15,186 ਡਾਲਰਾਂ ‘ਚ ਨੀਲਾਮ ਹੋਇਆ ਰਾਜਕੁਮਾਰੀ ਡਾਇਨਾ ਦਾ ਬੈਗ

15,186 ਡਾਲਰਾਂ ‘ਚ ਨੀਲਾਮ ਹੋਇਆ ਰਾਜਕੁਮਾਰੀ ਡਾਇਨਾ ਦਾ ਬੈਗ

ਮਰਹੂਮ ਰਾਜਕੁਮਾਰੀ ਡਾਇਨਾ ਦਾ ਰਤਨ ਜੜਿਆ ਬੈਗ।
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿੱਚ ਇੱਕ ਨਿਲਾਮੀ ਦੌਰਾਨ ਰਾਜਕੁਮਾਰੀ ਡਾਇਨਾ ਦਾ ਰਤਨਾਂ ਨਾਲ ਜੜ੍ਹਿਆ ਬੈਗ 15,186 ਅਮਰੀਕੀ ਡਾਲਰਾਂ ‘ਚ ਵਿਕਿਆ ਹੈ। ਇਸ ਬੈਗ ਦੀ ਵਰਤੋਂ 1980 ਵਿੱਚ ਰਾਜਕੁਮਾਰੀ ਡਾਇਨਾ ਵੱਲੋਂ ਕੀਤੀ ਗਈ ਸੀ। ਇਹ ਸਿਲਵਰ ਬੈਗ ਕੇਨਸਿੰਗਟਨ ਮਹਿਲ ਦੀ ਸੀਨੀਅਰ ਘਰੇਲੂ ਨੌਕਰਾਣੀ ਸ਼ੀਲਾ ਟਿੱਲੇ ਨੂੰ ਦੇ ਦਿੱਤਾ ਗਿਆ ਸੀ। ਆਰ ਆਰ ਆਕਸ਼ਨਜ ਮੁਤਾਬਕ,”ਇਹ ਬੈਗ ਭਾਰੀ ਅਤੇ ਮਜ਼ਬੂਤ ਹੈ ਅਤੇ ਕੋਈ ਵੀ ਤਸਵੀਰ ਇਸ ਦੀ ਸੁੰਦਰਤਾ ਨੂੰ ਕੈਦ ਨਹੀਂ ਕਰ ਸਕਦੀ। ਇਹ ਨਿਵੇਕਲਾ ਬੈਗ ਰਾਜਕੁਮਾਰੀ ਡਾਇਨਾ ਦੇ ਖ਼ਾਸ ਸਟਾਈਲ ਅਤੇ ਵਿਸ਼ੇਸ਼ ਪਸੰਦ ਦੀ ਜ਼ਾਮਨੀ ਭਰਦਾ ਹੈ।” ਇਸ ਬੈਗ ਨਾਲ ਮਿਲੇ ਇੱਕ ਖ਼ਤ ਵਿੱਚ ਟਿੱਲੇ ਨੇ ਲਿਖਿਆ ਹੈ,”ਮੈਂ ਇਸ ਗੱਲ ਦੀ ਗਵਾਹ ਹਾਂ ਕਿ ਮੈਂ ਵੇਲਜ ਦੇ ਰਾਜਕੁਮਾਰ ਅਤੇ ਰਾਜਕੁਮਾਰੀ ਚਾਰਲਸ ਤੇ ਡਾਇਨਾ ਦੇ ਸ਼ਾਹੀ ਖਾਨਦਾਨ ਵਿੱਚ ਮੁਲਾਜ਼ਮ ਸਾਂ। ਮੈਂ ਮਹਿਲ ਵਿੱਚ 1981 ਤੋਂ 1983 ਤਕ ਸੇਵਾਵਾਂ ਨਿਭਾਈਆਂ ਸਨ। ਸ਼ਾਹੀ ਖਾਨਸਾਮੇ ਐਲਨ ਫਿਸ਼ਰ ਵੱਲੋਂ ਰਾਜਕੁਮਾਰੀ ਡਾਇਨਾ ਦੀਆਂ ਕੁਝ ਬੇਲੋੜੀਂਦੀਆਂ ਵਸਤਾਂ ਉਸ ਸਮੇਂ ਰਸੋਈ ਵਿੱਚ ਮੌਜੂਦ ਸਟਾਫ਼ ਨੂੰ ਵੰਡਣ ਦੌਰਾਨ ਮੈਨੂੰ ਇਹ ਬੈਗ ਮਿਲਿਆ ਸੀ।”