ਕੈਲੇਫੋਰਨੀਆ ਦੇ ਜੰਗਲਾਂ ਨੂੰ ਅੱਗ ਲੱਗਣ ਕਾਰ ਹਜ਼ਾਰਾਂ ਲੋਕ ਬੇਘਰ ਹੋਏ

ਕੈਲੇਫੋਰਨੀਆ ਦੇ ਜੰਗਲਾਂ ਨੂੰ ਅੱਗ ਲੱਗਣ ਕਾਰ ਹਜ਼ਾਰਾਂ ਲੋਕ ਬੇਘਰ ਹੋਏ

ਸੈਂਟਾ ਰੋਜ਼ਾ (ਅਮਰੀਕਾ) /ਬਿਊਰੋ ਨਿਊਜ਼ :
ਕੈਲੇਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 200 ਤੋਂ ਵੱਧ ਗੱਡੀਆਂ ਤੇ ਅਮਲੇ ਨੂੰ ਲਾਇਆ ਗਿਆ ਹੈ। ਅੱਗ ਕਾਰਨ ਹੁਣ ਤੱਕ ਘੱਟੋ ਘੱਟ 23 ਮੌਤਾਂ ਹੋ ਚੁੱਕੀਆਂ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ।
ਕੈਲੇਫੋਰਨੀਆ ਦੇ ਫਾਇਰ ਵਿਭਾਗ ਦੇ ਮੁਖੀ ਕੇਨ ਪਿਮਲੌਟ ਨੇ ਦੱਸਿਆ ਕਿ ਹਾਲਾਤ ਕਾਫ਼ੀ ਗੰਭੀਰ ਹਨ ਅਤੇ ਅੱਗ ਬੁਝਾਉਣ ਵਿੱਚ ਕਈ ਦਿਨ ਲੱਗਣਗੇ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਰਾਹਤ ਤੋਂ ਬਾਅਦ ਬੁੱਧਵਾਰ ਨੂੰ ਹਵਾ ਫਿਰ ਤੇਜ਼ ਹੋਣ ਤੇ ਸੋਕੇ ਦੇ ਹਾਲਾਤ ਕਾਰਨ ਲਪਟਾਂ ਉਤੇ ਕਾਬੂ ਪਾਉਣ ਵਿੱਚ ਅੜਿੱਕਾ ਆਇਆ। ਕੈਲੇਫੋਰਨੀਆ ਦੇ ਜੰਗਲਾਤ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਇਸ ਇਲਾਕੇ ਵਿੱਚ ਪੰਜ ਸਾਲ ਤੋਂ ਸੋਕਾ ਪੈ ਰਿਹਾ ਹੈ।
ਪਿਮਲੌਟ ਨੇ ਕਿਹਾ ਕਿ ਵਿਭਾਗ ਵੱਲੋਂ ਅਜਿਹੀ ਬਨਸਪਤੀ ਦੀ ਛਾਂਟੀ ਕੀਤੀ ਜਾ ਰਹੀ ਹੈ, ਜੋ ਤੇਜ਼ੀ ਨਾਲ ਅੱਗ ਫੜਦੀ ਹੈ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਇਹ ਅੱਗ ਪਹਿਲੀਆਂ ਅੱਗਾਂ ਨਾਲੋਂ ਵੱਧ ਭਿਆਨਕ ਹੈ। ਅੱਗ ਕਾਰਨ 13 ਮੌਤਾਂ ਵਾਈਨ ਪੈਦਾ ਕਰਨ ਵਾਲੇ ਖਿੱਤੇ ਸੋਨੋਮਾ ਕਾਉਂਟੀ ਵਿੱਚ ਹੋਈਆਂ। ਛੇ ਮੌਤਾਂ ਮੇਨਡੋਕਿਨੋ ਕਾਉਂਟੀ ਵਿੱਚ ਹੋਈਆਂ। ਦੋ-ਦੋ ਮੌਤਾਂ ਨਾਪਾ ਤੇ ਯੂਬਾ ਕਾਉਂਟੀ ਵਿੱਚ ਹੋਈਆਂ।
ਸੋਨੋਮਾ ਕਾਉਂਟੀ ਦੇ 1.75 ਲੱਖ ਆਬਾਦੀ ਵਾਲੇ ਸ਼ਹਿਰ ਸੈਂਟਾ ਰੋਜ਼ਾ ਦਾ ਸਮੁੱਚਾ ਨੇੜਲਾ ਇਲਾਕਾ ਸੁਆਹ ਵਿੱਚ ਤਬਦੀਲ ਹੋ ਗਿਆ। ਇਕੱਲੀ ਸੋਨੋਮਾ ਕਾਉਂਟੀ ਵਿੱਚ ਹਜ਼ਾਰਾਂ ਲੋਕ ਬੇਘਰ ਹੋ ਗਏ ਅਤੇ 25 ਹਜ਼ਾਰ ਤੋਂ ਜ਼ਿਆਦਾ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਸੋਨੋਮਾ ਤੇ ਨਾਪਾ ਕਾਉਂਟੀਆਂ ਵਿੱਚ ਕਈ ਵਾਈਨ ਕਾਰਖਾਨਿਆਂ ਸਣੇ 3500 ਘਰ ਤੇ ਵਪਾਰਕ ਅਦਾਰੇ ਤਬਾਹ ਹੋ ਗਏ। ਸੋਨੋਮਾ ਵਿੱਚ ਛੇ ਸੌ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਸੀ ਪਰ ਸ਼ੈਰਿਫ਼ ਰੋਬਰਟ ਗਿਓਰਡਾਨੋ ਮੁਤਾਬਕ ਇਨ੍ਹਾਂ ਵਿੱਚੋਂ ਅੱਧਿਆਂ ਨੂੰ ਲੱਭ ਲਿਆ ਗਿਆ। ਹਾਲੇ ਵੀ 285 ਲੋਕ ਲਾਪਤਾ ਹਨ।
ਪਿਮਲੌਟ ਨੇ ਕਿਹਾ ਕਿ ਅੱਗ ਬੁਝਾਊ ਅਮਲਾ 68,800 ਹੈਕਟੇਅਰ ਵਿੱਚ 22 ਥਾਵਾਂ ਉਤੇ ਅੱਗ ਬੁਝਾਉਣ ਵਿੱਚ ਜੁਟਿਆ ਹੋਇਆ ਹੈ।