ਦਿੱਲੀ ਦੀਆਂ ਸੜਕਾਂ 'ਤੇ ਗੂੰਜਿਆ ਪੰਜਾਬ ਅਤੇ ਕਸ਼ਮੀਰ ਦੀ ਅਜ਼ਾਦੀ ਦਾ ਨਾਅਰਾ

ਦਿੱਲੀ ਦੀਆਂ ਸੜਕਾਂ 'ਤੇ ਗੂੰਜਿਆ ਪੰਜਾਬ ਅਤੇ ਕਸ਼ਮੀਰ ਦੀ ਅਜ਼ਾਦੀ ਦਾ ਨਾਅਰਾ

ਨਵੀਂ ਦਿੱਲੀ: ਭਾਰਤ ਵੱਲੋਂ ਕਸ਼ਮੀਰੀਆਂ ਦੇ ਮਨੁੱਖੀ ਹੱਕਾਂ ਦੇ ਕੀਤੇ ਜਾ ਰਹੇ ਘਾਣ ਖਿਲਾਫ ਬੀਤੇ ਕੱਲ੍ਹ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਪੰਜਾਬ ਅਤੇ ਤਾਮਿਲਨਾਡੂ ਦੇ ਸੈਂਕੜੇ ਲੋਕਾਂ ਨੇ ਇਕੱਤਰ ਹੋ ਕੇ ਇਨਸਾਫ ਦੀ ਅਵਾਜ਼ ਬੁਲੰਦ ਕੀਤੀ। ਭਾਰਤ ਨੇ ਪਿਛਲੇ 50 ਦਿਨਾਂ ਤੋਂ ਕਸ਼ਮੀਰ ਨੂੰ ਆਪਣੀ ਫੌਜ ਦੇ ਸਖਤ ਪਹਿਰੇ ਹੇਠ ਨਜ਼ਰਬੰਦ ਕੀਤਾ ਹੋਇਆ ਹੈ। ਇਸ ਨਜ਼ਰਬੰਦੀ ਖਿਲਾਫ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਦੀਆਂ ਹੋਰ ਜਥੇਬੰਦੀਆਂ ਅਤੇ ਤਾਮਿਲ ਤੇ ਕਸ਼ਮੀਰੀ ਜਥੇਬੰਦੀਆਂ ਨਾਲ ਮਿਲ ਕੇ ਦਿੱਲੀ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਕੇ ਕਸ਼ਮੀਰੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ। ਇਹ ਮੁਜ਼ਾਹਰਾ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇੱਕ ਮਾਰਚ ਦੇ ਰੂਪ ਵਿੱਚ ਸ਼ੁਰੂ ਹੋ ਕੇ ਜੰਤਰ ਮੰਤਰ ਵੱਲ ਵਧਿਆ। ਇਸ ਮਾਰਚ ਨੂੰ ਜੰਤਰ ਮੰਤਰ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਜਿੱਥੇ ਆਗੂਆਂ ਨੇ ਆਪਣੇ ਭਾਸ਼ਣ ਦਿੱਤੇ।

ਦਿੱਲੀ ਪੁਲਿਸ ਨੇ ਆਖਰੀ ਸਮੇਂ 'ਤੇ ਪ੍ਰਵਾਨਗੀ ਦੇਣੋਂ ਨਾਹ ਕੀਤੀ
ਸਿੱਖ ਜਥੇਬੰਦੀਆਂ ਅਤੇ ਤਾਮਿਲ ਜਥੇਬੰਦੀਆਂ ਵੱਲੋਂ ਕਈ ਦਿਨ ਪਹਿਲਾਂ ਇਸ ਮੁਜ਼ਾਹਰੇ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਬੀਤੇ ਕੱਲ੍ਹ ਇਸ ਮੁਜ਼ਾਹਰੇ ਦੇ ਸਮੇਂ ਤੋਂ ਕੁੱਝ ਸਮਾਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਇਸ ਮੁਜ਼ਾਹਰੇ ਨੂੰ ਕਰਨ ਦੀ ਪ੍ਰਵਾਨਗੀ ਦੇਣ ਤੋਂ ਨਾਹ ਕਰ ਦਿੱਤੀ। ਪੁਲਿਸ ਰੋਕਾਂ ਦੇ ਬਾਵਜੂਦ ਆਗੂਆਂ ਨੇ ਇਸ ਮੁਜ਼ਾਹਰੇ ਨੂੰ ਮਾਰਚ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤਾ ਤੇ ਦਿੱਲੀ ਦੀਆਂ ਸੜਕਾਂ 'ਤੇ ਪੰਜਾਬ ਅਤੇ ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ ਮਾਰੇ।

ਸੰਯੁਕਤ ਰਾਸ਼ਟਰ ਨੂੰ ਦਿੱਤਾ ਮੰਗ ਪੱਤਰ
ਇਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਆਗੂਆਂ ਸਿਮਰਨਜੀਤ ਸਿੰਘ ਮਾਨ, ਹਰਪਾਲ ਸਿੰਘ ਚੀਮਾ, ਪ੍ਰੋਫ. ਐੱਸਏਆਰ ਗਿਲਾਨੀ, ਆਰ. ਵੈਂਕਟਰਮਨ, ਸੀਮਾਨ, ਪ੍ਰੋਫ. ਜਗਮੋਹਨ ਸਿੰਘ ਅਤੇ ਕੰਵਰਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਨਾਂ ਲਿਖਿਆ ਮੰਗ ਪੱਤਰ ਦਿੱਲੀ ਸਥਿਤ ਦਫਤਰ ਦੇ ਮੁੱਖ ਜਾਣਕਾਰੀ ਅਫਸਰ ਰੰਜੀਵ ਚੰਦਰਨ ਨੂੰ ਦਿੱਤਾ। 

ਸੰਯੁਕਤ ਰਾਸ਼ਟਰ ਨੂੰ ਦਖਲ ਦੇਣ ਲਈ ਕਿਹਾ
ਇਹਨਾਂ ਜਥੇਬੰਦੀਆਂ ਵੱਲੋਂ ਸੰਯੁਕਤ ਰਾਸ਼ਟਰ ਨੂੰ ਕਿਹਾ ਗਿਆ ਹੈ ਕਿ ਕਸ਼ਮੀਰ ਮਸਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਪਾਸ ਕੀਤੇ ਗਏ ਮਤਿਆਂ ਮੁਤਾਬਿਕ ਹੱਲ ਕੀਤਾ ਜਾਵੇ ਜਿਹਨਾਂ ਅਨੁਸਾਰ ਕਸ਼ਮੀਰ ਵਿੱਚ ਰੈਫਰੈਂਡਮ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਸੁਰੱਖਿਆ ਲਈ ਦਖਲ ਅੰਦਾਜ਼ੀ ਕਰਨ ਲਈ ਕਿਹਾ ਗਿਆ ਹੈ ਤੇ ਭਾਰਤ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਕਸ਼ਮੀਰੀ ਆਗੂਆਂ ਅਤੇ ਨਿਰਦੋਸ਼ ਕਸ਼ਮੀਰੀਆਂ ਨੂੰ ਰਿਹਾਅ ਕਰਨ ਲਈ ਕਿਹਾ ਗਿਆ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।