹੀ ਕਿ ਸਾਰੀਆਂ ਥਾਵਾਂ ‘ਤੇ ਬਾਦਲ ਨੇ ਇੱਕੋ ਜਿਹਾ ਹੀ ਭਾਸ਼ਣ ਦਿੱਤਾ। ਟਿਊਬਵੈੱਲ ਦੇ ਬਿਲ, ਨਹਿਰੀ ਪਾਣੀ ਅਤੇ ਆਟਾ-ਦਾਲ ਦੀ ਸਹੂਲੀਅਤ ਦਾ ਗੁਣਗਾਨ ਕੀਤਾ। ਕੈਪਟਨ ਦੀ ਲੰਬੀ ‘ਚ ਨਾਮਜ਼ਦਗੀ ਭਰਨ ਦੀ ਚੁਣੌਤੀ ਦਾ ਜਵਾਬ 2009 ਵਿਚ ਕੈਪਟਨ ਦੇ ਬੇਟੇ ਰਣਇੰਦਰ ਸਿੰਘ ਤੋਂ ਬਠਿੰਡਾ ਵਿਚ ਆਪਣੀ ਨੂੰਹ ਦੀ 1.50 ਲੱਖ ਵੋਟਾਂ ਤੋਂ ਜਿੱਤ ਦੇ ਹਵਾਲੇ ਨਾਲ ਦਿੱਤਾ। 90 ਸਾਲ ਦੀ ਉਮਰ ‘ਚ 70 ਸਾਲ ਦੇ ਰਾਜਨੀਤਿਕ ਤਜਰਬੇ ਦਾ ਹਵਾਲਾ ਦਿੰਦਿਆਂ ਗੈਰਤ ਦੀ ਦੁਹਾਈ ਦਿੱਤੀ। ਜਿੱਥੇ ਗ੍ਰਾਂਟਾਂ ਦੀ ਵੰਡ ਵਿਚ ਪੱਖਪਾਤ ਦੀ ਗੱਲ ਆਈ, ਉੱਥੇ ਚੈੱਕ ਵੰਡਣ ਵਾਲਿਆਂ ‘ਤੇ ਗੱਲ ਸੁੱਟ ਕੇ ਖੁਦ ‘ਤੇ ਗੁੱਸਾ ਨਾ ਕਰਨ ਦੀ ਦੁਹਾਈ ਵੀ ਦਿੰਦੇ ਰਹੇ। ਪਿੰਡ ‘ਚ 6 ਤੋਂ ਲੈ ਕੇ 22 ਮਿੰਟ ਤਕ ਹੀ ਰੁਕੇ।

ਇਕ ਰੈਲੀ ‘ਚ 100 ਲੋਕ, 200 ਤੋਂ ਵੱਧ ਸੁਰੱਖਿਆ ਮੁਲਾਜ਼ਮ :
ਇਕ ਪਿੰਡ ਦੀ ਰੈਲੀ ਵਿਚ 100 ਲੋਕ ਸਨ, ਪਰ ਸੁਰੱਖਿਆ ਮੁਲਾਜ਼ਮ 200 ਤੋਂ ਵੱਧ। ਪਿੰਡ ਚੱਕ ਮਿੱਡੂ ਖੇੜਾ ਵਿਚ ਤਾਂ 52 ਲੋਕ ਸਨ ਅਤੇ ਪੰਡਾਲ ਵਿਚ 48 ਪੁਲੀਸ ਮੁਲਾਜ਼ਮ। ਬਾਕੀ ਘਰਾਂ ਦੀਆਂ ਛਤਾਂ, ਟੈਂਕੀਆਂ ਅਤੇ ਸਮਾਗਮ ਦੇ ਆਸਪਾਸ। ਮੁੱਖ ਮੰਤਰੀ ਇਕ ਪਿੰਡ ਤੋਂ ਨਿਕਲਦੇ ਤਾਂ ਅਗਲੇ ਪਿੰਡ ‘ਚ 200 ਮੁਲਾਜ਼ਮ ਪਹਿਲਾਂ ਤੋਂ ਤੈਨਾਤ ਅਤੇ ਫਿਰ ਤੀਜੇ ਪਿੰਡ ‘ਚ ਤੀਜੀ ਟੀਮ। ਆਮ ਵਿਅਕਤੀ ਤੋਂ ਮੁੱਖ ਮੰਤਰੀ ਦੀ ਦੂਰੀ 10 ਫੁੱਟ ਰੱਖੀ ਗਈ।