ਅਜੋਕੇ ਦੌਰ ’ਚ ਔਰਤ ਦੀ ਅਜ਼ਾਦੀ ਦਾ ਸਵਾਲ

ਅਜੋਕੇ ਦੌਰ ’ਚ ਔਰਤ ਦੀ ਅਜ਼ਾਦੀ ਦਾ ਸਵਾਲ

ਔਰਤ ਦੀ ਪਹਿਚਾਣ ਸਿਰਫ਼ ਰਿਸ਼ਤਿਆਂ ਵਿਚ ਨਾ ਕਿ ਇਨਸਾਨਾਂ ਵਿਚ..

ਪ੍ਰੋਫੈਸਰ ਅਰਵਿੰਦਰ ਕਾਕੜਾ

ਔਰਤਾਂ ਨੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਕਾਫ਼ੀ ਲੰਬੀ ਲੜਾਈ ਲੜੀ ਹੈ। ਔਰਤ ਦੀ ਹੋਂਦ, ਆਜ਼ਾਦੀ ਤੇ ਸੁਰੱਖਿਆ ਦਾ ਮਸਲਾ ਸਾਡੇ ਸਮਾਜ ਦਾ ਮੁੱਖ ਮੁੱਦਾ ਹੈ। ਸਮਾਜ ਵਿਚ ਆਪਣੀ ਬਣਦੀ ਜਗ੍ਹਾ ਪ੍ਰਾਪਤ ਕਰਨ ਲਈ ਔਰਤ ਅਜੇ ਵੀ ਜੂਝ ਰਹੀ ਹੈ। ਪਹਿਲਾਂ ਨਾਲੋਂ ਔਰਤ ਪੜ੍ਹ-ਲਿਖ ਕੇ ਚੇਤੰਨ ਹੋਈ ਹੈ ਅਤੇ ਉਹ ਆਪਣੀ ਦਸ਼ਾ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਪਰ ਸਵਾਲ ਇਹ ਹੈ ਕਿ ਅਜੇ ਵੀ ਉਸ ਦੀ ਭੂਮਿਕਾ ਨੂੰ ਅਣਗੌਲਿਆ ਜਾਂਦਾ ਹੈ। ਦੁਨੀਆ ਦੀ ਅੱਧੀ ਵਸੋਂ ਭਾਵੇਂ ਔਰਤਾਂ ਦੀ ਹੈ ਪਰ ਉਨ੍ਹਾਂ ਦੀ ਪਛਾਣ ਮਾਂ, ਭੈਣ, ਪਤਨੀ, ਬੇਟੀ ਕਰ ਕੇ ਹੈ, ਇਨਸਾਨ ਕਰ ਕੇ ਨਹੀਂ ਹੈ।

ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਪ੍ਰਤੀ ਅਜਿਹੀ ਮਾਨਸਿਕਤਾ ਬਣਾ ਦਿੱਤੀ ਗਈ ਹੈ ਕਿ ਉਨ੍ਹਾਂ ਦੀ ਸਮਝ ਅਧੂਰੀ ਹੈ, ਉਹ ਆਪਣੇ ਨਿਰਣੇ ਆਪ ਨਹੀਂ ਲੈ ਸਕਦੀਆਂ, ਉਨ੍ਹਾਂ ਦੀ ਅਕਲ ਗੁੱਤ ਪਿੱਛੇ ਹੁੰਦੀ ਹੈ। ਇੱਥੇ ਇਹ ਗੱਲ ਬਿਲਕੁਲ ਭੁੱਲ ਜਾਂਦੀ ਹੈ ਕਿ ਔਰਤ ਵੀ ਸਮਾਜਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਅਜੋਕੇ ਸਮੇਂ ’ਚ ਜਦੋਂ ਅਸੀਂ ਆਪਣੇ ਦੇਸ਼ ਵੱਲ ਝਾਤੀ ਮਾਰਦੇ ਹਾਂ ਤਾਂ ਇਹ ਦੇਖਦੇ ਹੋਏ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਇੱਥੇ ਔਰਤ ਮਰਦ ਦੇ ਮੁਕਾਬਲੇ ਪਿੱਛੇ ਨਹੀਂ ਸਗੋਂ ਉਸ ਦੇ ਮੁਕਾਬਲੇ ’ਤੇ ਆ ਖੜ੍ਹੀ ਹੋਈ ਹੈ। ਅੱਜ ਦੇਸ਼ ਵਿਚ ਚੱਲ ਰਹੇ ਕਿਸਾਨ ਅੰਦੋਲਨ ’ਚ ਵੀ ਉਹ ਮੂਹਰੇ ਹੋ ਕੇ ਆਪਣੀ ਭੂਮਿਕਾ ਨਿਭਾ ਰਹੀ ਹੈ। ਉਸ ਨੇ ਆਪਣੀ ਜਗ੍ਹਾ ਆਪ ਬਣਾਉਣ ਦੇ ਲਈ ਪੂਰੇ ਯਤਨ ਕੀਤੇ ਹਨ ਤੇ ਕਾਫ਼ੀ ਹੱਦ ਤਕ ਸਫ਼ਲ ਹੋਈ ਹੈ। ਉਹ ਵੱਡੇ-ਵੱਡੇ ਅਹੁਦਿਆਂ ’ਤੇ ਵੀ ਬਿਰਾਜਮਾਨ ਹੈ। ਉਹ ਪ੍ਰਸ਼ਾਸਨ, ਫ਼ੌਜ, ਪੁਲਿਸ ਤੇ ਹੋਰ ਖੇਤਰਾਂ ਵਿਚ ਮੋਹਰੀ ਹੋ ਕੇ ਕੰਮ ਕਰ ਰਹੀ ਹੈ। ਸਾਡੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਵੀ ਇਕ ਔਰਤ ਬਿਰਾਜਮਾਨ ਸੀ। ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਔਰਤਾਂ ਦੀਆਂ ਸਮੱਸਿਆਵਾਂ ਇੰਨੀਆਂ ਬਹੁ-ਪਰਤੀ, ਬਹੁ-ਦਿਸ਼ਾਵੀ, ਬਹੁ-ਅਰਥੀ, ਬਹੁ-ਪੱਖੀ, ਬਹੁ-ਰੂਪੀ ਹਨ ਜਿਨ੍ਹਾਂ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ। ਇਤਿਹਾਸ ਗਵਾਹ ਹੈ ਕਿ ਔਰਤ ਦੀ ਸਥਿਤੀ ਸ਼ੁਰੂ ਤੋਂ ਦੂਜੇ ਦਰਜੇ ਦੇ ਸ਼ਹਿਰੀ ਵਾਲੀ ਨਹੀਂ ਰਹੀ ਹੈ। ਮੁੱਢਲੇ ਕਬੀਲੇ ਯੁੱਗ ਵਿਚ ਮਾਤਰੀ ਪ੍ਰਧਾਨ ਸਮਾਜ ਸੀ। ਉਸ ਸਮੇਂ ਔਰਤ ਦਾ ਰੁਤਬਾ ਬਹੁਤ ਹੀ ਸਨਮਾਨਯੋਗ ਸੀ। ਜਦੋਂ ਮਨੁੱਖ ਨੇ ਨਿੱਜੀ ਜਾਇਦਾਦ ਰੱਖਣੀ ਸ਼ੁਰੂ ਕਰ ਦਿੱਤੀ, ਇਹ ਸਥਿਤੀ ਉਸ ਸਮੇਂ ਤੋਂ ਹੀ ਪਲਟਾ ਖਾ ਜਾਂਦੀ ਹੈ। ਮਰਦਾਵੀਂ ਸਮਾਜ ਹੋਂਦ ਵਿਚ ਆਉਣ ’ਤੇ ਔਰਤ ਵਿਰੋਧੀ ਨਜ਼ਰੀਆ ਪੈਦਾ ਹੋਇਆ।

ਮਰਦ ਪ੍ਰਧਾਨ ਸਮਾਜ ਨੇ ਆਪਣੀਆਂ ਕਦਰਾਂ-ਕੀਮਤਾਂ, ਸੰਸਕਾਰ ਤੇ ਪ੍ਰਤੀਮਾਨ ਔਰਤ ’ਤੇ ਥੋਪ ਕੇ ਉਸ ਦੀ ਮਾਨਸਿਕਤਾ ਨੂੰ ਅਧੀਨਗੀ ਵਾਲੀ ਬਣਾ ਦਿੱਤਾ ਹੈ। ਉਹ ਆਪਣੀ ਸਥਿਤੀ ਬਾਰੇ ਠੀਕ ਨਿਰਣਾ ਵੀ ਨਹੀਂ ਲੈ ਸਕਦੀ। ਇੱਥੋਂ ਤਕ ਕਿ ਵੱਡੇ-ਵੱਡੇ ਅਹੁਦਿਆਂ ’ਤੇ ਬਿਰਾਜਮਾਨ ਮਹਿਲਾਵਾਂ ਵੀ ਕਿਤੇ ਨਾ ਕਿਤੇ ਮਰਦ ਦੇ ਫ਼ੈਸਲਿਆਂ ’ਤੇ ਨਿਰਭਰ ਹਨ। ਜੇ ਕੋਈ ਮਹਿਲਾ ਪਿਛਾਂਹ ਖਿੱਚੂ ਗੱਲਾਂ ਦਾ ਵਿਰੋਧ ਕਰਦੀ ਹੈ ਤਾਂ ਉਸ ਖ਼ਿਲਾਫ਼ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦੇ ਫ਼ਰਮਾਨ ਜਾਰੀ ਕੀਤੇ ਜਾਂਦੇ ਹਨ। ਆਰਥਿਕ ਸਮਾਜਿਕ ਨਿਰਭਰਤਾ ਔਰਤ ਨੂੰ ਮਰਦ ਦੀ ਗੁਲਾਮ ਬਣਾਉਂਦੀ ਹੈ।

ਤ੍ਰਾਸਦੀ ਇਹ ਹੈ ਕਿ ਪੜ੍ਹ-ਲਿਖ ਕੇ ਨੌਕਰੀ ਪ੍ਰਾਪਤ ਕਰ ਕੇ ਆਰਥਿਕ ਤੌਰ ’ਤੇ ਖ਼ੁਸ਼ਹਾਲ ਹੋਈਆਂ ਔਰਤਾਂ ਵੀ ਆਰਥਿਕਤਾ ਤੋਂ ਬਿਨਾਂ ਹੋਰ ਕਈ ਵਿਤਕਰਿਆਂ ਦੀਆਂ ਸ਼ਿਕਾਰ ਹਨ। ਕੰਮਕਾਜੀ ਥਾਵਾਂ, ਦਫ਼ਤਰਾਂ ਤੇ ਘਰਾਂ ਵਿਚ ਮਰਦਾਵੀਂ ਸੱਤਾ ਆਪਣੇ ਪੂਰੇ ਰੋਹਬ ਹੇਠ ਔਰਤ ਨੂੰ ਵਿਚਰਨ ਦਿੰਦੀ ਹੈ। ਇਸ ਤੋਂ ਇਲਾਵਾ ਖੇਤਾਂ ਜਾਂ ਫੈਕਟਰੀਆਂ ਵਿਚ ਕੰਮ ਕਰਦੀਆਂ ਔਰਤਾਂ ਦਾ ਵੇਤਨ ਮਰਦਾਂ ਦੇ ਮੁਕਾਬਲੇ ਘੱਟ ਹੈ। ਉਹ ਉੱਥੇ ਬਹੁਤ ਵਾਰੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਠੇਕਾ ਪ੍ਰਣਾਲੀ ਨੇ ਔਰਤਾਂ ਦੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਜੋ ਕੁੜੀਆਂ ਮਿਹਨਤਕਸ਼, ਮਜ਼ਦੂਰਾਂ ਦੇ ਘਰਾਂ ਵਿਚ ਪੈਦਾ ਹੁੰਦੀਆਂ ਹਨ- ਉਨ੍ਹਾਂ ਦੇ ਮਸਲੇ ਹੋਰ ਹੁੰਦੇ ਹਨ। ਇਹ ਔਰਤਾਂ ਤੇ ਕੁੜੀਆਂ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਘਰ ਤੋਂ ਬਾਹਰ ਜਾ ਕੇ ਮਜ਼ਦੂਰੀ ਕਰਦੀਆਂ ਹਨ। ਜੋ ਔਰਤਾਂ ਤੇ ਕੁੜੀਆਂ ਫੈਕਟਰੀਆਂ ਜਾਂ ਹੋਰ ਖੇਤਰਾਂ ਵਿਚ ਕੰਮ ਕਰਦੀਆਂ ਹਨ, ਇਕ ਤਾਂ ਉਨ੍ਹਾਂ ਤੋਂ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਹੈ, ਦੂਜਾ ਉਨ੍ਹਾਂ ਨੂੰ ਉਜਰਤ ਮਰਦਾਂ ਦੇ ਮੁਕਾਬਲੇ ਘੱਟ ਦਿੱਤੀ ਜਾਂਦੀ ਹੈ। ਇਹ ਅਕਸਰ ਮਰਦਾਂ ਦੇ ਮੁਕਾਬਲੇ 50 ਤੋਂ 65% ਤਕ ਦਿੱਤੀ ਜਾਂਦੀ ਹੈ। ਖੇਤਾਂ ’ਚ ਕੰਮ ਕਰਦੀਆਂ ਔਰਤਾਂ ਦੇ ਲਈ ਸਮਾਂ ਵੀ ਨਿਸ਼ਚਿਤ ਨਹੀਂ ਹੈ। ਕਈ ਵਾਰ ਉਨ੍ਹਾਂ ਨੂੰ ਬਿਜਾਈ ਤੇ ਵਾਢੀ ਦੇ ਸਮੇਂ 12 ਤੋਂ 15 ਘੰਟੇ ਤਕ ਕੰਮ ਕਰਨਾ ਪੈਂਦਾ ਹੈ। ਇਹ ਔਰਤਾਂ ਜਿੱਥੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ, ਬਹੁਤ ਵਾਰੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਵੀ ਬਣ ਜਾਂਦੀਆਂ ਹਨ। ਪੰਜਾਬ ਵਿਚ ਪੱਛੜੀਆਂ ਸ਼੍ਰੇਣੀਆਂ ਅਤੇ ਦਲਿਤ ਸ਼੍ਰੇਣੀ ਦੀਆਂ ਔਰਤਾਂ ਦਿਹਾੜੀ ਕਰਦੀਆਂ ਹਨ।

ਅੱਤ ਦੀ ਗਰੀਬੀ ਭੋਗਦੇ ਹੋਏ ਇਹ ਪਰਿਵਾਰ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਹਨ। ਬੇਸ਼ੱਕ ਔਰਤਾਂ ਨੇ ਮਜ਼ਦੂਰਾਂ ਦੀ ਫ਼ੌਜ ਨੂੰ ਵੱਡਾ ਕੀਤਾ ਹੈ ਪਰ ਖੇਤੀ ਜਾਂ ਗੈਰ-ਖੇਤੀ ਖੇਤਰ ’ਚ ਉਨ੍ਹਾਂ ਨੂੰ ਉਹੀ ਕੰਮ ਮਿਲਦਾ ਹੈ ਜੋ ਘੱਟ ਮਜ਼ਦੂਰੀ ਵਾਲਾ ਹੋਵੇ। ਦਿਨ-ਰਾਤ ਦੀ ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਉਹ ਨਾ ਤਾਂ ਚੰਗਾ ਖਾ ਸਕਦੀਆਂ ਹਨ ਅਤੇ ਨਾ ਹੰਢਾ ਸਕਦੀਆਂ ਹਨ। ਖੁਰਾਕ ਦੀ ਘਾਟ ਤੋਂ ਲੈ ਕੇ ਸਿਹਤ ਸੇਵਾਵਾਂ ਦੀਆਂ ਸਹੂਲਤਾਂ ਤਕ, ਔਰਤਾਂ ਪੱਲੇ ਬਿਮਾਰੀ ਅਤੇ ਭੈੜਾ ਆਲਾ-ਦੁਆਲਾ ਪੈਂਦਾ ਹੈ। ਅਸੀਂ ਸਿਹਤ ਖੇਤਰ ਦੀਆਂ ਮਿਲੀਆਂ ਰਿਪੋਰਟਾਂ ਨੂੰ ਦੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਕੁੜੀਆਂ ਤੋਂ ਲੈ ਕੇ ਔਰਤਾਂ ਤਕ 60% ਤੋਂ ਵੱਧ ’ਚ ਖ਼ੂਨ ਦੀ ਕਮੀ ਪਾਈ ਜਾਂਦੀ ਹੈ। ਔਰਤਾਂ, ਮਰਦਾਂ ਦੇ ਮੁਕਾਬਲੇ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹਨ ਕਿਉਂਕਿ ਉਨ੍ਹਾਂ ਨੂੰ ਸਮਾਜ ’ਚ ਸਵਸਥ ਤੇ ਨਰੋਆ ਵਾਤਾਵਰਨ ਨਹੀਂ ਮਿਲ ਰਿਹਾ ਹੈ। ਉਨ੍ਹਾਂ ਦੇ ਸਾਰੇ ਅਰਮਾਨ, ਉਮੰਗਾਂ ਤੇ ਇੱਛਾਵਾਂ ਅਧੂਰੀਆਂ ਜਾਪਦੀਆਂ ਹਨ। ਅੱਜ ਬਹੁਤ ਸਾਰੀਆਂ ਔਰਤਾਂ ਕੁਪੋਸ਼ਣ ਦਾ ਸ਼ਿਕਾਰ ਹਨ। ਔਰਤਾਂ ਨਾ ਘਰ ਵਿਚ ਸੁਰੱਖਿਅਤ ਹਨ ਅਤੇ ਨਾ ਬਾਹਰ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਔਰਤਾਂ ਵਿਰੁੱਧ ਜਿਨਸੀ ਅਪਰਾਧਾਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਵਾਧਾ ਹੋਇਆ ਹੈ।

ਸੰਨ 2016 ’ਚ 38,947 ਔਰਤਾਂ ਨਾਲ ਜਬਰ-ਜਨਾਹ ਹੋਏ ਜਿਨ੍ਹਾਂ ’ਚੋਂ 36,859 ਮੁਲਜ਼ਮ ਪੀੜਤਾਂ ਨੂੰ ਸਿੱਧੇ-ਅਸਿੱਧੇ ਤੌਰ ’ਤੇ ਜਾਣਦੇ ਸਨ। ਇਨ੍ਹਾਂ ’ਚੋਂ 630 ਘਰੇਲੂ ਮੈਂਬਰ, 1087 ਪਰਿਵਾਰ ਦੇ ਨੇੜਲੇ ਵਿਅਕਤੀ, 2174 ਰਿਸ਼ਤੇਦਾਰ ਅਤੇ 10520 ਗੁਆਂਢੀ ਸਨ। ਮੱਧ ਪ੍ਰਦੇਸ਼ ਵਿਚ 4882 ਔਰਤਾਂ ਨਾਲ ਜਬਰ-ਜਨਾਹ ਦੇ ਮਾਮਲਿਆਂ ਵਿਚ 4803 ਮੁਲਜ਼ਮ ਪੀੜਤਾਂ ਦੇ ਜਾਣਕਾਰ ਸਨ। ਇਸੇ ਤਰ੍ਹਾਂ ਨਿੱਤ ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਅਜਿਹੇ ਮਾਮਲਿਆਂ ’ਚ ਕਾਰਵਾਈ ਕਿੱਥੋਂ ਹੋਣੀ ਹੈ? ਇਸ ਦੇ ਨਾਲ ਹੀ ਔਰਤਾਂ ਦੇ ਸ਼ੋਸ਼ਣ ਦਾ ਇਕ ਰੂਪ ਇਹ ਵੀ ਸਾਹਮਣੇ ਆਇਆ ਹੈ ਕਿ ਅਨਾਥ ਆਸ਼ਰਮਾਂ ਵਿਚ ਰਹਿੰਦੀਆਂ ਬੱਚੀਆਂ ਨੂੰ ਦੇਹ-ਵਪਾਰ ਵੱਲ ਧੱਕਿਆ ਜਾ ਰਿਹਾ ਹੈ। ਇਹ ਸਾਰਾ ਕੁਝ ਪੁਲਿਸ ਤੇ ਸਿਆਸੀ ਗੱਠਜੋੜ ਦੇ ਨੱਕ ਹੇਠ ਵਾਪਰ ਰਿਹਾ ਹੈ। ਅਜਿਹੀਆਂ ਸਾਰੀਆਂ ਘਟਨਾਵਾਂ ਕਿਸ ਗੱਲ ਦਾ ਸਬੂਤ ਹਨ? ਅਜੋਕੇ ਦੌਰ ਵਿਚ ਔਰਤਾਂ ਇਕ ਹੋਰ ਨਿਵੇਕਲੇ ਢੰਗ ਨਾਲ ਲੁੱਟ ਦਾ ਸ਼ਿਕਾਰ ਹੋ ਰਹੀਆਂ ਹਨ। ਇਕ ਪਾਸੇ ਬਹੁਕੌਮੀ ਕੰਪਨੀਆਂ ਔਰਤ ਦੀ ਸਸਤੀ ਕਿਰਤ ਨੂੰ ਲੁੱਟਦੀਆਂ ਹਨ ਤੇ ਦੂਜੇ ਪਾਸੇ ਆਪਣੀਆਂ ਵਸਤਾਂ ਵੇਚਣ ਲਈ ਔਰਤ ਦੇ ਜਿਸਮ ਜ਼ਰੀਏ ਮੁਨਾਫ਼ਾ ਕਮਾ ਰਹੀਆਂ ਹਨ। ਔਰਤਾਂ ਨੂੰ ਮੰਡੀ ਦੀ ਵਸਤ ਬਣਾ ਦਿੱਤਾ ਗਿਆ ਹੈ। ਸੁੰਦਰਤਾ ਮੁਕਾਬਲੇ ਕਰਵਾ ਕੇ ਆਜ਼ਾਦੀ ਦਾ ਭਰਮ ਸਿਰਜ ਕੇ ਇਹ ਕੰਪਨੀਆਂ ਕੁੜੀਆਂ ਦੀ ਚੋਣ ਕਰਦੀਆਂ ਹਨ। ਆਪਣੇ ਉਤਪਾਦ ਵੇਚਣ ਲਈ ਉਨ੍ਹਾਂ ਤੋਂ ਇਸ਼ਤਿਹਾਰਬਾਜ਼ੀ ਦਾ ਕੰਮ ਲੈਂਦੀਆਂ ਹਨ। ਇਸ ਸਭ ਦੇ ਨਾਲ ਹੀ ਲੱਚਰ ਸੱਭਿਆਚਾਰ, ਲੱਚਰ ਗਾਇਕੀ ਅਤੇ ਫਿਲਮਾਂ ਨੇ ਮਰਦਾਂ ਅੰਦਰ ਕਾਮ-ਉਕਸਾਊ ਭਾਵਨਾਵਾਂ ਦਾ ਵਾਧਾ ਕਰ ਕੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਉਤਸ਼ਾਹਿਤ ਕਰਨ ਵਿਚ ਖ਼ਾਸ ਭੂਮਿਕਾ ਅਦਾ ਕੀਤੀ ਹੈ। ਅਜਿਹੇ ਵਰਤਾਰੇ ਤੋਂ ਪ੍ਰਭਾਵਿਤ ਵਿਅਕਤੀ ਅਨੈਤਿਕ ਭਾਵਨਾਵਾਂ ਦਾ ਸ਼ਿਕਾਰ ਹੋ ਕੇ ਭਟਕ ਰਿਹਾ ਹੈ।

ਇਸ ਸਭ ਨੇ ਮਾਨਵੀ ਰਿਸ਼ਤਿਆਂ ਵਿਚ ਨਿਘਾਰ ਲਿਆਂਦਾ ਹੈ। ਜੇਕਰ ਕੁਝ ਚੇਤੰਨ ਔਰਤਾਂ ਆਪਣੀ ਸਥਿਤੀ ਸੁਧਾਰਨ ਲਈ ਅੱਗੇ ਆਉਂਦੀਆਂ ਹਨ ਤਾਂ ਸਾਨੂੰ ਉਨ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਥਿਤ ਕਾਲੇ ਕਾਨੂੰਨਾਂ ਤਹਿਤ ਔਰਤ ਦੀ ਸਥਿਤੀ ਹੋਰ ਵੀ ਜ਼ਿਆਦਾ ਮਾੜੀ ਹੋਣ ਦੀ ਸੰਭਾਵਨਾ ਹੈ। ਇਕ ਪਾਸੇ ਲਿੰਗ ਸਮਾਨਤਾ ਲਿਆਉਣ ਲਈ ਔਰਤ ਨੂੰ ਮਰਦ ਦੇ ਬਰਾਬਰ ਕੰਮ ਕਰਨ ਦੇ ਮੌਕੇ ਦਿੱਤੇ ਜਾਣ ਤੇ ਬਿਨਾਂ ਕਿਸੇ ਵਿਤਕਰੇ ਤੋਂ ਉਸ ਨੂੰ ਬਣਦਾ ਮਾਣ ਦਿੱਤਾ ਜਾਵੇ। ਘਰਾਂ ਤੋਂ ਬਾਹਰ ਕੰਮ-ਕਾਜ ਕਰਦੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਦਿੱਤਾ ਜਾਵੇ। ਆਪਣੇ ਘਰਾਂ ’ਚ ਕੰਮ ਕਰਦੀਆਂ ਔਰਤਾਂ ਦੇ ਘਰੇਲੂ ਕੰਮਾਂ ਨੂੰ ਸਮਾਜਿਕ ਪੈਦਾਵਾਰ ਦੀ ਮਾਨਤਾ ਦਿੱਤੀ ਜਾਵੇ। ਔਰਤ ਨੂੰ ਮਾਂ-ਬਾਪ ਦੀ ਜਾਇਦਾਦ ਦਾ ਹਿੱਸਾ ਦਿੱਤਾ ਜਾਵੇ ਤੇ ਉਸ ਪ੍ਰਤੀ ਤੰਗਦਿਲੀ ਤੋਂ ਉੱਪਰ ਉੱਠ ਕੇ ਆਪਣੀ ਮਾਨਸਿਕਤਾ ਬਦਲੀ ਜਾਵੇ। ਉਸ ਨੂੰ ਵੀ ਮਰਦ ਬਰਾਬਰ ਸਮਝਿਆ ਜਾਵੇ। ਅਜਿਹੀ ਸਥਿਤੀ ਪੈਦਾ ਕਰਨ ਲਈ ਔਰਤ ਨੂੰ ਆਪਣੀ ਲੜਾਈ ਮੁਕਤੀ ਦੀ ਦਿਸ਼ਾ ਵੱਲ ਮੋੜ ਕੇ ਲੜਨੀ ਪਵੇਗੀ।