ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਵਸ ਤੇ ਵਿਸ਼ੇਸ਼ - ਛਟਮ ਪੀਰ ਬੈਠਾ ਗੁਰ ਭਾਰੀ 2 ਜੂਨ ਵਿਸ਼ੇਸ਼
ਛਟਮ ਪੀਰ ਬੈਠਾ ਗੁਰ ਭਾਰੀ 2 ਜੂਨ ਵਿਸ਼ੇਸ਼
ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਮਾਣ ਛੇਵੇਂ ਗੁਰੂ ਹਰਗੋਬਿੰਦ ਸਾਹਿਬ
ਪੰਜਵੇਂ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਤਕ ਸਿੱਖ ਧਰਮ ਸ਼ਾਂਤਮਈ ਕਦਰਾਂ-ਕੀਮਤਾਂ ਦੀ ਡਟ ਕੇ ਪਹਿਰੇਦਾਰੀ ਕਰਦਾ ਰਿਹਾ ਅਤੇ ਰਾਜਸੀ ਅਤਿਆਚਾਰ ਨੂੰ ਵੀ ਠੱਲ੍ਹ ਪਾਉਣ ਲਈ ਸ਼ਹੀਦੀਆਂ ਦਿੱਤੀਆਂ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਸਿੱਖ ਧਰਮ ਇਕ ਨਿਵੇਕਲੇ ਤੇ ਕ੍ਰਾਂਤੀਕਾਰੀ ਮੋੜ ਵੱਲ ਮੁੜਿਆ, ਜਿਸ ਨੂੰ ਭਾਈ ਗੁਰਦਾਸ ਜੀ ਨੇ ਇੰਜ ਬਿਆਨਿਆ ਹੈ :
ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ।।
ਅਰਜਨ ਕਾਇਆ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ।।
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ।।
ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।।
ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਮਾਣ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਹੀ ਹਿੱਸੇ ਆਉਂਦਾ ਹੈ। ਇਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਕੇ ਜਿਥੇ ਛੇਵੇਂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੇ ਫਲਾਸਫ਼ੇ ਦੀ 'ਸੰਤ ਬਲ' ਅਤੇ 'ਰਾਜ ਬਲ' ਨਾਲ ਸਾਂਝ ਪੁਆਈ, ਉੱਥੇ ਸੰਤਾਂ ਨੂੰ ਸਿਪਾਹੀ ਵਾਲਾ ਮੁਹਾਂਦਰਾ ਵੀ ਪ੍ਰਦਾਨ ਕੀਤਾ।ਗੁਰੂ ਹਰਗੋਬਿੰਦ ਸਾਹਿਬ ਦਾ ਜਨਮ 21 ਹਾੜ ਸੰਮਤ 1652, ਮੁਤਾਬਕ 19 ਜੂਨ 1595 ਨੂੰ ਅੰਮ੍ਰਿਤਸਰ ਤੋਂ ਲਹਿੰਦੇ ਵੱਲ ਵੱਸੇ ਨਗਰ ਗੁਰੂ ਕੀ ਵਡਾਲੀ ਵਿਖੇ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ਕੁਝ ਇਤਿਹਾਸਕਾਰਾਂ ਉਨ੍ਹਾਂ ਦੀ ਜਨਮ ਮਿਤੀ 9 ਅਤੇ ਕੁਝ 14 ਜੂਨ ਵੀ ਲਿਖਦੇ ਹਨ। ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ 'ਤੇ ਜਿੱਥੇ ਸੰਗਤਾਂ ਨੇ ਖ਼ੁਸ਼ੀਆਂ ਮਨਾਈਆਂ ਉੱਥੇ ਗੁਰੂ ਘਰ ਦੇ ਦੋਖੀਆਂ ਨੂੰ ਅਫ਼ਸੋਸ ਹੋਇਆ। ਇਨ੍ਹਾਂ ਦੋਖੀਆਂ ਵਿਚ ਮੁੱਖ ਨਾਂ ਪ੍ਰਿਥੀ ਚੰਦ ਦਾ ਸੀ, ਜੋ ਪਰਿਵਾਰਕ ਤੌਰ 'ਤੇ ਗੁਰੂ ਸਾਹਿਬ ਦਾ ਤਾਇਆ ਸੀ। ਗੁਰਗੱਦੀ 'ਤੇ ਕਬਜ਼ਾ ਕਰਨ ਲਈ ਈਰਖਾਲੂ ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਕਈ ਵਿਉਂਤਾਂ ਘੜੀਆਂ। ਉਸ ਨੇ ਜ਼ਹਿਰੀਲੇ ਦੁੱਧ ਵਾਲੀ ਦਾਈ ਨੂੰ ਅੰਮ੍ਰਿਤਸਰ ਤੋਂ ਵਡਾਲੀ ਭੇਜਿਆ ਪਰ ਦਾਈ ਦੇ ਦੁੱਧ ਨੂੰ ਲੱਗਿਆ ਜ਼ਹਿਰ ਉਸ ਦੇ ਖ਼ੁਦ ਲਈ ਘਾਤਿਕ ਸਿੱਧ ਹੋਇਆ।।ਇਸ ਤੋਂ ਬਾਅਦ ਪ੍ਰਿਥੀ ਚੰਦ ਨੇ ਇਕ ਸਪੇਰੇ ਜ਼ਰੀਏ ਬਾਲ ਗੁਰੂ ਵੱਲ ਫ਼ਨੀਅਰ ਸੱਪ ਨੂੰ ਛੱਡਿਆ ਪਰ ਗੁਰੂ ਜੀ ਇਸ ਵਾਰ ਤੋਂ ਵੀ ਬਚ ਗਏ। ਉਸ ਨੇ ਗੁਰੂ ਜੀ 'ਤੇ ਤੀਸਰੇ ਹਮਲੇ ਤਹਿਤ ਇਕ ਖਿਡਾਵੇ ਨੂੰ ਲਾਲਚ ਦੇ ਕੇ ਬਾਲ-ਗੁਰੂ ਨੂੰ ਦਹੀਂ 'ਚ ਜ਼ਹਿਰ ਮਿਲਾ ਕੇ ਦੇਣ ਲਈ ਕਿਹਾ ਪਰ ਗੁਰੂ ਸਾਹਿਬ ਨੇ ਦਹੀਂ ਖਾਣ ਤੋਂ ਇਨਕਾਰ ਕਰ ਦਿੱਤਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਖਿਡਾਵੇ ਨੂੰ ਆਪਣੀ ਇਸ ਨੀਚ ਹਰਕਤ ਦੀ ਕੀਮਤ ਸੂਲ ਪੈ ਜਾਣ ਕਾਰਨ ਜਾਨ ਤੋਂ ਹੱਥ ਧੋ ਕੇ ਚੁਕਾਉਣੀ ਪਈ।ਅਕਤੂਬਰ 1605 ਈਸਵੀ ਵਿਚ ਜਹਾਂਗੀਰ ਦੀ ਤਖ਼ਤਪੋਸ਼ੀ ਨਾਲ ਅਕਬਰ ਵੱਲੋ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਗਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ। ਮੁਗ਼ਲ ਦਰਬਾਰ ਤੰਗਦਿਲ ਤੇ ਫ਼ਿਰਕਾਪ੍ਰਸਤਾਂ ਦੇ ਹੱਥ ਦੀ ਕੱਠਪੁਤਲੀ ਬਣ ਗਿਆ। ਗ਼ੈਰ-ਮੁਸਲਮਾਨਾਂ ਨਾਲ ਨਫ਼ਰਤ ਕੀਤੀ ਜਾਣ ਲੱਗੀ। ਇਸ ਦੀ ਢੁੱਕਵੀਂ ਤਿਆਰੀ ਵਜੋਂ ਬਾਬਾ ਬੁੱਢਾ ਜੀ ਨੇ ਜਿੱਥੇ ਬਾਲਕ ਹਰਗੋਬਿੰਦ ਜੀ ਨੂੰ ਹਰਫ਼ਾਂ ਦਾ ਇਲਮ ਦਿੱਤਾ, ਉੱਥੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜੀ, ਨੇਜ਼ੇਬਾਜ਼ੀ ਤੇ ਹੋਰ ਜੰਗੀ ਕਰਤਬਾਂ ਦੀ ਸਿਖਲਾਈ ਵੀ ਦਿੱਤੀ ਕਿਉਂਕਿ ਬਾਬਾ ਬੁੱਢਾ ਜੀ ਨੇ ਦੂਰ-ਅੰਦੇਸ਼ੀ ਨਾਲ ਭਾਂਪ ਲਿਆ ਸੀ ਕਿ ਮੁਗ਼ਲ ਹਕੂਮਤ ਨਾਲ ਇਕ ਦਿਨ ਸਿੱਖਾਂ ਨੂੰ ਦੋ-ਦੋ ਹੱਥ ਕਰਨੇ ਹੀ ਪੇਣੈ ਹਨ।
6 ਅਪ੍ਰੈਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋ ਬਾਗ਼ੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਨੂੰ ਭੱਜ ਆਇਆ। 27 ਅਪ੍ਰੈਲ ਨੂੰ ਉਹ ਦਰਿਆ ਝਨਾਂ ਪਾਰ ਕਰਦਾ ਫੜਿਆ ਗਿਆ। ਸ਼ੇਖ਼ ਅਹਿਮਦ ਸਰਹਿੰਦੀ ਤੇ ਕੁਝ ਹੋਰ ਕੱਟੜ ਪੰਥੀਆਂ ਨੇ ਜਹਾਂਗੀਰ ਕੋਲ ਗੁਰੂ ਅਰਜਨ ਦੇਵ ਜੀ ਦੇ ਖ਼ਿਲਾਫ਼ ਖੁਸਰੋ ਨੂੰ ਸਹਾਇਤਾ ਦੇਣ ਦੀ ਚੁਗਲੀ ਕਰ ਦਿੱਤੀ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿੱਤੇ। ਮਈ 1606 ਦੇ ਆਖ਼ਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨਾਲ ਸਿਆਸੀ ਹਾਲਾਤ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਤੇ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਗਰੂ ਹਰਗੋਬਿੰਦ ਸਾਹਿਬ ਨੂੰ ਸੌਂਪ ਦਿੱਤੀ। ਇਸ ਮੌਕੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ, ਜੋ ਸੰਸਾਰਕ ਤੇ ਆਤਮਕ ਪੱਖ ਦੀਆਂ ਸੁਮੇਲ ਸਨ।ਗੁਰ ਗੱਦੀ 'ਤੇ ਬਿਰਾਜਮਾਨ ਹੋਣ ਸਮੇਂ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਭਾਵੇਂ 11 ਕੁ ਸਾਲ ਸੀ ਪਰ ਆਪਣੀ ਦੂਰਅੰਦੇਸ਼ੀ ਸਦਕਾ ਉਨ੍ਹਾਂ ਨੇ ਇਹ ਸਮਝ ਲਿਆ ਸੀ ਕਿ ਮੁਗ਼ਲ ਹਕੂਮਤ ਦੇ ਅਤਿਆਚਾਰ ਗੁਰੂ ਪਿਤਾ ਦੀ ਸ਼ਹੀਦੀ ਤਕ ਹੀ ਸੀਮਤ ਨਹੀਂ ਰਹਿਣਗੇ। ਮੁਗ਼ਲ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਹਕੂਮਤ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰਨ ਲਈ ਛੇਵੇਂ ਪਾਤਸ਼ਾਹ ਨੇ ਹਥਿਆਰਬੰਦ ਤਿਆਰੀ ਦਾ ਰਾਹ ਚੁਣਿਆ। ਉਨ੍ਹਾਂ ਨੇ ਮਸੰਦਾਂ ਰਾਹੀਂ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ਦੇ ਨਾਲ ਵਧੀਆ ਘੋੜੇ ਤੇ ਸ਼ਸਤਰ ਵੀ ਖ਼ਰੀਦ ਕੇ ਗੁਰੂ ਘਰ ਨੂੰ ਭੇਜਿਆ ਕਰਨ। ਗੁਰੂ ਸਾਹਿਬ ਨੇ ਆਪਣੇ ਸਿਖਾਂ ਤੇ ਸੇਵਕਾਂ ਲਈ ਹਥਿਆਰਾਂ ਦੀ ਸਿਖਲਾਈ ਦਾ ਵੀ ਯੋਗ ਪ੍ਰਬੰਧ ਕੀਤਾ। ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵਧਣ ਲੱਗੀ। ਜਦੋਂ ਸਿੱਖ ਫ਼ੌਜੀਆਂ ਦੀ ਗਿਣਤੀ 500 ਤਕ ਪਹੁੰਚ ਗਈ।ਤਾਂ ਇਸ ਦੇ ਪੰਜ ਜਰਨੈਲ ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਥਾਪੇ ਗਏ।ਉਸ ਵਕਤ ਫ਼ੌਜ ਰੱਖਣ ਤੇ ਸ਼ਿਕਾਰ ਖੇਡਣ ਦਾ ਹੱਕ ਸਿਰਫ਼ ਰਾਜਿਆਂ-ਮਹਾਰਾਜਿਆਂ ਕੋਲ ਸੀ। ਗੁਰੂ ਸਾਹਿਬ ਦੀ ਫ਼ੌਜੀ ਤਿਆਰੀ ਮੁਗ਼ਲਾਂ ਲਈ ਵੰਗਾਰ ਬਣ ਕੇ ਉੱਭਰੀ। ਇਹ ਵੰਗਾਰ ਉਸ ਵਕਤ ਹੋਰ ਵੀ ਸਪਸ਼ਟ ਰੂਪ ਅਖ਼ਤਿਆਰ ਕਰ ਗਈ ਜਦੋਂ 1608 ਈਸਵੀ ਨੂੰ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕੀਤੀ ਗਈ। ਇਸ ਦਾ ਅਰਥ ਅਕਾਲ ਪੁਰਖ ਦਾ ਸਦੀਵੀ ਸਿੰਘਾਸਨ ਕਾਇਮ ਕਰਨਾ ਸੀ। ਅਕਾਲ ਤਖ਼ਤ ਦੇ ਸਹਾਮਣੇ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ, ਜੋ ਰਾਜਨੀਤੀ ਅਤੇ ਧਰਮ ਦੇ ਪ੍ਰਤੀਕ ਹਨ। ਇਸ ਤਖ਼ਤ 'ਤੇ ਬਿਰਾਜਮਾਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਨੂੰ ਉਪਦੇਸ਼ ਦੇਣ ਦੇ ਨਾਲ-ਨਾਲ ਸਮੇਂ-ਸਮੇਂ ਹੁਕਮਨਾਮੇ ਵੀ ਜਾਰੀ ਕਰਦੇ ਸਨ।ਜਦੋਂ ਜਹਾਂਗੀਰ ਨੂੰ ਆਗਰਾ ਛੱਡ ਕੇ ਦੱਖਣ ਵੱਲ ਜਾਣਾ ਪਿਆ ਤਾਂ ਇਹ ਸਮਾਂ ਗੁਰੂ ਸਾਹਿਬ ਨੇ ਮਾਲਵੇ ਅਤੇ ਦੁਆਬੇ ਵਿਚ ਸਿੱਖੀ ਦੇ ਪ੍ਰਚਾਰ ਵਿਚ ਲਗਾਇਆ। ਦੁਆਬੇ ਵਿਚ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਨੂੰ ਭਾਗ ਲਗਾਏ। ਪੈਂਦੇ ਖ਼ਾਂ ਇੱਥੇ ਹੀ ਗੁਰੂ ਕੀ ਫ਼ੌਜ 'ਚ ਸ਼ਾਮਲ ਹੋਇਆ ਸੀ। ਪਿੰਡ ਡਰੋਲੀ ਭਾਈ ਕੀ ਵਿਖੇ ਰਹਿ ਕੇ ਗੁਰੂ ਜੀ ਨੇ ਲੋੜਵੰਦਾਂ ਦੀ ਸਹਾਇਤਾ ਦੇ ਨਾਲ-ਨਾਲ ਰੱਬੀ ਬਾਣੀ ਨੂੰ ਵੀ ਘਰ-ਘਰ ਪਹੁੰਚਾਇਆ। ਕਸ਼ਮੀਰ ਵਿਚ ਲੋਕਾਂ ਨੂੰ ਗਿਲਟੀ ਤਾਪ ਤੋਂ ਪੀੜਤ ਲੋਕਾਂ ਦਾ ਦਰਦ ਵੰਡਾਉਣ ਲਈ ਗੁਰੂ ਸਾਹਿਬ ਕਸ਼ਮੀਰ ਦੀ ਧਰਤੀ 'ਤੇ ਪੁੱਜੇ।ਅਤੇ ਦਸਵੰਧ ਦੀ ਮਾਇਆ ਰੋਗੀਆਂ ਦੇ ਇਲਾਜ ਦੇ ਲੇਖੇ ਲਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ। ਗੁਰੂ ਜੀ ਸਿਆਲਕੋਟ ਤੇ ਲਾਹੌਰ ਦੀਆਂ ਸੰਗਤਾਂ ਦੀਆਂ ਤਕਲੀਫ਼ਾਂ ਦੂਰ ਕਰਨ ਲਈ ਵੀ ਜਾਇਆ ਕਰਦੇ ਸਨ। ਗੁਰੂ ਸਾਹਿਬ ਦੀ ਸੇਵਾ-ਭਾਵਨਾ ਤੇ ਇਨਸਾਫ਼-ਪਸੰਦੀ ਕਾਰਨ ਮੁਸਲਮਾਨ ਤੇ ਦੂਸਰੇ ਧਰਮਾਂ ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ। ਇਹ ਗੱਲ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਸੀ। ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਨਜ਼ਰਬੰਦ ਕਰ ਦਿੱਤਾ। ਕਿਲ੍ਹੇ ਵਿਚ ਉਸ ਵੇਲੇ ਕਈ ਰਾਜਪੂਤ ਰਜਵਾੜੇ ਤੇ ਸ਼ਿਵਾਲਕ ਦੀਆਂ ਪਹਾੜੀ ਰਿਆਸਤਾਂ ਦੇ 52 ਰਾਜੇ ਕੈਦ ਸਨ।।
ਜਦੋਂ ਸੰਗਤ ਨੂੰ ਸੱਚੇ ਪਾਤਸ਼ਾਹ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਚੌਕੀਆਂ ਕੱਢ ਕੇ ਰੋਸ ਪ੍ਰਗਟਾਵਾ ਸ਼ੁਰੂ ਕਰ ਦਿੱਤਾ। ਜਹਾਂਗੀਰ ਚੜ੍ਹਦੀ ਜਵਾਨੀ ਤੋਂ ਹੀ ਸ਼ਰਾਬ ਦਾ ਸ਼ੌਕੀਨ ਸੀ। ਉਮਰ ਵੱਡੀ ਹੋਣ ਨਾਲ ਇਹ ਸ਼ੌਕ ਮਹਿੰਗਾ ਪੈਣ ਲੱਗਾ।ਤੇ ਲੋੜ ਤੋਂ ਵੱਧ ਸ਼ਰਾਬ ਦੇ ਸੇਵਨ ਨਾਲ ਉਹ ਸਖ਼ਤ ਬਿਮਾਰ ਹੋ ਗਿਆ। ਜਦੋਂ ਦੁਆ ਤੇ ਦਵਾ ਕੰਮ ਨਾ ਆਏ ਤਾਂ ਕਿਸੇ ਨੇਕ-ਬਖ਼ਤ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜਰਬੰਦੀ ਦਾ ਅਹਿਸਾਸ ਕਰਵਾਇਆ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਸਿਆਸੀ ਕੈਦੀ ਰਾਜਿਆ ਨੇ ਵੀ ਗੁਰੂ ਸਾਹਿਬ ਕੋਲ ਆਪਣੀ ਰਿਹਾਈ ਲਈ ਬੇਨਤੀ ਤਾਂ ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਜਦ ਤਕ ਨਿਰਦੋਸ਼ ਰਾਜਿਆਂ ਨੂੰ ਰਿਹਾ ਨਹੀਂ ਕਰਦਾ ਤਦ ਤਕ ਉਹ ਵੀ ਕਿਲ੍ਹੇ ਤੋਂ ਬਾਹਰ ਨਹੀਂ ਆਉਣਗੇ। ਜਹਾਂਗੀਰ ਨੇ ਗੁਰੂ ਸਾਹਿਬ ਦੀ ਗੱਲ ਮੰਨਦੇ ਹੋਏ ਇਨ੍ਹਾਂ ਰਾਜਿਆਂ ਨੂੰ ਵੀ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ। ਇਸੇ ਲਈ ਆਪ ਜੀ ਨੂੰ 'ਬੰਦੀ ਛੋੜ ਦਾਤਾ' ਵੀ ਕਿਹਾ ਜਾਂਦਾ ਹੈ।1627 ਈਸਵੀ ਵਿਚ ਜਹਾਂਗੀਰ ਫ਼ੌਤ ਹੋ ਗਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਗੱਦੀ ਦਾ ਵਾਰਸ ਬਣ ਗਿਆ। ਕੱਟੜਪੰਥੀ ਮੁਸਲਮਾਨਾਂ ਨੂੰ ਖ਼ੁਸ਼ ਕਰਨ ਲਈ ਉਸ ਨੇ ਵੀ ਗ਼ੈਰ-ਮੁਸਲਿਮ ਭਾਈਚਾਰਿਆਂ 'ਤੇ ਜ਼ਿਆਦਤੀਆਂ ਆਰੰਭ ਦਿੱਤੀਆਂ। ਇਸ ਨੂੰ ਠੱਲ੍ਹ ਪਾਉਣ ਲਈ ਗੁਰੂ ਸਾਹਿਬ ਨੂੰ ਸਮੇਂ-ਸਮੇਂ ਕਈ ਜੰਗਾਂ ਕਰਨੀਆ ਪਈਆ। ਇਸ ਲੜੀ ਵਜੋਂ ਪਹਿਲੀ ਜੰਗ ਉਨ੍ਹਾਂ ਨੂੰ ਰੁਹਲੇ (ਸ੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਲੜਨੀ ਪਈ। ਗੁਰੂ ਸਾਹਿਬ ਦੀ ਦੂਸਰੀ ਜੰਗ ਲੋਹਗੜ ਤੋਂ ਲੈ ਕੇ ਅਜੋਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਤਕ ਹੋਈ। ਇਸ ਜੰਗ ਵਿਚ ਗੁਰੂ ਕੀ ਫ਼ੌਜ ਨੇ ਵੈਰੀਆਂ ਨੂੰ ਕਰਾਰੀ ਹਾਰ ਦਿੱਤੀ। ਇਹ ਸਮਾਂ ਅੱਧ ਅਪ੍ਰੈਲ 1634 ਈਸਵੀ ਦਾ ਹੈ। ਤੀਜੀ ਜੰਗ ਮਰਾਜ ਦੇ ਨਜਦੀਕ ਇਕ ਢਾਬ 'ਤੇ ਮੋਰਚੇ ਕਾਇਮ ਕਰ ਕੇ ਲੜੀ ਗਈ, ਜਿਸ ਦਾ ਕਾਰਨ ਭਾਈ ਬਿਧੀ ਚੰਦ ਜੀ ਵੱਲੋਂ ਉਨ੍ਹਾਂ ਦੋ ਘੋੜਿਆਂ ਨੂੰ ਲਾਹੌਰ ਦੇ ਕਿਲ੍ਹੇ 'ਚੋਂ ਕੱਢ ਕੇ ਗੁਰੂ ਦਰਬਾਰ ਤਕ ਪਹੁੰਚਦਾ ਕਰਨਾ ਸੀ, ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਪਾਸੋਂ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ। ਇਸ ਜੰਗ ਦਾ ਸਮਾਂ ਦਸੰਬਰ 1634 ਈਸਵੀ ਹੈ। ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ। ਇਸ ਜੰਗ ਦਾ ਸਬੱਬ ਸਿੱਖ ਫ਼ੌਜ ਦੇ ਇਕ ਸਾਬਕਾ ਜਰਨੈਲ ਪੈਂਦੇ ਖ਼ਾਨ ਬਣਿਆ। ਗੁਰੂ ਘਰ ਨਾਲ ਗ਼ੱਦਾਰੀ ਕਰ ਕੇ ਉਹ ਮੁਗ਼ਲਾਂ ਨਾਲ ਜਾ ਮਿਲਿਆ ਸੀ ਤੇ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ। ਇਹ ਜੰਗ ਸੰਨ 1635 ਨੂੰ ਅਪ੍ਰੈਲ ਮਹੀਨੇ ਦੇ ਆਖ਼ਰੀ ਹਫ਼ਤੇ ਲਗਾਤਾਰ ਤਿੰਨ ਦਿਨ ਤਕ ਚੱਲੀ। ਗੁਰੂ ਸਾਹਿਬ ਦੀ ਪੰਜਵੀ ਜੰਗ ਪਲਾਹੀ ਸਾਹਿਬ, ਫਗਵਾੜਾ ਵਿਖੇ ਹੋਈ 26 ਅਪ੍ਰੈਲ 1635 ਨੂੰ ਹੋਈ। ਸ਼ਾਹੀ ਫ਼ੌਜ ਨੇ ਅਚਾਨਕ ਗੁਰੂ ਕੀਆਂ ਫ਼ੌਜਾਂ ਉੱਪਰ ਹਮਲਾ ਕਰ ਦਿੱਤਾ ਸੀ।।ਸਿੱਖਾਂ ਨੇ ਇਸ ਜੰਗ ਦਾ ਵੀ ਮੂੰਹ ਤੋੜਵਾਂ ਜਵਾਬ ਦਿੱਤਾ।ਤੇ ਸ਼ਾਹੀ ਫ਼ੌਜ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪੂਰੀ ਹਯਾਤੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਲਗਾਈ। ਇਸ ਮਨੋਰਥ ਦੀ ਸਿੱਧੀ ਲਈ ਰੁਕਾਵਟ ਪੈਦਾ ਕਰਨ ਵਾਲੀ ਹਰ ਧਿਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਗਿਆ।।ਉਨ੍ਹਾਂ ਆਪਣੇ ਸਿੱਖਾਂ ਨੂੰ ਸੇਵਾ ਤੇ ਸਿਮਰਨ ਨਾਲ ਵੀ ਜੋੜੀ ਰੱਖਿਆ। ਆਪਣੀ ਸੰਸਾਰਕ ਯਾਤਰਾ ਦੀ ਸੰਪੂਰਤਾ ਨੂੰ ਨੇੜੇ ਜਾਣ ਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਪ ਦਿੱਤੀ ਅਤੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ 1644 ਈਸਵੀ ਨੂੰ ਜੋਤੀ ਜੋਤ ਸਮਾ ਗਏ।
ਰਮੇਸ਼ ਬੱਗਾ ਚੋਹਲਾ
Comments (0)