ਬੀ.ਐਮ.ਸੀ. ਚੋਣਾਂ : ਸ਼ਿਵ ਸੈਨਾ ਦਾ ਸਾਥ ਛੱਡਣ ਮਗਰੋਂ ਭਾਜਪਾ ਦੀਆਂ ਸੀਟਾਂ 175 % ਤਕ ਵਧੀਆਂ

ਬੀ.ਐਮ.ਸੀ. ਚੋਣਾਂ : ਸ਼ਿਵ ਸੈਨਾ ਦਾ ਸਾਥ ਛੱਡਣ ਮਗਰੋਂ ਭਾਜਪਾ ਦੀਆਂ ਸੀਟਾਂ 175 % ਤਕ ਵਧੀਆਂ

ਕੈਪਸ਼ਨ-ਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਚੋਣਾਂ ਵਿੱਚ ਮਿਲੀ ਜਿੱਤ ਮਗਰੋਂ ਸ਼ਿਵ ਸੈਨਾ ਵੱਲੋਂ ਕੱਢੀ ਰੈਲੀ ਵਿੱਚ ਸ਼ਾਮਲ ਪਾਰਟੀ ਵਰਕਰ ਝੰਡੇ ਫਹਿਰਾਉਂਦੇ ਹੋਏ। 

ਮੁੰਬਈ/ਬਿਊਰੋ ਨਿਊਜ਼ :
ਸ਼ਿਵ ਸੈਨਾ ਦੇ ਕਿਲੇ ਮੁੰਬਈ ਵਿੱਚ ਵੱਡੀ ਸੰਨ੍ਹ ਲਾਉਂਦਿਆਂ ਭਾਜਪਾ ਨੇ ਬੀਐਮਸੀ ਚੋਣਾਂ ਵਿੱਚ 82 ਸੀਟਾਂ ਜਿੱਤ ਲਈਆਂ ਅਤੇ ਉਹ ਸ਼ਿਵ ਸੈਨਾ (84 ਸੀਟਾਂ) ਤੋਂ ਸਿਰਫ਼ ਦੋ ਸੀਟਾਂ ਪਿੱਛੇ ਰਹੀ ਪਰ ਇਨ੍ਹਾਂ ਮਿਉਂਸਿਪਲ ਚੋਣਾਂ ਵਿੱਚ ਦੋਵੇਂ ਪਾਰਟੀਆਂ 114 ਦੇ ਜਾਦੂਈ ਅੰਕੜੇ ਉਤੇ ਨਹੀਂ ਪੁੱਜ ਸਕੀਆਂ।
ਇਸ ਲਟਕਵੇਂ ਫਤਵੇ ਨਾਲ ਸਿਆਸੀ ਗਿਣਤੀਆਂ-ਮਿਣਤੀਆਂ ਨੂੰ ਨਵੀਂ ਦਿਸ਼ਾ ਮਿਲੇਗੀ ਕਿਉਂਕਿ ਕੋਈ ਵੀ ਪਾਰਟੀ ਆਪਣੇ ਤੌਰ ਉਤੇ ਦੇਸ਼ ਦੀ ਸਭ ਤੋਂ ਅਮੀਰ ਇਸ ਨਗਰ ਨਿਗਮ ਉਤੇ ਕਬਜ਼ੇ ਦੇ ਯੋਗ ਨਹੀਂ ਹੋ ਸਕੀ ਅਤੇ ਗਠਜੋੜ ਲਾਜ਼ਮੀ ਜਾਪ ਰਿਹਾ ਹੈ। ਫਿਰ ਵੀ ਹਾਲੇ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਦੋਵੇਂ ਪਾਰਟੀਆਂ, ਜੋ ਮਹਾਰਾਸ਼ਟਰ ਤੇ ਕੇਂਦਰ ਦੀ ਸੱਤਾ ਵਿੱਚ ਭਾਈਵਾਲ ਹਨ, ਦੁਬਾਰਾ ਬੀਐਮਸੀ ਵਿੱਚ ਇਕੱਠੀਆਂ ਹੋਣਗੀਆਂ। ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਨੂੰ 31 ਸੀਟਾਂ ਨਾਲ ਤੀਜਾ ਸਥਾਨ ਮਿਲਿਆ, ਜਦੋਂ  ਕਿ ਐਨਸੀਪੀ ਨੂੰ 9 ਅਤੇ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੂੰ 7 ਸੀਟਾਂ ਮਿਲੀਆਂ। ਏਆਈਐਮਆਈਐਮ ਨੂੰ ਤਿੰਨ, ਸਮਾਜਵਾਦੀ ਪਾਰਟੀ ਨੂੰ ਛੇ, ਅਖਿਲ ਭਾਰਤੀ ਸੈਨਾ ਨੂੰ ਇਕ ਅਤੇ ਚਾਰ ਆਜ਼ਾਦ ਉਮੀਦਵਾਰ ਜੇਤੂ ਰਹੇ।
ਇਸ ਦੌਰਾਨ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਭਾਜਪਾ ਦੀ ਜਿੱਤ ਪਾਰਦਰਸ਼ੀ ਪ੍ਰਸ਼ਾਸਨ ਤੇ ਨੋਟਬੰਦੀ ਦੇ ਪੱਖ ਵਿੱਚ ਪਈ ਵੋਟ ਦਾ ਨਤੀਜਾ ਹੈ। ਦੂਜੇ ਪਾਸੇ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਮੁਖੀ ਸੰਜੈ ਨਿਰਪੂਮ ਨੇ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ।
ਭਾਜਪਾ ਉਮੀਦਵਾਰ ਦੀ ਨਿਕਲੀ ਲਾਟਰੀ
ਬੀਐਮਸੀ ਚੋਣਾਂ ਵਿੱਚ ਗਿਰਗਾਮ ਦੇ ਵਾਰਡ ਨੰਬਰ 220 ਤੋਂ ਲੜ ਰਹੇ ਭਾਜਪਾ ਦੇ ਅਤੁਲ ਸ਼ਾਹ ਦੀ ਜਿੱਤ ਲਾਟਰੀ ਰਾਹੀਂ ਹੋਈ। ਅਤੁਲ ਸ਼ਾਹ ਅਤੇ ਉਨ੍ਹਾਂ ਦੇ ਮੁੱਖ ਵਿਰੋਧੀ ਸ਼ਿਵ ਸੈਨਾ ਦੇ ਸੁਰਿੰਦਰ ਬਾਗਲਕਰ ਨੂੰ ਬਰਾਬਰ ਵੋਟਾਂ ਮਿਲੀਆਂ। ਉਮੀਦਵਾਰਾਂ ਦੀ ਹਾਜ਼ਰੀ ਵਿੱਚ ਤਿੰਨ ਵਾਰ ਦੀ ਗਿਣਤੀ ਤੋਂ ਬਾਅਦ ਜੇਤੂ ਦਾ ਫੈਸਲਾ ਡਰਾਅ ਰਾਹੀਂ ਕੀਤਾ ਗਿਆ।