"ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜੀ ਹੈ"- ਵਾਲਾ ਰਾਹਤ ਇੰਦੌਰੀ ਸਾਡੇ ਵਿੱਚ ਨਹੀਂ ਰਿਹਾ

ਗੁਰਵਿੰਦਰ ਸਿੰਘ

ਉਰਦੂ ਦੇ ਬੇਬਾਕ ਸ਼ਾਇਰ ਅਤੇ ਗੀਤਕਾਰ ਰਾਹਤ ਇੰਦੌਰੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਕੁਝ ਦਿਨ ਪਹਿਲਾਂ ਉਹਨਾਂ ਨੂੰ ਕੋਵਿਡ ਦੇ ਸ਼ੁਰੂਆਤੀ ਲੱਛਣਾਂ ਕਰਕੇ ਇਕ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ ਸੀ।

ਰਾਹਤ ਇੰਦੌਰੀ ਦਾ ਜਨਮ 1 ਜਨਵਰੀ 1950 ਨੂੰ ਕੱਪੜਾ ਮਿੱਲ ਦੇ ਕਰਮਚਾਰੀ ਰਫਤਉੱਲਾ ਖਾਨ ਦੇ ਘਰ ਮਾਤਾ ਮਕਬੂਲ ਉਨ ਨਿਸਾ ਬੇਗਮ ਦੀ ਕੁਖੋਂ ਹੋਇਆ । ਰਾਹਤ ਇੰਦੌਰੀ ਨੇ ਮੁੱਢਲੀ ਸਿੱਖਿਆ ਨੂਤਨ ਸਕੂਲ ਇੰਦੌਰ ਤੋਂ ਪੂਰੀ ਕਰਨ ਤੋਂ ਬਾਅਦ 1973 ਵਿੱਚ ਇਸਲਾਮੀਆ ਕਰੀਮੀਆ ਕਾਲਜ ਇੰਦੌਰ ਤੋਂ ਬੀ.ਏ. ਕੀਤੀ ਅਤੇ ਫਿਰ 1975
ਵਿੱਚ ਬਰਕਤ ਉੱਲਾਹ ਯੂਨੀਵਰਸੀਟੀ ਭੋਪਾਲ ਤੋਂ ਐਮ.ਏ. ਪਾਸ ਕੀਤੀ। ਕੁਛ ਸਮਾਂ ਪੜ੍ਹਾਈ ਤੋਂ ਦੂਰ ਰਹਿਣ ਬਾਅਦ 1985 ਵਿੱਚ ਭੋਜ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕੀਤੀ ।

ਪੜਨ ਲਿਖਣ ਵਿੱਚ ਹਸ਼ਿਆਰ ਹੋਣ ਦੇ ਨਾਲ-ਨਾਲ ਉਹ ਸਕੂਲ ਅਤੇ ਕਾਲਜ ਵਿੱਚ ਹਾਕੀ ਅਤੇ ਫੁੱਟਬਾਲ ਦਾ ਕਪਤਾਨ ਵੀ ਰਿਹਾ। ਸ਼ਾਇਰੀ ਅਤੇ ਕਵਿਤਾ ਦੇ ਖੇਤਰ ਵਿੱਚ ਆਉਣ ਪਹਿਲਾਂ ਉਸਨੇ ਰੰਗਸ਼ਾਜ( ਪੇਂਟਰ) ਦੇ ਤੌਰ ਤੇ ਵੀ ਕੰਮ ਕੀਤਾ। ਉਹ ਬਾਲੀਵੁੱਡ ਫਿਲਮਾਂ ਦੇ ਵੱਡੇ ਪਰਚੇ ਅਤੇ ਤਖਤੀਆਂ ਤਿਆਰ ਕਰਦਾ ਰਿਹਾ । ਲਗਭਗ 15 ਸਾਲ ਇਸਲਾਮੀਆ ਕਰੀਮੀਆ ਕਾਲਜ ਵਿੱਚ ਉਰਦੂ ਸਾਹਿਤ ਦੇ ਪ੍ਰੋਫੈਸਰ ਵਜੋਂ ਕੰਮ ਕੀਤਾ। ਉਹ ਉਰਦੂ ਸਾਹਿਤ ਦੇ ਪ੍ਰੋਫੈਸਰ ਤੋਂ ਜਿਆਦਾ ਇੱਕ ਬੇਬਾਕ ਸ਼ਾਇਰ ਅਤੇ ਗੀਤਕਾਰ ਵਜੋਂ ਜਿਆਦਾ ਜਾਣਿਆ ਜਾਂਦਾ ਸੀ । ਉਸਦੀ ਸ਼ਾਇਰੀ ਦਾ ਅਨੋਖਾ ਅੰਦਾਜ ਸਰੋਤਿਆਂ ਨੂੰ ਕੀਲ ਲੈਂਦਾ ਸੀ। ਉਸਨੇ ਬੇਖੌਫ ਹੋ ਕੇ ਸਮੇਂ ਦੀਆਂ ਸਰਕਾਰਾਂ ,ਸਿਆਸੀ ਦਲਾਂ ਵੇਲੇ ਸੱਤਾ ਤੇ ਕਾਬਜ ਰਹਿਣ ਅਤੇ ਹਥਿਆਉਣ ਦੇ ਤਰੀਕਿਆਂ ਦੀ ਪੋਲ ਖੋਲੀ। ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਖਤਰੇ ਦਾ ਨਾਅਰਾ ਦੇ ਸਮੇਂ ਸਮੇਂ ਤੇ ਜਿਸ ਤਰਾਂ ਸਤਾ ਹਥਿਆਈ ਗਈ ਉਹ ਅਸੀਂ ਸਭ ਨੇ ਦੇਖਿਆ ਹੈ। ਇਸੇ ਹਾਲਤ ਨੂੰ ਬਿਆਨਦਾ ਹੈ ਉਸ ਦਾ ਇਹ ਸ਼ੇਅਰ:

ਸਰਹੱਦਾਂ ਪੇ ਬਹੁਤ ਤਨਾਵ ਹੈ ਕਿਆ
ਕੁਛ ਪਤਾ ਤੋ ਕਰੋ ਚੁਨਾਵ ਹੈ ਕਿਆ
ਖੌਫ ਬਿਖਰਾ ਹੈ ਦੋਨੋਂ ਸਮਤੋ ਮੇਂ
ਤੀਸਰੀ ਸਮਤ ਕਾ ਦਬਾਵ ਹੈ ਕਿਆ

ਉਹ ਆਪਣੀ ਜੰਮਣ ਭੇਇ ਨੂੰ ਪਿਆਰ ਕਰਨ ਵਾਲਾ ਸੱਚਾ ਮੁਲਕ ਪ੍ਰਸਤ ਸੀ ।ਉਸਦੀਆਂ ਰਚਨਾਵਾਂ ਵਿੱਚ ਮੁਲਕ ਪ੍ਰਸਤੀ ਦੀ ਝਲਕ ਦਿਖਦੀ ਹੈਪਰ ਉਹ ਸੌੜੇ ਰਾਸ਼ਟਰਵਾਦ ਤੋਂ ਬਹੁਤ ਦੁਖੀ ਸੀ ਅਤੇ ਇਸ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ।ਸੌੜੀ ਰਾਸ਼ਟਰਵਾਦੀ ਸੋਚ ਦੀ ਚਲ ਰਹੀ ਹਨੇਰੀ ਵਿੱਚ ਉਸਦੀ ਇਹ ਰਚਨਾ ਰਾਸ਼ਟਰਵਾਦੀਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ :

ਅਗਰ ਖਿਲਾਫ ਹੈ ਹੋਨੇ ਦੋ ਜਾਨ ਥੋੜੀ ਹੈ
ਜੇ ਸਭ ਧੂੰਆਂ ਹੈ ਕੋਈ ਅਸਮਾਨ ਥੋੜੀ ਹੈ
ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ
ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜੀ ਹੈ
ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ
ਹਮਾਰੇ ਮੂੰਹ ਮੇਂ ਤੁਮਹਾਰੀ ਜੁਬਾਨ ਥੋੜੀ ਹੈ
ਮੈਂ ਜਾਣਤਾ ਹੂੰ ਕਿ ਦੁਸ਼ਮਣ ਵੀ ਕਮ ਨਹੀਂ ਲੇਕਿਨ
ਹਮਾਰੀ ਤਰਹ ਹਥੇਲੀ ਪੇ ਜਾਨ ਥੋੜੀ ਹੈ
ਜੋ ਆਜ ਸਾਹਿਬ ਏ ਮਸਨਦ ਹੈ ਕਲ ਨਹੀਂ ਹੋਂਗੇ
ਕਿਰਾਏਦਾਰ ਹੈਂ ਜਾਤੀ ਮਕਾਨ ਥੋੜੀ ਹੈ ।
ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ
ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜੀ ਹੈ ।

ਸਮੇਂ ਦੇ ਹਾਕਮਾਂ ਦੀ ਸਾਦ-ਮੁਰਾਦੀ ਜਿੰਦਗੀ ਜਿਉਣ ਦੇ ਦਾਅਵੇ ਤੇ ਵਿਅੰਗ ਕਰਦਿਆਂ ਉਸਨੇ ਕਿਹਾ :

ਆਪਣੇ ਹਾਕਮ ਦੀ ਫਕੀਰ ਪੇ ਤਰਸ ਆਤਾ ਹੈ
ਜੋ ਗਰੀਬੋਂ ਸੇ ਪਸੀਨੇ ਕੀ ਕਮਾਈ ਮਾਂਗੇ

ਉਸ ਨੇ ਸਮੇਂ ਦੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ :-

ਸਾਖੋਂ ਸੇ ਟੂਟ ਜਾਏ ਵੋ ਪੱਤੇ ਨਹੀਂ ਹੈ ਹਮ
ਆਂਧੀ ਸੇ ਕੋਈ ਕਹਿ ਦੇ ਕੇ ਔਕਾਤ ਮੇਂ ਰਹੇਂ ।

ਬਹੁਗਿਣਤੀ ਫਿਰਕੇ ਵਲੋਂ ਘੱਟ ਗਿਣਤੀਆਂ ਦਾ ਕੀਤੀ ਜਾ ਰਹੀ ਨਸਲਕੁਸੀ ਨੂੰ ਉਸਨੇ ਬਾਖੂਬੀ ਬਿਆਨ ਕੀਤਾ ਹੈ :

ਆਪਣੀ ਪਹਿਚਾਣ ਮਿਟਾਨੋਂ ਕੋ ਕਹਾ ਜਾਤਾ ਹੈ
ਬਸਤੀਆਂ ਛੋੜ ਜਾਨੇ ਕੋ ਕਹਾ ਜਾਤਾ ਹੈ
ਪੱਤੀਆਂ ਰੋਜ ਗਿਰਾ ਜਾਤੀ ਹੈ ਜਹਿਰੀਲੀ ਹਵਾ
ਔਰ ਹਮੇਂ ਪੇੜ ਲਗਾਨੇ ਕੋ ਕਹਾ ਜਾਤਾ ਹੈ

ਅਜੋਕੇ ਹਲਾਤਾਂ ਵਿੱਚ ਅਜਿਹੇ ਬੇਖੌਫ ਸ਼ਾਇਰ ਦਾ ਵਿਛੋੜਾ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ ਪਰ ਉਹ ਆਪਣੀਆਂ ਰਚਨਾਵਾਂ ਵਿੱਚ ਹਮੇਸ਼ਾਂ ਜਿੰਦਾ ਰਹੇਗਾ । ਉਸ ਦੀਆਂ ਰਚਨਾਵਾਂ ਸਮਾਜ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਰਹਿਣਗੀਆਂ।