ਕੈਪਟਨ ਵਿਰੁੱਧ ਬਗਾਵਤ ਤੇਜ਼, ਪੰਜਾਬ ਕਾਂਗਰਸ ਕਈ ਧੜਿਆਂ ਵਿਚ ਵੰਡੀ   

 ਕੈਪਟਨ ਵਿਰੁੱਧ ਬਗਾਵਤ ਤੇਜ਼, ਪੰਜਾਬ ਕਾਂਗਰਸ ਕਈ ਧੜਿਆਂ ਵਿਚ ਵੰਡੀ   
*ਬਹਿਬਲਕਲਾਂ ਕਾਂਡ ਬਾਰੇ ਕੈਪਟਨ ਉਪਰ ਬਾਦਲ ਦੀ ਮਦਦ ਦੇ   ਲਗੇ ਦੋਸ਼
*ਇਕ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕ ਕਾਂਗਰਸ ਤੋਂ ਨਰਾਜ਼
 *ਐੱਸਸੀ/ਬੀਸੀ ਵਿਧਾਇਕਾਂ ਨੇ ਵੀ ਕੈਪਟਨ ਖ਼ਿਲਾਫ਼ ਖੋਲ੍ਹਿਆ ਮੋਰਚਾ; ਚੰਨੀ, ਅਰੁਣਾ ਚੌਧਰੀ, ਵੇਰਕਾ ਸਮੇਤ ਇਕ ਦਰਜਨ ਵਿਧਾਇਕਾਂ ਨੇ ਕੀਤੀ ਮੀਟਿੰਗ
 *ਬਗਾਵਤ ਨੂੰ ਖਤਮ ਕਰਨ ਲਈ ਖ਼ੁਦ ਸੋਨੀਆ  ਸੰਭਾਲੇਗੀ ਕਮਾਨ.   
 
   ਅੰਮ੍ਰਿਤਸਰ ਟਾਈਮਜ ਬਿਉਰੋ
 
 ਪੰਜਾਬ ’ਚ ਜਿਵੇਂ-ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਕਾਂਗਰਸ ਪਾਰਟੀ ’ਚ ਨੰਬਰ ਗੇਮ ਸ਼ੁਰੂ ਹੋ ਗਈ ਹੈ। ਬਹਿਬਲਕਲਾਂ ਕਾਂਡ ਸਬੰਧੀ ਹਾਈਕੋਰਟ ਦੇ ਫ਼ੈਸਲੇ ਅਤੇ ਕੈਪਟਨ ਸਰਕਾਰ ਦੀ ਇਸ ਮਾਮਲੇ ਨੂੰ ਲੈ ਕੇ ਢਿੱਲੀ ਕਾਰਵਾਈ ਨੂੰ ਮੁੱਦਾ ਬਣਾ ਕੇ ਵਿਰੋਧੀ ਪੱਖ ਤਾਂ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈ ਰਿਹਾ ਹੈ। ਹੁਣ ਕਾਂਗਰਸ ਪਾਰਟੀ ’ਚ ਹੀ ਕਈ ਮੰਤਰੀ ਅਤੇ ਵਿਧਾਇਕ ਬਗਾਵਤ ਕਰਨ ਲੱਗੇ ਹਨ। ਕਾਂਗਰਸੀ ਮੰਤਰੀਆਂ ਦੀ ਹੋ ਰਹੀਆਂ ਗੁਪਤ ਮੀਟਿੰਗਾਂ ਨਾਲ ਪੰਜਾਬ ਦੀ ਸਿਆਸਤ ਭੱਖ ਗਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਮੰਤਰੀ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕੈਪਟਨ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਬਹਿਬਲਕਲਾਂ ਗੋਲੀ ਕਾਂਡ ’ਚ ਆਪਣੀ ਹੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਜਿਹਾ ਲੱਗ ਰਿਹਾ ਹੈ ਕਿ ਪੰਜਾਬ ’ਚ ਕਾਂਗਰਸ ਦੀ ਨਹੀਂ, ਸਗੋਂ ਅਕਾਲੀ ਦਲ ਦੀ ਸਰਕਾਰ ਚੱਲ ਰਹੀ ਹੈ।  ਸਿੱਧੂ ਨੇ ਇਕ ਵਾਰ ਫਿਰ ਟਵੀਟ ਕਰ ਕੇ ਕੈਪਟਨ ਬਾਰੇ ਲਿਖਿਆ ਕਿ ਤੁਹਾਡੇ ਇਰਾਦੇ ਸਪੱਸ਼ਟ ਹਨ ।ਇਸ ਸਾਢੇ ਚਾਰ ਸਾਲਾਂ 'ਚ ਤੁਹਾਨੂੰ ਹਾਈਕੋਰਟ ਨੇ ਨਹੀਂ ਰੋਕਿਆ ।ਜਦੋਂ ਡੀ.ਜੀ.ਪੀ. ਅਤੇ ਸੀ.ਪੀ.ਐਸ. ਦੀਆਂ ਨਿਯੁਕਤੀਆਂ ਰੱਦ ਕੀਤੀਆਂ ਗਈ ਤਾਂ ਘੰਟੇ 'ਚ ਹੀ ਹਾਈਕੋਰਟ 'ਚ ਚੁਣੌਤੀ ਦੇ ਦਿੱਤੀ ਗਈ ।    ਕੈਪਟਨ ਅਤੇ ਸਿੱਧੂ ਦੇ ਖਰਾਬ ਹੁੰਦੇ ਰਿਸ਼ਤਿਆਂ ਨਾਲ ਪੰਜਾਬ ’ਚ ਪਾਰਟੀ 2 ਧੜਿਆਂ ’ਚ ਵੰਡਦੀ ਦਿਖਾਈ ਦੇ ਰਹੀ ਹੈ, ਜਿਸ ਦਾ ਸਿੱਧਾ ਅਸਰ ਅਗਲੀਆਂ ਵਿਧਾਨ ਸਭਾ ਚੋਣਾਂ ’ਤੇ ਪੈਣਾ ਤੈਅ ਹੈ। ਲਿਹਾਜ਼ਾ ਇਕ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕ ਤਾਂ ਸਰਕਾਰ ਬਣਨ ਦੇ ਇਕ ਸਾਲ ਬਾਅਦ ਤੋਂ ਹੀ ਨਾਰਾਜ਼ ਚੱਲ ਰਹੇ ਹਨ। ਹੁਣ ਖੁੱਲ੍ਹ ਕੇ ਕੈਪਟਨ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੋਟਾਂ ਲਈ ਲੋਕਾਂ ਕੋਲ ਜਾਣ ਤੋਂ ਡਰ ਲੱਗਣ ਲੱਗਾ ਹੈ।ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹਰ ਵਾਰ ਨਵੀਂ ਕਮੇਟੀ ਦਾ ਗਠਨ ਕਰਨ ਨਾਲ ਲੋਕਾਂ ’ਚ ਸਰਕਾਰ ਪ੍ਰਤੀ ਗਲਤ ਸੰਦੇਸ਼ ਜਾਂਦਾ ਹੈ।ਮੁੱਖ ਮੰਤਰੀ ਕੈਪਟਨ ਖ਼ਿਲਾਫ਼ ਪਾਰਟੀ ਅੰਦਰੋਂ ਹੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕਣ ਅਤੇ ਬਾਦਲਾਂ ਪ੍ਰਤੀ ਨਰਮ ਰਵੱਈਆ ਰੱਖੇ ਜਾਣ ਨੂੰ ਲੈ ਕੇ ਉੱਠ ਰਹੇ ਰੋਸ ਨੂੰ ਲੈ ਕੇ ਸਰਗਰਮੀਆਂ ਜਾਰੀ ਹਨ ਅਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਸੈਕਟਰ-39 ਸਥਿਤ ਸਰਕਾਰੀ ਰਿਹਾਇਸ਼ 'ਤੇ  ਕਾਂਗਰਸ ਸੰਸਦ ਮੈਂਬਰਾਂਂ ਪ੍ਰਤਾਪ ਸਿੰਘ ਬਾਜਵਾ, ਸ. ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ ਤੇ ਗੁਰਪ੍ਰੀਤ ਸਿੰਘ ਕਾਂਗੜ ਦਰਮਿਆਨ ਹੋਈ ਮੀਟਿੰਗ ਦੌਰਾਨ ਰਣਨੀਤੀ 'ਤੇ ਵਿਚਾਰ ਕਰਦਿਆਂ ਫ਼ੈਸਲਾ ਲਿਆ ਗਿਆ ਕਿ ਰਾਜ ਵਿਚ ਕਾਂਗਰਸ ਦੇ ਭਵਿੱਖ ਨੂੰ ਮੁੱਖ ਰੱਖ ਕੇ ਬੇਅਦਬੀਆਂ ਸਮੇਤ ਮੁੱਖ ਮੁੱਦਿਆਂ 'ਤੇ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਬਿਨਾਂ ਕਿਸੇ ਦੇਰੀ ਪੂਰਾ ਕਰਵਾਉਣ ਲਈ ਮੁੱਖ ਮੰਤਰੀ ਨੂੰ ਮਜਬੂਰ ਕੀਤਾ ਜਾਵੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਇਸ ਰੋਸ ਲਹਿਰ ਦਾ ਧੁਰਾ ਬਣੇ ਹੋਏ ਹਨ, ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਨਿਵਾਸ 'ਤੇ ਉਕਤ ਆਗੂ ਇਕੱਠੇ ਹੋਏ ਸਨ ਅਤੇ ਉਨ੍ਹਾਂ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੇਣ ਸਬੰਧੀ ਵਿਚਾਰ-ਵਟਾਂਦਰੇ ਕੀਤੇ। ਉਨ੍ਹਾਂ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੀ ਵੀ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਦੋ ਵਾਰ ਆਮਦ ਦੀ ਪੁਸ਼ਟੀ ਕੀਤੀ ਅਤੇ ਕਿਹਾ ਸਾਡਾ ਕਿਸੇ ਨਾਲ ਕੋਈ ਝਗੜਾ ਜਾਂ ਗ਼ਲਤ-ਫਹਿਮੀ ਨਹੀਂ। ਅਸੀਂ ਤਾਂ ਮੁੱਖ ਮੰਤਰੀ ਤੋਂ ਉਨ੍ਹਾਂ ਵਲੋਂ ਕੀਤੇ ਵਾਅਦਿਆਂ 'ਤੇ ਅਮਲ ਦੀ ਮੰਗ ਕਰ ਰਹੇ ਹਾਂ। ਸਾਨੂੰ ਹੁਣ ਕਿਸੇ ਮੀਟਿੰਗਾਂ ਦੀ ਨਹੀਂ, ਬਲਕਿ ਕਾਰਵਾਈ ਦੀ ਲੋੜ ਹੈ।
ਪਾਰਲੀਮੈਂਟ ਵਿਚ ਕਾਂਗਰਸ ਧੜੇ ਦੇ ਮੁਖੀ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਕਿਹਾ ਵਿਧਾਇਕ ਅਤੇ ਮੰਤਰੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਕਰ ਰਹੇ ਹਨ ਅਤੇ ਅਸੀਂ ਇਸ ਲਈ ਹਾਈਕਮਾਨ ਤੱਕ ਵੀ ਪਹੁੰਚ ਕਰਾਂਗੇ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਵੀ ਟੈਲੀਫ਼ੋਨ 'ਤੇ ਗੱਲ ਕਰ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਵੀ ਅੱਜ ਨਵੀਂ ਜਾਂਚ ਟੀਮ ਨੂੰ 6 ਮਹੀਨੇ ਦਾ ਸਮਾਂ ਦੇਣ ਦਾ ਸਖ਼ਤ ਇਤਰਾਜ਼ ਕੀਤਾ। ਇਸੇ ਦੌਰਾਨ ਕਾਂਗਰਸ ਹਲਕਿਆਂ ਦੀਆਂ ਨਜ਼ਰਾਂ ਅੱਜ ਦਿੱਲੀ ਵੱਲ ਵੀ ਲੱਗੀਆਂ ਰਹੀਆਂ ਕਿਉਂਕਿ ਪੰਜਾਬ ਮਾਮਲਿਆਂ ਦੇ ਇੰਚਾਰਜ  ਰਾਵਤ ਵਲੋਂ ਦੱਸਿਆ ਗਿਆ ਸੀ ਕਿ ਉਹ ਕੌਮੀ ਵਰਕਿੰਗ ਦੀ ਮੀਟਿੰਗ ਤੋਂ ਬਾਅਦ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਪੰਜਾਬ ਵਿਚਲੇ ਹਾਲਾਤ ਸਬੰਧੀ ਗੱਲਬਾਤ ਕਰ ਕੇ ਉਨ੍ਹਾਂ ਤੋਂ ਅਗਲੀ ਕਾਰਵਾਈ ਲਈ ਆਦੇਸ਼ ਲੈਣਗੇ । 
ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਧਾਇਕਾਂ ਤੇ ਮੰਤਰੀਆਂ ਨੇ ਵੀ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ। ਮੁੱਖ ਮੰਤਰੀ ਨੂੰ ਘੇਰਨ ਲਈ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰੀ ਕੋਠੀ ’ਤੇ ਬੀਤੇ ਮੰਗਲਵਾਰ ਨੂੰ ਇਕ ਦਰਜਨ ਦੇ ਕਰੀਬ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਧਾਇਕਾਂ ਨੇ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ’ਤੇ ਚਰਚਾ ਕੀਤੀ। ਮੀਟਿੰਗ ਵਿਚ ਚਰਨਜੀਤ ਸਿੰਘ ਚੰਨੀ ਤੇ ਅਰੁਣਾ ਚੌਧਰੀ ਤੋਂ ਇਲਾਵਾ ਵਿਧਾਇਕ ਰਾਜ ਕੁਮਾਰ ਵੇਰਕਾ, ਸੰਤੋਖ ਸਿੰਘ ਭਲਾਈਪੁਰ, ਨਿਰਮਲ ਸਿੰਘ ਸ਼ੁਤਰਾਣਾ, ਡਾ. ਹਰਜੋਤ ਕਮਲ, ਸੰਗਤ ਸਿੰਘ ਗਿਲਜੀਆਂ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਲਾਡੀ ਆਦਿ ਸ਼ਾਮਲ ਹੋਏ ਜਦੋਂ ਕਿ ਕਈ ਵਿਧਾਇਕਾਂ ਨੇ ਵਰਚੁਅਲ ਰੂਪ ਵਿਚ ਆਪਣੀ ਹਾਜ਼ਰੀ ਲੁਆਈ ਹੈ।
ਐੱਸਸੀ ਤੇ ਬੀਸੀ ਵਰਗ ਦੇ ਮੰਤਰੀਆਂ, ਵਿਧਾਇਕਾਂ ਵੱਲੋਂ ਮੀਟਿੰਗ ਕਰਨ ਤੋਂ ਇਕ ਗੱਲ ਸਾਫ਼ ਹੋ ਗਈ ਹੈ ਕਿ ਮੁੱਖ ਮੰਤਰੀ ਕੈਪਟਨ ਖ਼ਿਲਾਫ਼ ਪਾਰਟ ਅੰਦਰ ਖ਼ਾਨਾਜੰਗੀ ਵਧਦੀ ਜਾ ਰਹੀ ਹੈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋਂ, ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਵੱਖ-ਵੱਖ ਮੁੱਦਿਆਂ ’ਤੇ ਮੁੱਖ ਮੰਤਰੀ ਨੂੰ ਘੇਰਦੇ ਰਹੇ ਹਨ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇੇ ਤਾਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ। ਇਹ ਗੱਲ ਵੱਖਰੀ ਹੈ ਕਿ ਮੁੱਖ ਮੰਤਰੀ ਨੇ ਦੋਵੇਂ ਦੇ ਅਸਤੀਫ਼ੇ ਮੀਟਿੰਗ ਵਿਚ ਹੀ ਪਾੜ ਦਿੱਤੇ ਸਨ।                            
   ਸੋਨੀਆ ਗਾਂਧੀ ਸੰਭਾਲੇਗੀ ਕਮਾਨ
 ਪੰਜਾਬ ਕਾਂਗਰਸ ਵਿਚ ਬਗਾਵਤ ਦਾ ਸੇਕ ਹਾਈਕਮਾਨ ਤੱਕ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਛੇਤੀ ਹੀ ਇਸ ਮਾਮਲੇ ਵਿਚ ਸਿੱਧਾ ਦਖ਼ਲ ਦੇ ਸਕਦੇ ਹਨ। ਬੇਸ਼ੱਕ ਹੁਣ ਤੱਕ ਕਿਸੇ ਪ੍ਰਸਤਾਵਿਤ ਬੈਠਕ ਨੂੰ ਲੈ ਕੇ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਹਾਈਕਮਾਨ ਦੇ ਪੱਧਰ ’ਤੇ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਸਿਲਸਿਲੇਵਾਰ ਬੈਠਕ ਹੋਣਾ ਤੈਅ ਹੈ।  
    ਸਿਧੂ ਦਾ ਵਿਰੋਧ ਜਾਰੀ
  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ 'ਚ ਖੁੱਲ੍ਹ ਕੇ ਨਿੱਤਰਦੇ ਹੋਏ ਕਈ ਕੈਬਨਿਟ ਮੰਤਰੀਆਂ ਨੇ ਕਾਂਗਰਸ ਹਾਈਕਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਾਗੀ ਵਿਧਾਇਕ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ।  ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਨੇ ਇਕਜੁਟ ਹੋ ਕੇ ਸਿੱਧੂ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਕਰੜੇ ਹੱਥੀਂ ਲਿਆ ਅਤੇ ਉਸੇ ਪਾਰਟੀ ਦਾ ਚੁਣਿਆ ਵਿਧਾਇਕ ਹੋਣ ਦੇ ਬਾਵਜੂਦ ਮੁੱਖ ਮੰਤਰੀ ਦੀ ਖੁੱਲ੍ਹ ਕੇ ਆਲੋਚਨਾ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ । ਮੰਤਰੀਆਂ ਨੇ ਕਿਹਾ ਕਿ ਸਿੱਧੂ ਵਲੋਂ ਮੁੱਖ ਮੰਤਰੀ ਖ਼ਿਲਾਫ਼ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਇਕ ਲੋਕਤੰਤਰੀ ਸਿਆਸੀ ਦਲ ਦੇ ਨਾਰਾਜ਼ ਮੈਂਬਰ ਦਾ ਗੁੱਸਾ ਕਹਿ ਕੇ ਹੁਣ ਹੋਰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਇਹ ਖੁੱਲ੍ਹੀ ਬਗਾਵਤ ਉਸ ਵੇਲੇ ਕਾਂਗਰਸ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ ਜਦੋਂ ਕਿ ਵਿਧਾਨ ਸਭਾ ਚੋਣਾਂ 'ਚ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ । ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ   ਕਿਹਾ ਕਿ ਸਿੱਧੂ ਬੇਅਦਬੀ-ਗੋਲੀਕਾਂਡ ਦੇ ਮੁੱਦੇ ਤੋਂ ਖਫ਼ਾ ਨਹੀਂ ਹੈ, ਸਗੋਂ ਉਨ੍ਹਾਂ ਦੀ ਲੜਾਈ ਤਾਂ ਸਥਾਨਕ ਸਰਕਾਰਾਂ ਵਿਭਾਗ ਦੇ ਖੁੱਸ ਜਾਣ ਦੇ ਸਮੇਂ ਤੋਂ ਚੱਲੀ ਆ ਰਹੀ ਹੈ।