ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਹਰਚਰਨ ਸਿੰਘ ਧਾਮੀ ਨੂੰ ਨਿਯੁਕਤ ਕੀਤਾ ਜਾਏ, ਵਿਜੈ ਸਤਬੀਰ ਮੰਜੂਰ ਨਹੀਂ: ਸਰਨਾ

ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਹਰਚਰਨ ਸਿੰਘ ਧਾਮੀ ਨੂੰ ਨਿਯੁਕਤ ਕੀਤਾ ਜਾਏ, ਵਿਜੈ ਸਤਬੀਰ ਮੰਜੂਰ ਨਹੀਂ: ਸਰਨਾ

ਪਰਿਵਾਰ ਸਮੇਤ ਸ਼ਰਾਬ ਸੇਵਨ ਅਤੇ ਅਣਮਤੀਆਂ ਦੀਆਂ ਫੋਟੋਆਂ ਹੋ ਰਹੀਆਂ ਹਨ ਵਾਇਰਲ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 12 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਜੋ ਪਹਿਲਾ ਮਹਾਂਰਾਸ਼ਟਰ ਸਰਕਾਰ ਵੱਲੋਂ ਗੈਰ ਸਿੱਖ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ । ਪਰ ਸਮੁੱਚੀ ਸਿੱਖ ਕੌਮ ਤੇ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰੀਕੇ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਅਤੇ ਇਹ ਮੰਗ ਕੀਤੀ ਗਈ ਸੀ ਕਿ ਪਹਿਲੀ ਗੱਲ ਤੇ ਲੋਕਤੰਤਰੀ ਤਰੀਕੇ ਨਾਲ ਬੋਰਡ ਦੀ ਚੋਣ ਕਰਵਾਈ ਜਾਏ, ਜਦੋਂ ਤੱਕ ਚੋਣ ਨਹੀਂ ਹੁੰਦੀ ਉਦੋਂ ਤੱਕ ਕਿਸੇ ਸਿੱਖ ਨੂੰ ਹੀ ਪ੍ਰਸ਼ਾਸ਼ਕ ਨਿਯੁਕਤ ਕੀਤਾ ਜਾਵੇ । ਇਸ ਸਾਰੇ ਘਟਨਾ ਕ੍ਰਮ ਵਿੱਚ ਮਹਾਂਰਾਸ਼ਟਰ ਸਰਕਾਰ ਨੇ ਆਪਣਾ ਫੈਸਲਾ ਬਦਲ ਦਿਆਂ ਇੱਕ ਸਾਬਕਾ ਆਈਏਐਸ ਸ. ਵਿਜੈ ਸਤਬੀਰ ਸਿੰਘ ਨੂੰ ਪ੍ਰਸ਼ਾਸ਼ਕ ਨਿਯੁਕਤ ਕੀਤਾ ਗਿਆ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਪਰ ਹੁਣ ਜੋ ਅਸੀਂ ਦੇਖ ਰਹੇ ਹਾਂ ਕਿ ਪ੍ਰਸ਼ਾਸ਼ਕ ਨਿਯੁਕਤ ਕੀਤੇ ਗਏ ਸ. ਵਿਜੈ ਸਤਬੀਰ ਸਿੰਘ ਦੀਆਂ ਸ਼ਰਾਬ ਦੇ ਸੇਵਨ ਕਰਦਿਆਂ ਤੇ ਹੋਰ ਅਨਮੱਤੀਆਂ ਕਰਦਿਆਂ ਦੀਆਂ ਤਸਵੀਰਾਂ ਜਨਤਕ ਹੋ ਰਹੀਆਂ ਹਨ । ਜੋ ਕਿ ਸਿੱਖ ਪੰਥ ਨੂੰ ਪ੍ਰਵਾਨਿਤ ਨਹੀਂ ਹਨ । 

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਤੱਕ ਬੋਰਡ ਦੀ ਨਵੀਂ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਓਹ ਸਿਰਸਾ, ਕਾਲਕਾ ਪਾਰਟੀ ਦੇ ਮਗਰ ਲੱਗ ਨਿਮੋਸ਼ੀ ਖੱਟਣ ਨਾਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਉੱਥੋਂ ਦਾ ਪ੍ਰਸ਼ਾਸ਼ਕ ਨਿਯੁਕਤ ਕਰੇ ਕਿਉਂਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹਨ ਤੇ ਉਹੋ ਜਿਹੇ ਗੁਰਸਿੱਖ ਹੀ ਪ੍ਰਬੰਧ ਨੂੰ ਸੁਚੱਜੇ ਤਰੀਕੇ ਨਾਲ ਚਲਾ ਸਕਦੇ ਹਨ ਅਤੇ ਸਰਕਾਰ ਛੇਤੀ ਤੋਂ ਛੇਤੀ ਬੋਰਡ ਦੀ ਨਵੀਂ ਚੋਣ ਕਰਵਾ ਸਮੁੱਚਾ ਪ੍ਰਬੰਧ ਚੁਣੇ ਹੋਏ ਗੁਰਸਿੱਖਾਂ ਦੇ ਹਵਾਲੇ ਕਰੇ ਤੇ ਆਪ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਦਖਲ ਦੇਣ ਤੋਂ ਗੁਰੇਜ਼ ਕਰੇ ।