ਇਜ਼ਰਾਈਲ ਗਾਜ਼ਾ ਨੂੰ ਪੂਰੀ ਦੁਨੀਆ ਨਾਲੋਂ ਕੱਟਣਾ ਚਾਹੁੰਦਾ ਏ *ਨੇਤਨਯਾਹੂ ਨੇ ਮਿਸਰ ਦੀ ਸਰਹੱਦ 'ਤੇ ਕਬਜ਼ਾ ਕਰਨ ਦਾ ਕੀਤਾ ਐਲਾਨ

ਇਜ਼ਰਾਈਲ ਗਾਜ਼ਾ ਨੂੰ ਪੂਰੀ ਦੁਨੀਆ ਨਾਲੋਂ ਕੱਟਣਾ ਚਾਹੁੰਦਾ ਏ *ਨੇਤਨਯਾਹੂ ਨੇ ਮਿਸਰ ਦੀ ਸਰਹੱਦ 'ਤੇ ਕਬਜ਼ਾ ਕਰਨ ਦਾ ਕੀਤਾ ਐਲਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਤੇਲ ਅਵੀਵ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਮਿਸਰ ਅਤੇ ਗਾਜ਼ਾ ਵਿਚਾਲੇ ਸਰਹੱਦ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ। ਇਹ ਇੱਕ ਅਜਿਹਾ ਕਦਮ ਹੋਵੇਗਾ ਜਿਸ ਨਾਲ ਇਜ਼ਰਾਈਲ ਨੂੰ ਫਿਲਸਤੀਨੀ ਖੇਤਰਾਂ ਤੱਕ ਪੂਰੀ ਦੁਨੀਆ ਤੱਕ ਪਹੁੰਚ ਦਾ ਪੂਰਾ ਕੰਟਰੋਲ ਮਿਲ ਜਾਵੇਗਾ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਯੁੱਧ ਨੂੰ ਖਤਮ ਕਰਨ 'ਤੇ ਵਿਚਾਰ ਨਹੀਂ ਕਰੇਗਾ ਜਦੋਂ ਤੱਕ ਉਹ ਫਿਲਾਡੇਲਫੀਆ ਕੋਰੀਡੋਰ ਨੂੰ ਬੰਦ ਨਹੀਂ ਕਰਦਾ, ਜੋ ਮਿਸਰ ਅਤੇ ਗਾਜ਼ਾ ਵਿਚਾਲੇ ਸਰਹੱਦ ਉਪਰ ਇੱਕ 14 ਕਿਲੋਮੀਟਰ ਦੀ ਪੱਟੀ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਮਾਸ ਨੂੰ ਖਤਮ ਕਰਨ ਦੇ ਨਾਲ-ਨਾਲ ਇਸ ਦੱਖਣੀ ਗੇਟ ਰਾਹੀਂ ਫੌਜੀ ਸਾਜ਼ੋ-ਸਾਮਾਨ ਅਤੇ ਹੋਰ ਮਾਰੂ ਹਥਿਆਰਾਂ ਦੇ ਦਾਖਲੇ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ, ਇਸ ਲਈ ਸਾਨੂੰ ਯਕੀਨੀ ਤੌਰ 'ਤੇ ਇਸ ਨੂੰ ਬੰਦ ਕਰਨ ਦੀ ਲੋੜ ਹੈ।

ਗਾਜ਼ਾ ਦੀ ਦੋਵਾਂ ਪਾਸਿਆਂ ਤੋਂ ਇਜ਼ਰਾਈਲ ਨਾਲ ਸਰਹੱਦਾਂ ਲਗਦੀਆਂ ਹਨ ਅਤੇ ਇਸਦਾ ਭੂਮੱਧ ਸਾਗਰ ਤੱਟ ਅਤੇ ਹਵਾਈ ਖੇਤਰ ਵੀ ਸਖਤ ਇਜ਼ਰਾਈਲੀ ਨਾਕਾਬੰਦੀ ਦੇ ਅਧੀਨ ਹੈ। ਰਾਫਾ ਸ਼ਹਿਰ ਮਿਸਰ ਅਤੇ ਗਾਜ਼ਾ ਵਿਚ ਜਾਣ ਵਾਲਾ ਇਕੋ ਇਕ ਕਰਾਸਿੰਗ ਪੁਆਇੰਟ ਹੈ ਜਿਸ 'ਤੇ ਇਜ਼ਰਾਈਲ ਦਾ ਕੰਟਰੋਲ ਨਹੀਂ ਹੈ। ਨੇਤਨਯਾਹੂ ਦੇ ਅਨੁਸਾਰ, ਇਜ਼ਰਾਈਲੀ ਅਧਿਕਾਰੀਆਂ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਮਿਸਰ ਦੇ ਨਾਲ ਗਾਜ਼ਾ ਦੀ ਸਰਹੱਦ ਨੂੰ ਕਿਵੇਂ ਬੰਦ ਕਰਨ ਲਈ ਅੱਗੇ ਵਧਣਗੇ ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਇਜ਼ਰਾਈਲ ਦਾ ਫਲਸਤੀਨੀ ਐਨਕਲੇਵ 'ਤੇ ਪੂਰਾ ਕੰਟਰੋਲ ਹੋਵੇਗਾ। ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਮਿਸਰ ਨੇ ਕੁਝ ਸਮਾਂ ਪਹਿਲਾਂ ਇਜ਼ਰਾਈਲ ਨੂੰ ਫਿਲਾਡੇਲਫੀਆ ਗਲਿਆਰੇ ਵਿਚ ਫੌਜੀ ਕਾਰਵਾਈਆਂ ਵਿਰੁੱਧ ਚਿਤਾਵਨੀ ਦਿੱਤੀ ਸੀ। ਮਿਸਰ ਨੇ ਕਿਹਾ ਸੀ ਕਿ ਫਿਲਾਡੇਲਫੀਆ ਕੋਰੀਡੋਰ ਵਿੱਚ ਕਿਸੇ ਵੀ ਇਜ਼ਰਾਈਲੀ ਕਾਰਵਾਈ ਨੂੰ 1979 ਦੀ ਮਿਸਰ-ਇਜ਼ਰਾਈਲ ਸ਼ਾਂਤੀ ਸੰਧੀ ਦੀ ਉਲੰਘਣਾ ਵਜੋਂ ਦੇਖਿਆ ਜਾਵੇਗਾ। ਮਿਸਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਹਿਮਦ ਅਬੂ ਜ਼ੈਦ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮਿਸਰ ਆਪਣੀਆਂ ਸਰਹੱਦਾਂ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨਾ ਜਾਣਦਾ ਹੈ।