ਨਵੀਂ ਜਾਂਚ ਟੀਮ ਵੱਲੋਂ ਗਵਾਹਾਂ ਤੋਂ ਪੁੱਛਗਿਛ

ਨਵੀਂ ਜਾਂਚ ਟੀਮ ਵੱਲੋਂ ਗਵਾਹਾਂ ਤੋਂ ਪੁੱਛਗਿਛ

ਮਾਮਲਾ ਕੋਟਕਪੂਰਾ ਗੋਲੀ ਕਾਂਡ ਦਾ 

 ਅੰਮ੍ਰਿਤਸਰ ਟਾਈਮਜ਼ ਬਿਉਰੋ                 

ਫ਼ਰੀਦਕੋਟ:ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਨਵੀਂ ਜਾਂਚ ਟੀਮ ਨੇ  ਇੱਥੇ ਗੋਲੀ ਕਾਂਡ ਦੇ ਗਵਾਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਅਤੇ ਉਨ੍ਹਾਂ ਤੋਂ 14 ਅਕਤੂਬਰ 2015 ਦੀ ਸਵੇਰ ਵਾਪਰੇ ਗੋਲੀ ਕਾਂਡ ਬਾਰੇ ਜਾਣਕਾਰੀ ਹਾਸਲ ਕੀਤੀ।ਵਿਸ਼ੇਸ਼ ਜਾਂਚ ਟੀਮ ਨੇ 42 ਗਵਾਹਾਂ ਨੂੰ ਪੁੱਛਗਿੱਛ ਲਈ ਸੱਦਿਆ ਸੀ ਜਿਨ੍ਹਾਂ ਵਿੱਚੋਂ 25 ਗਵਾਹ  ਜਾਂਚ ਟੀਮ ਸਾਹਮਣੇ ਪੇਸ਼ ਹੋਏ। ਜਾਂਚ ਟੀਮ ਦੇ ਮੁਖੀ ਏਡੀਜੀਪੀ ਐੱਲ.ਕੇ. ਯਾਦਵ, ਆਈਜੀ ਰਾਕੇਸ਼ ਅਗਰਵਾਲ ਅਤੇ ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਅੱਜ ਜਾਂਚ ਟੀਮ ਦੇ ਦਫ਼ਤਰ ਵਿੱਚ ਮੌਜੂਦ ਰਹੇ। ਹਾਲਾਂਕਿ ਕਿਸੇ ਵੀ ਪੁਲੀਸ ਅਧਿਕਾਰੀ ਨੇ ਕੋਈ ਗੱਲਬਾਤ ਨਹੀਂ ਕੀਤੀ। ਦੱਸਣਾ ਬਣਦਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 9 ਅਪਰੈਲ ਨੂੰ ਕੁੰਵਰ ਵਿਜੈ ਪ੍ਰਤਾਪ ਨੂੰ ਜਾਂਚ ਟੀਮ ਤੋਂ ਪਾਸੇ ਕਰ ਦਿੱਤਾ ਸੀ। ਅਦਾਲਤ ਨੇ ਪੜਤਾਲ ਰਿਪੋਰਟ ਨੂੰ ਵੀ ਪੱਖਪਾਤੀ ਦੱਸਦਿਆਂ ਰੱਦ ਕਰ ਦਿੱਤਾ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ ਐੱਲ.ਕੇ.ਯਾਦਵ ਦੀ ਅਗਵਾਈ ਵਿੱਚ ਨਵੀਂ ਜਾਂਚ ਟੀਮ ਦਾ ਗਠਨ ਕੀਤਾ ਸੀ ਜੋ ਹੁਣ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਜਾਂਚ ਟੀਮ ਇੱਕ ਦਰਜਨ ਗਵਾਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਗਵਾਹਾਂ ਵਿੱਚ ਉਹ 44 ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ, ਜੋ ਗੋਲੀ ਕਾਂਡ ਦੌਰਾਨ ਜ਼ਖ਼ਮੀ ਹੋ ਗਏ ਸਨ। ਇਹ ਪੰਜਵੀਂ ਜਾਂਚ ਟੀਮ ਹੈ ਜੋ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਡੀਆਈਜੀ ਰਣਧੀਰ ਸਿੰਘ ਖੱਟੜਾ ਅਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਪੜਤਾਲ ਕਰ ਚੁੱਕੇ ਹਨ।