ਕੈਲਗਰੀ ਕੈਨੇਡਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਇਆ ਗਿਆ ਸਲਾਨਾ ਨਗਰ ਕੀਰਤਨ, ਦੋ ਲੱਖ ਤੋਂ ਵੱਧ ਸੰਗਤਾਂ ਦਾ ਹੋਇਆ ਭਰਵਾਂ ਇਕੱਠ

ਕੈਲਗਰੀ ਕੈਨੇਡਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਇਆ ਗਿਆ ਸਲਾਨਾ ਨਗਰ ਕੀਰਤਨ, ਦੋ ਲੱਖ ਤੋਂ ਵੱਧ ਸੰਗਤਾਂ ਦਾ ਹੋਇਆ ਭਰਵਾਂ ਇਕੱਠ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 14 ਮਈ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਪੰਜ ਕਕਾਰੀ ਰਹਿਤ ਦੇ ਕੇ ਖ਼ਾਲਸੇ ਦੀ ਸਾਜਨਾ ਕੀਤੀ ਸੀ । ਪੂਰੇ ਸੰਸਾਰ ਵਿੱਚ ਹਰ ਸਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਪੂਰੇ ਸ਼ਾਨੋ-ਸ਼ੌਕਤ ਨਾਲ ਸਜਾਏ ਜਾਂਦੇ ਹਨ । ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਸਲਾਨਾ ਨਗਰ ਕੀਰਤਨ ਵਿੱਚ ਲੋਕਲ ਸੰਗਤਾਂ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੀਆਂ ਦੋ ਲੱਖ ਤੋਂ ਵੱਧ ਸੰਗਤਾਂ ਨੇ ਹਾਜ਼ਰੀ ਭਰਕੇ ਤੇ ਪੂਰੇ ਚਾਅ ਨਾਲ ਹਜ਼ਾਰਾਂ ਖਾਲਸਾਈ ਝੰਡਿਆਂ ਨੂੰ ਆਪਣੇ ਮੋਡਿਆਂ ਤੇ ਚੱਕ ਕੇ ਸਮੁੱਚੇ ਸੰਸਾਰ ਨੂੰ ਇਹ ਸਨੇਹਾ ਦਿੱਤਾ ਕਿ ਸਿੱਖ ਕੌਮ ਅੱਜ ਵੀ ਸ਼ਹੀਦਾਂ ਦਾ ਸੁਪਨਾ ਖਾਲਸਾ ਰਾਜ ਖਾਲਸਾ ਰਾਜ ਦੀ ਸਥਾਪਤੀ ਪ੍ਰਤੀ ਸੰਘਰਸ਼ਸ਼ੀਲ ਹੈ । 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਪੰਜ ਸਿੰਘਾਂ ਦੀ ਅਗਵਾਈ ਵਿੱਚ ਗੁਰੂ ਕੇ ਬਾਣਿਆਂ ਵਿੱਚ ਸਜੇ ਗਤਕਈ ਬੱਚੇ ਬੱਚੀਆਂ ਦੀਆਂ ਭੁਚੰਗ ਫ਼ੌਜਾਂ ਗਤਕੇ ਦੇ ਜੌਹਰ ਦਿਖਾਉਂਦੇ ਖਾਲਸਾਈ ਸ਼ਾਨ ਨੂੰ ਚਾਰ ਚੰਨ ਲਗਾਉਂਦੇ ਫਲੋਟਾਂ ਨਾਲ ਗੁਰਦੁਆਰਾ ਦਸਮੇਸ਼ ਕਲਚਰ ਤੋ ਚੱਲ ਕੇ ਖੁੱਲੇ ਦੀਵਾਨ ਅਸਥਾਨ ਤੇ ਪਹੁੰਚੇ । ਇਸ ਵਿਚ ਸਰੀ ਤੋਂ ਅਕਾਲ ਖ਼ਾਲਸਾ ਗਤਕਾ ਅਖਾੜਾ, ਮਾਤਾ ਸਾਹਿਬ ਕੌਰ ਗਤਕਾ ਅਖਾੜਾ, ਸ਼ਹੀਦ ਭਾਈ ਹਰਦੀਪ ਸਿੰਘ ਗੁਰਮਤਿ ਸਕੂਲ ਦੇ ਨੌਜੁਆਨ ਬੱਚੇ ਬੱਚੀਆਂ ਉਸਤਾਦ ਭਾਈ ਜਗਜੀਤ ਸਿੰਘ ਨਾਲ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਸ਼ਾਸਤਰਾਂ ਦੇ ਜੌਹਰ ਦਿਖਾਉਂਦੇ ਪੂਰੇ ਨਗਰ-ਕੀਰਤਨ ਰੂਟ ਵਿੱਚ ਗਤਕੇ ਦੇ ਪ੍ਰਦਰਸ਼ਨ ਕਰਦੇ ਸੋਭਾ ਪਾ ਰਹੇ ਸਨ ਤੇ ਸੰਗਤਾਂ ਨੂੰ ਬਾਣਾ ਬਾਣੀ ਸ਼ਾਸਤਰ ਕਲਾ ਤੇ ਆਪਣੀ ਬੇਸ਼ਕਮਤੀ ਵਿਰਾਸਤ ਨਾਲ ਜੋੜ ਰਹੇ ਸਨ ।

ਖੁੱਲੇ ਪੰਡਾਲ ਵਿੱਚ ਸਜੇ ਦੀਵਾਨ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਢਾਡੀ ਸਿੰਘ ਵਾਰਾਂ ਗਾਇਨ ਕਰਕੇ ਖ਼ਾਲਸੇ ਦੀ ਮਹਿਮਾ ਸਰਵਣ ਕਰਵਾ ਰਹੇ ਸਨ । ਕੈਨੇਡਾ ਦੀਆਂ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਵਿੱਚ ਲਿਬਰਲ ਐਮਪੀ ਜੋਰਜ ਚਾਹਿਲ, ਕਨਜਰਟਿਵ ਐਮਪੀ ਭਾਈ ਹੱਲਨ ਤੇ ਹੋਰ ਲੀਡਰਾਂ ਨੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਪੇਸ਼ ਕੀਤੀ । ਮੋਨਟੀਰੀਅਲ ਤੋਂ ਵਿਸ਼ੇਸ ਤੋਰ ਤੇ ਹਾਜ਼ਰ ਜਥੇਦਾਰ ਭਾਈ ਸੰਤੋਖ ਸਿੰਘ ਖੇਲਾ ਤੇ ਅਮਰੀਕਾ ਤੋਂ ਐਸਐਫਜੇ ਦੇ ਭਾਈ ਅਵਤਾਰ ਸਿੰਘ ਪੱਨੂੰ ਤੇ ਸਮੁੱਚੀ ਟੀਮ ਪਿਛਲੇ ਕਈ ਦਿਨਾਂ ਤੋਂ ਪੁੱਜੀ ਹੋਈ ਸੀ ਉਨ੍ਹਾਂ ਵੱਲੋਂ 28 ਜੁਲਾਈ 2024 ਨੂੰ ਕੈਲਗਰੀ ਵਿਚ ਖਾਲਸਾ ਰਾਜ ਲਈ ਰੈਫ੍ਰੈਂਡਮ ਦੀਆਂ ਵੋਟਾਂ ਦਾ ਐਲਾਨ ਕੀਤਾ ਗਿਆ ।

ਨਗਰ ਕੀਰਤਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਾਈ ਕਮਿਸ਼ਨਰ ਸੰਜੇ ਵਰਮਾ ਦੇ ਪੁਤਲਿਆਂ ਵਾਲਾ ਫਲੋਟ ਖਿੱਚ ਦਾ ਕੇਂਦਰ ਬਣਿਆ ਰਿਹਾ, ਜਿਸ ਦੇ ਵਿੱਚ ਦੋਨਾਂ ਦੇ ਪੁਤਲਿਆਂ ਨੂੰ ਹੱਥਕੜੀਆਂ ਲਾਈਆਂ ਸਨ।

ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਗਿੱਲ ਅਤੇ ਸਮੁੱਚੀ ਮਨੇਜਮੈਂਟ ਵੱਲੋ ਆਉਣ ਵਾਲੇ ਰੈਫ੍ਰੈਂਡਮ ਵੋਟਿੰਗ ਸੰਘਰਸ਼ ਵਿੱਚ ਹਰ ਤਰਾਂ ਦੀ ਸੇਵਾ ਕਰਨ ਦੀ ਬਚਨਵੱਧਤਾ ਦੁਹਰਾਈ ਗਈ ਅਤੇ ਕੈਲਗਰੀ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ । ਸਰੀ ਤੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਟੀਮ ਵਲ਼ੋ ਆਉਣ ਵਾਲੀ 16 ਜੂਨ ਨੂੰ ਸ਼ਹੀਦ ਭਾਈ ਨਿੱਝਰ ਦੀ ਪਹਿਲੀ ਬਰਸੀ ਤੇ ਮਹਾਨ ਸ਼ਹੀਦੀ ਸਮਾਗਮਾਂ ਵਿੱਚ ਸਮੂਹ ਸੰਗਤਾਂ ਨੂੰ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ।

ਆਈਆਂ ਹੋਈਆਂ ਸੰਗਤਾਂ ਦੀ ਟਹਿਲ ਸੇਵਾ ਵਾਸਤੇ ਪ੍ਰਬੰਧਕਾਂ ਵੱਲੋ ਬਹੁਤ ਵੱਡੇ ਪੱਧਰ ਤੇ ਢੁੱਕਵੇ ਪ੍ਰਬੰਧ ਕੀਤੇ ਗਏ ਸਨ ਜਿਸ ਵਿੱਚ ਵੱਖੋ ਵੱਖ ਤਰਾਂ ਦੇ ਪਕਵਾਨ ਤੇ ਹੋਰ ਪਕਵਾਨ ਬਗੈਰਾ ਬੇਅੰਤ ਵਰਤਾਏ ਜਾ ਰਹੇ ਸਨ । ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਗਿੱਲ ਵੱਲੋ ਆਈਆਂ ਸੰਗਤਾਂ ਤੇ ਗੁਰੂ ਮਹਾਂਰਾਜ ਜੀ ਦਾ ਕੋਟਿਨ ਕੋਟ ਧੰਨਵਾਦ ਕੀਤਾ ਜਿੰਨਾਂ ਦੀ ਅਪਾਰ ਕਿਰਪਾ ਨਾਲ ਏਡਾ ਵੱਡਾ ਸਮਾਗਮ ਬਹੁਤ ਚੜਦੀ ਕਲਾ ਵਿੱਚ ਸੰਪੂਰਨ ਹੋਇਆ ।