ਭਾਰਤੀ ਮੂਲ ਦੇ ਦੋ ਅਮਰੀਕੀ ਬੈਂਸ ਤੇ ਗੁਪਤਾ ਰਾਸ਼ਟਰਪਤੀ ਦੇ ਵਿਸ਼ੇਸ਼ ਸਲਾਹਕਾਰ ਨਿਯੁਕਤ

ਭਾਰਤੀ ਮੂਲ ਦੇ ਦੋ ਅਮਰੀਕੀ ਬੈਂਸ ਤੇ ਗੁਪਤਾ ਰਾਸ਼ਟਰਪਤੀ ਦੇ ਵਿਸ਼ੇਸ਼ ਸਲਾਹਕਾਰ ਨਿਯੁਕਤ
ਚਿਰਾਗ ਬੈਂਸ ਤੇ ਪਰੋਨੀਤ ਗੁਪਤਾ ਦੀਆਂ ਫਾਇਲ ਤਸਵੀਰਾਂ

 ਹੁਣ ਤੱਕ 20 ਤੋਂ ਵਧ ਭਾਰਤੀ ਉੱਚ ਅਹੁੱਦਿਆਂ 'ਤੇ ਨਿਯੁਕਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) - ਰਾਸ਼ਟਰਪਤੀ ਜੋਅ ਬਾਇਡੇਨ ਨੇ ਭਾਰਤੀ ਮੂਲ ਦੇ ਦੋ ਅਮਰੀਕੀ ਨਾਗਰਿਕਾਂ ਨੂੰ ਆਪਣੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਬਾਇਡੇਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਕੀਤੇ ਐਲਾਨ ਵਿਚ ਕਿਹਾ ਗਿਆ ਹੈ ਕਿ ਚਿਰਾਗ ਬੈਂਸ ਤੇ ਪਰੋਨੀਤਾ ਗੁਪਤਾ 'ਡੋਮੈਸਟਿਕ ਪਾਲਸੀ ਕੌਂਸਲ' ਵਿਚ ਵਿਸ਼ੇਸ਼ ਸਲਾਹਕਾਰ ਵਜੋਂ ਆਪਣੀਆਂ ਭੂਮਿਕਾਵਾਂ ਨਿਭਾਉਣਗੇ। ਇਹ ਦੋਨੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਵਿਚ ਵੀ ਨਿਯੁਕਤ ਰਹੇ ਹਨ। ਉਸ ਸਮੇਂ ਬਾਇਡੇਨ ਉੱਪ ਰਾਸ਼ਟਰਪਤੀ ਸਨ। ਵਾਈਟ ਹਾਊਸ ਵੱਲੋਂ ਕੀਤੇ ਐਲਾਨ ਅਨੁਸਾਰ ਬੈਂਸ ਫੌਜਦਾਰੀ ਨਿਆਂ ਅਤੇ ਗੁਪਤਾ ਕਿਰਤ ਤੇ ਕਿਰਤੀਆਂ ਸਬੰਧੀ ਮਾਮਲਿਆਂ ਨਾਲ ਨਜਿੱਠਣਗੇ। ਇਨਾਂ ਦੋ ਨਿਯੁਕਤੀਆਂ ਨਾਲ  20 ਤੋਂ ਵਧ ਭਾਰਤੀ ਮੂਲ ਦੇ ਅਮਰੀਕੀ ਬਾਇਡੇਨ ਪ੍ਰਸ਼ਾਸਨ ਵਿਚ ਉੱਚ ਅਹੁੱਦਿਆਂ ਉਪਰ ਨਿਯੁੱਕਤ ਕੀਤੇ ਜਾ ਚੁੱਕੇ ਹਨ। ਇਨਾਂ ਨਿਯੁਕਤੀਆਂ ਵਾਸਤੇ ਸੈਨੇਟ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ ਕਿਉਂਕਿ ਇਹ ਨਿਯੁਕਤੀਆਂ ਰਾਸ਼ਟਰਪਤੀ ਦੇ ਸਟਾਫ ਵਿਚ ਕੀਤੀਆਂ ਗਈਆਂ ਹਨ। ਚਿਰਾਗ ਬੈਂਸ ਨਿਆਂ ਵਿਭਾਗ ਦੀ 'ਸਿਵਲ ਰਾਈਟਸ ਡਵੀਜਨ' ਵਿਚ ਕੰਮ ਕਰ ਚੁੱਕੇ ਹਨ। ਉਹ ਪਹਿਲਾਂ ਮਨੁੱਖੀ ਅਧਿਕਾਰਾਂ ਸਬੰਧੀ ਅਪਰਾਧ ਦੇ ਵਕੀਲ ਤੇ ਫਿਰ ਅਸਿਸਟੈਂਟ ਅਟਾਰਨੀ ਜਨਰਲ ਦੇ ਸੀਨੀਅਰ ਸਲਾਹਕਾਰ ਰਹੇ ਹਨ। ਪਰੋਨੀਤ ਗੁਪਤਾ ਓਬਾਮਾ ਪ੍ਰਸ਼ਾਸਨ ਵਿਚ ਕਿਰਤ ਵਿਭਾਗ ਦੀ 'ਵੋਮੈਨ ਬਿਊਰੋ' ਵਿਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ। ਉਹ ਸੈਂਟਰ ਫਾਰ ਲਾਅ ਐਂਡ ਸੋਸ਼ਲ ਪਾਲਸੀ ਵਿਚ 'ਜੌਬ ਕੁਆਲਿਟੀ' ਦੇ ਡਾਇਰੈਕਟਰ ਵਜੋਂ ਵੀ ਤਾਇਨਾਤ ਰਹੇ ਹਨ। ਇਥੇ ਵਰਣਨਯੋਗ ਹੈ ਕਿ ਰਾਸ਼ਟਰਪਤੀ ਨੇ ਇਕ ਦਿਨ ਪਹਿਲਾਂ ਮਜ਼ਾਕ ਵਿਚ ਕਿਹਾ ਸੀ ਕਿ ਨਿਯੁਕਤੀਆਂ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਮਰੀਕੀਆਂ ਉਪਰ ਭਾਰੀ ਪੈ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਬਾਇਡੇਨ ਨੇ ਪਾਕਿਸਤਾਨੀ ਮੂਲ ਦੇ ਅਮਰੀਕੀ ਦਿਲਵਰ ਸਈਦ ਨੂੰ ਛੋਟੇ ਕਾਰੋਬਾਰਾਂ ਸਬੰਧੀ ਪ੍ਰਸ਼ਾਸਨ ਵਿਚ ਡਿਪਟੀ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਸੀ।