ਵਿਸ਼ੇਸ਼ ਰਿਪੋਰਟ: ਜੇਐਨਯੂ ਦੀ ਗੁੰਡਾਗਰਦੀ ਪਿੱਛੇ ਕੌਣ? (ਰਵੀਸ਼ ਕੁਮਾਰ)

ਵਿਸ਼ੇਸ਼ ਰਿਪੋਰਟ: ਜੇਐਨਯੂ ਦੀ ਗੁੰਡਾਗਰਦੀ ਪਿੱਛੇ ਕੌਣ? (ਰਵੀਸ਼ ਕੁਮਾਰ)
ਜੇਐਨਯੂ ਹਿੰਸਾ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨ ਦੀ ਤਸਵੀਰ

ਰਵੀਸ਼ ਕੁਮਾਰ
ਜਦ ਜੇਐਨਯੂ ਵਿਚ ਨਕਾਬਪੋਸ਼ ਆ ਸਕਦੇ ਹਨ ਤਾਂ ਉਹ ਕਿਤੇ ਵੀ ਆ ਸਕਦੇ ਹਨ। ਰਾਤ ਦੇ ਹਨੇਰੇ ਵਿਚ ਰਾਡਾਂ, ਤਲਵਾਰਾਂ ਤੇ ਹੋਰ ਤਿੱਖੇ ਹਥਿਆਰਾਂ ਦੇ ਨਾਲ ਜਦ ਅਪਰਾਧੀ ਨਕਾਬ ਪਾ ਲੈਣ ਤਾਂ ਤੁਸੀਂ ਟਾਰਚ ਕੱਢ ਕੇ ਰੱਖੋ। ਅਪਰਾਧੀ ਤਾਂ ਨਹੀਂ ਭਾਲ ਸਕੋਗੇ, ਪਰ ਘੱਟੋ ਘੱਟ ਰਾਤ ਦੇ ਹਨੇਰੇ ਵਿਚ ਪਲੰਘ ਦੇ ਹੇਠਾਂ ਕੋਨੇ ਵਿਚ ਛੁਪ ਕੇ ਲੋਕਤੰਤਰ ਨੂੰ ਭਾਲ ਸਕੋਗੇ, ਜਿਸ ਨੂੰ ਹਿੰਸਾ ਦੀਆਂ ਇਹਨਾਂ ਤਸਵੀਰਾਂ ਦੇ ਰਾਹੀਂ ਖਤਮ ਕੀਤਾ ਜਾ ਰਿਹਾ ਹੈ। ਤੁਹਾਡੇ ਅੰਦਰ ਜੇਐਨਯੂ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਕਿ ਤੁਸੀਂ ਨਕਾਬਪੋਸ਼ ਗੁੰਡਿਆਂ ਨੂੰ ਦੇਸ਼ਭਗਤ ਸਮਝਣ ਲਗ ਜਾਵੋ।

5 ਸਾਲਾਂ ਦੇ ਦੌਰਾਨ ਗੋਦੀ ਮੀਡੀਆ ਤੇ ਸ਼ੋਸ਼ਲ ਮੀਡੀਆ ਦੇ ਰਾਹੀਂ ਇਕ ਚੰਗੀ ਯੂਨੀਵਰਸਿਟੀ ਨੂੰ ਇਸ ਢੰਗ ਨਾਲ ਖਤਮ ਕਰ ਦਿੱਤਾ ਕਿ ਬਹੁਤ ਸਾਰੇ ਨਕਾਬਪੋਸ਼ ਗੁੰਡਿਆਂ ਨੂੰ ਦੇਖਦੇ ਹੋਏ ਨਹੀਂ ਦੇਖਿਆ ਜਾ ਰਿਹਾ। ਕੋਈ 90 ਸਾਲ ਪਹਿਲਾਂ ਲੋਕ ਇਸ ਤਰ੍ਹਾਂ ਨਹੀਂ ਦੇਖ ਸਕੇ ਸਨ, ਜਦ ਕਪਟੀ ਪ੍ਰਾਪੇਗੰਡੇ ਦਾ ਪ੍ਰਭਾਵ ਉਹਨਾਂ 'ਤੇ ਹਾਵੀ ਹੋ ਗਿਆ ਸੀ। ਉਹ ਦੇਸ ਕੁਝ ਹੋਰ ਸੀ, ਇਹ ਦੇਸ ਭਾਰਤ ਹੈ। ਆਮ ਤੌਰ 'ਤੇ ਭਾਰਤ ਦੀ ਦੂਸਰੇ ਨੰਬਰ ਦੀ ਇਸ ਯੂਨੀਵਰਸਿਟੀ ਦੇ ਹੋਸਟਲ ਵਿਚ ਅਰਾਮ ਨਾਲ ਰਾਡਾਂ ਲੈ ਕੇ ਨਕਾਬਪੋਸ਼ ਵੜ ਆਏ। ਇਸ ਨੂੰ ਦੇਖ ਕੇ ਕਿਸੇ ਦਾ ਦਿਲ ਕੰਬ ਜਾਣਾ ਚਾਹੀਦਾ ਹੈ। ਪਰ ਗੱਲ ਹੋ ਰਹੀ ਹੈ ਨਕਸਲ ਦੀ, ਦੇਸ਼ ਵਿਰੋਧੀ ਦੀ ਤੇ ਜਿਹਾਦੀਆਂ ਦੀ। ਤੁਸੀਂ ਜੋ ਸਾਹਮਣੇ ਤੋਂ ਦੇਖ ਰਹੇ ਹੋ ਉਹ ਛੱਡ ਕੇ ਨਕਸਲ ਤੇ ਐਂਟੀ ਨਕਸਲ ਨੂੰ ਹੀ ਸੁਣਨ ਤੇ ਦੇਖਣ ਲੱਗਦੇ ਹੋ। ਤੁਸੀਂ ਤੱਥਾਂ ਨੂੰ ਛੱਡ ਦਿੰਦੇ ਹੋ। ਜੋ ਇਮੇਜ ਤੁਹਾਡੇ ਦਿਮਾਗ ਵਿਚ ਵਟਸਐਪ ਯੂਨੀਵਰਸਿਟੀ ਨੇ ਬਣਾਇਆ ਹੈ, ਉਹੀ ਕੁਝ ਤੁਸੀਂ ਜੇਐਨਯੂ ਬਾਰੇ ਦੇਖਣ ਲਗ ਜਾਂਦੇ ਹੋ। ਤੁਸੀਂ ਚੈਕ ਕਰੋ ਕੀ ਅਜੇ ਤੱਕ ਤੁਹਾਨੂੰ ਨਕਾਬਪੋਸ਼ ਗੁੰਡੇ ਯਾਦ ਹਨ ਜਾਂ ਭੁੱਲ ਕੇ ਤੁਸੀਂ ਨਕਸਲ ਬਨਾਮ ਰਾਸ਼ਟਰਵਾਦ ਦੀ ਬਹਿਸ ਵਿਚ ਉਲਝ ਗਏ ਹੋ? ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਇਕ ਵਾਰ ਫਿਰ ਜੇਐਨਯੂ ਨਾਲ ਨਫ਼ਰਤ ਕਰਨ ਲਗਦੇ ਹਨ ਤੇ ਨਕਾਬਪੋਸ਼ ਗੁੰਡਿਆਂ ਨੂੰ ਦੇਖ ਕੇ ਖੁਸ਼ ਹੋਣ ਲਗਦੇ ਹਨ। ਸੱਚ ਸੱਚ ਦਸੋ ਕੀ ਤੁਹਾਨੂੰ ਵਟਸਐਪ ਯੂਨੀਵਰਸਿਟੀ ਵਿਚ ਜੇਐਨਯੂ ਨੂੰ ਲੈ ਕੇ ਅਜਿਹੇ ਮੈਸੇਜ ਮਿਲੇ ਹਨ, ਜਿਸ ਵਿਚ ਜੇਐਨਯੂ ਨੂੰ ਜਿਹਾਦੀਆਂ ਦਾ ਅੱਡਾ ਦੱਸਿਆ ਜਾ ਰਿਹਾ ਹੈ ਤੇ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਦਰਸ਼ਕ ਦੇ ਲਈ ਇਹ ਸਮਾਂ ਇਮਤਿਹਾਨ ਦਾ ਹੈ। ਜਦ ਤੱਕ ਤੁਸੀਂ ਇਕ ਮੁੱਦੇ ਨੂੰ ਠੀਕ ਤਰ੍ਹਾਂ ਸਮਝ ਨਹੀਂ ਪਾਉਂਦੇ ਤਾਂ ਦੂਸਰੀ ਘਟਨਾ ਸਾਹਮਣੇ ਆ ਜਾਂਦੀ ਹੈ। ਤੁਸੀਂ ਪਹਿਲੇ ਵਾਲਾ ਛੱਡ ਦੂਸਰੇ ਵਾਲੇ ਮੁੱਦੇ ਵਿਚ ਉਲਝ ਜਾਂਦੇ ਹੋ, ਤਦ ਤੀਸਰਾ ਮਸਲਾ ਆ ਜਾਂਦਾ ਹੈ। ਇਸ ਲਈ ਨਾ ਤੁਸੀਂ ਘਟਨਾ ਸਮਝ ਸਕਦੇ ਹੋ ਤੇ ਨਾ ਹੀ ਘਟਨਾ ਪਿੱਛੇ ਲੁੱਕਿਆ ਸੱਚ ਸਮਝ ਪਾਉਂਦੇ ਹੋ। ਉਹੀ ਸਮਝਦੇ ਹੋ ਜੋ ਗੋਦੀ ਮੀਡੀਆ ਤੇ ਵਟਸਐਪ ਯੂਨੀਵਰਸਿਟੀ ਤੁਹਾਨੂੰ ਦੱਸਦੀ ਹੈ। ਕੁਝ ਸਮਾਂ ਪਹਿਲਾਂ ਐਤਵਾਰ ਦੌਰਾਨ ਜਾਮੀਆ ਦੀ ਲਾਇਬਰੇਰੀ ਵਿਚ ਪੁਲੀਸ ਦਾ ਹਮਲਾ ਹੋਇਆ ਤੇ ਬੀਤੇ ਐਤਵਾਰ ਨੂੰ ਹੀ ਜੇਐਨਯੂ ਦੇ ਹੋਸਟਲ ਵਿਚ ਹਮਲਾ ਹੋਇਆ। ਤੁਰੰਤ ਹੀ ਇਸ ਖ਼ਬਰ ਨੂੰ ਬੇਲੈਂਸ ਕੀਤਾ ਜਾਣ ਲੱਗਾ ਕਿ ਇਹ ਲੈਫਟ ਬਨਾਮ ਰਾਈਟ ਦਾ ਝਗੜਾ ਹੈ। ਨਕਾਬਪੋਸ਼ ਗਾਇਬ ਹੋ ਗਏ, ਉਹ ਅਜੇ ਤੱਕ ਗ੍ਰਿਫ਼ਤਾਰ ਨਹੀਂ ਹੋ ਸਕੇ। ਅਜਿਹੀ ਹੀ ਥਿਊਰੀ ਜਾਮੀਆ ਦੇ ਵਕਤ ਲਾਗੂ ਕੀਤੀ ਗਈ। ਤੁਸੀਂ ਜਾਮੀਆ ਵਿਚ ਚੱਲੀ ਗੋਲੀ ਨਾਲ ਜੁੜੀਆਂ ਖ਼ਬਰਾਂ ਦੇ ਹਵਾਲੇ ਨਾਲ ਇਸ ਥਿਉਰੀ ਦੀ ਗੇਮ ਨੂੰ ਸਮਝੋ। ਅਸੀਂ ਤੁਹਾਨੂੰ ਸਮਝਾਉਂਦੇ ਹਾਂ। 15 ਦਸੰਬਰ ਨੂੰ ਜਾਮੀਆ ਮਿਲੀਆ ਕੈਂਪਸ ਵਿਚ ਪੁਲੀਸ ਵੜਦੀ ਹੈ ਤੇ ਵਿਦਿਆਰਥੀਆਂ ਦੀ ਕੁੱਟਮਾਰ ਕਰਦੀ ਹੈ। 16 ਦਸੰਬਰ ਨੂੰ ਦਿੱਲੀ ਪੁਲੀਸ ਕਹਿੰਦੀ ਹੈ ਕਿ ਉਸ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ। ਉਸੇ ਦਿਨ ਨਿਰਪੱਖ ਮੀਡੀਏ ਵਲੋਂ ਰਿਪੋਰਟ ਆਉਂਦੀ ਹੈ ਕਿ ਤਿੰਨ ਲੋਕਾਂ ਨੂੰ ਗੋਲੀ ਲੱਗੀ ਹੈ। ਦੋ ਸਫਦਰਜੰਗ ਵਿਚ ਭਰਤੀ ਹਨ ਤੇ ਇਕ ਹੋਲੀ ਫੈਮਿਲੀ ਵਿਚ। ਅਗਲੇ ਦਿਨ 17 ਸਤੰਬਰ ਦੀ ਖਬਰ ਵਿਚ ਹੋਲੀ ਫੈਮਿਲੀ ਦੇ ਡਾਇਰੈਕਟਰ ਕਹਿੰਦੇ ਹਨ ਕਿ ਤਮੀਮ ਨੂੰ ਗੋਲੀ ਨਹੀਂ ਲੱਗੀ। ਇੰਡੀਅਨ ਐਕਸਪ੍ਰੈੱਸ ਵਿਚ ਖਬਰ ਛਪਦੀ ਹੈ ਕਿ ਦਿੱਲੀ ਪੁਲੀਸ ਹੁਣ ਮੰਨਦੀ ਹੈ ਕਿ ਗੋਲੀ ਚੱਲੀ ਹੈ, ਜਾਂਚ ਹੋਵੇਗੀ ਕਿ ਇਹ ਪੁਲੀਸ ਨੇ ਗੋਲੀ ਚਲਾਈ ਜਾਂ ਕਿਸੇ ਅਣਪਛਾਤੇ ਨੇ। 18 ਦਸੰਬਰ ਨੂੰ ਵੀਡੀਓ ਆਉਂਦਾ ਹੈ ਕਿ ਦੋ ਪੁਲੀਸ ਵਾਲੇ ਗੋਲੀ ਚਲਾ ਰਹੇ ਹਨ ਤੇ ਨਾਲ ਇਕ ਪੁਲੀਸ ਅਫ਼ਸਰ ਉਹਨਾਂ ਨੂੰ ਗੋਲੀ ਚਲਾਉਣ ਦਾ ਆਰਡਰ ਦੇ ਰਿਹਾ ਹੈ। ਇੰਡੀਅਨ ਐਕਸਪ੍ਰੈੱਸ ਦੀ ਖਬਰ ਛਪਦੀ ਹੈ ਕਿ ਪੁਲੀਸ ਨੇ ਕਿਹਾ ਹੈ ਕਿ ਉਸ ਨੇ ਗੋਲੀ ਨਹੀਂ ਚਲਾਈ, ਪਰ ਇਲਾਕੇ ਵਿਚ ਖਾਲੀ ਗੋਲੀਆਂ ਮਿਲੀਆਂ ਹਨ। 5 ਜਨਵਰੀ ਨੂੰ ਇੰਡੀਅਨ ਐਕਸਪ੍ਰੈੱਸ ਤੇ ਹੋਰ ਅਖਬਾਰਾਂ ਵਿਚ ਇਹ ਖਬਰ ਛਪਦੀ ਹੈ ਕਿ ਕੇਸ ਡਾਇਰੀ ਦੇ ਹਵਾਲੇ ਨਾਲ ਤਿੰਨ ਗੋਲੀਆਂ ਚੱਲੀਆਂ। ਦੋ ਪੁਲੀਸ ਵਾਲਿਆਂ ਨੇ ਚਲਾਈਆਂ ਤੇ ਉਹਨਾਂ ਨਾਲ ਹੀ ਐਸਪੀ ਰੈਂਕ ਦੇ ਅਫ਼ਸਰ ਸਨ। ਜਾਮੀਆ ਨੂੰ ਲੈ ਕੇ ਦਿੱਲੀ ਪੁਲੀਸ ਦਾ ਪਹਿਲੇ ਦਿਨ ਦਾਅਵਾ ਸੀ ਕਿ ਗੋਲੀ ਚੱਲੀ ਨਹੀਂ ਤੇ ਕਈ ਦਿਨ ਬੀਤਣ ਦੇ ਬਾਅਦ ਖਬਰ ਛਪਦੀ ਹੈ ਕਿ ਪੁਲੀਸ ਨੇ ਗੋਲੀ ਚਲਾਈ। ਯੂਨੀਵਰਸਿਟੀ ਵਿਦਿਆਰਥੀਆਂ 'ਤੇ ਗੋਲੀ ਚੱਲਦੀ ਹੈ ਤੇ ਇਹ ਗੱਲ ਚਰਚਾ ਦਾ ਵਿਸ਼ਾ ਨਹੀਂ ਬਣਦੀ, ਕਿਉਂਕਿ ਇਸ ਦੀ ਥਾਂ 'ਤੇ ਦੂਸਰੀਆਂ ਊਲ ਜਲੂਲ ਘਟਨਾਵਾਂ ਜਗ੍ਹਾ ਲੈ ਲੈਂਦੀਆਂ ਹਨ। ਇਸ ਵਾਰ ਜਦੋਂ ਜੇਐਨਯੂ ਦੇ ਵਿਦਿਆਰਥੀਆਂ ਉੱਪਰ ਹਮਲਾ ਹੋਇਆ ਤਾਂ ਗੋਦੀ ਮੀਡੀਆ ਇਹ ਖਬਰ ਚਲਾ ਰਿਹਾ ਕਿ ਜੇਐਨਯੂ ਵਿਚ ਲੈਫਟ ਦੇ ਗੁੰਡਿਆਂ ਨੇ ਹਮਲਾ ਕੀਤਾ ਹੈ। ਗੋਦੀ ਮੀਡੀਆ ਦੀ ਇਸ ਖਬਰ 'ਤੇ ਸੁਆਲ ਹੋਣਾ ਚਾਹੀਦਾ ਹੈ ਕਿ ਲੈਫਟ ਦੇ ਗੁੰਡੇ ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਆਈਸੀ ਘੋਸ਼ ਨੂੰ ਮਾਰਨ ਦੇ ਲਈ ਨਕਾਬ ਪਾ ਕੇ ਆਉਣਗੇ? 

ਇਕ ਵੀਡੀਓ ਵਿਚ ਇਹ ਦਿਖਾਈ ਦੇ ਰਿਹਾ ਹੈ ਕਿ ਨਕਾਬਪੋਸ਼ ਗੁੰਡੇ ਅਰਾਮ ਨਾਲ ਰਾਡਾਂ ਲੈ ਕੇ ਜੇਐਨਯੂ ਤੋਂ ਟਹਿਲਦੇ ਹੋਏ ਬਾਹਰ ਆ ਰਹੇ ਹਨ ਤੇ ਨਾ ਹੀ ਉਹਨਾਂ ਨੂੰ ਜੇਐਨਯੂ ਗੇਟ ਦੀ ਸੁਰੱਖਿਆ ਰੋਕਦੀ ਹੈ ਤੇ ਨਾ ਹੀ ਦਿੱਲੀ ਪੁਲੀਸ। ਦੋਨਾਂ ਦੇ ਹੁੰਦੇ ਲੈਫਟ ਦੇ ਗੁੰਡੇ ਅਰਾਮ ਨਾਲ ਜਾ ਰਹੇ ਹਨ, ਜਿਨ੍ਹਾਂ ਨੂੰ ਸਰਕਾਰ ਸਮਰਥਕ ਨੇਤਾ ਲੈਫਟ ਅੱਤਵਾਦੀ ਆਖਦੀ ਹੈ। ਕੀ ਤੁਹਾਨੂੰ ਲਗਦਾ ਹੈ ਕਿ ਆਇਸ਼ੀ ਨੂੰ ਉਹਨਾਂ ਦੇ ਵਿਦਿਆਰਥੀ ਸੰਗਠਨ ਦੇ ਮੈਂਬਰਾਂ ਨੇ ਮਾਰਿਆ ਹੋਵੇਗਾ, ਉਸ ਦੇ ਸਿਰ 'ਤੇ 15 ਟਾਂਕੇ ਲੱਗੇ ਹਨ। ਇਹ ਸਹੀ ਹੈ ਕਿ ਜੇਐਨਯੂ ਕੈਂਪ ਵਿਚ ਹਮਲੇ ਤੋਂ ਦੋ ਤਿੰਨ ਦਿਨ ਪਹਿਲਾਂ ਤਣਾਅ ਦਾ ਮਾਹੌਲ ਸੀ। ਹੁਣ ਇਕ ਵੀਡੀਓ ਦਿਖਾਇਆ ਜਾ ਰਿਹਾ ਹੈ, ਜੋ ਦਿਨ ਦੇ ਵਕਤ ਦਾ ਹੈ। ਘਟਨਾ ਤੋਂ ਬਹੁਤ ਪਹਿਲਾਂ ਦਾ ਹੈ। ਇਸ ਵੀਡੀਓ ਫੁਟੇਜ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਕਾਬਪੋਸ਼ ਹਨ, ਲੈਫਟ ਦੇ ਗੁੰਡੇ ਹਨ। ਹੁਣ ਖੁਦ ਦੇਖੋ ਇਸ ਵੀਡੀਉ ਨੂੰ। ਇਸ ਵੀਡੀਓ ਵਿਚ ਜੋ ਵਿਦਿਆਰਥੀ ਦੌੜਦੇ ਨਜ਼ਰ ਆ ਰਹੇ ਹਨ, ਸਾਰੇ ਲੋਕਾਂ ਨੇ ਆਪਣਾ ਚਿਹਰਾ ਨਹੀਂ ਢੱਕਿਆ ਹੈ, ਕਈਆਂ ਦਾ ਚਿਹਰਾ ਦੇਖਿਆ ਜਾ ਸਕਦਾ ਹੈ। ਇਕ ਦੋ ਦੇ ਸਿਰ 'ਤੇ ਹੁਡੀ ਹੈ। ਚਾਰ ਪੰਜ ਨੇ ਮਫਰਲ ਨਾਲ ਚਿਹਰਾ ਢੱਕਿਆ ਹੈ। ਇਕ ਨੇ ਪੂਰੀ ਤਰ੍ਹਾਂ ਲਪੇਟਿਆ ਹੈ। ਕਿਸੇ ਨੇ ਨਕਾਬ ਨਹੀਂ ਪਾਇਆ ਹੈ। ਉਨ੍ਹਾਂ ਦੇ ਹੱਥਾਂ ਵਿਚ ਹਥਿਆਰ ਨਹੀਂ ਹਨ। ਆਇਸ਼ੀ ਦੇ ਹੱਥ ਵਿਚ ਹਥਿਆਰ ਨਹੀਂ ਹੈ। ਦੋਸ਼ ਹੈ ਕਿ ਇਨ੍ਹਾਂ ਦੇ ਨਾਲ ਆਇਸ਼ੀ ਘੋਸ਼ ਹੈ। ਇਸ ਤੋਂ ਸਾਬਤ ਨਹੀਂ ਹੁੰਦਾ ਕਿ ਸ਼ਾਮ ਦੇ ਹਮਲਾਵਰ ਇਹੀ ਹਨ? ਜਾਂ ਇਸ ਵਕਤ ਦੀ ਘਟਨਾ ਦਾ ਸ਼ਾਮ ਦੀ ਘਟਨਾ ਨਾਲ ਕੋਈ ਸੰਬੰਧ ਹੈ। ਜੇਕਰ ਇਹ ਹਮਲਾਵਰ ਸਨ ਤੇ ਲੈਫਟ ਦੇ ਸਨ ਤਾਂ ਜੇਐਨਯੂ ਪ੍ਰਸਾਸ਼ਣ ਤੇ ਪੁਲੀਸ ਨੇ ਕੰਟਰੋਲ ਕਿਉਂ ਨਹੀਂ ਕੀਤਾ? ਕੀ ਏਬੀਵੀਪੀ ਨੇ ਇਸ ਦੀ ਸ਼ਿਕਾਇਤ ਜੇਐਨਯੂ ਪ੍ਰਸ਼ਾਸ਼ਣ ਨੂੰ ਕੀਤੀ ਸੀ? ਕੀ ਹੁਣ ਕਿਹਾ ਜਾਏਗਾ ਕਿ ਆਇਸ਼ੀ ਘੋਸ਼ ਆਪਣੇ ਨਾਲ ਗੁੰਡੇ ਲੈ ਕੇ ਜਾ ਰਹੀ ਹੈ ਤਾਂ ਕਿ ਉਹ ਬਾਅਦ ਵਿਚ ਉਸ ਦਾ ਸਿਰ ਪਾੜ ਦੇਣ। ਇਕ ਟੀਚਰ ਦਾ ਸਿਰ ਭੰਨ ਦੇਣ। ਇਹ ਸਮੁੱਚੀ ਜਾਂਚ ਦਾ ਵਿਸ਼ਾ ਹੈ। 
ਸੁਆਲ ਇਹ ਹੈ ਕਿ ਨਕਾਬਪੋਸ਼ ਗੁੰਡੇ ਹਥਿਆਰਾਂ ਨਾਲ ਕਿਥੋਂ ਆਏ? ਇਸ ਸੁਆਲ ਨੂੰ ਹਟਾਉਣ ਦੇ ਲਈ ਕਿੰਨੀ ਮਿਹਨਤ ਕੀਤੀ ਜਾ ਰਹੀ ਹੈ। ਮੈਂ ਇਸ ਹਮਲੇ ਵਿਚ ਘਾਇਲ ਮਹਾਂ ਵਿਦਵਾਨ ਭੂਗੋਲ ਦੀ  ਪ੍ਰੋਫੈਸਰ ਸੁਚਾਰਿਤਾ ਸੈਨ ਜੋ ਜੇਐਨਯੂ ਵਿਚ 1997 ਤੋਂ ਪੜ੍ਹਾ ਰਹੀ ਹੈ, ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਕੈਂਪਸ ਵਿਚ ਝਗੜਾ ਵਧ ਰਿਹਾ ਸੀ ਤਾਂ ਸ਼ਾਂਤੀ ਦੇ ਲਈ ਸਿਖਿਅਕ ਸੰਘ ਨੇ ਇਕ ਕਾਲ ਦਿੱਤੀ ਕਿ ਸਾਬਰਮਤੀ ਟੀ-ਪੁਆਇੰਟ 'ਤੇ ਜਮ੍ਹਾ ਹੋ ਕੇ ਸ਼ਾਂਤੀ ਦੇ ਲਈ ਅਪੀਲ ਕੀਤੀ ਜਾਵੇ ਤੇ ਹਿੰਸਾ ਦੀ ਨਿੰਦਾ ਕੀਤੀ ਜਾਵੇ। ਸਾਬਰਮਤੀ ਹੋਸਟਲ ਦਾ ਨਾਮ ਹੈ। ਉੱਥੇ ਤਕਰੀਬਨ 40 ਦੇ ਕਰੀਬ ਅਧਿਆਪਕ ਸਨ ਤੇ 200-300 ਵਿਦਿਆਰਥੀ ਸਨ। ਪ੍ਰੋ. ਸੈਨ ਨੇ ਦੇਖਿਆ ਭੀੜ ਸਾਹਮਣਿਓ ਆ ਰਹੀ ਹੈ। ਪ੍ਰੋ. ਸੈਨ ਤੇ ਔਰਤ ਪ੍ਰੋਫੈਸਰਾਂ ਨੇ ਤੈਅ ਕੀਤਾ ਕਿ ਅੱਗੇ ਜਾ ਕੇ ਘੇਰਾ ਬਣਾਉਂਦੇ ਹਾਂ ਤਾਂ ਕਿ ਕੋਈ ਹਮਲਾ ਨਾ ਕਰੇ। ਪਰ ਉਸ ਹਿੰਸਕ ਨਕਾਬਪੋਸ਼ ਭੀੜ ਨੇ ਉਨ੍ਹਾਂ 'ਤੇ ਹੱਲਾ ਬੋਲ ਦਿੱਤਾ। ਜੇਐਨਯੂ ਦੀ ਸੁਰੱਖਿਆ ਅਧਿਕਾਰੀਆਂ ਨੇ ਨਾ ਵਿਦਿਆਰਥੀਆਂ ਨੂੰ ਬਚਾਇਆ ਤੇ ਨਾ ਹੀ ਆਪਣੇ ਪ੍ਰੋਫੈਸਰਾਂ ਨੂੰ। ਵਾਈਸ ਚਾਂਸਲਰ ਨੇ ਇਸ ਘਟਨਾ ਦੀ ਗਿਣੇ ਮਿੱਥੇ ਸ਼ਬਦਾਂ ਵਿਚ ਨਿਖੇਧੀ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ। ਇਸ ਸੁਆਲ ਬਹੁਤ ਜ਼ਰੂਰੀ ਹੈ ਕਿ ਜੇਕਰ ਜੇਐਨਯੂ ਵਿਚ ਪੁਲੀਸ ਕੁਝ ਨਹੀਂ ਕਰ ਸਕੀ ਤਾਂ ਜੇਐਨਯੂ ਦੀ ਆਪਣੀ ਸੁਰੱਖਿਆ ਫੋਰਸ ਕਿੱਥੇ ਹੈ? ਘਟਨਾ ਦੇ ਦੌਰਾਨ ਕਿਸੇ ਗੁੰਡੇ ਨੂੰ ਕਿਉਂ ਨਹੀਂ ਫੜਿਆ ਗਿਆ। ਇਹ ਗੁੰਡੇ ਅਰਾਮ ਨਾਲ ਯੂਨੀਵਰਸਿਟੀ ਵਿਚੋਂ ਕਿੱਦਾ ਨਿਕਲ ਗਏ। ਕੀ ਤੁਹਾਨੂੰ ਪਤਾ ਹੈ ਕਿ ਜੇਐਨਯੂ ਦੀ ਲਾਇਬਰੇਰੀ ਦਾ ਬਜਟ 4 ਕਰੋੜ ਹੈ ਤੇ ਸੁਰੱਖਿਆ ਦਾ ਬਜਟ 2017-18 ਦੇ ਅਨੁਸਾਰ 17-18 ਕਰੋੜ ਹੈ।

ਜੇਐਨਯੂ ਵਿਚ ਦਿੱਲੀ ਪੁਲੀਸ ਅੰਦਰ ਹੁੰਦੇ ਹੋਏ ਵੀ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦਾ ਇਤਜ਼ਾਰ ਕਰਦੀ ਰਹੀ। ਨਕਾਬਪੋਸ਼ ਆਏ ਤੇ ਫਰਾਰ ਹੋ ਗਏ। ਕੀ ਤੁਸੀਂ ਇਸ ਲੁਕਵੇ ਏਜੰਡੇ ਨੂੰ ਸਮਝ ਸਕਦੇ ਹੋ? ਜਿਸ ਲੜਕੀ ਨੇ ਚਿਹਰੇ 'ਤੇ ਨਕਾਬ ਪਾਇਆ ਹੋਇਆ ਹੈ, ਉਸ ਦੇ ਹੱਥ ਵਿਚ ਤਖਤੀ ਦਾ ਟੁਕੜਾ ਹੈ, ਕਲੋਜ਼ਅੱਪ ਕਰੋ ਚਿਹਰਾ ਸਾਫ ਨਜ਼ਰ ਆ ਜਾਂਦਾ ਹੈ, ਪਰ ਪੁਲੀਸ ਅਜੇ ਤੱਕ ਪਤਾ ਨਹੀਂ ਲਗਾ ਸਕੀ ਕਿ ਇਹ ਕੌਣ ਹੈ? ਸ਼ੋਸ਼ਲ ਮੀਡੀਆ ਵਿਚ ਇਸ ਸੰਬੰਧ ਵਿਚ ਏਬੀਵੀਪੀ ਨਾਲ ਸੰਬੰਧ ਦੱਸਣ ਵਾਲੇ ਕੀ ਮੈਸੇਜ ਚਲ ਰਹੇ ਹਨ। ਕੀ ਪੁਲੀਸ ਨੂੰ ਇਸ ਬਾਰੇ ਵੀ ਪਤਾ ਨਹੀਂ ਹੈ? ਜਿਹੜੇ ਰਾਡਾਂ ਲੈ ਕੇ ਏਬੀਵੀਪੀ ਦੇ ਲੋਕ ਸਾਫ-ਸਾਫ ਦਿਖ ਰਹੇ ਹਨ, ਜਿਨ੍ਹਾਂ 'ਤੇ ਦੋਸ਼ ਲਗ ਰਹੇ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਇਕ ਦਾ ਨਾਮ ਵਿਕਾਸ ਪਟੇਲ ਦੱਸਿਆ ਜਾ ਰਿਹਾ ਹੈ, ਉਹ ਏਬੀਵੀਪੀ ਦਾ ਅਹਿਮ ਮੈਂਬਰ ਹੈ। ਪਿਛਲੇ ਸਾਲ ਇਹ ਜੇਐਨਯੂ ਦਾ ਸੀਨੀਅਰ ਮੀਤ ਪ੍ਰਧਾਨ ਸੀ। ਹੁਣ ਇਹ ਜੇਐਨਯੂ ਦਾ ਸਾਬਕਾ ਵਿਦਿਆਰਥੀ ਹੈ। ਰਾਡ ਦੇ ਨਾਲ ਖਲੌਤਾ ਹੈ। ਇਸ ਦੀ ਤਸਵੀਰ ਨੂੰ ਜੂਮ ਕਰੋ, ਉਸ ਨੇ ਨੀਲੇ ਤੇ ਪੀਲੇ ਰੰਗ ਦੀ ਸਵੈਟ ਸ਼ਰਟ ਪਹਿਨੀ ਹੋਈ ਹੈ। ਇਹ ਕਈ ਤਸਵੀਰਾਂ ਵਿਚ ਦਿੱਖਦਾ ਹੈ। ਏਬੀਵੀਪੀ ਦੂਸਰੇ ਪਾਸੇ ਦੱਸ ਰਹੀ ਹੈ ਕਿ ਉਹ ਇਸ ਹਮਲੇ ਵਿਚ ਸ਼ਾਮਲ ਨਹੀਂ ਹੈ। ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਬੀਤੇ ਐਤਵਾਰ ਬਹੁਤ ਸਾਰੇ ਵਟਸਐਪ ਗਰੁੱਪ ਦੇ ਸਕਰੀਨ ਸ਼ਾਟ ਘੁੰਮਣ ਲੱਗੇ। ਇਨ੍ਹਾਂ ਵਿਚ ਇਕ ਗਰੁੱਪ ਹੈ 'ਫਰੈਂਡਜ਼ ਆਫ਼ ਆਰਐਸਐਸ' ਦੂਸਰਾ ਗਰੁੱਪ ਹੈ 'ਯੂਨਿਟੀ ਅਗੇਂਸਟ ਲੈਫਟ'। ਇਹਨਾਂ ਮੈਸੇਜਾਂ ਦੀ ਜਦ ਪੜਤਾਲ ਕੀਤੀ ਗਈ ਤਾਂ ਇਨ੍ਹਾਂ ਦੀ ਗੱਲਬਾਤ ਦਸ ਰਹੀ ਸੀ ਕਿ ਜੇਐਨਯੂ 'ਤੇ ਬਾਹਰੀ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ। ਸਮਾਂ ਸਾਢੇ ਪੰਜ ਵਜੇ ਦਾ ਹੈ, ਜਦ ਯੋਗੇਂਦਰ ਸ਼ੋਰੀਆ ਇਕ ਲਿੰਕ ਪਾਉਂਦਾ ਹੈ ਕਿ ਇਸ ਗਰੁੱਪ ਵਿਚ ਸ਼ਾਮਲ ਹੋ ਕੇ ਲੈਫਟ ਟੇਰਰ ਦੇ ਖਿਲਾਫ਼ ਇਕਜੁਟ ਹੋਵੋ। ਫਿਰ ਤਿੰਨ ਮਿੰਟ ਬਾਅਦ 5.35 ਮਿੰਟ 'ਤੇ ਮੈਸੇਜ ਭੇਜਦਾ ਹੈ ਕਿ ਹੁਣ ਪਕੜ ਕੇ ਇਨ੍ਹਾਂ ਲੋਕਾਂ ਨੂੰ ਗੋਲੀ ਮਾਰਨੀ ਚਾਹੀਦੀ ਹੈ। 5.39 ਮਿੰਟ 'ਤੇ ਵਿਕਾਸ ਪਟੇਲ ਦਾ ਮੈਸੇਜ ਆਉਂਦਾ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਲੋਕਾਂ ਐਂਟਰੀ ਤੁਸੀਂ ਖਜ਼ਾਨ ਸਿੰਘ ਸਵੀਮਿੰਗ ਸਾਈਡ ਤੋਂ ਕਰਵਾਓ। ਅਸੀਂ ਲੋਕ 25-30 ਹਾਂ। ਯੋਗੇਂਦਰ ਸ਼ੋਰੀਆ ਭਾਰਦਵਾਜ ਵੀ ਏਬੀਵੀਪੀ ਨਾਲ ਜੁੜਿਆ ਹੋਇਆ ਹੈ, ਜਿਸ ਨੇ ਟਵਿੱਟਰ ਤੇ ਫੇਸਬੁਕ ਪ੍ਰੋਫਾਈਲ ਹੁਣ ਡਲੀਟ ਕਰ ਦਿੱਤੀ ਹੈ। ਖਜ਼ਾਨ ਸਿੰਘ ਸਵੀਮਿੰਗ ਸਾਈਡ ਤੋਂ ਐਂਟਰੀ ਦੀ ਗੱਲ 'ਤੇ ਸੰਦੀਪ ਸਿੰਘ ਕਹਿੰਦੇ ਹਨ ਕਿ ਮਾਲ ਗੇਟ ਵੀ ਹੈ, ਜਿਸ ਦਾ ਜੁਆਬ ਆਉਂਦਾ ਹੈ, ਯੋਗੇਂਦਰ ਸ਼ੋਰੀਆ ਦਾ ਆਈਸੀ ਐਸਐਸਆਰ ਤੋਂ ਵੀ ਐਂਟਰੀ ਹੈ। ਸੰਦੀਪ ਪੀਐਚਡੀ ਦਾ ਵਿਦਿਆਰਥੀ ਹੈ। ਸੰਦੀਪ ਨੇ ਪ੍ਰੋਫਾਈਲ ਡਿਲੀਟ ਨਹੀਂ ਕੀਤੀ। ਦਿੱਲੀ ਪੁਲੀਸ ਦੇ ਪ੍ਰਤੀਨਿਧ ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਐਤਵਾਰ ਸ਼ਾਮ ਜੇਐਨਯੂ ਵਿਚ ਕੁੱਲ 34 ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਸੱਟਾਂ ਲੱਗੀਆਂ ਤੇ ਸਾਰਿਆਂ ਨੂੰ ਸੋਮਵਾਰ ਡਿਸਚਾਰਜ ਕਰ ਦਿੱਤਾ। ਹੁਣ ਏਬੀਵੀਪੀ ਦਾਅਵਾ ਕਰਦੀ ਹੈ ਕਿ ਉਸ ਦੇ 25 ਤੋਂ ਜ਼ਿਆਦਾ ਵਿਦਿਆਰਥੀ ਘਾਇਲ ਹੋਏ ਹਨ ਤਾਂ ਕੀ ਸਾਰੇ ਵਿਦਿਆਰਥੀ ਏਬੀਵੀਪੀ ਦੇ ਹਨ? ਏਬੀਵੀਪੀ ਨੇ ਦਿੱਲੀ ਪੁਲੀਸ ਤੇ ਜੇਐਨਯੂ ਦੇ ਪ੍ਰਸਾਸ਼ਨ 'ਤੇ ਇਸ ਤਰ੍ਹਾਂ ਦੇ ਦੋਸ਼ ਕਿਉਂ ਨਹੀਂ ਲਗਾਏ ਕਿ ਦੋਨੋ ਫੇਲ ਰਹੇ। ਆਸ ਹੈ ਕਿ ਏਬੀਵੀਪੀ ਆਪਣੇ 25 ਘਾਇਲ ਵਿਦਿਆਰਥੀਆਂ ਨੂੰ ਮੀਡੀਆ ਸਾਹਮਣੇ ਪੇਸ਼ ਕਰੇਗੀ। ਇੱਥੇ ਜ਼ਿਕਰਯੋਗ ਹੈ ਕਿ ਏਬੀਵੀਪੀ ਨੇ ਆਪਣੀ ਪ੍ਰੈੱਸ ਰਿਲੀਜ਼ ਵਿਚ ਕਿਹਾ ਸੀ ਕਿ ਹਮਲਾਵਰ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਨਾਲ ਜੁੜੇ ਹੋਏ ਸਨ, ਜਿਸ ਕਾਰਨ ਏਬੀਵੀਪੀ ਦੇ ਵਰਕਰ ਜ਼ਖ਼ਮੀ ਹੋ ਗਏ। ਥੀਮ ਐਂਡ ਥਿਉਰੀ ਦੇ ਨਾਮ 'ਤੇ ਜੇਐਨਯੂ ਦੇ ਮਾਮਲੇ ਨੂੰ ਉਲਝਾਇਆ ਜਾ ਰਿਹਾ ਹੈ। ਯੋਗੇਂਦਰ ਯਾਦਵ ਦੇ ਨਾਲ ਵੀ ਬਹੁਤ ਬੁਰਾ ਹੋਇਆ। ਯੋਗੇਂਦਰ ਏਸੀ ਕਮਰੇ ਵਾਲੇ ਬੁੱਧੀਜੀਵੀ ਨਹੀਂ ਹਨ। ਜਾਮੀਆ ਦੇ ਵਕਤ ਵੀ ਯੋਗੇਂਦਰ ਨੇ ਆਪਣੀ ਜ਼ਿੰਮੇਵਾਰੀ ਸਮਝੀ ਤੇ ਉੱਥੇ ਤੁਰੰਤ ਗਏ। ਉਹ ਜੇਐਨਯੂ ਦੀ ਖਬਰ ਸੁਣਦੇ ਹੋਏ ਆਏ। ਕੀ ਤੁਹਾਨੂੰ ਲਗਦਾ ਹੈ ਕਿ ਲੈਫਟ ਦੇ ਵਿਦਿਆਰਥੀ ਯੋਗੇਂਦਰ ਨੂੰ ਮਾਰ ਰਹੇ ਹਨ? 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।