ਅਗਲੀਆਂ ਲੋਕ ਸਭਾ ਚੋਣਾਂ ਕਦੋਂ ਅਤੇ ਕਿਵੇਂ ਹੋਣਗੀਆਂ?

ਅਗਲੀਆਂ ਲੋਕ ਸਭਾ ਚੋਣਾਂ ਕਦੋਂ ਅਤੇ ਕਿਵੇਂ ਹੋਣਗੀਆਂ?

ਭਾਜਪਾ ਦੇ ਕਰੀਬੀ 'ਥਿੰਕ-ਟੈਂਕਾਂ' ਦੇ ਸੰਕੇਤਾਂ 'ਤੇ ਜੇਕਰ ਵਿਸ਼ਵਾਸ ਕੀਤਾ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਲਾਹਕਾਰਾਂ ਦੀ ਟੀਮ ਇਹ ਯਕੀਨੀ ਬਣਾਉਣ ਲਈ ਕਈ ਬਦਲਾਂ (ਵਿਕਲਪਾਂ) 'ਤੇ ਵਿਚਾਰ ਕਰ ਰਹੀ ਹੈ ਕਿ 26 ਪਾਰਟੀਆਂ ਦੇ 'ਇੰਡੀਆ' ਗੱਠਜੋੜ ਨੂੰ ਪਾਰਟੀਆਂ ਦੇ ਬੈਂਗਲੁਰੂ ਸੰਮੇਲਨ ਦੀ ਸਾਂਝੀ ਮੁਹਿੰਮ ਦੇ ਅਨੁਸਾਰ ਸੀਟਾਂ ਦੀ ਵੰਡ ਦਾ ਲਾਭ ਨਾ ਮਿਲ ਸਕੇ।

ਪਟਨਾ ਤੋਂ ਬਾਅਦ ਵਿਰੋਧੀ ਧਿਰ ਦੇ ਦੂਜੇ ਮਹਾਸੰਮੇਲਨ ਦੀ ਅਹਿਮੀਅਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਜਨਤਕ ਤੌਰ 'ਤੇ ਜੋ ਕੁਝ ਵੀ ਕਿਹਾ, ਉਸ ਤੋਂ ਲੱਗਦਾ ਹੈ ਕਿ ਭਾਜਪਾ ਲੀਡਰਸ਼ਿਪ ਘਬਰਾ ਗਈ ਹੈ। ਭਾਜਪਾ ਦੇ ਚੋਣ ਚਾਰਟ 'ਤੇ ਭਾਰਤ ਦੇ ਫ਼ੈਸਲਿਆਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਹਰੇਕ ਪੱਧਰ 'ਤੇ ਕਵਾਇਦ ਸ਼ੁਰੂ ਹੋ ਗਈ ਹੈ, ਜਿਸ ਨੂੰ ਨਵੇਂ ਘਟਨਾਕ੍ਰਮ ਨੂੰ ਧਿਆਨ 'ਚ ਰੱਖਦੇ ਹੋਏ ਸਮੇਂ-ਸਮੇਂ 'ਤੇ ਅਪਡੇਟ ਕੀਤਾ ਜਾ ਰਿਹਾ ਹੈ।

ਰਾਜ ਵਿਧਾਨ ਸਭਾ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਰਾਜਨੀਤਕ ਰੌਂਅ ਬਾਰੇ ਚੋਣ ਮਾਹਿਰਾਂ ਵਲੋਂ ਹਾਲ ਹੀ 'ਚ ਦੱਸੇ ਗਏ ਰੁਝਾਨਾਂ ਨਾਲ ਭਗਵਾਧਾਰੀ ਚਿੰਤਤ ਹਨ। ਇਨ੍ਹਾਂ ਤਿੰਨਾਂ ਰਾਜਾਂ 'ਚ ਲੋਕ ਸਭਾ ਦੀਆਂ ਕੁੱਲ ਸੀਟਾਂ 65 ਹਨ। ਇਨ੍ਹਾਂ 65 ਸੀਟਾਂ 'ਚੋਂ 2019 ਦੀਆਂ ਆਮ ਚੋਣਾਂ 'ਚ ਭਾਜਪਾ ਨੂੰ ਹੈਰਾਨੀਜਨਕ ਢੰਗ ਨਾਲ 61 ਸੀਟਾਂ ਮਿਲੀਆਂ ਸਨ, ਜਦੋਂ ਕਿ ਕਾਂਗਰਸ ਨੂੰ ਸਿਰਫ਼ 3 ਸੀਟਾਂ ਹੀ ਮਿਲ ਸਕੀਆਂ ਸਨ।

ਹੁਣ ਭਾਜਪਾ ਅਤੇ ਕਾਂਗਰਸ ਦੋਵਾਂ ਵਲੋਂ ਕੀਤੇ ਗਏ ਜ਼ੋਰਦਾਰ ਪ੍ਰਚਾਰ ਬਾਰੇ ਆ ਰਹੀਆਂ ਰਿਪਰੋਟਾਂ ਤੋਂ ਸੰਕੇਤ ਮਿਲਦਾ ਹੈ ਕਿ ਕਾਂਗਰਸ ਰਾਜਸਥਾਨ ਅਤੇ ਛੱਤੀਸਗੜ੍ਹ 'ਚ ਭਾਜਪਾ ਦੀ ਤੁਲਨਾ 'ਚ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਿਰਫ਼ ਮੱਧ ਪ੍ਰਦੇਸ਼ 'ਚ ਭਾਜਪਾ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਾਂਗਰਸ ਨੇਤਾ ਕਮਲਨਾਥ ਤੋਂ ਅੱਗੇ ਹਨ, ਪਰ ਇਸ ਰਾਜ 'ਚ ਵੀ ਫ਼ਰਕ ਬਹੁਤ ਘੱਟ ਹੁੰਦਾ ਜਾ ਰਿਹਾ ਹੈ। ਕਾਂਗਰਸ ਦੀ ਵੱਡੀ ਉਪਲਬੱਧੀ ਇਹ ਹੈ ਕਿ ਉਨ੍ਹਾਂ ਨੇ ਸਿੰਧੀਆ ਵੰਸ਼ਜ਼ ਜਯੋਤੀਰਾਦਿੱਤਿਆ ਦੇ ਪ੍ਰਭਾਵ ਵਾਲੇ ਵਿਧਾਨ ਸਭਾ ਖੇਤਰਾਂ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਤਿੰਨਾਂ ਰਾਜਾਂ 'ਚ ਕਾਂਗਰਸ ਸੰਗਠਨ ਸਰਗਰਮ ਹਨ ਅਤੇ ਕਮਲਨਾਥ, ਸ਼ਿਵਰਾਜ ਨੂੰ ਅਹੁਦੇ ਤੋਂ ਹਟਾਉਣ ਲਈ ਫ਼ੈਸਲਾਕੁੰਨ ਲੜਾਈ ਲੜ ਰਹੇ ਹਨ। ਇਹ ਟੀਚਾ ਸੰਭਾਵਨਾ ਦੇ ਦਾਇਰੇ 'ਚ ਆਉਂਦਾ ਦਿਖਾਈ ਦੇ ਰਿਹਾ ਹੈ। ਤਿੰਨਾਂ ਰਾਜਾਂ ਦੀਆਂ ਵਿਧਾਨ ਸਭਾਵਾਂ 'ਚ ਭਾਜਪਾ ਦੀ ਸੰਭਾਵਿਤ ਹਾਰ ਨਾਲ ਯਕੀਨੀ ਤੌਰ 'ਤੇ ਕਾਂਗਰਸ ਨੂੰ ਵੱਡੀ ਤਾਕਤ ਮਿਲੇਗੀ। ਵਿਰੋਧੀ ਮੋਰਚਾ ਇੰਡੀਆ 'ਚ ਭਾਈਵਾਲਾਂ ਵਿਚਾਲੇ ਪਰਿਪੱਕਤਾ ਦੇ ਸੰਕੇਤ ਦਿਖ ਰਹੇ ਹਨ।

ਕਾਂਗਰਸ ਸਤੰਬਰ ਤੋਂ ਪਹਿਲਾਂ ਹੀ ਭਾਰਤ ਜੋੜੋ ਯਾਤਰਾ ਦੇ ਦੂਜੇ ਪੜਾਅ ਦੀ ਯੋਜਨਾ ਬਣਾ ਰਹੀ ਹੈ। ਇਹ ਦੂਜੇ ਪੜਾਅ ਦੀ ਨਵੀਂ ਯਾਤਰਾ ਵੱਡੇ ਪੈਮਾਨੇ 'ਤੇ ਮਹਾਰਾਸ਼ਟਰ ਅਤੇ ਗੁਜਰਾਤ ਨੂੰ ਕਵਰ ਕਰੇਗੀ। 2024 ਦੀਆਂ ਲੋਕ ਸਭਾ ਚੋਣਾਂ ਲਈ ਦੋਵੇਂ ਰਾਜ ਭਾਜਪਾ ਲਈ ਮਹੱਤਵਪੂਰਨ ਹਨ। 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਗੁਜਰਾਤ 'ਚ 26 'ਚੋਂ 26 ਅਤੇ ਮਹਾਰਾਸ਼ਟਰ 'ਚ ਕੁੱਲ 48 'ਚੋਂ 23 ਸੀਟਾਂ ਮਿਲੀਆਂ ਸਨ। ਭਾਜਪਾ ਗੁਜਰਾਤ 'ਚ ਜ਼ਿਆਦਾ ਸੀਟਾਂ ਗਵਾਉਣਾ ਬਰਦਾਸ਼ਤ ਨਹੀਂ ਕਰ ਸਕਦੀ। ਪਰ ਅਜਿਹੀ ਸੰਭਾਵਨਾ ਆਉਣ ਵਾਲੀ ਗੁਜਰਾਤ ਯਾਤਰਾ ਤੋਂ ਬਾਅਦ 2024 ਦੀਆਂ ਚੋਣਾਂ 'ਚ ਪੈਦਾ ਹੋ ਸਕਦੀ ਹੈ। ਲਗਭਗ ਤਿੰਨ ਦਹਾਕਿਆਂ ਤੋਂ ਭਾਜਪਾ ਸ਼ਾਸਨ 'ਚ ਰਹੇ ਰਾਜ 'ਚ ਸੱਤਾ ਵਿਰੋਧੀ ਲਹਿਰ ਵਧ ਰਹੀ ਹੈ।

ਬੈਂਗਲੁਰੂ ਸੰਮੇਲਨ ਦੇ ਫ਼ੈਸਲੇ ਤਹਿਤ ਕਾਂਗਰਸ ਅਤੇ 'ਆਪ' ਵਿਚਾਲੇ ਸੰਭਾਵਿਤ ਸੀਟਾਂ ਦੀ ਵੰਡ ਦੀ ਵਿਵਸਥਾ ਇਕ ਮਹੱਤਵਪੂਰਨ ਭੂਮਿਕਾ ਨਿਭਾਏਗੀ, ਜਿਸ ਦੇ ਸਿੱਟੇ ਵਜੋਂ ਭਾਜਪਾ ਦੀਆਂ ਸੀਟਾਂ ਗੰਭੀਰ ਰੂਪ ਨਾਲ ਘੱਟ ਹੋ ਸਕਦੀਆਂ ਹਨ। ਜੇਕਰ ਇਹ ਸਹਿਮਤੀ ਬਣ ਜਾਂਦੀ ਹੈ ਤਾਂ ਕਾਂਗਰਸ ਅਤੇ 'ਆਪ' ਦੋਵਾਂ ਲਈ ਗੁਜਰਾਤ 'ਚ ਜਿੱਤ ਦੀ ਸਥਿਤੀ ਹੋਵੇਗੀ। ਹਾਲਾਂਕਿ, ਭਾਜਪਾ ਵਿਰੋਧੀ ਗੱਠਜੋੜ ਵਲੋਂ ਸੀਟਾਂ ਦੀ ਵੰਡ ਦੇ ਅਮਲ ਦੀ ਇੰਤਜ਼ਾਰ ਨਹੀਂ ਕਰ ਸਕਦੀ, ਜਿਸ ਨਾਲ ਗੁਜਰਾਤ ਤੋਂ ਲੋਕ ਸਭਾ 'ਚ ਭਗਵਾ ਪਾਰਟੀ ਦੇ ਪ੍ਰਭਾਵ ਨੂੰ ਖ਼ਤਰਾ ਹੋਵੇ।

ਇਹੀ ਹਾਲ ਉੱਤਰ ਪ੍ਰਦੇਸ਼ ਦਾ ਵੀ ਹੈ, ਜਿੱਥੇ ਲੋਕ ਸਭਾ ਦੀਆਂ 80 ਸੀਟਾਂ ਹਨ। 2019 ਦੀਆਂ ਚੋਣਾਂ 'ਚ ਭਾਜਪਾ ਨੂੰ 62 ਸੀਟਾਂ ਮਿਲੀਆਂ ਸਨ, ਜਿੱਥੇ ਸਮਾਜਵਾਦੀ ਪਾਰਟੀ ਉਨ੍ਹਾਂ ਦੀ ਮੁੱਖ ਵਿਰੋਧੀ ਪਾਰਟੀ ਹੈ। ਸਪਾ ਨੇ ਬੈਂਗਲੁਰੂ ਸੰਮੇਲਨ 'ਚ ਭਾਗ ਲਿਆ ਅਤੇ ਉਹ ਇੰਡੀਆ ਮੋਰਚੇ ਦਾ ਹਿੱਸਾ ਹੈ। ਕਾਂਗਰਸ ਅਤੇ ਸਪਾ ਦੋਵੇਂ ਪਾਰਟੀਆਂ ਦੀ ਆਪਣੀ-ਆਪਣੀ ਤਾਕਤ ਨੂੰ ਲੈ ਕੇ ਇੱਥੇ ਵੱਡੀ ਸਮੱਸਿਆ ਹੈ। ਕਾਂਗਰਸ ਨੂੰ ਉਮੀਦ ਹੈ ਕਿ ਉਸ ਨੂੰ ਦਲਿਤਾਂ ਅਤੇ ਮੁਸਲਮਾਨਾਂ ਦਾ ਆਪਣਾ ਸਮਰਥਨ ਆਧਾਰ ਇਕ ਵਾਰ ਫਿਰ ਵਾਪਸ ਮਿਲ ਰਿਹਾ ਹੈ। ਸਪਾ ਅਤੇ ਕਾਂਗਰਸ ਦੋਵੇਂ ਹੀ ਬਸਪਾ ਦੇ ਗ੍ਰਹਿ ਖੇਤਰ 'ਚੋਂ ਦਲਿਤਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੰਡੀਆ ਗੱਠਜੋੜ ਦੇ ਦੋਵੇਂ ਭਾਈਵਾਲਾਂ ਵਿਚਾਲੇ ਰਾਜ 'ਚ ਹਿੱਤਾਂ ਦਾ ਟਕਰਾਅ ਵੀ ਹੈ। ਪਰ ਫਿਰ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਪਾ ਅਤੇ ਕਾਂਗਰਸ ਵਿਚ ਸੀਟਾਂ ਦਾ ਬਟਵਾਰਾ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਸਮਾਂ ਲੈਣ ਵਾਲਾ ਅਤੇ ਰੁਕਾਵਟਾਂ ਨਾਲ ਭਰਿਆ ਅਮਲ ਹੋਵੇਗਾ। ਪਰ ਜੇਕਰ ਇਹ ਸਫਲ ਹੋਇਆ ਤਾਂ ਇਸ ਨਾਲ ਭਾਜਪਾ ਦੀ ਉੱਤਰ ਪ੍ਰਦੇਸ਼ 'ਚੋਂ ਸਭ ਤੋਂ ਜ਼ਿਆਦਾ ਸੀਟਾਂ ਪ੍ਰਾਪਤ ਕਰਨ ਦੀ ਇੱਛਾ ਨੂੰ ਵੱਡਾ ਝਟਕਾ ਲੱਗੇਗਾ। ਹੋਰ ਹਿੰਦੀ ਭਾਸ਼ਾਈ ਰਾਜਾਂ 'ਚ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਰੀ ਨੁਕਸਾਨ ਹੋਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ 'ਚ ਭਾਜਪਾ ਹਾਰ ਦਾ ਜੋਖਮ ਨਹੀਂ ਉਠਾ ਸਕਦੀ, ਇਸ ਲਈ ਉਸ ਵਲੋਂ ਇੰਡੀਆ ਗੱਠਜੋੜ ਵਿਚਕਾਰ ਦੀ ਵੰਡ ਦੇ ਫਾਰਮੂਲੇ ਨੂੰ ਸਫਲ ਹੋਣ ਦੇਣਾ ਘਾਤਕ ਹੈ, ਜਿਸ ਨੂੰ ਵਧਣ-ਫੁੱਲਣ 'ਚ ਅਜੇ ਕਈ ਮਹੀਨੇ ਲੱਗਣਗੇ।

ਕੁਝ ਭਾਜਪਾ ਮਾਹਿਰਾਂ ਦਾ ਮੰਨਣਾ ਹੈ ਕਿ ਸਮਾਂ ਜਿੱਤ ਜਾਂ ਹਾਰ ਵਿਚ ਵਿਸ਼ੇਸ਼ ਅਹਿਮੀਅਤ ਰੱਖਣਾ ਹੈ ਅਤੇ ਇੰਡੀਆ ਗੱਠਜੋੜ ਨੂੰ ਇਕਜੁੱਟ ਹੋਣ ਅਤੇ ਆਪਣੇ 'ਸੰਕਲਪ' ਨੂੰ ਲਾਗੂ ਕਰਨ ਦੀ ਸਥਿਤੀ 'ਚ ਨਹੀਂ ਰਹਿਣ ਦੇਣਾ ਚਾਹੀਦਾ। ਭਾਜਪਾ ਦੇ 'ਥਿੰਕ ਟੈਂਕ' ਅਨੁਸਾਰ ਆਉਣ ਵਾਲੇ ਦਿਨਾਂ 'ਚ ਇੰਡੀਆ ਗੱਠਜੋੜ ਨੂੰ ਲਾਭ ਹੀ ਹੋਵੇਗਾ ਅਤੇ ਇਸ ਲਈ ਉਸ ਨੂੰ ਆਪਣਾ ਪ੍ਰੋਗਰਾਮ ਪੂਰਾ ਕਰਨ ਲਈ ਬਹੁਤਾ ਸਮਾਂ ਨਹੀਂ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਮੋਦੀ ਨੂੰ ਸਹੀ ਸਮੇਂ 'ਤੇ ਇੰਡੀਆ ਗੱਠਜੋੜ 'ਤੇ ਹਮਲਾ ਕਰਨਾ ਹੋਵੇਗਾ, ਅਜਿਹੀ ਉਨ੍ਹਾਂ ਦੀ ਸੋਚ ਹੈ।

2004 'ਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅਚਾਨਕ ਨਿਰਧਾਰਤ (ਤੈਅ) ਸਮੇਂ ਸਤੰਬਰ-ਅਕਤੂਬਰ ਤੋਂ ਪਹਿਲਾਂ ਅਪ੍ਰੈਲ-ਮਈ 'ਚ ਲੋਕ ਸਭਾ ਚੋਣਾਂ ਦਾ ਐਲਾਨ ਕੀਤਾ ਸੀ, ਭਾਜਪਾ ਦੇ 'ਇੰਡੀਆ ਸ਼ਾਇਨਿੰਗ' ਦੇ ਜਾਦੂ ਦੇ ਤਹਿਤ। ਹਾਲਾਂਕਿ ਵਾਜਪਾਈ ਹਾਰ ਗਏ, ਜਿਸ ਨਾਲ ਕਾਂਗਰਸ ਸਮੇਤ ਕੁਝ ਵਿਰੋਧੀ ਨੇਤਾਵਾਂ ਨੂੰ ਵੀ ਹੈਰਾਨੀ ਹੋਈ। 1999 'ਚ ਕਾਰਗਿਲ ਯੁੱਧ 'ਚ ਜਿੱਤ ਤੋਂ ਕੁਝ ਹੀ ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਵਾਜਪਾਈ ਨੇ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਸੀ, ਜਿਸ ਦਾ ਫਾਇਦਾ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਅਤੇ ਭਾਜਪਾ ਨੂੰ ਮਿਲਿਆ ਸੀ।

2019 'ਚ ਲੋਕ ਸਭਾ ਚੋਣਾਂ ਤੈਅ ਸਮੇਂ 'ਤੇ ਹੋਈਆਂ। ਉਸ ਸਾਲ ਫਰਵਰੀ ਤੋਂ ਪਹਿਲਾਂ ਕੋਈ ਵੱਡੀ ਲਹਿਰ ਨਹੀਂ ਸੀ। ਪਰ ਫਰਵਰੀ 'ਚ ਜਵਾਨਾਂ 'ਤੇ ਪੁਲਵਾਮਾ 'ਚ ਹਮਲਾ ਅਤੇ ਪ੍ਰਤੀਕਰਮ ਵਜੋਂ ਬਾਲਾਕੋਟ ਹਮਲਾ ਹੋਇਆ। ਕੁਝ ਹਫ਼ਤਿਆਂ ਬਾਅਦ ਹੋਈਆਂ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਨੇ ਆਮ ਨਾਗਰਿਕਾਂ ਦੀਆਂ ਰਾਸ਼ਟਰਵਾਦੀ ਭਾਵਨਾਵਾਂ ਦਾ ਫਾਇਦਾ ਚੁੱਕਿਆ। ਹੁਣ ਜੇਕਰ ਲੋਕ ਸਭਾ ਚੋਣਾਂ ਤੈਅ ਪ੍ਰੋਗਰਾਮ ਅਨੁਸਾਰ ਹੁੰਦੀਆਂ ਹਨ ਤਾਂ ਇਹ 2024 'ਚ ਅਪ੍ਰੈਲ ਅਤੇ ਮਈ 'ਚ ਹੋਣਗੀਆਂ।

2019 'ਚ ਲੋਕ ਸਭਾ ਚੋਣਾਂ 11 ਅਪ੍ਰੈਲ ਤੋਂ 19 ਮਈ ਤੱਕ ਸੱਤ ਪੜਾਵਾਂ 'ਚ ਹੋਈਆਂ ਸਨ। ਨਤੀਜੇ 23 ਮਈ ਨੂੰ ਐਲਾਨੇ ਗਏ ਸਨ। ਭਾਜਪਾ ਨੂੰ 303 ਸੀਟਾਂ ਮਿਲੀਆਂ, ਜੋ ਪਾਰਟੀ ਦੇ ਇਤਿਹਾਸ 'ਚ ਬੇਮਿਸਾਲ ਹਨ। ਨਰਿੰਦਰ ਮੋਦੀ ਇਕ ਵਾਰ ਫਿਰ ਭਾਜਪਾ ਸਮਰਥਕਾਂ ਦੇ ਚਹੇਤੇ ਬਣ ਗਏ। ਅਪ੍ਰੈਲ-ਮਈ 2024 'ਚ ਤੈਅ ਲੋਕ ਸਭਾ ਚੋਣਾਂ 'ਚ ਅੱਠ ਮਹੀਨੇ ਬਚੇ ਹਨ।

ਅਮਿਤ ਸ਼ਾਹ ਜਮਹੂਰੀ ਲੋਕਤੰਤਰਿਕ ਗੱਠਜੋੜ ਦੇ ਮਾਸਟਰ ਰਣਨੀਤੀਕਾਰ ਅਤੇ ਪ੍ਰਧਾਨ ਮੰਤਰੀ ਕਿਹੜਾ ਤਰੁੱਪ ਦਾ ਪੱਤਾ ਆਪਣੀ ਛਾਤੀ ਨਾਲ ਲਾਈ ਬੈਠੇ ਹਨ? ਕੀ ਉਹ ਇੰਡੀਆ ਗੱਠਜੋੜ ਨੂੰ ਬਿਨਾਂ ਕਿਸੇ ਰੁਕਾਵਟ ਦੇ ਤਾਕਤ ਹਾਸਿਲ ਕਰਨ ਦੇ ਸਕਦੇ ਹਨ? ਇਸ ਸੰਦਰਭ ਵਿਚ ਇਹ ਭਾਰਤੀ ਰਾਜਨੀਤੀ ਦਾ ਲੱਖ ਟਕੇ ਦਾ ਸਵਾਲ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਕਦੋਂ ਅਤੇ ਕਿਵੇਂ ਹੋਣਗੀਆਂ? 

ਨਿਤਿਆ ਚੱਕਰਵਰਤੀ