ਨਰਾਇਣਗੜ੍ਹ ’ਚ ਹਰਿਆਣਾ ਦੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਚੱਲਦੇ ਗੁਰਮਤਿ ਸਮਾਗਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਭਾਰੀ ਬੇਅਦਬੀ : ਸਰਨਾ

ਨਰਾਇਣਗੜ੍ਹ ’ਚ ਹਰਿਆਣਾ ਦੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਚੱਲਦੇ ਗੁਰਮਤਿ ਸਮਾਗਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਭਾਰੀ ਬੇਅਦਬੀ : ਸਰਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 4 ਮਈ (ਮਨਪ੍ਰੀਤ ਸਿੰਘ ਖਾਲਸਾ):- ਹਰਿਆਣੇ ਦੇ ਗੁਰਦੁਆਰੇ ਸ੍ਰੀ ਰਾਤਗੜ ਸਾਹਿਬ ਨਰਾਇਣਗੜ੍ਹ ਵਿੱਚ 29 ਅਪ੍ਰੈਲ ਵਿੱਚ ਚੱਲਦੇ ਗੁਰਮਤਿ ਸਮਾਗਮ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਮੁੱਖ ਮੰਤਰੀ ਨਾਇਬ ਸੈਣੀ ਦੀ ਆਮਦ ਤੋਂ ਪਹਿਲਾ ਜੋ ਤਲਾਸ਼ੀ ਲਈ ਗਈ । ਉਸਨੇ ਪੂਰੀ ਦੁਨੀਆਂ ਵਿੱਚ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ । ਅੱਜ ਤੱਕ ਇਹ ਕਦੇ ਨਹੀ ਸੀ ਹੋਇਆ ਕਿ ਚਾਹੇ ਕਿੰਨਾ ਵੀ ਵੱਡਾ ਅਹੁਦੇਦਾਰ ਆਉਣਾ ਹੋਵੇ ਪਰ ਗੁਰੂ ਸਾਹਿਬ ਦੇ ਸਰੂਪ ਦੇ ਨੇੜੇ ਜਾਣ ਦੀ ਵੀ ਕਿਸੇ ਸਕਿਉਰਟੀ ਦੀ ਜੁਰਅਤ ਨਹੀ ਸੀ ਪਈ । ਪਰ ਹੁਣ ਭਾਜਪਾ ਦੇ ਰਾਜ ਵਿੱਚ ਇਹ ਵੀ ਹੋਣ ਲੱਗਿਆ ਹੈ । 

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਘਟਨਾ ਦਾ ਨੋਟਿਸ ਲੈਂਦਿਆ ਪੜਤਾਲ ਕਰਵਾਕੇ ਪਹਿਲਾਂ ਤਾਂ ਇਸ ਸਮਾਗਮ ਦੇ ਪ੍ਰਬੰਧਕਾਂ ਦਾ ਪਤਾ ਕਰਵਾਕੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਲਗਾਈ ਜਾਵੇ । ਕਿਉਂਕਿ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਤੋਂ ਉੱਪਰ ਕੋਈ ਮੰਤਰੀ ਸੰਤਰੀ ਜਾਂ ਹੋਰ ਨਹੀ। 

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕੀ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਇਸ ਘਟਨਾ ਦੀ ਨੈਤਿਕ ਤੌਰ ਤੇ ਜਿੰਮੇਵਾਰੀ ਲੈੰਦਿਆਂ ਸਿੱਖ ਕੌਮ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਜੇਕਰ ਉਹ ਮਾਫ਼ੀ ਨਹੀਂ ਮੰਗਦਾ ਤਾਂ ਸਿੱਖ ਕੌਮ ਨੂੰ ਉਸਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ । 

ਸਾਡੇ ਸਭ ਲਈ ਇਹ ਸੋਚਣ ਤੇ ਵਿਚਾਰਨ ਦਾ ਵੇਲਾ ਹੈ ਕਿ ਜੋ ਅੱਜ ਤੱਕ ਕਦੇ ਨਹੀਂ ਹੋਇਆ ਉਹ ਵੀ ਹੁਣ ਹਿੰਦੋਸਤਾਨ ਵਿੱਚ ਹੋਣ ਲੱਗ ਪਿਆ ਹੈ । ਦੇਸ਼ ਦੇ ਪ੍ਰਧਾਨ ਮੰਤਰੀ , ਰਾਸ਼ਟਰਪਤੀ ਤੇ ਹੋਰ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਵਿਅਕਤੀ ਵੀ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਆਉੰਦੇ ਰਹੇ ਹਨ । ਪਰ ਸਕਿਉਰਟੀ ਦੇ ਨਾਮ ਤੇ ਇਹੋ ਜਿਹੀ ਨੀਚ ਹਰਕਤ ਅੱਜ ਤੱਕ ਕਦੇ ਨਹੀਂ ਹੋਈ । 

ਉਨ੍ਹਾਂ ਕਿਹਾ ਕੀ ਅੱਜ ਹਰਿਆਣਾ ਕਮੇਟੀ ਦਾ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਤੇ ਬਲਜੀਤ ਸਿੰਘ ਦਾਦੂਵਾਲ ਕਿੱਥੇ ਹਨ.? ਕੀ ਉਹਨਾਂ ਕੀ ਕੋਈ ਜਿੰਮੇਵਾਰੀ ਨਹੀ ਬਣਦੀ ਜਿੰਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਸਦਾ ਜ਼ੋਰ ਲਗਾਇਆ ਹੈ । ਪਿਛਲੇ ਦਿਨੀਂ ਦਾਦੂਵਾਲ ਬੰਗਲਾ ਸਾਹਿਬ ਦੇ ਪਵਿੱਤਰ ਅਸਥਾਨ ਤੇ ਬੈਠਕੇ ਬੀਜੇਪੀ ਦੀ ਤਰਫਦਾਰੀ ਕਰ ਰਹੇ ਸਨ, ਅੱਜ ਇਸ ਬੇਅਦਬੀ ਦੀ ਘਟਨਾ ਦੇ ਏਨੇ ਦਿਨ ਲੱਗਣ ਦੇ ਬਾਵਜੂਦ ਜ਼ਬਾਨ ਨੂੰ ਤਾਲਾ ਕਿਉ ਲਗਿਆ ਹੋਇਆ ਹੈ.? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਮੋਜੂਦਾ ਧਿਰ ਜੋ ਪੂਰੀ ਤਰ੍ਹਾਂ ਬੀਜੇਪੀ ਅੱਗੇ ਵਿਛ ਚੁੱਕੀ ਹੈ ਕੀ ਹੁਣ ਇਸ ਬੇਅਦਬੀ ਦੇ ਸਬੰਧੀ ਆਪਣੀ ਜ਼ੁਬਾਨ ਖੋਲੇਗੀ..? ਕੀ ਇਹ ਸਿਰਫ ਹੁਣ ਭਾਜਪਾ ਦੀ ਚਾਕਰੀ ਤੱਕ ਹੀ ਸੀਮਤ ਹੈ ।