ਅਮਿਤ ਸ਼ਾਹ ਨੇ ਖੰਡ ਮਿੱਲ ਘੁਟਾਲੇ ‘ਚ ਕੈਪਟਨ ਉੱਤੇ ਸੇਧਿਆ ਨਿਸ਼ਾਨਾ

ਅਮਿਤ ਸ਼ਾਹ ਨੇ ਖੰਡ ਮਿੱਲ ਘੁਟਾਲੇ ‘ਚ ਕੈਪਟਨ ਉੱਤੇ ਸੇਧਿਆ ਨਿਸ਼ਾਨਾ

ਕਹਿੰਦਾ : ਮੁੱਖ ਮੰਤਰੀ ਦੇ ਜਵਾਈ’ ਨੇ ਹੜੱਪੀ ਕਿਸਾਨਾਂ ਦੀ ਕਮਾਈ
ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਵਿਰੁੱਧ ਸੀਬੀਆਈ ਵੱਲੋਂ ਦਰਜ ਕੀਤੇ ਕਥਿਤ ਧੋਖਾਧੜੀ ਦੇ ਕੇਸ ਬਾਅਦ ਕਾਂਗਰਸ ਉੱਤੇ ਹੱਲਾ ਬੋਲਦਿਆਂ ਦੋਸ਼ ਲਾਇਆ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਸਖਤ ਮਿਹਨਤ ਦੀ ਕਮਾਈ ਆਪਣੀ ਜੇਬ ਵਿੱਚ ਪਾ ਲਈ ਹੈ। ਸ੍ਰੀ ਸ਼ਾਹ ਨੇ ਸਵਾਲ ਕੀਤਾ ਕਿ ਕਾਂਗਰਸ ਨੇ ਕਥਿਤ ਬੈਂਕ ਧੋਖਾਧੜੀ ਬਾਰੇ ਆਈ ਖ਼ਬਰ ਬਾਰੇ ਟਵੀਟ ਡਿਲੀਟ ਕਿਉਂ ਕੀਤਾ ਹੈ।  ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕੀਤਾ ਹੈ,’ ਕਾਂਗਰਸ ਨੇ ਲੁੱਟੇ ਕਿਸਾਨ’। ਸ਼ਾਹ ਨੇ ਦੋਸ਼ ਲਾਇਆ, ‘ਪੰਜਾਬ ਦੇ ਮੁੱਖ ਮੰਤਰੀ ਦੇ ਜਵਾਈ ਨੇ ਕਿਸਾਨਾਂ ਦੀ ਸਖਤ ਮਿਹਨਤ ਦੀ ਕਮਾਈ ਆਪਣੀ ਜੇਬ ਵਿੱਚ ਪਾ ਲਈ ਹੈ। ਇਸ ਤੋਂ ਵੱਧ ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ?’ ਭਾਜਪਾ ਮੁਖੀ ਨੇ ਮਾਈਕਰੋ ਬਲੌਗਿੰਗ ਵੈਬਸਾਈਟ ਉੱਤੇ ਓਰੀਐਂਟਲ ਬੈਂਕ ਆਫ ਕਾਮਰਸ ਨਾਲ ਕਥਿਤ ਧੋਖਾਧੜੀ ਦੀ ਸਟੋਰੀ ਸ਼ੇਅਰ ਕੀਤੀ ਹੈ।  ਜ਼ਿਕਰਯੋਗ ਹੈ ਕਿ ਸੀਬੀਆਈ ਨੇ 22 ਫਰਵਰੀ ਨੂੰ ਸਿੰਭੌਲੀ ਸ਼ੂਗਰਜ਼ ਲਿਮਟਿਡ, ਇਸ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ, ਡਿਪਟੀ ਮੈਨੇਜਿੰਗ ਡਾਇਰੈਕਟਰ ਗੁਰਪਾਲ ਸਿੰਘ ਅਤੇ ਹੋਰਨਾਂ ਵਿਰੁੱਧ ਬੈਂਕ ਦੇ ਨਾਲ 97.85 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਗੁਰਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦਾ ਦਾਮਾਦ ਹੈ।

ਗੁਰਪਾਲ ਸਿੰਘ ਵਿਰੁੱਧ ਕੇਸ ਨਾਲ ਕੈਪਟਨ ਕੁੜਿਕੀ ‘ਚ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਖਿਲਾਫ਼ ਸੀਬੀਆਈ ਵੱਲੋਂ ਕੇਸ ਦਰਜ ਕਰਨ ਕਾਰਨ ਕਾਂਗਰਸੀ ਹਲਕਿਆਂ ਵਿੱਚ ਬੇਚੈਨੀ ਹੈ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਤਾਜ਼ਾ ਘਟਨਾਕ੍ਰਮ ਨਾਲ ਮੁੱਖ ਮੰਤਰੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਗੁਰਪਾਲ ਸਿੰਘ ਵਿਰੁੱਧ ਦਰਜ ਕੇਸ ਮੁੱਖ ਮੰਤਰੀ ਵਿਰੋਧੀ ਕਾਂਗਰਸੀ ਧੜਿਆਂ ਨੂੰ ਵੀ ਸ਼ਕਤੀ ਦੇਣ ‘ਚ ਸਹਾਈ ਹੋ ਸਕਦਾ ਹੈ। ਗੁਰਪਾਲ ਸਿੰਘ ਜੋ ਕਿ ਸਿੰਭੌਲੀ ਸ਼ੂਗਰਜ਼ ਲਿਮਟਿਡ ਦਾ ਡਿਪਟੀ ਮੈਨੇਜਿੰਗ ਡਾਇਰੈਕਟਰ ਹੈ, ਵਿਰੁੱਧ ਸੀਬੀਆਈ ਨੇ ਬੈਂਕ ਨਾਲ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪੀਐਨਬੀ ਘੁਟਾਲੇ ਅਤੇ ਹੋਰਨਾਂ ਮਾਮਲਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਆਈ ਭਾਜਪਾ ਨੇ ਗੁਰਪਾਲ ਸਿੰਘ ਦੇ ਮਾਮਲੇ ‘ਤੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਿਨ ਤੋਂ ਬਾਅਦ ਮੁੱਖ ਮੰਤਰੀ ਦੇ ਦਾਮਾਦ ਦਾ ਨਾਂਅ ਕਈ ਮਾਮਲਿਆਂ ਵਿੱਚ ਉਭਰ ਕੇ ਸਾਹਮਣੇ ਆਇਆ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਿਸ ਤਰੀਕੇ ਪਿਛਲੇ ਸਮੇਂ ਤੋਂ ਰਾਜਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ ਉਸ ਦਾ ਝਲਕਾਰਾ ਗੁਰਪਾਲ ਸਿੰਘ ਦੇ ਮਾਮਲੇ ‘ਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੈਂਕਾਂ ਨਾਲ ਧੋਖਾਧੜੀ ਦੇ ਵੱਡੇ ਵੱਡੇ ਘੁਟਾਲੇ ਸਾਹਮਣੇ ਆਉਣ ਕਾਰਨ ਕਰਨਾਟਕਾ ਅਤੇ ਉਤਰ ਪੂਰਬੀ ਰਾਜਾਂ ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਸਿਆਸੀ ਤੌਰ ‘ਤੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਸਿੰਭੌਲੀ ਸ਼ੂਗਰਜ਼ ਵਿਰੁੱਧ ਕੇਸ ਨਾਲ ਭਾਜਪਾ ਨੂੰ ਕਾਂਗਰਸ ਦੇ ਖਿਲਾਫ਼ ਬੋਲਣ ਦਾ ਮੁੱਦਾ ਮਿਲਿਆ ਹੈ।ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ ਸੀਬੀਆਈ ਨੂੰ ਗੁਰਪਾਲ ਸਿੰਘ ਦੇ ਮਾਮਲੇ ਵਿੱਚ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਣਾ ਨਹੀਂ ਚਾਹੀਦਾ।

ਰਾਜਸੀ ਹਿੱਤਾਂ ਲਈ ਉਛਾਲਿਆ ਸਾਰਾ ਮਾਮਲਾ-ਕੈਪਟਨ
ਇਸ ਮਾਮਲੇ ਉੱਤੇ ਟਿੱਪਣੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਮੇਰੇ ਦਾਮਾਦ ਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।’ ਉਨ੍ਹਾਂ ਘਪਲਾ ਨਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਅਦਾਲਤੀ ਸੁਣਵਾਈ ਅਧੀਨ ਹੈ ਤੇ ਗੁਰਪਾਲ ਸਿੰਘ ਕਾਨੂੰਨ ਅਨੁਸਾਰ ਚੱਲਣ ਵਾਲਾ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਰਾਜਨੀਤੀਕਰਨ ਇਸ ਕਰਕੇ ਹੋ ਰਿਹਾ ਹੈ ਕਿ ਕਿਉਂਕਿ ਗੁਰਪਾਲ ਸਿੰਘ ਦਾ ਉਨ੍ਹਾਂ ਨਾਲ ਕਰੀਬੀ ਰਿਸ਼ਤਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਗੁਰਪਾਲ ਸਿੰਘ ਦੇ ਸਬੰਧਤ ਕੰਪਨੀ ‘ਚ ਮਹਿਜ਼ 12.5 ਫੀਸਦੀ ਸ਼ੇਅਰ ਹਨ ਤੇ ਉਹ ਵੱਡਾ ਹਿੱਸਾਦਾਰ ਨਹੀਂ ਹੈ।