ਨਾਮਧਾਰੀ ਡੇਰਾ: ਚੰਦ ਕੌਰ ਕਤਲ ਕਾਂਡ ਵਿਚ ਤਿੰਨ ਸਾਲ ਬਾਅਦ ਪਹਿਲੀ ਗ੍ਰਿਫਤਾਰੀ

ਨਾਮਧਾਰੀ ਡੇਰਾ: ਚੰਦ ਕੌਰ ਕਤਲ ਕਾਂਡ ਵਿਚ ਤਿੰਨ ਸਾਲ ਬਾਅਦ ਪਹਿਲੀ ਗ੍ਰਿਫਤਾਰੀ
ਚੰਦ ਕੌਰ

ਮੋਹਾਲੀ: ਨਾਮਧਾਰੀ ਡੇਰੇ ਦੇ ਸਾਬਕਾ ਮੁਖੀ ਮਰਹੂਮ ਜਗਜੀਤ ਸਿੰਘ ਦੀ ਧਰਮ ਪਤਨੀ ਚੰਦ ਕੌਰ ਦੇ ਕਤਲ ਮਾਮਲੇ 'ਚ ਤਿੰਨ ਸਾਲਾਂ ਬਾਅਦ ਕਾਰਵਾਈ ਕਰਦਿਆਂ ਸੀਬੀਆਈ ਨੇ ਪਟਿਆਲਾ ਕੇਂਦਰੀ ਜੇਲ੍ਹ 'ਚ ਨਜ਼ਰਬੰਦ ਪਲਵਿੰਦਰ ਸਿੰਘ ਉਰਫ ਡਿੰਪਲ ਵਾਸੀ ਜਨਤਾ ਕਲੋਨੀ ਨਵੀਂ ਦਿੱਲੀ ਨੂੰ ਪ੍ਰੋਡਕਸ਼ਨ ਵਰੰਟ 'ਤੇ ਗ੍ਰਿਫਤਾਰ ਕੀਤਾ ਹੈ। ਇਸ ਬੰਦੇ ਨੂੰ ਬੀਤੇ ਕੱਲ੍ਹ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐੱਸ ਸੇਖੋਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਚੰਦ ਕੌਰ ਦੇ ਕਤਲ ਮਾਮਲੇ 'ਚ ਪੁੱਛਗਿੱਛ ਲਈ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ। 

ਟਿਫਨ ਧਮਾਕਾ ਅਤੇ ਕਤਲ ਮਾਮਲੇ 'ਚ ਬੰਦ ਸੀ ਡਿੰਪਲ
ਪੁਲਿਸ ਵੱਲੋਂ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਡਿੰਪਲ ਲੁਧਿਆਣਾ ਵਿੱਚ ਹੋਏ ਟਿਫਨ ਬੰਬ ਧਮਾਕੇ ਅਤੇ ਕਤਲ ਦੇ ਮਾਮਲੇ ਵਿੱਚ ਪਿਛਲੇ ਸਾਲ ਤੋਂ ਪਟਿਆਲਾ ਜ਼ੇਲ੍ਹ ਵਿਚ ਬੰਦ ਸੀ। ਸੀਬੀਆਈ ਦੀ ਜਾਂਚ ਟੀਮ ਨੇ ਅਦਾਲਤ ਨੂੰ ਕਿਹਾ ਕਿ ਪਲਵਿੰਦਰ ਡਿੰਪਲ ਕੋਲੋਂ ਚੰਦ ਕੌਰ ਦੇ ਕਤਲ ਕੇਸ ਸਬੰਧੀ ਪੁੱਛਗਿਛ ਕਰਨੀ ਹੈ ਤਾਂ ਜੋ ਗੋਲੀ ਮਾਰਨ ਵਾਲੇ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕੇ। ਉਧਰ ਬਚਾਅ ਪੱਖ ਦੇ ਵਕੀਲਾਂ ਰਣਜੋਧ ਸਿੰਘ ਸਰਾਓ ਅਤੇ ਜਗਵਿੰਦਰ ਸਿੰਘ ਸੰਤਵਾਲ ਨੇ ਕਿਹਾ ਕਿ ਉਹਨਾਂ ਦੇ ਮੁਵੱਕਿਲ ਨੂੰ ਝੂਠੇ ਮਾਮਲੇ 'ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਲਵਿੰਦਰ ਦਾ ਚੰਦ ਕੌਰ ਦੇ ਕਤਲ ਨਾਲ ਕੋਈ ਸਬੰਧ ਨਹੀਂ ਹੈ।


ਪਲਵਿੰਦਰ ਸਿੰਘ ਉਰਫ ਡਿੰਪਲ
ਡਿੰਪਲ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ 9 ਜਨਵਰੀ, 2016 ਤੋਂ 10 ਅਕਤੂਬਰ 2018 ਤੱਕ ਵਿਦੇਸ਼ ਵਿੱਚ ਰਿਹਾ ਹੈ ਜਦੋਂਕਿ ਚੰਦ ਕੌਰ ਦਾ ਕਤਲ 4 ਅਪ੍ਰੈਲ, 2016 ਨੂੰ ਹੋਇਆ ਸੀ। ਪਿਛਲੇ ਸਾਲ ਵਿਦੇਸ਼ ਤੋਂ ਭਾਰਤ ਪਰਤਦੇ ਸਮੇਂ ਪੁਲਿਸ ਨੇ ਉਸ ਨੂੰ ਲੁਧਿਆਣਾ ਟਿਫਨ ਧਮਾਕੇ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ। ਇਸ ਧਮਾਕੇ ਵਿੱਚ ਇਕ ਬੰਦੇ ਦੀ ਮੌਤ ਹੋ ਗਈ ਸੀ। 

ਚਾਰ ਦਿਨ ਦਾ ਰਿਮਾਂਡ ਦਿੱਤਾ
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਡਿੰਪਲ ਦਾ ਚਾਰ ਦਿਨਾਂ ਦਾ ਰਿਮਾਂਡ ਦੇ ਦਿੱਤਾ ਤੇ ਦੋਸ਼ੀ ਨੂੰ ਸੋਮਵਾਰ ਮੁੜ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।