ਵਿਵੇਕ ਰਾਮਾਸਵਾਮੀ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਨਾਂ ਵਾਪਸ ਲਿਆ, ਟਰੰਪ ਨੂੰ ਸਮਰਥਨ ਦਿਤਾ

ਵਿਵੇਕ ਰਾਮਾਸਵਾਮੀ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਨਾਂ ਵਾਪਸ ਲਿਆ, ਟਰੰਪ ਨੂੰ ਸਮਰਥਨ ਦਿਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ— ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਅਮਰੀਕਾ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਦੌੜ ਵਿਚੋਂ ਬਾਹਰ ਹੋ ਗਏ ਹਨ। ਉਸ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ ਅਤੇ ਡੋਨਾਲਡ ਟਰੰਪ ਦੀ ਉਮੀਦਵਾਰੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।ਭਾਰਤੀ-ਅਮਰੀਕੀ ਕਾਰੋਬਾਰੀ ਵਿਵੇਕ ਰਾਮਾਸਵਾਮੀ ਨੇ ਆਇਓਵਾ ਰਿਪਬਲਿਕਨ ਕਾਕਸ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਚੋਣ ਲੜਨ ਦਾ ਆਪਣਾ ਫੈਸਲਾ ਬਦਲ ਲਿਆ ਹੈ। ਰਾਮਾਸਵਾਮੀ ਨੇ ਫਰਵਰੀ 2023 ਵਿੱਚ ਰਿਪਬਲਿਕਨ ਪਾਰਟੀ ਤੋਂ ਆਪਣੀ ਉਮੀਦਵਾਰੀ ਦਾਇਰ ਕੀਤੀ ਸੀ। ਉਸ ਸਮੇਂ ਉਹ ਅਮਰੀਕੀ ਰਾਜਨੀਤੀ ਵਿੱਚ ਨਵੇਂ ਸਨ ਪਰ ਪਿਛਲੇ 11 ਮਹੀਨਿਆਂ ਵਿੱਚ ਉਹ ਰਿਪਬਲਿਕਨ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਹੇ ਸਨ। ਰਾਮਾਸਵਾਮੀ ਦੀ ਚੋਣ ਮੁਹਿੰਮ ਅਤੇ ਨੀਤੀਆਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗ ਹੀ ਹਨ। ਰਾਮਾਸਵਾਮੀ ਵੀ ਅਜਿਹੇ ਹੀ ਮੁੱਦੇ ਉਠਾ ਰਹੇ ਸਨ ਜੋ ਟਰੰਪ ਨੇ 2017 ਦੀਆਂ ਚੋਣਾਂ ਵਿੱਚ ਉਠਾਏ ਸਨ ਅਤੇ ਉਹ ਜਿੱਤ ਗਏ ਸਨ।

ਬੀਤੇ ਦਿਨੀਂ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਵਿਚ ਆਇਓਵਾ ਕਾਕਸ ਵਿਚ ਜਿੱਤ ਹਾਸਿਲ ਕੀਤੀ ਸੀ। ਆਇਓਵਾ ਕਾਕਸ ਲਈ, ਵੋਟਰਾਂ ਨੇ ਟਰੰਪ 'ਤੇ ਭਰੋਸਾ ਦਿਖਾਇਆ, ਜੋ ਲਗਾਤਾਰ ਤੀਜੀ ਵਾਰ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਮਾਸਵਾਮੀ ਮੁੱਖ ਮੁਕਾਬਲੇ 'ਚ ਵੀ ਜਗ੍ਹਾ ਨਹੀਂ ਬਣਾ ਸਕੇ ਅਤੇ ਚੌਥੇ ਸਥਾਨ 'ਤੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਤੋਂ ਪਿੱਛੇ ਹਟ ਰਹੇ ਹਨ। 38 ਸਾਲਾ ਰਾਮਾਸਵਾਮੀ ਨੇ ਡੋਨਾਲਡ ਟਰੰਪ ਦਾ ਸਮਰਥਨ ਕੀਤਾ। ਇਸ ਨਾਲ ਰਿਪਬਲਿਕਨ ਉਮੀਦਵਾਰ ਦੀ ਦੌੜ ਵਿੱਚ ਟਰੰਪ ਦੀ ਸਥਿਤੀ ਮਜ਼ਬੂਤ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਆਇਓਵਾ ਕਾਕਸ ਅਮਰੀਕੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ, ਜਿਸ ਵਿੱਚ ਪਾਰਟੀ ਦੇ ਮੈਂਬਰ ਆਪਣੇ ਰਾਸ਼ਟਰੀ ਸੰਮੇਲਨਾਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਲਈ ਡੈਲੀਗੇਟਾਂ ਦੀ ਚੋਣ ਕਰਦੇ ਹਨ। 

ਵਿਵੇਕ ਰਾਮਾਸਵਾਮੀ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਹੈ। ਵਿਵੇਕ ਦੇ ਮਾਤਾ-ਪਿਤਾ ਕੇਰਲ ਦੇ ਪਲੱਕੜ ਤੋਂ ਅਮਰੀਕਾ ਗਏ ਸਨ। ਰਾਮਾਸਵਾਮੀ ਦਾ ਜਨਮ ਸਿਨਸਿਨਾਟੀ, ਓਹੀਓ, ਅਮਰੀਕਾ ਵਿੱਚ ਹੋਇਆ ਸੀ। ਵਿਵੇਕ ਰਾਮਾਸਵਾਮੀ ਨੇ ਹਾਰਵਰਡ ਕਾਲਜ ਤੋਂ ਜੀਵ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਯੇਲ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਵਿਵੇਕ ਅਮਰੀਕਾ ਦੇ ਵੱਡੇ ਕਾਰੋਬਾਰੀਆਂ ਵਿੱਚ ਗਿਣੇ ਜਾਂਦੇ ਹਨ। ਵਿਵੇਕ ਦੀ ਪਤਨੀ ਅਪੂਰਵਾ ਵੇਕਸਨਰ ਮੈਡੀਕਲ ਸੈਂਟਰ, ਓਹੀਓ ਸਟੇਟ ਯੂਨੀਵਰਸਿਟੀ ਵਿੱਚ ਇੱਕ ਸਹਾਇਕ ਪ੍ਰੋਫੈਸਰ ਅਤੇ ਸਰਜਨ ਹੈ। ਵਿਵੇਕ ਨੇ 2022 ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ, ਜੋ ਹੁਣ ਉਨ੍ਹਾਂ ਨੇ ਵਾਪਸ ਲੈ ਲਿਆ ਹੈ।