6 ਸਿੱਖਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਅਦਾਲਤ ਨੇ 6 ਪੁਲਸੀਆਂ ਨੂੰ ਦੋਸ਼ੀ ਐਲਾਨਿਆ

6 ਸਿੱਖਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਅਦਾਲਤ ਨੇ 6 ਪੁਲਸੀਆਂ ਨੂੰ ਦੋਸ਼ੀ ਐਲਾਨਿਆ

ਚੰਡੀਗੜ੍ਹ: ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ 5 ਜੀਆਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਅੱਜ 27 ਸਾਲਾਂ ਦੀ ਲੰਬੀ ਲੜਾਈ ਮਗਰੋਂ 6 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਐਲਾਨਦਿਆਂ ਸਜ਼ਾ ਸੁਣਾਈ ਹੈ। ਪਰ ਇਸ ਮਾਮਲੇ 'ਚ ਨਾਮਜ਼ਦ ਪੰਜਾਬ ਪੁਲਿਸ ਦੇ ਤਿੰਨ ਉੱਚ ਅਫਸਰਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਇਨਸਾਫ ਨਹੀਂ, ਤੇ ਉਹ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਹਾਈ ਕੋਰਟ ਜਾਣਗੇ।

ਅਦਾਲਤ ਨੇ ਇੰਸਪੈਕਟਰ ਸੂਬਾ ਸਿੰਘ, ਏਐਸਆਈ ਸੂਬਾ ਸਿੰਘ, ਹੈਡ ਕਾਂਸਟੇਬਲ ਲੱਖਾ ਸਿੰਘ, ਸਬ ਇੰਸਪੈਕਟਰ ਬਿਕਰਮਜੀਤ ਸਿੰਘ, ਸੁਖਦੇਵ ਸਿੰਘ ਅਤੇ ਸੁਖਦੇਵ ਰਾਜ ਜੋਸ਼ੀ ਨੂੰ ਦੋਸ਼ੀ ਐਲਾਨਿਆ ਹੈ। ਜਦਕਿ ਅਦਾਲਤ ਵੱਲੋਂ ਡੀਐਸਪੀ ਗੁਰਮੀਤ ਸਿੰਘ ਰੰਧਾਵਾ, ਇੰਸਪੈਕਟਰ ਕਸ਼ਮੀਰ ਸਿੰਘ ਅਤੇ ਐਸਆਈ ਨਿਰਮਲ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਇਸ ਮਾਮਲੇ 'ਚ ਨਾਮਜ਼ਦ 7 ਹੋਰ ਪੰਜਾਬ ਪੁਲਿਸ ਮੁਲਾਜ਼ਮ ਸਮੇਤ ਐਸਐਸਪੀ ਅਜੀਤ ਸਿੰਘ ਸੰਧੂ ਮੁਕੱਦਮਾ ਚਲਦਿਆਂ ਹੀ ਮਰ ਗਏ ਸੀ। ਇੰਸਪੈਕਟਰ ਸੂਬਾ ਸਿੰਘ, ਹੈਡ ਕਾਂਸਟੇਬਲ ਸੁਖਦੇਵ ਸਿੰਘ, ਸਬ ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਧਾਰਾ 364 ਅਧੀਨ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੁਖਦੇਵ ਰਾਜ ਨੂੰ ਧਾਰਾ 365 ਅਧੀਨ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੂਬਾ ਸਿੰਘ ਅਤੇ ਲੱਖਾ ਸਿੰਘ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਪਰ ਇਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਗਸਤ 1992 'ਚ ਉਸ ਦੇ ਚਾਚਾ ਕੇਸਰ ਸਿੰਘ ਨੂੰ ਤਰਨ ਤਾਰਨ ਪੁਲਿਸ ਵਲੋਂ ਰੇਲਵੇ ਸਟੇਸ਼ਨ ਅੰਮਿ੍ਤਸਰ ਤੋਂ ਗਿ੍ਫ਼ਤਾਰ ਕੀਤਾ ਗਿਆ  ਸੀ। ਫਿਰ ਉਸ ਦੇ ਦੂਸਰੇ ਚਾਚਾ ਗੁਰਦੇਵ ਸਿੰਘ ਨੂੰ ਉੱਤਰ ਪ੍ਰਦੇਸ਼ ਤੋਂ ਅਤੇ ਉਸ ਦੇ ਪਿਤਾ ਮੇਜਾ ਸਿੰਘ ਨੂੰ ਗੇਟ ਦੀ ਕਾਰ ਸੇਵਾ ਕਰਦਿਆਂ ਪੁਲਿਸ ਨੇ ਚੁੱਕ ਲਿਆ ਸੀ। ਪੁਲਿਸ ਵਲੋਂ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਪੇਸ਼ ਕਰਵਾਉਣ ਲਈ ਉਨ੍ਹਾਂ ਦੇ ਪਰਿਵਾਰ ਉੱਪਰ ਦਬਾਅ ਬਣਾਇਆ ਗਿਆ ਅਤੇ ਪਰਿਵਾਰ ਦੇ ਹੋਰ ਮੁਲਾਜ਼ਮਾਂ ਉੱਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਸ ਸਮੇਂ ਦੇ ਐੱਸ.ਪੀ. ਆਪ੍ਰੇਸ਼ਨ ਰਹੇ ਖ਼ੂਬੀ ਰਾਮ ਅਤੇ ਉਸ ਦੇ ਪੀ.ਏ. ਸੁਖਦੇਵ ਰਾਜ ਜੋਸ਼ੀ ਅਤੇ ਹੋਰਨਾਂ ਨੇ ਬਾਬਾ ਚਰਨ ਸਿੰਘ ਦੇ ਸਾਲੇ ਗੁਰਮੇਜ ਸਿੰਘ ਅਤੇ ਉਸ ਦੇ ਲੜਕੇ ਬਲਵਿੰਦਰ ਸਿੰਘ ਨੂੰ ਪਿੰਡ ਸਖੀਰੇ ਤੋਂ ਚੁੱਕ ਲਿਆ ਸੀ। ਤਰਨ ਤਾਰਨ ਪੁਲਿਸ ਵਲੋਂ ਸੀ.ਆਈ.ਏ. ਸਟਾਫ਼ ਅਤੇ ਹੋਰਨਾਂ ਥਾਣਿਆਂ 'ਚ ਸਾਰਿਆਂ ਨੂੰ ਰੱਖ ਕੇ ਤਸ਼ੱਦਦ ਜਾਰੀ ਰੱਖਿਆ ਗਿਆ। ਅਪ੍ਰੈਲ 1993 'ਚ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਜੋ ਕਿ ਕਰੀਬ 35 ਗੁਰਦੁਆਰਿਆਂ ਦੀ ਸੇਵਾ ਕਰ ਰਹੇ ਸਨ ਨੂੰ ਆਖ਼ਰ ਪੁਲਿਸ ਕੋਲ ਪੇਸ਼ ਕਰਵਾਉਣ ਜਾਂਦੇ ਸਮੇਂ ਪੁਲਿਸ ਨੇ ਤਰਨ ਤਾਰਨ ਦੀਆਂ ਰਸੂਲਪੁਰ ਨਹਿਰਾਂ ਤੋਂ ਚੁੱਕ ਲਿਆ ਸੀ। ਪੁਲਿਸ ਵਲੋਂ ਬਾਬਾ ਚਰਨ ਸਿੰਘ, ਉਨ੍ਹਾਂ ਦੇ ਭਰਾ ਕੇਸਰ ਸਿੰਘ, ਬਾਬਾ ਮੇਜਾ ਸਿੰਘ, ਗੁਰਦੇਵ ਸਿੰਘ, ਗੁਰਮੇਜ ਸਿੰਘ ਅਤੇ ਗੁਰਮੇਜ ਸਿੰਘ ਦੇ ਲੜਕੇ ਬਲਵਿੰਦਰ ਸਿੰਘ ਨੂੰ ਭਾਰੀ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖ਼ੁਰਦ ਬੁਰਦ ਕਰ ਦਿੱਤਾ ਗਿਆ ਸੀ। 

ਸੀ.ਬੀ.ਆਈ. ਵਲੋਂ ਇਸ ਮਾਮਲੇ ਵਿਚ ਦੋ ਮਈ 1997 ਨੂੰ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ ਅਤੇ ਉਸ ਸਮੇਂ ਦੇ ਤਰਨ ਤਾਰਨ ਦੇ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ, ਡੀ.ਐੱਸ.ਪੀ. ਗੁਰਮੀਤ ਸਿੰਘ ਰੰਧਾਵਾ, ਇੰਸ: ਸੂਬਾ ਸਿੰਘ ਸਰਹੰਦ, ਏ.ਐੱਸ.ਆਈ. ਸੂਬਾ ਸਿੰਘ, ਸੁਖਦੇਵ ਰਾਜ ਜੋਸ਼ੀ ਸਮੇਤ ਹੋਰ ਪੁਲਿਸ ਅਫਸਰਾਂ ਦੇ ਖਿ਼ਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਪੁਲਿਸ ਅਫਸਰਾਂ ਵਲੋਂ ਸੁਣਵਾਈ ਰੋਕਣ ਲਈ ਅਦਾਲਤਾਂ ਵਿਚ ਇਸ ਕੇਸ ਨੂੰ ਖ਼ਾਰਜ ਕਰਨ ਦੀਆਂ ਰਿੱਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਇਹ ਕੇਸ ਦੀ ਸੁਣਵਾਈ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਦੌਰਾਨ ਰੁਕੀ ਹੋਈ ਹੈ। ਉੱਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਜ਼ਰੂਰ ਹੈ ਕਿ ਭਾਰਤ ਦੀ ਨਿਆਂਪਾਲਿਕਾ ਵਲੋਂ ਇਸ ਅਹਿਮ ਕੇਸ ਬਾਰੇ ਦਿੱਤਾ ਗਿਆ ਫ਼ੈਸਲਾ ਦੇਰ ਨਾਲ ਹੋਇਆ ਹੈ ਅਤੇ ਇਸ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਪੁਲਿਸ ਮੁਲਾਜ਼ਮ ਆਪਣੀ ਨੌਕਰੀਆਂ ਦੌਰਾਨ ਤਰੱਕੀਆਂ ਤੇ ਮੈਡਲਾਂ ਦਾ ਅਨੰਦ ਮਾਣਦੇ ਰਹੇ ਤੇ ਇਨਸਾਫ਼ ਦਾ ਰਾਹ ਦੇਖਦਿਆਂ ਕਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਰੱਬ ਨੂੰ ਵੀ ਪਿਆਰੇ ਹੋ ਗਏ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।