ਨਹਿਰੀ ਪਾਣੀ ਲੈਣ ਖਾਤਰ ਕਿਸਾਨਾਂ ਨੇ ਸੜਕ ਜਾਮ ਕੀਤੀ

ਨਹਿਰੀ ਪਾਣੀ ਲੈਣ ਖਾਤਰ ਕਿਸਾਨਾਂ ਨੇ ਸੜਕ ਜਾਮ ਕੀਤੀ

ਮੌੜ ਮੰਡੀ: ਪਿੰਡ ਜੋਧਪੁਰ ਪਾਖਰ, ਜਾਤਰੀ, ਮਾਈਸਰਖਾਨਾ, ਭਾਈ ਬਖਤੌਰ, ਰਾਮਗੜ੍ਹ ਭੂੰਦੜ, ਕੋਟਭਾਰਾ ਤੇ ਕੋਟਫੱਤਾ ਆਦਿ ਸੱਤ ਪਿੰਡਾਂ ਦੇ ਕਿਸਾਨਾਂ ਵੱਲੋ ਟੇਲਾਂ ’ਤੇ ਨਹਿਰੀ ਪਾਣੀ ਦੀ ਮੰਗ ਪੂਰੀ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਬਠਿੰਡਾ-ਮਾਨਸਾ ਸੜਕ ਨੂੰ ਪਿੰਡ ਭਾਈ ਬਖਤੌਰ ਵਿਚ ਜਾਮ ਕਰ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਮਾਨ, ਦਰਸ਼ਨ ਸਿੰਘ ਮਾਈਸਰਖਾਨਾਂ, ਹਰਜਿੰਦਰ ਸਿੰਘ ਬੱਗੀ ਤੇ ਬੀ.ਕੇ.ਯੂ. ਡਕੌਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਕੋਟਭਾਰਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਉਪਰੋਕਤ ਸੱਤ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਾਮਾਤਰ ਮਿਲਦਾ ਹੈ ਜਿਸ ਕਾਰਨ ਪਿਛਲੇ ਲੰਮੇਂ ਸਮੇ ਤੋਂ ਕਿਸਾਨਾਂ ਵੱਲੋ ਆਪਣੀ ਸਮੱਸਿਆ ਦੇ ਹੱਲ ਲਈ ਸਿਆਸੀ ਨੇਤਾਵਾਂ ਤੇ ਵਿਧਾਇਕਾਂ ਤੋਂ ਮੰਗ ਕੀਤੀ ਜਾ ਰਹੀ ਸੀ ਪਰ ਸਮੱਸਿਆ ਦਾ ਕੋਈ ਹੱਲ ਨਾ ਹੁੰਦਾ ਦੇਖ ਕੇ ਕਿਸਾਨਾਂ ਨੇ ਬੀਤੀ 9 ਮਾਰਚ ਨੂੰ ਨਹਿਰੀ ਵਿਭਾਗ ਖਿਲਾਫ ਧਰਨਾ ਲਗਾਇਆ ਸੀ। ਉਦੋਂ ਨਹਿਰੀ ਵਿਭਾਗ ਦੇ ਸਬੰਧਿਤ ਐਕਸੀਅਨ ਜਵਾਹਰਕੇ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਭਾਈ ਬਖਤੌਰ ਚੈਨਲ ਦਾ ਕੰਮ 2 ਮਹੀਨਿਆਂ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵੀ ਨਹਿਰੀ ਵਿਭਾਗ ਵੱਲੋਂ ਰਾਮਗੜ੍ਹ ਭੂੰਦੜ, ਕੋਟਭਾਰਾ ਚੈਨਲ ਨੂੰ 21 ਦਿਨਾਂ ਅਤੇ ਭਾਈ ਬਖਤੌਰ ਚੈਨਲ ਨੂੰ ਇੱਕ ਮਹੀਨੇ ਵਿੱਚ ਪੂਰਾ ਕਰਨ ਦੇ ਲਾਰੇ ਲਗਾਏ ਗਏ ਜਦਕਿ ਅਮਲੀ ਰੂਪ ਵਿੱਚ ਕੋਟਭਾਰਾ ਚੈਨਲ ਵਿੱਚ ਪਾਣੀ ਛੱਡ ਕੇ ਕਿਸਾਨਾਂ ਨੂੰ ਪਾੜਨ ਤੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕਾਰਵਾਈ ਕੀਤੀ ਗਈ।

ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਭਾਈ ਬਖਤੌਰ ਚੈਨਲ ਦਾ ਹੈੱਡ ਵੱਖਰਾ ਬਣਾ ਕੇ ਕੰਮ ਮੁਕੰਮਲ ਨਹੀ ਕੀਤਾ ਜਾਂਦਾ ਅਤੇ ਦੂਸਰੀ ਪਾਈਪ ਲਾਈਨ ਦਾ ਕੰਮ ਪੂਰਾ ਕਰਕੇ ਦੋਵੇਂ ਪਾਸੇ ਪੂਰਾ ਪਾਣੀ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਕਿਸਾਨਾਂ ਵੱਲੋ ਆਪਣਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਫੂਲਾ ਸਿੰਘ ਕੁੱਬੇ, ਮਹਿੰਦਰ ਸਿੰਘ ਬਾਲਿਆਂਵਾਲੀ, ਮੋਠੁ ਸਿੰਘ ਕੋਟੜਾ ਤੋ ਇਲਾਵਾ ਵੱਡੀ ਗਿਣਤੀ ਕਿਸਾਨਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ