15 ਅਗਸਤ ਤੇ ਸਿੱਖ : ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ

15 ਅਗਸਤ ਤੇ ਸਿੱਖ : ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ

15 ਅਗਸਤ 1947 ਨੂੰ ਜਦੋਂ ”ਭਾਰਤ ਮਾਤਾ” ਆਪਣੀ ਕਥਿਤ ਆਜ਼ਾਦੀ ਦੇ ਜਸ਼ਨਾਂ ਵਿਚ ਡੁੱਬੀ ਖੁਸ਼ੀਆਂ ਮਨਾ ਰਹੀ ਸੀ, ਤਾਂ ਪੰਜਾਬ ਦੇ ਵਿਹੜੇ ‘ਚ ਮੌਤ ਦੇ ਸੱਥਰ ਵਿਛਦੇ ਜਾ ਰਹੇ ਸਨ। ਪੰਜ ਦਰਿਆਵਾਂ ਦੀ ਧਰਤੀ ਦੇ ਦੋ ਟੁਕੜੇ ਕਰ ਦਿੱਤੇ ਗਏ ਸਨ ਤੇ ਪੰਜਾਬੀ ਇਕ-ਦੂਜੇ ਦੇ ਲਹੂ ਦੇ ਪਿਆਸੇ ਹੋ ਕੇ ਘਰ-ਘਾਟ ਉਜਾੜਦੇ ਤੇ ਉਜੱੜਦੇ ਜਾ ਰਹੇ ਸਨ। ਇਸ ਸਮੇਂ ਆਪਣੇ ਗੁਰੂਆਂ ਦੀ ਸਿੱਖਿਆ ਤੇ ਬਖਸ਼ਿਸ਼ ਨਾਲ ”ਭਗਤੀ ਤੇ ਸ਼ਕਤੀ” ਦਾ ਸੰਕਲਪ ਲੈ ਕੇ ਦੁਨੀਆ ਦੀਆਂ ਦੋ ਵੱਡੀਆਂ ਸਲਤਨਤਾਂ ਮੁਗਲਾਂ ਤੇ ਅੰਗਰੇਜ਼ਾਂ ਨੂੰ ਢਾਹ ਲੈਣ ਵਾਲੀ ਸਿੱਖ ਕੌਮ ਆਪਣੇ ਆਗੂਆਂ ਦੀ ਮਾੜੀ ਦੂਰਅੰਦੇਸ਼ੀ ਅਤੇ ਹਿੰਦੂ ਆਗੂਆਂ ਦੀਆਂ ਮੋਮੋਠੱਗਣੀਆਂ ਦਾ ਮੁੱਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਦੇ ਰੂਪ ਵਿਚ ਉਤਾਰ ਰਹੀ ਸੀ।  ਸਿੱਖ ਕੌਮ ਆਪਣੀ ਪਿਆਰੀ ਸਰਜ਼ਮੀਨ ਪੰਜਾਬ ਦੀ ਵੰਡ ਦਾ ਦਰਦ ਲੈ ਕੇ ਅੱਧੇ ਪੰਜਾਬ ਵਿਚ ਟਿਕਾਣਾ ਕਰਦੀ ਹੈ। ਇਥੋਂ ਹੀ ਸਿੱਖ ਕੌਮ ਦੇ ਮੌਜੂਦਾ ਸੰਕਟ ਜਾਣੀ ਕਿ ਦਿਲ-ਫਰੇਬ ਬਿਪਰਵਾਦ ਦੀ ਗੁਲਾਮੀ ਦੇ ਦੌਰ ਦਾ ਆਗਾਜ਼ ਹੁੰਦਾ ਹੈ। । ਇਸ ਦੇਸ਼ ਦੀ ਆਜ਼ਾਦੀ ਲਈ 90 ਫ਼ੀਸਦੀ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਗੁਲਾਮੀ ਦੇ ਅਹਿਸਾਸ ਦਾ ਸਭ ਤੋਂ ਪਹਿਲਾ ਤੋਹਫਾ ਹਿੰਦੂਸਤਾਨੀ ਹਕੂਮਤ ਵੱਲੋਂ ਉਚ ਅਫਸਰਸ਼ਾਹੀ ਨੂੰ ਜਾਰੀ ਇਕ ਸਰਕੂਲਰ ਦੇ ਰੁਪ ਵਿਚ ਮਿਲਦਾ ਹੈ, ਕਿ ”ਸਿੱਖ ਇਕ ਜ਼ਰਾਇਮ-ਪੇਸ਼ਾ ਕੌਮ ਹੈ, ਇਸ ਕਰਕੇ ਇਨ੍ਹਾਂ ਉਤੇ ਖਾਸ ਨਜ਼ਰ ਰੱਖੀ ਜਾਵੇ।”
ਸਿੱਖੀ ਦੇ ਜਨਮ ਤੋਂ ਲੈ ਕੇ ਅੱਜ ਤੱਕ ਸਿੱਖੀ ਦੀ ਹੋਂਦ ਨੂੰ ਮਿਟਾਉਣ ਲਈ ਹਮਲੇ ਹੁੰਦੇ ਰਹੇ ਹਨ । ਭਾਰਤ ਨਾਲ ਸਿੱਖਾਂ ਨੇ ਆਪਣੀ ਹੋਣੀ ਇਸ ਕਰਕੇ ਜੋੜੀ ਸੀ, ਕਿ ਇਸ ਦੇਸ਼ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਤੇ ਅਹਿਸਾਨਾਂ ਦੇ ਬਦਲੇ ਵਿਚ ਉਨ੍ਹਾਂ ਨੂੰ ਆਜ਼ਾਦੀ ਦਾ ਨਿੱਘ ਮਾਨਣ ਲਈ ਮਿਲੇਗਾ। ਭਾਵੇਂ ਮੌਕੇ ਦੇ ਹਿੰਦੂਸਤਾਨੀ ਆਗੂ ਪੈਰ ਉਤੇ ਹੀ ਕੀਤੇ ਵਾਅਦਿਆਂ ਤੋਂ ਮੁੱਕਰ ਗਏ ਸਨ ਪਰ ਸਿੱਖਾਂ ਨੂੰ ਫਿਰ ਵੀ ਕੋਈ ਆਸ ਬਚੀ ਹੋਣ ਦਾ ਭਰਮ ਸੀ। ਉਹ ਸਿਰ ਸੁੱਟ ਕੇ ਮਿਹਨਤ ਕਰਨ ਲੱਗੇ ਤੇ ਭੁੱਖ ਨਾਲ ਮਰ ਰਹੇ ਭਾਰਤ ਦਾ ਢਿੱਡ ਭਰਿਆ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜਾਨਾਂ ਵਾਰ ਦਿੱਤੀਆਂ, ਦੁਸ਼ਮਣ ਦੇ ਟੈਂਕਾਂ ਮੂਹਰੇ ਛਾਤੀਆਂ ਡਾਹੀਆਂ ਪਰ ”ਭਾਰਤ ਮਾਤਾ” ਨੇ ਸਿੱਖਾਂ ਨਾਲ ਸਦਾ ਮਤਰੇਈ ਮਾਂ ਵਾਲਾ ਸਲੂਕ ਹੀ ਜਾਰੀ ਰੱਖਿਆ।
ਸਿੱਖਾਂ ਦੀ ਕੁਰਬਾਨੀ ਦਾ ਮੁੱਲ ਉਨ੍ਹਾਂ ਨੂੰ ਪੈਰ-ਪੈਰ ਉਤੇ ਜ਼ਲੀਲ ਕਰਨ ਦੇ ਰੂਪ ਵਿਚ ਮਿਲਿਆ। ਆਪਣੀ ਮਾਂ-ਬੋਲੀ ਪੰਜਾਬੀ ਦੇ ਆਧਾਰ ਉਤੇ ਪੰਜਾਬੀ ਸੂਬੇ ਦੀ ਮੰਗ ਕੀਤੀ ਤਾਂ ਗੋਲੀਆਂ, ਲਾਠੀਆਂ ਤੇ ਜੇਲ੍ਹਾਂ ਮਿਲੀਆਂ। ਜਦੋਂ ਬੇਵੱਸ ਹੋ ਕੇ ਪੰਜਾਬੀਆਂ ਨੂੰ ਪੰਜਾਬੀ ਬੋਲੀ ਦੇ ਆਧਾਰ ਉਤੇ  ਪੰਜਾਬੀ ਸੂਬਾ ਦੇਣਾ ਪਿਆ ਤਾਂ ਫਿਰ ਇਹ ਲੰਗੜਾ ਕਰ ਕੇ ਦਿੱਤਾ ਗਿਆ। ਪੰਜਾਬ ਨੂੰ ਹੁਣ ਤਕ ਆਪਣੀ ਰਾਜਧਾਨੀ ਨਸੀਬ ਨਹੀਂ ਹੋਈ, ਸਗੋਂ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਜਾਣ-ਬੁੱਝ ਕੇ  ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ। ਫਿਰ ਪੰਜਾਬ ਦੇ ਪਾਣੀਆਂ ਦੀ ਅੰਨ੍ਹੀ ਲੁੱਟ ਕੀਤੀ ਗਈ ਜੋ ਅਜੇ ਵੀ ਜਾਰੀ ਹੈ। ਸਿੱਖਾਂ ਨੇ ਆਨੰਦਪੁਰ ਸਾਹਿਬ ਦਾ ਮਤਾ ਮੰਗਿਆ ਤਾਂ ਅੱਤਵਾਦੀ-ਵੱਖਵਾਦੀ ਕਹਿ ਕੇ ਪੂਰੀ ਦੁਨੀਆ ਵਿਚ ਭੰਡਿਆ ਗਿਆ। ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਿਆ। ਜਦੋਂ ਹਰ ਪਾਸੇ ਹੁੰਦੇ ਧੱਕੇ ਅਤੇ ਵਿਤਕਰੇ ਤੋਂ ਦੁਖੀ ਹੋ ਕੇ ਸਿੱਖਾਂ ਨੇ ਆਪਣਾ ਵੱਖਰਾ ਘਰ ਮੰਗਿਆ ਤਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਉਤੇ ਫੌਜਾਂ ਚਾੜ੍ਹੀਆਂ ਗਈਆਂ, ਟੈਂਕਾਂ ਤੇ ਬੰਬਾਂ ਨਾਲ ਸਿੱਖ ਕੌਮ ਦੇ ਇਸ ਸਭ ਤੋਂ ਮੁਕੱਦਸ ਅਸਥਾਨ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਤੇ ਸਿੱਖਾਂ ਦੀ ਮਿੱਥ ਕੇ ਨਸਲਕੁਸ਼ੀ ਕੀਤੀ ਗਈ।
ਇਸ ਕਰਕੇ ਹਰ ਸਾਲ 15 ਅਗਸਤ ਦਾ ਦਿਨ ਜਾਗਦੇ ਸਿੱਖਾਂ ਵਿਚ ਗੁਲਾਮੀ ਦੀ ਪੀੜ ਨੂੰ ਸਹਿਲਾਅ ਜਾਂਦਾ ਹੈ। ਅੱਜ ਸਾਨੂੰ ਇਸ ਦੇਸ਼ ਵਿਚ ਆਪਣੇ ਗੁਰੂ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ-ਧਰਨੇ ਕਰਨ ਦੇ ਬਦਲੇ ਵਿਚ ਵੀ ਗੋਲੀਆਂ ਤੇ ਡਾਂਗਾਂ ਖਾਣੀਆਂ ਪੈ ਰਹੀਆਂ ਹਨ। ਬੀਐਸਐਫ਼. ਦੇ ਅਧਿਕਾਰ ਖੇਤਰ ‘ਚ ਸਥਾਪਿਤ ਗੁਰਦੁਆਰਾ ਸਾਹਿਬ ‘ਚੋਂ ਗੁਰੂ ਸਾਹਿਬ ਦੇ ਸਰੂਪ ਬੀਐਸਐਫ਼. ਦਾ ਹੀ ਇੱਕ ਮੁਲਾਜ਼ਮ ਚੁੱਕ ਕੇ ਗੰਦੇ ਨਾਲੇ ‘ਚ ਸੁੱਟ ਦਿੰਦਾ ਹੈ। ਸਰਕਾਰੀ ਮਸ਼ੀਨਰੀ ਉਸ ਪਾਪੀ ਨੂੰ ਮਾਨਸਿਕ ਰੋਗੀ ਆਖ਼ ਕੇ ਬਚਾਉਣ ਦਾ ਯਤਨ ਕਰਦੀ ਹੈ। ਸਿੱਖਾਂ ਦੇ ਗੁਰੂ ਦੀ ਬੇਅਦਬੀ ਕਰਨ ਵਾਲਾ ਹਰ ਕੋਈ ਮਾਨਸਿਕ ਰੋਗੀ ਬਣਾ ਦਿੱਤਾ ਜਾਂਦਾ ਹੈ। ਇਹ ਕਥਿਤ ਮਾਨਸਿਕ ਰੋਗੀ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੇ ਹਨ? ਮਹਾਰਾਸ਼ਟਰ ‘ਚ ਸਕੂਲੀ ਕਿਤਾਬਾਂ ‘ਚ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ‘ਅੱਤਵਾਦੀ’ ਲਿਖੇ ਜਾਣ ਨੂੰ ਸਹੀ ਠਹਿਰਾਇਆ ਗਿਆ ਹੈ। ਬੀਤੇ ਦਿਨ ਸਨੌਰ ਵਿਖੇ ਵਾਪਰੀ ਘਟਨਾ ਹੀ ਲੈ ਲਵੋ, ਗੁਰਦੁਆਰਾ ਸਾਹਿਬ  ਤੋਂ ਕੀਰਤਨ ਸਰਵਣ ਕਰ ਕੇ ਵਾਪਸ ਆ ਰਹੇ ਸਿੱਖ ਮੁੰਡਿਆਂ ਨੂੰ ਨਾਕਾ ਲਾ ਕੇ ਖੜ੍ਹੀ ਪੁਲਿਸ ਨੇ ਇਸ ਕਾਰਨ ਕੁੱਟ-ਕੁੱਟ ਕੇ ਅੱਧ-ਮਰੇ ਕਰ ਦਿੱਤਾ ਕਿ ਉਹ ਪੁਲਿਸ ਨੂੰ ਸਵਾਲ ਕਰਨ ਵਾਲੇ ਕੌਣ ਹੁੰਦੇ ਹਨ। ਪੁਲਿਸ ਚੌਕੀ ਲਿਜਾ ਕੇ ਇਨ੍ਹਾਂ ਨਾਲ ਉਹੀ ਕੁਝ ਕੀਤਾ ਜਿਹੜਾ ਦਿੱਲੀ ਦੇ ਹੁਕਮਾਂ ਉਤੇ ਬੀਤੇ ਵਿਚ ਪੰਜਾਬ ਦੀ ਪੁਲਿਸ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨਾਲ ਕੀਤਾ ਸੀ, ਜਿਹੜਾ ਪੰਜਾਬ ਪੁਲਿਸ ਸਿੱਖਾਂ ਨਾਲ ਅਕਸਰ ਕਰਦੀ ਆਈ ਹੈ।
ਇਸ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮਨਾਉਣ ਜਾ ਰਹੇ ਭਰਾਵਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਕੀ ਸਾਡੀ ਸਿੱਖਾਂ ਦੀ ਆਜ਼ਾਦੀ ਉਨ੍ਹਾਂ ਨਾਲੋਂ ਵੱਖਰੀ ਹੈ? ਕੀ ਤੁਹਾਡੇ ਕਹਿਣ ਮੁਤਾਬਕ ਇਸ ਦੇਸ਼ ਵਿਚ ਸਿੱਖ ਸੱਚਮੁੱਚ ਆਜ਼ਾਦ ਹਨ? ਬਿਪਰਵਾਦੀਆਂ ਦੀ ਇਸ ਘਟੀਆ ਸੋਚ ਦੇ ਚੱਲਦਿਆਂ ਇਸ ਦੇਸ਼ ‘ਚ ਸਿੱਖ ਅਜ਼ਾਦੀ ਦਾ ਨਿੱਘ ਕਿਵੇਂ ਮਾਣ ਸਕਦੇ ਹਨ? ਜਿਸ ਦੇਸ਼ ‘ਚ ਸਿੱਖਾਂ ਲਈ ਇਨਸਾਫ਼ ਨਹੀਂ ਹੈ, ਨਾ ਹੀ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਮੰਨਿਆ ਜਾਂਦਾ ਹੈ, ਫਿਰ ਸਿੱਖਾਂ ਲਈ ਇਨ੍ਹਾਂ ਕਥਿਤ ਆਜ਼ਾਦੀ ਦੇ ਜਸ਼ਨਾਂ ਦੇ ਕੀ ਮਾਅਨੇ ਹਨ? ਸਿੱਖ ਇਸ ਧਰਤੀ ਦੇ ਜੰਮੇ-ਜਾਏ ਹਨ। ਇਸ ਕਰਕੇ ਸਿੱਖਾਂ ਵੱਲੋਂ ਉਨ੍ਹਾਂ ਲਈ ਮਤਰੇਈ ਬਣੀ ”ਭਾਰਤ-ਮਾਤਾ” ਤੋਂ ਆਪਣੇ ਹਿੱਸੇ ਦੀਆਂ ”ਲੋਰੀਆਂ” ਦੇ ਹੱਕ ਲਈ ਆਪਣੀ ਮਾਤ-ਭੁਮੀ ਦੀ ਸੰਪੂਰਨ ਆਜ਼ਾਦੀ ਹੀ ਇੱਕੋ-ਇੱਕ ਆਖਰੀ ਰਾਹ ਬਚਦਾ ਹੈ।