ਲੋਕ ਸਭਾ ਹਲਕਾ ਬਠਿੰਡਾ : ਬਾਦਲ ਤੇ ਕੈਪਟਨ ਪਰਿਵਾਰ 'ਚ ਖਿਚੜੀ ਪੱਕਣ ਦਾ ਅੰਦੇਸ਼ਾ

ਲੋਕ ਸਭਾ ਹਲਕਾ ਬਠਿੰਡਾ : ਬਾਦਲ ਤੇ ਕੈਪਟਨ ਪਰਿਵਾਰ 'ਚ ਖਿਚੜੀ ਪੱਕਣ ਦਾ ਅੰਦੇਸ਼ਾ

ਬਠਿੰਡਾ/ਏਟੀ ਨਿਊਜ਼ :
ਸੰਸਦੀ ਹਲਕੇ ਬਠਿੰਡਾ ਦੇ ਚੋਣ ਮੈਦਾਨ ਵਿਚ ਉਤਰਨ ਵਾਲੇ ਉਮੀਦਵਾਰਾਂ ਬਾਰੇ ਕਾਂਗਰਸ ਤੇ ਅਕਾਲੀ ਦਲ ਬਾਦਲ ਨੇ ਹਾਲਾਂ ਮੁੱਠੀਆਂ ਮੀਟ ਰੱਖੀਆਂ ਹਨ। ਉਮੀਦਵਾਰਾਂ ਦੇ ਐਲਾਨ ਤੋਂ ਹੀ ਅੰਦਾਜ਼ਾ ਲੱਗੇਗਾ ਕਿ ਬਾਦਲ ਤੇ ਕੈਪਟਨ ਪਰਿਵਾਰ 'ਚ ਅੰਦਰੋਂ ਅੰਦਰੀ ਕੀ ਖਿਚੜੀ ਪੱਕੀ ਹੈ। ਦੋਸਤਾਨਾ ਮੈਚ ਦੇ ਲੱਗਦੇ ਦੋਸ਼ਾਂ ਦੀ ਪੁਣਛਾਣ ਵੀ ਇਨ੍ਹਾਂ ਉਮੀਦਵਾਰਾਂ ਦੇ ਐਲਾਨ ਹੋਣ ਮਗਰੋਂ ਹੋਵੇਗੀ। ਤਾਹੀਓਂ ਪੂਰਾ ਪੰਜਾਬ ਸੰਸਦੀ ਹਲਕੇ ਬਠਿੰਡਾ ਵਿਚ ਭਿੜਨ ਵਾਲੇ ਉਮੀਦਵਾਰਾਂ ਦੀ ਸੂਹ ਲੈ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਬਠਿੰਡਾ ਤੋਂ ਉਮੀਦਵਾਰ ਕੌਣ ਹੋਵੇਗਾ, ਇਸ ਦਾ ਭੇਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਵਿਚ ਹੈ। ਉਂਜ, ਵੱਡੇ ਬਾਦਲ ਆਖਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਫ਼ੈਸਲਾ ਕਰੇਗੀ। ਏਨਾ ਸਾਫ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਬਠਿੰਡਾ ਹਲਕੇ ਤੋਂ ਚੋਣ ਲੜਨ ਲਈ ਕਿਸੇ ਦੂਜੇ ਉਮੀਦਵਾਰ ਨੇ ਇੱਛਾ ਜ਼ਾਹਿਰ ਨਹੀਂ ਕੀਤੀ। ਫਿਲਹਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੀ ਇਸ ਹਲਕੇ ਤੋਂ ਅਕਾਲੀ ਉਮੀਦਵਾਰ ਹੋਣਗੇ। ਉਨ੍ਹਾਂ ਦੇ ਫਿਰੋਜ਼ਪੁਰ ਤੋਂ ਚੋਣ ਲੜਨ ਦੇ ਟੇਵੇ ਵੀ ਲੱਗ ਰਹੇ ਹਨ। ਬਾਦਲਾਂ ਨੇ ਫਿਰੋਜ਼ਪੁਰ ਵਾਲਾ ਬਦਲ ਅਜੇ ਮੁੱਠੀ ਵਿਚ ਰੱਖਿਆ ਹੋਇਆ ਹੈ। ਕਈ ਦਿਨਾਂ ਤੋਂ ਬੀਬੀ ਬਾਦਲ ਹਲਕੇ ਵਿਚ ਵਿਚਰ ਰਹੇ ਹਨ। ਇਕੱਲਾ ਵਿਕਾਸ ਦੇਖਣਾ ਹੋਵੇ ਤਾਂ ਹਰਸਿਮਰਤ ਮੂਹਰੇ ਹੈ। ਵੱਡੇ ਕੇਂਦਰੀ ਪ੍ਰਾਜੈਕਟ ਜਿਵੇਂ ਬਠਿੰਡਾ ਰਿਫਾਈਨਰੀ, ਪੈਟਰੋ ਕੈਮੀਕਲ ਪ੍ਰਾਜੈਕਟ, ਬਠਿੰਡਾ ਏਮਜ਼, ਕੇਂਦਰੀ ਯੂਨੀਵਰਸਿਟੀ, ਹਵਾਈ ਅੱਡਾ ਤੇ ਇਸ ਤੋਂ ਬਿਨਾਂ ਫੰਡਾਂ ਦੀ ਝੜੀ ਲਾਈ ਰੱਖੀ ਪਰ ਬੇਅਦਬੀ ਮਾਮਲਾ ਭਾਰੂ ਪੈ ਰਿਹਾ ਹੈ। ਹਰਸਿਮਰਤ ਦੀ ਇਹ ਤੀਜੀ ਚੋਣ ਹੈ।
ਕਾਂਗਰਸ ਦਾ ਉਮੀਦਵਾਰ ਕੌਣ ਹੋਵੇਗਾ-ਇਕ ਅਨਾਰ ਸੌ ਬਿਮਾਰ ਵਾਲਾ ਹਾਲ ਹੈ। ਦੱਸਦੇ ਹਨ ਕਿ ਰਾਹੁਲ ਗਾਂਧੀ ਇੱਛੁਕ ਹਨ ਕਿ ਮਨਪ੍ਰੀਤ ਬਾਦਲ ਚੋਣ ਲੜੇ। ਚਰਚੇ ਡਾ. ਨਵਜੋਤ ਕੌਰ ਸਿੱਧੂ ਦੇ ਵੀ ਚੱਲੇ ਹਨ ਅਤੇ ਰਾਜਾ ਵੜਿੰਗ ਦੇ ਵੀ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਲੜਕੇ ਨੇ ਵੀ ਦਾਅਵਾ ਜਤਾਇਆ ਹੈ ਅਤੇ ਸਾਬਕਾ ਐੱਮਪੀ ਜਗਦੇਵ ਸਿੰਘ ਖੁੱਡੀਆਂ ਦੇ ਲੜਕੇ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਬਠਿੰਡਾ ਤੋਂ ਟਿਕਟ ਮੰਗੀ ਹੈ। ਖੁਡੀਆਂ ਦਾ ਪਿੰਡ ਲੰਬੀ ਹਲਕੇ ਵਿਚ ਪੈਂਦਾ ਹੈ ਤੇ ਉਹ ਨਿਰਵਿਵਾਦ ਵੀ ਹਨ।
ਬਰਗਾੜੀ ਮੋਰਚਾ ਵੱਲੋਂ ਭਾਈ ਗੁਰਦੀਪ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ, ਜਦੋਂਕਿ 'ਆਪ' ਨੇ ਪੱਤੇ ਖੋਲ੍ਹੇ ਨਹੀਂ। ਬਠਿੰਡਾ ਸੰਸਦੀ ਹਲਕੇ ਵਿਚ ਨੌਂ ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ 'ਚੋਂ ਦੋ ਹਲਕੇ 'ਆਪ' ਵਿਧਾਇਕਾਂ ਕੋਲ ਹਨ ਅਤੇ ਦੋ ਹਲਕੇ 'ਆਪ' ਦੇ ਬਾਗ਼ੀ ਵਿਧਾਇਕਾਂ ਕੋਲ ਹਨ। ਐਡਵੋਕੇਟ ਨਵਦੀਪ ਜੀਦਾ ਟਿਕਟ ਦੇ ਇੱਛੁਕ ਹਨ। ਪੰਜਾਬ ਏਕਤਾ ਪਾਰਟੀ ਤਰਫ਼ੋਂ ਸੁਖਪਾਲ ਸਿੰਘ ਖਹਿਰਾ ਟੱਕਰ ਦੇਣ ਲਈ ਕਾਹਲੇ ਹਨ। ਨਰਮਾ ਪੱਟੀ ਵਾਲਾ ਹਲਕਾ ਹੋਣ ਕਰ ਕੇ ਕਿਸਾਨੀ ਮੁਸੀਬਤਾਂ ਦੀ ਵੀ ਭੰਨੀ ਪਈ ਹੈ। ਕਾਂਗਰਸ ਕਰਜ਼ਾ ਮੁਆਫ਼ੀ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰੇਗੀ। ਪੰਜ ਪੰਜ ਮਰਲੇ ਦੇ ਪਲਾਟ ਵੀ ਵੰਡੇ ਜਾਣੇ ਹਨ। ਵੱਡਾ ਮਸਲਾ ਰੁਜ਼ਗਾਰ ਦਾ ਹੈ, ਕੈਂਸਰ ਤੇ ਕਾਲਾ ਪੀਲੀਆ ਵੀ ਦਮ ਨਹੀਂ ਲੈਣ ਦੇ ਰਿਹਾ। ਸੰਨ 2017 ਦੀਆਂ ਚੋਣਾਂ ਵਿਚ ਇਸ ਸੰਸਦੀ ਹਲਕੇ ਦੀਆਂ 9 ਅਸੈਂਬਲੀ ਸੀਟਾਂ 'ਚੋਂ ਚਾਰ ਸੀਟਾਂ 'ਆਪ' ਦੀ ਝੋਲੀ ਪਈਆਂ ਸਨ। ਬਠਿੰਡਾ-ਮਾਨਸਾ ਵਿਚ ਫੰਡ ਤਾਂ ਵੰਡੇ ਗਏ ਹਨ, ਪਰ ਜ਼ਮੀਨੀ ਪੱਧਰ 'ਤੇ ਕੋਈ ਵੱਡਾ ਬਦਲਾਅ ਨਹੀਂ ਦਿਸਦਾ। ਜੋ ਹਲਕੇ ਦੇ ਵੱਡੇ ਪਿੰਡ ਸਨ, ਉਨ੍ਹਾਂ ਨੂੰ ਨਗਰ ਪੰਚਾਇਤਾਂ ਦਾ ਦਰਜਾ ਦੇ ਦਿੱਤਾ, ਮਜ਼ਦੂਰਾਂ ਕੋਲੋ ਮਗਨਰੇਗਾ ਵਰਗੀਆਂ ਸਹੂਲਤਾਂ ਖੁੱਸ ਗਈਆਂ, ਉਹ ਖ਼ਫ਼ਾ ਹਨ। ਕਾਂਗਰਸ ਵੱਲੋਂ ਬਠਿੰਡਾ-ਮਾਨਸਾ ਵਿਚ ਅਜੇ ਤੱਕ ਵਿਕਾਸ ਦਾ ਮਹੂਰਤ ਵੀ ਨਹੀਂ ਕੀਤਾ ਗਿਆ। ਹਾਲੇ ਹੁਣ ਅਖ਼ਤਿਆਰੀ ਕੋਟੇ ਦੇ ਫੰਡ ਵਜ਼ੀਰਾਂ ਨੇ ਵੰਡੇ ਹਨ। ਨਵੇਂ ਕਾਂਗਰਸੀ ਸਰਪੰਚ ਬਣੇ ਹਨ, ਜਿਨ੍ਹਾਂ ਨੇ ਹੁਣੇ ਚਾਰਜ ਲਏ ਹਨ। ਬਾਦਲਾਂ ਦੇ ਵਿਰੋਧ ਵਿਚ ਉੱਠੀ ਹਵਾ 'ਤੇ ਹੀ ਸਾਰੀ ਟੇਕ ਕਾਂਗਰਸ ਦੀ ਹੈ।
ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਨਤਕ ਤੌਰ 'ਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਸੰਸਦੀ ਹਲਕੇ ਬਠਿੰਡਾ ਦੀ ਨੁਹਾਰ ਬਦਲ ਦਿੱਤੀ ਹੈ। ਰਿਫਾਈਨਰੀ, ਪੈਟਰੋ ਕੈਮੀਕਲ ਯੂਨਿਟ ਤੇ 'ਏਮਜ਼' ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਪਿੰਡਾਂ/ਸ਼ਹਿਰਾਂ ਵਿਚ ਆਰਓ ਪਲਾਂਟ ਲਾ ਕੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਮੁਸ਼ਕਲ ਹੱਲ ਕੀਤੀ। ਪਿੰਡਾਂ ਵਿਚ ਗਲੀਆਂ-ਨਾਲੀਆਂ, ਪਾਣੀ ਦੇ ਨਿਕਾਸੀ ਪ੍ਰਬੰਧਾਂ ਤੇ ਨਹਿਰੀ ਪਾਣੀ ਦੇ ਮਸਲੇ ਹੱਲ ਕੀਤੇ ਹਨ। ਕੇਂਦਰੀ ਪ੍ਰਾਜੈਕਟ ਸਭ ਤੋਂ ਵੱਧ ਬਠਿੰਡਾ ਹਲਕੇ ਵਿਚ ਆਏ ਹਨ।