ਅੰਮ੍ਰਿਤਸਰ ਵਿੱਚ ਅਕਾਲੀ-ਕਾਂਗਰਸੀ ਟਰਾਂਸਪੋਰਟਰ ਕਰਿੰਦਿਆਂ ਦੀ ਗੁੰਡਾਗਰਦੀ

ਅੰਮ੍ਰਿਤਸਰ ਵਿੱਚ ਅਕਾਲੀ-ਕਾਂਗਰਸੀ ਟਰਾਂਸਪੋਰਟਰ ਕਰਿੰਦਿਆਂ ਦੀ ਗੁੰਡਾਗਰਦੀ
ਕੈਪਸ਼ਨ-ਅੰਮ੍ਰਿਤਸਰ ਵਿੱਚ ਭੰਨੀਆਂ ਬੱਸਾਂ ਦਾ ਜਾਇਜ਼ਾ ਲੈ ਰਹੀ ਪੁਲੀਸ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲੀ ਦਲ ਤੇ ਕਾਂਗਰਸੀ ਆਗੂਆਂ ਵਿਚ ਨਿੱਤ ਦਿਨ ਹੋ ਰਹੇ ਲੜਾਈ ਝਗੜਿਆਂ ਦੇ ਚਲਦਿਆਂ ਅੰਮ੍ਰਿਤਸਰ ਦਾ ਬੱਸ ਅੱਡਾ ਵੀ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ, ਜਦੋਂ ਅਕਾਲੀ ਦਲ ਤੇ ਕਾਂਗਰਸੀ ਸਮਰਥਕਾਂ ਦੀਆਂ 2 ਨਿੱਜੀ ਟਰਾਂਸਪੋਰਟ ਕੰਪਨੀਆਂ ਦੇ ਕਰਿੰਦੇ ਬੱਸਾਂ ਦਾ ਸਮਾਂ ਚੁੱਕਣ ਤੋਂ ਆਪਸ ਵਿਚ ਭਿੜ ਗਏ ਜਿਨ੍ਹਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸ਼ਰ੍ਹੇਆਮ ਗੋਲੀਆਂ ਚਲਾਈਆਂ ਤੇ ਹੋਰ ਰਵਾਇਤੀ ਹਥਿਆਰਾਂ ਦੀ ਵਰਤੋਂ ਵੀ ਖੁੱਲ੍ਹੇਆਮ ਕੀਤੀ। ਇਸ ਖੂਨੀ ਝੜਪ ਵਿਚ ਅੱਧੀ ਦਰਜਨ ਤੋਂ ਵਧੇਰੇ ਬੰਦੇ ਜ਼ਖ਼ਮੀ ਹੋ ਗਏ ਅਤੇ 4 ਵੱਡੀਆਂ ਬੱਸਾਂ ਸਣੇ 5 ਵਾਹਨਾਂ ਦੀ ਵੀ ਭੰਨਤੋੜ ਕੀਤੀ। ਪੁਲੀਸ ਵੱਲੋਂ ਮੌਕੇ ‘ਤੇ ਪੁੱਜ ਕੇ ਜਿੱਥੇ ਸਥਿਤੀ ਨੂੰ ਕਾਬੂ ਹੇਠ ਕੀਤਾ ਗਿਆ, ਉਥੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਪਰਚਾ ਦਰਜ ਕਰਨ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਕਤ ਲੜਾਈ ਵਿਚ ਜਖ਼ਮੀ ਹੋਏ ਪਿਆਰ ਬੱਸ ਕੰਪਨੀ ਦੇ ਅੱਡਾ ਇੰਚਾਰਜ਼ ਜਗੀਰ ਵਾਸੀ ਪਿੰਡ ਛੱਜਲਵੱਡੀ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ਸਵਾਰੀਆਂ ਲੈ ਕੇ ਬੱਸ ਅੱਡੇ ਵੱਲੋਂ ਸੰਗਮ ਸਿਨੇਮਾ ਵੱਲ ਖੜ੍ਹੀ ਸੀ ਜਦੋਂ ਕਿ ਦੂਜੀ ਧਿਰ ਦੇ 60 ਤੋਂ ਵਧੇਰੇ ਹਮਲਾਵਰ ਵਿਅਕਤੀ ਬੱਸ ਅੱਡੇ ਦੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਦੀਆਂ ਬੱਸਾਂ ਦੀ ਭੰਨਤੋੜ੍ਹ ਕਰਨੀ ਸ਼ੁਰੂ ਕਰ ਦਿੱਤੀ। ਇਸ ਨਾਲ ਪਿਆਰ ਬੱਸ ਸਰਵਿਸ ਦੀਆਂ 3 ਬੱਸਾਂ ਤੇ ਇਕ ਬਲੈਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਬੱਸ ਅੱਡੇ ਦੇ ਅੰਦਰ ਭੱਜਿਆ ਤਾਂ ਦੂਜੀ ਨਿੱਜੀ ਬੱਸ ਕੰਪਨੀ ਦੇ ਕਰਿੰਦਿਆਂ ਨੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਹੋਰ ਰਵਾਇਤੀ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਵਿਚ ਉਨ੍ਹਾਂ ਦੇ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਗੁਰਦਾਸਪੁਰ ਦੇ ਗੋਲੀ ਵੀ ਲੱਗੀ ਤੇ ਇਕ ਧਰਮਿੰਦਰ ਸਿੰਘ ਵਾਸੀ ਪਿੰਡ ਟਪਿਆਲਾ ਨਾਮਕ ਵੀ ਜਖ਼ਮੀ ਹੋ ਗਿਆ ਜੋ ਇਕ ਇਸ ਵੇਲੇ ਹਸਪਤਾਲ ਵਿਚ ਜੇਰੇ ਇਲਾਜ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਦੇ ਕੰਵਲਪੀ੍ਰਤ ਸਿੰਘ, ਮੱਖਣ ਸਿੰਘ ਦੀਪੂ, ਲਖਵਿੰੰਦਰ ਸਿੰਘ, ਸਾਬੀ ਆਦਿ ਵੱਲੋਂ ਉਕਤ ਕਥਿਤ ਹਮਲਾ ਕੀਤਾ ਗਿਆ ਸੀ। ਇਸੇ ਦੌਰਾਨ ਦੂਜੀ ਧਿਰ ਬਾਬਾ ਬੁੱਢਾ ਸਾਹਿਬ ਬੱਸ ਟਰਾਂਸਪੋਰਟ ਦੇ ਅੱਡਾ ਇੰਚਾਰਜ਼ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਦੂਜੀ ਧਿਰ ਦਾ ਅੱਡਾ ਇੰਚਾਰਜ਼ ਜਗੀਰ ਸਿੰਘ ਕਥਿਤ ਤੌਰ ‘ਤੇ ਉਸਨੂੰ ਪਿਛਲੇ ਕਾਫ਼ੀ ਸਮੇਂ ਤੋਂ ਦੇਖ ਲੈਣ ਦੀਆਂ ਧਮਕੀਆਂ ਦੇ ਰਿਹਾ ਸੀ ਕਿ ਹੁਣ ਉਨ੍ਹਾਂ ਦੀ ਸਰਕਾਰ ਆ ਗਈ ਹੈ। ਇਸੇ ਰੰਜਿਸ਼ ਅਧੀਨ ਹੀ ਅੱਜ ਦੂਜੀ ਧਿਰ ਨੇ ਝਗੜਾ ਸ਼ੁਰੂ ਕਰਦਿਆਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਜਗਜੀਤ ਸਿੰਘ ਵਾਸੀ ਪਿੰਡ ਝੱਜੀਆਂ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਸਿਰ ਵਿਚ ਗੰਭੀਰ ਸੱਟ ਲਗੀ ਹੈ ਅਤੇ ਇਸ ਤੋਂ ਇਲਾਵਾ ਮੱਖਣ ਸਿੰਘ ਵਾਸੀ ਘਣਸ਼ਾਮਪੁਰਾ ਤੇ ਜੱਸਾ ਸਿੰਘ ਤੇ ਜਗਤਾਰ ਸਿੰਘ ਵੀ ਜਖਮੀ ਹੋ ਗਏ ਹਨ, ਜੋ ਕਿ ਇਸ ਵੇਲੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਜੇਰੇ ਇਲਾਜ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਬੱਸ ਕੰਪਨੀ ਵੱਲੋਂ ਬਲੈਰੋ ਗੱਡੀ ਵਿਚ ਹਮਲਾਵਰਾਂ ਨੂੰ ਸੱਦਿਆ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਉਕਤ ਦੋਵਾਂ ਬੱਸ ਕੰਪਨੀਆਂ ਦੇ ਮੁਲਾਜ਼ਮਾਂ ਵਿਚ ਹੋਈ ਖੂਨੀ ਝੜਪ ਨੂੰ ਦੇਖ ਕੇ ਬੱਸ ਅੱਡੇ ਦੇ ਯਾਤਰੂ ਇਸ ਕਦਰ ਸਹਿਮ ਗਏ ਕਿ ਪੁਲੀਸ ਕੋਲ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਸੀ। ਪੁਲੀਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਮਾਮਲੇ ਦੀ ਜਾਣਕਾਰੀ ਲਈ ਜਾ ਰਹੀ ਹੈ। ਪੁਲੀਸ ਵੱਲੋਂ ਨੁਕਸਾਨੇ ਵਾਹਨ ਆਪਣੇ ਕਬਜ਼ੇ ਵਿਚ ਲੈ ਲਏ ਗਏ ਹਨ ਅਤੇ ਜਖ਼ਮੀਆਂ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਪੁਸ਼ਟੀ ਕਰਦਿਆਂ ਏ.ਸੀ.ਪੀ. ਪੂਰਬੀ ਸ. ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਜਖ਼ਮੀਆਂ ਦੇ ਬਿਆਨ ਲੈਣ ਤੇ ਵਾਪਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਸਬੰਧੀ ਪਰਚਾ ਦਰਜ ਕੀਤਾ ਜਾ ਰਿਹਾ ਹੈ।
ਦੋਵਾਂ ਧਿਰਾਂ ਨੇ ਇਕ ਦੂਸਰੇ ‘ਤੇ ਹਮਲੇ ਦੇ ਦੋਸ਼ ਲਗਾਏ :
ਸ਼ਹੀਦ ਮਦਨ ਲਾਲ ਢੀਂਗਰਾ ਬੱਸ ਅੱਡਾ ਵਿਖੇ 2 ਮਿੰਟ ਦਾ ਸਮਾਂ ਚੁੱਕਣ ਤੋਂ 2 ਨਿੱਜੀ ਬੱਸ ਕੰਪਨੀਆਂ ਦੇ ਕਰਿੰਦਿਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਸਬੰਧੀ ਦੋਹਾਂ ਧਿਰਾਂ ਵੱਲੋਂ ਇਕ ਦੂਜੇ ‘ਤੇ ਦੋਸ਼ ਲਗਾਏ ਹਨ। ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਪ੍ਰਧਾਨ ਅਤੇ ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਕੰਪਨੀ ਦੇ ਮਾਲਕ ਸ. ਰਵੀਕਰਨ ਸਿੰਘ ਕਾਹਲੋਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਬਣਨ ਉਪਰੰਤ ਹੀ ਉਨ੍ਹਾਂ ਦੇ ਕਰਿੰਦਿਆਂ ਨੂੰ ਦੂਜੀ ਧਿਰ ਵੱਲੋਂ ਧਮਕੀਆਂ ਦਿੱਤੇ ਜਾਣ ਦਾ ਦੌਰ ਸ਼ੁਰੂ ਹੋ ਗਿਆ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀਆਂ ਬੱਸਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ, ਜਦੋਂ ਕਿ ਉਨ੍ਹਾਂ ਦੀਆਂ ਸਾਰੀਆਂ ਬੱਸਾਂ ਦੇ ਪਰਮਿਟ ਹਨ ਅਤੇ ਉਹ ਕੋਈ ਬੱਸ ਬਿਨ੍ਹਾਂ ਗੈਰ ਕਾਨੂੰਨੀ ਢੰਗ ਨਾਲ ਨਹੀਂ ਚਲਾ ਰਹੇ। ਉਨ੍ਹਾਂ ਦੱਸਿਆ ਕਿ ਇਹ ਕਾਂਗਰਸੀਆਂ ਵੱਲੋਂ ਕੀਤੀ ਗਈ ਸ਼ਰ੍ਹੇਆਮ ਗੁੰਡਾਗਰਦੀ ਸੀ, ਜਿਸ ਵਿਚ ਉਨ੍ਹਾਂ ਦੇ 3 ਮੁਲਾਜ਼ਮ ਜਖ਼ਮੀ ਹੋ ਗਏ ਹਨ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਪਿਆਰ ਬੱਸ ਸਰਵਿਸ ਦੇ ਮਾਲਕ ਹਰਪਿੰਦਰ ਸਿੰਘ ਰਾਜਨ ਨੇ ਦੋਸ਼ ਲਗਾਇਆ ਕਿ ਉਨ੍ਹਾਂ ‘ਤੇ ਉਕਤ ਧਿਰ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਦੇ 3, 4 ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਦੂਜੀ ਧਿਰ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਹਨ। ਇਸ ਸਬੰਧੀ ਏ.ਸੀ.ਪੀ. ਪੂਰਬੀ ਸ. ਪ੍ਰਭਜੋਤ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਬੰਧੀ ਬਾਬਾ ਬੁੱਢਾ ਬੱਸ ਸਰਵਿਸ ਦੇ 7 ਮੁਲਾਜ਼ਮਾਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ, ਜਿਸ ਵਿਚ ਉਨ੍ਹਾਂ ਦਾ ਅੱਡਾ ਇੰਚਾਰਜ ਵੀ ਸ਼ਾਮਲ ਹੈ।
ਜਲੰਧਰ : ਇੱਥੋਂ ਦੇ ਅੰਤਰਰਾਜੀ ਬੱਸ ਅੱਡੇ ‘ਤੇ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਦੀ ਬਾਬਾ ਬੁੱਢਾ ਜੀ ਬੱਸ ਸਰਵਿਸ ਕੰਪਨੀ ਦਾ ਕੰਮਕਾਜ ਦੇਖ ਰਹੇ ਦਲਜੀਤ ਸਿੰਘ ਬੌਬੀ ‘ਤੇ 25-30 ਵਿਅਕਤੀਆਂ ਨੇ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਸਿਰ, ਖੱਬੀ ਬਾਂਹ ਤੇ ਖੱਬੀ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਬੌਬੀ ਨੇ ਦੌੜ ਕੇ ਬੱਸ ਅੱਡੇ ਅੰਦਰਲੀ ਪੁਲੀਸ ਚੌਕੀ ਵਿੱਚ ਵੜ ਕੇ ਜਾਨ ਬਚਾਈ। ਹਮਲਾਵਰ ਉਸ ਦੇ ਪਿੱਛੇ ਕਿਰਪਾਨਾਂ ਲੈ ਕੇ ਦੌੜੇ। ਗੰਭੀਰ ਜ਼ਖ਼ਮੀ ਬੌਬੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੇ ਸਿਰ ਵਿੱਚ ਦੋ ਦਰਜਨ ਤੋਂ ਵੱਧ ਟਾਂਕੇ ਲੱਗੇ ਹਨ।
ਇਸ ਦੌਰਾਨ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਬਿਆਸ ਦੇ ਕਾਂਗਰਸੀ ਆਗੂ ਦਾ ਇਕ ਭਰਾ ਜਲੰਧਰ ਵਿੱਚ ਅਫਸਰ ਲੱਗਿਆ ਹੋਇਆ ਹੈ ਤੇ ਉਸ ਦੇ ਗੰਨਮੈਨ ਉਨ੍ਹਾਂ ਦੇ ਕਰਿੰਦਿਆਂ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਆਪਣੀਆਂ ਬੱਸਾਂ ਬੰਦ ਕਰ ਦੇਣ ਕਿਉਂਕਿ ਉਨ੍ਹਾਂ ਸਪੈਸ਼ਲ ਬੱਸਾਂ ਚਲਾਉਣੀਆਂ ਹਨ। ਉਧਰ ਬੱਸ ਅੱਡੇ ਵਿੱਚ ਬਣੀ ਪੁਲੀਸ ਚੌਕੀ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਅਤੇ ਨਾ ਕਿਸੇ ਨੇ ਬਿਆਨ ਦਰਜ ਕਰਵਾਏ ਹਨ, ਇਸ ਲਈ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤੇ ਦੀ ਗੱਲ ਚੱਲ ਰਹੀ ਹੈ।