ਗੁਰੂ ਤੇਗ ਬਹਾਦਰ ਜੀ ਦਾ ਜੁਝਾਰੂ ਫਲਸਫਾ
ਪ੍ਰਕਾਸ਼ ਸ਼ਤਾਬਦੀ ਉਪਰ ਵਿਸ਼ੇਸ਼
ਇਤਿਹਾਸ
ਸਤਨਾਮ ਚਾਨਾ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਇਤਿਹਾਸ ਵਿਚ ਇਕ ਯੁੱਗ ਪਲਟਾਊ ਘਟਨਾ ਸੀ। ਇਸ ਨੇ ਪੰਜਾਬ ਦੇ ਇਤਿਹਾਸ ਨੂੰ ਨਵਾਂ ਅਤੇ ਕ੍ਰਾਂਤੀਕਾਰੀ ਮੋੜ ਦਿੱਤਾ। ਤਾਰੀਖ ਵਿਚ ਬਹੁਤ ਸ਼ਹੀਦੀਆਂ ਅਤੇ ਕੁਰਬਾਨੀਆਂ ਹੋਈਆਂ ਹਨ ਪਰ ਬਹੁਤ ਘੱਟ ਨੇ ਕੌਮਾਂ ਅਤੇ ਖੇਤਰਾਂ ਦੇ ਇਤਿਹਾਸ ’ਤੇ ਇੰਨਾ ਅਸਰ ਪਾਇਆ ਹੈ ਜਿੰਨਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ। ਸਾਰੀ ਦੁਨੀਆਂ 1 ਅਪਰੈਲ 2021 ਨੂੰ ਗੁਰੂ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਹੈ. ਕਿਰਤ ਦੀ ਕ੍ਰਾਂਤੀ ਲਈ ਗੁਰੂ ਤੇਗ ਬਹਾਦਰ ਦਾ ਯੋਗਦਾਨ ਸਭ ਤੋਂ ਵਧੇਰੇ ਸੰਜੀਦਾ ਖੋਜ ਦਾ ਵਿਸ਼ਾ ਹੈ। ਇਹ ਨਿਰਵਿਵਾਦ ਹੈ ਕਿ ਗੁਰੂ ਤੇਗ ਬਹਾਦਰ ਦੇ ਸੰਘਰਸ਼ ਦਾ ਕੇਂਦਰੀ ਨੀਤੀਵਾਕ ਸੀ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।’ ਪਿੰਨਕੋਟ ਦੇ ਹਵਾਲੇ ਨਾਲ ਇੰਦੂ ਭੂਸ਼ਨ ਬੈਨਰਜੀ ਨੇ ਲਿਖਿਆ ਹੈ ਕਿ ‘‘ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਤੇਗ ਬਹਾਦਰ ਨੇ ਆਪਣਾ ਜੀਵਨ ਮੁਗ਼ਲਾਂ ਦੀ ਹਕੂਮਤ ਦੇ ਹਥਿਆਰਬੰਦ ਵਿਰੋਧ ਵਿੱਚ ਗੁਜ਼ਾਰਿਆ’’। ਉਹ ਆਪਣੀ ਚੜ੍ਹਦੀ ਜਵਾਨੀ ਤੋਂ ਹੀ ਦਿਲ ਗੁਰਦੇ ਵਾਲੇ ਜੁਝਾਰੂ ਸਨ। ਉਨ੍ਹਾਂ ਨੇ ਗੁਰੂ ਹਰਿਗੋਬਿੰਦ ਦੀ, ਕਰਤਾਪੁਰ ਵਿਚ ਲੜੀ ਗਈ ਜੰਗ ਸਮੇਂ ਬਹਾਦਰੀ ਦੇ ਕਰਤਬ ਦਿਖਾਏ ਸਨ। ਬੈਨਰਜੀ ਅਨੁਸਾਰ ‘‘ਗੁਰੂ ਹਰਿਗੋਬਿੰਦ ਜੀ ਨੇ ਆਪਣੇ ਛੋਟੇ ਪੁੱਤਰ ਨੂੰ ਤਲਵਾਰ ਦੇ ਜੌਹਰ ਦਿਖਾਉਂਦਿਆਂ ਦੇਖ ਫਰਮਾਇਆ ਸੀ, ‘ਤੂੰ ਤਿਆਗ ਮੱਲ ਨਹੀਂ, ਤੇਗ ਬਹਾਦਰ ਹੈਂ’।’’ ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਨਾਮ ਤਿਆਗ ਮੱਲ ਸੀ। ਇੱਥੇ ਕੁਝ ਇਤਿਹਾਸਕਾਰਾਂ ਨੇ ਕਿਹਾ ਹੈ ਕਿ ਇਸ ਜੰਗ ਉਪਰੰਤ ਗੁਰੂ ਤੇਗ ਬਹਾਦਰ ਦੀ ਮਾਨਸਿਕਤਾ ਵਿਚ ਪਰਿਵਰਤਨ ਆ ਗਿਆ ਤੇ ਉਹ ਭਜਨ ਬੰਦਗੀ ਵਿਚ ਲੱਗ ਗਏ। ਅਮਨ ਚੈਨ ਅਤੇ ਭਗਤੀ ਵਿਚੋਂ ਬਹੁਤ ਸਾਰੇ ਲੇਖਕਾਂ ਨੇ ਸ਼ਕਤੀ ਦੀ ਭੂਮਿਕਾ ਨੂੰ ਉੱਕਾ ਹੀ ਖਾਰਜ ਕਰ ਦਿੱਤਾ ਹੈ।
ਗੁਰੂ ਸਾਹਿਬ ਵੱਲੋਂ ਗੱਦੀ ਸੰਭਾਲਣ ਉਪਰੰਤ ਜਦੋਂ ਧੀਰ ਮੱਲੀਆਂ ਨੇ ਹਿੰਸਾ ਕੀਤੀ ਅਤੇ ਗੁਰੂ ਸਾਹਿਬ ’ਤੇ ਗੋਲ਼ੀ ਵੀ ਚਲਾਈ ਤਾਂ ਗੁਰੂ ਸਾਹਿਬ ਦੇ ਸ਼ਰਧਾਲੂਆਂ ਨੇ ਭਾਈ ਮੱਖਣ ਸ਼ਾਹ ਲੁਬਾਣਾ ਦੀ ਅਗਵਾਈ ਵਿਚ ਧੀਰ ਮੱਲੀਆਂ ਵਿਰੁੱਧ ਸ਼ਸਤਰਾਂ ਦਾ ਪ੍ਰਯੋਗ ਕੀਤਾ ਸੀ। ਉਸ ਉਪਰੰਤ ਪੂਰੀ ਤਰ੍ਹਾਂ ਅਮਨ ਚੈਨ ਹੋ ਗਿਆ ਸੀ। ਗੁਰਗੱਦੀ ਉੱਪਰ ਬੈਠਦੇ ਸਾਰ ਹੀ ਵਿਰੋਧੀਆਂ ਨੇ ਗੁਰੂ ਸਾਹਿਬ ਦੇ ਪੈਰੋਕਾਰਾਂ ਨੂੰ ਸ਼ਸਤਰ ਇਸਤੇਮਾਲ ਕਰਨ ਲਈ ਮਜਬੂਰ ਕਰ ਦਿੱਤਾ। ਸ਼ਕਤੀ ਤੇ ਸ਼ਸਤਰ ਹੀ ਅਮਨ ਦੀ ਗਾਰੰਟੀ ਸਾਬਤ ਹੋਏ। ‘ਪੁਰਖ ਭਗਵੰਤ’ ਦੇ ਲੇਖਕ ਸਤਿਬੀਰ ਸਿੰਘ ਅਨੁਸਾਰ ਗੁਰਗੱਦੀ ਗੁਰੂ ਹਰਿਰਾਏ ਨੂੰ ਬਖ਼ਸ਼ਿਸ਼ ਕਰਨ ਸਮੇਂ ਵੀ, ਜਦੋਂ ਬੇਬੇ ਨਾਨਕੀ ਨੇ ਗੁਰੂ ਹਰਿਗੋਬਿੰਦ ਤੋਂ ਤੇਗ ਬਹਾਦਰ ਲਈ ਵੀ ਕੁਝ ਬਖ਼ਸ਼ਿਸ਼ ਕਰਨ ਦੀ ਮੰਗ ਕੀਤੀ ਸੀ ਤਾਂ ਉਨ੍ਹਾਂ ਨੇ ‘ਇਕ ਰੁਮਾਲ, ਇਕ ਪੋਥੀ ਅਤੇ ਇਕ ਕਟਾਰ’ ਦਿੱਤੇ ਸਨ ਅਤੇ ਕਿਹਾ ਸੀ ਕਿ ਭਵਿੱਖ ਵਿਚ ਉਹ ਇਨ੍ਹਾਂ ਦੀ ਵਰਤੋਂ ਕਰਨਗੇ। ਗੁਰਗੱਦੀ ਸੰਭਾਲਣ ਸਮੇਂ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਜੀ ਦੇ ਸ਼ਸਤਰ ਸੌਂਪੇ ਗਏ ਸਨ।
‘ਦਿ ਸਿੱਖਜ਼’ ਕਿਤਾਬ ਦਾ ਲੇਖਕ ਜੋਹਨ ਗੋਰਡੋਨ ਦੱਸਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਸਤਲੁਜ ਕਿਨਾਰੇ ਇਕ ਕਿਲ੍ਹਾ ਉਸਾਰਿਆ ਜਿਸ ਨੂੰ ਉਨ੍ਹਾਂ ਨੇ ਆਪਣੇ ਧਾਰਮਿਕ ਅਤੇ ਸੈਨਿਕ ‘ਹੈੱਡਕੁਆਰਟਰ’ ਵਜੋਂ ਸਥਾਪਤ ਕੀਤਾ। ਇਸੇ ਪ੍ਰਕਾਰ ਇਤਿਹਾਸਕਾਰ ਮੁਹੰਮਦ ਲਤੀਫ਼, ਕੁਝ ਉਜ਼ਰਾਂ ਦੇ ਬਾਵਜੂਦ ਸਵੀਕਾਰਦਾ ਹੈ ਕਿ ‘‘ਉਹ ਬੜੇ ਬਹਾਦਰ ਅਤੇ ਸੂਰਮਾ ਵਿਅਕਤੀ ਸਨ’’, ‘‘ਉਨ੍ਹਾਂ ਨੇ ਆਪਣੀ ਖ਼ੁਦ ਦੀ ਮਿਸਾਲ ਅਤੇ ਕਰਨੀ ਨਾਲ ਸਿੱਖਾਂ ਨੂੰ ਜੰਗਜੂ ਲੋਕਾਂ ਦਾ ਰੂਪ ਦੇਣ ਵਿੱਚ ਘੱਟ ਕੰਮ ਨਹੀਂ ਕੀਤਾ’’, ‘‘ਉਨ੍ਹਾਂ ਦੇ ਝੰਡੇ ਥੱਲੇ ਬੇਅੰਤ ਸੰਗਤਾਂ ਜਮ੍ਹਾਂ ਹੋ ਗਈਆਂ। ... ਉਨ੍ਹਾਂ ਨੇ ਅਨੰਦਪੁਰ ਵਿਚ ਕਿਲ੍ਹਾ ਉਸਾਰਿਆ’’। ਸੋਹਣ ਸਿੰਘ ਸੀਤਲ ਦਾ ਵਿਚਾਰ ਹੈ ਕਿ ‘‘ਗੁਰੂ ਹਰਿਗੋਬਿੰਦ ਸਾਹਿਬ ਤੋਂ ਗੁਰਗੱਦੀ ਦੀ ਸ਼ਾਨ ਬਾਦਸ਼ਾਹਾਂ ਵਰਗੀ ਬਣ ਗਈ ਸੀ। ਗੁਰੂ ਮਹਾਰਾਜ ਕਲਗੀ ਲਾ ਕੇ ਸ਼ਾਹੀ ਤਖ਼ਤ ਸਜਾ ਕੇ ਉੱਪਰ ਬੈਠਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਵੀ ਉਸੇ ਮਰਯਾਦਾ ਦੀ ਪਾਲਣਾ ਕਰ ਰਹੇ ਸਨ।’’ ਅਕਤੂਬਰ 1665 ਵਿਚ ਜਦੋਂ ਧਮਧਾਮ ਦੇ ਸਥਾਨ ਤੋਂ ਆਲਮ ਖਾਨ ਰੁਹੇਲੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿ੍ਫ਼ਤਾਰ ਕੀਤਾ ਸੀ ਤਾਂ ਉਸ ਸਮੇਂ ਤੱਕ ਕਸ਼ਮੀਰੀ ਪੰਡਤਾਂ ਨਾਲ ਜੁੜਿਆ ਕੋਈ ਵੀ ਮਸਲਾ ਰਾਜਨੀਤਕ ਪੱਧਰ ’ਤੇ ਇਸ ਪ੍ਰਕਾਰ ਨਹੀਂ ਉੱਭਰਿਆ ਹੋਇਆ ਸੀ। ਤਾਂ ਫਿਰ ਉਸ ਸਮੇਂ ਗ੍ਰਿਫ਼ਤਾਰੀ ਦਾ ਕੀ ਕਾਰਨ ਸੀ? ਕਸ਼ਮੀਰੀ ਪੰਡਤਾਂ ਉੱਪਰ ਜ਼ੁਲਮ ਦਾ ਦੌਰ ਕਿਤੇ ਬਾਅਦ, ਸ਼ੇਰ ਅਫ਼ਗਾਨ ਦੇ ਸਮੇਂ ਅਰੰਭ ਹੋਇਆ ਸੀ। ਸਿੱਖ ਇਤਿਹਾਸ ਦੇ ਕਰਤਾ ਪ੍ਰੋ. ਕਰਤਾਰ ਸਿੰਘ ਅਨੁਸਾਰ ਔਰੰਗਜ਼ੇਬ ਨੇ ਹਿੰਦੂਆਂ ਦੇ ਧਾਰਮਿਕ ਸਥਾਨ ਢਹਿ ਢੇਰੀ ਕਰਨ ਦੇ ਹੁਕਮ ਵੀ ਉਸ ਤੋਂ ਚਾਰ ਸਾਲ ਬਾਅਦ 1669 ਈ. ਵਿਚ ਜਾਰੀ ਕੀਤੇ ਸਨ। ਇਫਤਖਾਰ ਖ਼ਾਨ ਨੂੰ ਬਾਅਦ ਵਿਚ ਹੀ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ ਜਾਂਦਾ ਹੈ। ਮੁਹੰਮਦ ਲਤੀਫ਼ ਅਨੁਸਾਰ ਪਹਿਲੀ ਗ੍ਰਿਫ਼ਤਾਰੀ ਸਮੇਂ ਗੁਰੂ ਸਾਹਿਬ ਉੱਪਰ ਇਹ ਦੋਸ਼ ਲਾਇਆ ਗਿਆ ਸੀ ਕਿ ਉਹ ਆਪਣਾ ਰਾਜ ਸਥਾਪਤ ਕਰਨਾ ਅਤੇ ਲੋਕ ਅਮਨ ਵਿਚ ਗੜਬੜ ਉਤਪੰਨ ਕਰਨਾ ਚਾਹੁੰਦੇ ਹਨ। ਇਹ ‘ਇਲਜ਼ਾਮ’ ਅਤੇ ਇਹ ‘ਕਾਰਵਾਈ’ ਪਹਿਲੇ ਗੁਰੂ ਸਾਹਿਬਾਨ ਦੇ ਸੰਘਰਸ਼ ਦੀ ਲਗਾਤਾਰਤਾ ਦਾ ਹੀ ਅਗਲਾ ਪੜਾਅ ਸੀ। ਪਰ ਇਸ ਗ੍ਰਿਫ਼ਤਾਰੀ ਸਮੇਂ ਜੈਪੁਰ ਦੇ ਮਿਰਜ਼ਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਨੇ ਦਖ਼ਲ ਦੇ ਕੇ ਅਤੇ ਜ਼ਮਾਨਤ ਦੇ ਕੇ ਉਨ੍ਹਾਂ ਨੂੰ ਬੰਦੀਖਾਨੇ ਵਿੱਚ ਨਾ ਜਾਣ ਦਿੱਤਾ ਜਿਸ ਕਰਕੇ ਉਨ੍ਹਾਂ ਨੂੰ ਰਾਜਾ ਰਾਮ ਸਿੰਘ ਦੇ ਮਹੱਲ ਵਿੱਚ ਰੱਖਿਆ ਗਿਆ ਸੀ ਅਤੇ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ ਸੀ। ਗੁਰੂ ਤੇਗ ਬਹਾਦਰ ਜੀ ਦੀ ਇਹ ਪਹਿਲੀ ਗ੍ਰਿਫ਼ਤਾਰੀ ਸੀ ਜੋ ਮੁਗ਼ਲ ਸਲਤਨਤ ਦੇ ਸੂਹੀਆਂ ਦੀਆਂ ਅਜਿਹੀਆਂ ਸੂਚਨਾਵਾਂ ਦੇ ਆਧਾਰ ’ਤੇ ਕੀਤੀ ਗਈ ਸੀ ਕਿ ਗੁਰੂ ਤੇਗ ਬਹਾਦਰ ਲੋਕਾਂ ਅੰਦਰ ਨਵੀਂ ਲਹਿਰ ਪੈਦਾ ਕਰ ਰਹੇ ਹਨ, ਨਵੇਂ ਵਿਚਾਰਾਂ ਨਾਲ ਜਾਗਰਤ ਕਰ ਰਹੇ ਹਨ ਅਤੇ ਦਿਨੋ ਦਿਨ ਬੜੀ ਸ਼ਕਤੀ ਹਾਸਲ ਕਰਦੇ ਜਾ ਰਹੇ ਹਨ। ਇਸੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਪਹਿਲਾ ਤਰਜਮਾ ਕਰਨ ਵਾਲਾ ਵਿਦਵਾਨ ਅਰਨੈਸਟ ਟਰੰਪ ਲਿਖਦਾ ਹੈ ਕਿ ‘‘ਗੁਰੂ ਜੀ ਕੋਈ ਸ਼ਾਂਤਮਈ ਧਾਰਮਿਕ ਆਗੂ ਨਹੀਂ ਸਨ ਜਾਪਦੇ ਸਗੋਂ ਆਪਣੇ ਸ਼ਸਤਰਧਾਰੀ ਪੈਰੋਕਾਰਾਂ ਦੇ ਆਗੂ ਸਨ।’’ ਇਤਿਹਾਸਕਾਰ ਯਾਦੂ ਨਾਥ ਸਰਕਾਰ ਵੀ ਲਿਖਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਨੂੰ ਸ਼ਸਤਰ ਤਿਆਗ ਦੇਣ ਲਈ ਕਿਹਾ ਸੀ। ਮੁਹੰਮਦ ਲਤੀਫ਼ ਦਾ ਦਾਅਵਾ ਹੈ, ਜਿਸ ਦੀ ਪੁਸ਼ਟੀ ਇਕ ਹੱਦ ਤੱਕ ਮੈਕਸ ਆਰਥਰ ਮੈਕਾਲਿਫ਼ (ਇਸ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ) ਨੇ ਵੀ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਕੋਲ 1000 ਘੋੜਸਵਾਰ ਸਨ। ਉਸ ਦਾ ਇਹ ਵੀ ਦਾਅਵਾ ਹੈ ਕਿ ਗੁਰੂ ਸਾਹਿਬ ਨੇ ‘‘ਪੇਂਡੂ ਕਬੀਲਿਆਂ ਵਿਚੋਂ ਸ਼ਸਤਰਧਾਰੀ ਸ਼ਰਧਾਲੂ ਭਰਤੀ ਕਰ ਲਏ ਸਨ’’। ਮੁਹੰਮਦ ਲਤੀਫ਼ ਅਨੁਸਾਰ ਗੁਰੂ ਸਾਹਿਬ ਨੇ ‘‘ਮੁਗ਼ਲ ਰਾਜ ਦੇ ਉਨ੍ਹਾਂ ਭਗੌੜਿਆਂ ਨੂੰ ਪਨਾਹ ਦੇਣੀ ਸ਼ੁਰੂ ਕਰ ਦਿੱਤੀ ਜੋ ਨੱਸ ਕੇ ਉਨ੍ਹਾਂ ਦੀ ਸ਼ਰਨ ਜਾ ਪੈਂਦੇ ਸਨ।’’ ਇਸ ਦੇ ਨਾਲ ਹੀ ਰਲਦਾ ਮਿਲਦਾ ਕਥਨ ਇਤਿਹਾਸਕਾਰ ਖੁਸ਼ਵਕਤ ਰਾਏ ਦਾ ਹੈ ਕਿ ‘‘ਗੁਰੂ ਜੀ ਨੇ ਘੋੜਸਵਾਰਾਂ ਤੇ ਊਠਸਵਾਰਾਂ ਦਾ ਇਕ ਦਸਤਾ ਤਿਆਰ ਕੀਤਾ’’, ‘‘ਕਾਰਖਾਨੇ ਕਾਇਮ ਕਰਨ ਦੇ ਰਾਖਵੇਂ ਸ਼ਾਹੀ ਅਧਿਕਾਰ ਵਿਚ ਦਖਲ ਦਿੱਤਾ’’ ਅਤੇ ‘‘ਬਾਗ਼ੀ ਅਮੀਰਾਂ, ਅਜਾਰੇਦਾਰਾਂ, ਜ਼ਿਮੀਂਦਾਰਾਂ, ਮੁਣਸ਼ੀਆਂ, ਮੁਸਤਦੀਆਂ ਨੂੰ ਆਪਣੇ ਦਰਬਾਰ ਵਿਚ ਪਨਾਹ ਲੈਣ ਦਾ ਹੌਸਲਾ ਦਿੱਤਾ। ਜਿੱਥੇ ਉਨ੍ਹਾਂ ਨੂੰ ਉੱਚੀ ਇੱਜ਼ਤ ਦੀਆਂ ਪਦਵੀਆਂ ਦਿੱਤੀਆਂ’’। ਇਸ ਤੋਂ ਇਲਾਵਾ ਜਗਜੀਤ ਸਿੰਘ ਨੇ ਸਿੱਖਾਂ ਦਾ ਇਤਿਹਾਸ ਲਿਖਣ ਵਾਲੇ ਅੰਗਰੇਜ਼ ਇਤਿਹਾਸਕਾਰ ਜੇ.ਡੀ. ਕਨਿੰਘਮ ਅਤੇ ਮੁਹੰਮਦ ਲਤੀਫ਼ ਦੇ ਹਵਾਲਿਆਂ ਨਾਲ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦੀਆਂ ‘‘ਆਪਣੇ ਸਿੱਖਾਂ ਨੂੰ ਵਾਰ ਵਾਰ ਦਿੱਤੀਆਂ ਹਦਾਇਤਾਂ ਕਿ ਉਹ ਉਨ੍ਹਾਂ ਦੇ ਤੀਰਾਂ ਦੇ ਨਿਸ਼ਾਨ ਵਿਖਾਉਣ ਵਾਲਿਆਂ ਦਾ ਹੁਕਮ ਮੰਨਣ, ਭਗਤੀ ਦੀਆਂ ਭਾਵਨਾਵਾਂ ਨਾਲੋਂ ਬਾਦਸ਼ਾਹੀ ਦੀ ਸਪਿਰਟ ਨੂੰ ਵਧੇਰੇ ਜ਼ਾਹਰ ਕਰਦੀਆਂ ਹਨ।’’
ਫੇਰ ਵੀ ਜਿਹੜੇ ਇਤਿਹਾਸਕਾਰ ਗੁਰੂ ਤੇਗ ਬਹਾਦਰ ਜੀ ਨੂੰ ਸਿਰਫ਼ ਬੰਦਗੀ ਅਤੇ ਸ਼ਾਂਤੀ ਦੇ ਦ੍ਰਿਸ਼ਟੀਕੋਣ ਤੋਂ ਹੀ ਪੇਸ਼ ਕਰਦੇ ਹਨ ਉਨ੍ਹਾਂ ਦੀਆਂ ਆਪਣੀਆਂ ਲਿਖਤਾਂ ਵਿਚ ਵੀ ਅਨੇਕਾਂ ਅਜਿਹੇ ਵਾਕਿਆਤ ਅੰਕਿਤ ਹਨ ਜਿਹੜੇ ਗੁਰੂ ਸਾਹਿਬ ਦੇ ਜੁਝਾਰੂ ਤੇ ਸ਼ਸਤਰਧਾਰੀ ਜੀਵਨ ਦਾ ਸਬੂਤ ਪੇਸ਼ ਕਰਦੇ ਹਨ। ਅਜਿਹੇ ਵਾਕਿਆਤ ਸਾਬਤ ਕਰਦੇ ਹਨ ਕਿ ਗੁਰੂ ਸਾਹਿਬ ਹਰ ਵਕਤ ਆਪਣੇ ਕੋਲ ਕਈ ਪ੍ਰਕਾਰ ਦੇ ਸ਼ਸਤਰ ਰੱਖਦੇ ਸਨ। ਜਿਵੇਂ ਮੈਕਾਲਿਫ ਦੱਸਦਾ ਹੈ ਕਿ ਭੀਖੀ ਪਿੰਡ ਦੇ ਦੇਸੂ ਨਾਮ ਦੇ ਇਕ ਵਿਅਕਤੀ ਨੂੰ, ਜਿਹੜਾ ਸਖੀ ਸਰਵਰ ਦਾ ਚੇਲਾ ਸੀ, ਗੁਰੂ ਜੀ ਨੇ ਯਾਦ ਵਜੋਂ ਤੀਰਾਂ ਦੀ ਬਖ਼ਸ਼ਿਸ਼ ਕੀਤੀ ਅਤੇ ਆਪਣੇ ਇਕ ਹੋਰ ਸ਼ਰਧਾਲੂ ਭਗਤ ਭਗਵਾਨ ਨੂੰ ਤਲਵਾਰ ਬਖ਼ਸ਼ੀ ਅਤੇ ਬਨਾਰਸ ਦੀ ਸੰਗਤ ਨੂੰ ਮ੍ਰਿਦੰਗ (ਸਾਜ਼) ਦੀ ਬਖ਼ਸ਼ਿਸ਼ ਕੀਤੀ। ਗੁਰੂ ਸਾਹਿਬ ਆਪ ਜਮਨਾ ਤੋਂ ਪਾਰ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਗੁਰੂ ਸਾਹਿਬ ਜਦੋਂ ਅਸਾਮ ਵਿਚ ਸਨ ਤਾਂ ਉਨ੍ਹਾਂ ਨੇ ਪਿੱਪਲ ਦੇ ਰੁੱਖ ਵਿਚ ਤੀਰ ਮਾਰ ਕੇ ਆਰ ਪਾਰ ਕਰ ਦਿੱਤਾ ਸੀ ਆਦਿ। ਸ਼ਸਤਰਾਂ ਨਾਲ ਜੁੜੇ ਤਕਰੀਬਨ ਸਾਰੇ ਵਾਕਿਆਤ ਉਨ੍ਹਾਂ ਇਤਿਹਾਸਕਾਰਾਂ ਨੇ ਵੀ ਆਪਣੀਆਂ ਲਿਖਤਾਂ ਵਿਚ ਦਰਜ਼ ਕੀਤੇ ਹਨ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ।
ਇਸ ਪ੍ਰਕਾਰ ਆਸਾਮ ਵਿਚ ਰਾਜਾ ਰਾਮ ਸਿੰਘ ਦੀ ਮੁਹਿੰਮ ਦੌਰਾਨ ਗੁਰੂ ਤੇਗ ਬਹਾਦਰ ਜੀ ਦੀ ਭੂਮਿਕਾ ਨਾਲ ਜੁੜੀਆਂ ਘਟਨਾਵਾਂ ਬਾਰੇ ਵੀ ਕੁਝ ਸਵਾਲ ਅਣਸੁਲਝੇ ਪਏ ਹਨ।
ਆਸਾਮ ਦੀ ਮੁਹਿੰਮ ਦੇ ਨਤੀਜਿਆਂ ਦਾ ਜ਼ਿਕਰ ਕਰਦਿਆਂ ਖਜ਼ਾਨ ਸਿੰਘ ਲਿਖਦਾ ਹੈ ਕਿ ‘‘ਆਸਾਮ ਦੇ ਰਾਜਿਆਂ ਨੂੰ ਹਾਰ ਹੋਈ ਸੀ ਅਤੇ ਗੌਰੀਪੁਰ ਦੇ ਰਾਜੇ ਨੇ ਗੁਰੂ ਤੇਗ ਬਹਾਦਰ ਜੀ ਰਾਹੀਂ ਸੰਧੀ ਕਰ ਲਈ ਸੀ।’’ ਗੌਰੀਪੁਰ ਦਾ ਰਾਜਾ ਰਾਮ ਰਾਏ ਅਸਲ ਵਿਚ ਇਕ ਵੱਡਾ ਜਾਗੀਰਦਾਰ ਹੀ ਸੀ ਜੋ ਰਾਜਾ ਕਰਕੇ ਜਾਣਿਆ ਜਾਂਦਾ ਸੀ। ਦੂਜੇ ਪਾਸੇ ਮੈਕਾਲਿਫ਼ ਦਾ ਮੰਨਣਾ ਹੈ ਕਿ ਰੰਗਮਈ ਦੇ ਰਾਜਾ ਨੇ ਰਾਜਾ ਰਾਮ ਸਿੰਘ ਨਾਲ, ਗੁਰੂ ਜੀ ਦੇ ਪ੍ਰਭਾਵ ਸਦਕਾ ਸਮਝੌਤਾ ਕਰ ਲਿਆ ਸੀ ਅਤੇ ਉਨ੍ਹਾਂ ਨੇ ਆਪਸ ਵਿਚ ਪੱਗਾਂ ਵੀ ਵਟਾਈਆਂ ਸਨ। ਜਦੋਂਕਿ ਸਤਿਬੀਰ ਸਿੰਘ ਦਾ ਮੰਨਣਾ ਹੈ ਕਿ ‘‘670 ਨੂੰ ਗੁਰੂ ਜੀ ਨੇ ਅਸਾਮੀਆਂ ਤੇ ਮੁਗ਼ਲ ਫ਼ੌਜਾਂ ਵਿਚ ਸੁਲਾਹ ਕਰਾ ਦਿੱਤੀ। ਗੁਰੂ ਜੀ ਦੇ ਕਹਿਣ ’ਤੇ ਦੋਵੇਂ ਧਿਰਾਂ ਪੁਰਾਣੀਆਂ ਸਰਹੱਦਾਂ ’ਤੇ ਚਲੀਆਂ ਗਈਆਂ। ਕਈ ਜਾਨਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ।’’ ਆਸਾਮ ਵਿਚ ਦੋ ਸਾਲ ਗੁਜ਼ਾਰਨ ਉਪਰੰਤ ਗੁਰੂ ਤੇਗ ਬਹਾਦਰ ਜੀ ਪਹਿਲਾਂ ਆਪ ਪੰਜਾਬ ਆਏ ਅਤੇ ਬਾਅਦ ਵਿਚ ਸਾਰਾ ਪਰਿਵਾਰ (ਗੁਰੂ) ਗੋਬਿੰਦ ਰਾਏ ਨੂੰ ਨਾਲ ਲੈ ਕੇ ਆਨੰਦਪੁਰ ਪਹੁੰਚ ਗਿਆ। ਗੁਰੂ ਸਾਹਿਬ ਦੀ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਔਰੰਗਜ਼ੇਬ ਦੇ ਜ਼ੁਲਮਾਂ ਵਿਚ ਵਾਧਾ ਹੁੰਦਾ ਗਿਆ। ਫ਼ਿਰਕੂ ਜਨੂੰਨ ਉਸ ਦੇ ਸਿਰ ਨੂੰ ਚੜ੍ਹ ਗਿਆ ਸੀ। ਔਰੰਗਜ਼ੇਬ ਵੱਲੋਂ ਏਨੀ ਅਤਿ ਚੁੱਕਣ ਦਾ ਕਾਰਨ ਸ਼ਾਇਦ ਉਸ ਦੇ ਮਨ ਵਿਚ ਬੈਠ ਰਿਹਾ ਭੈਅ ਸੀ। ਬਾਅਦ ਵਿਚ ਜਲਦੀ ਹੀ ਉਸ ਦਾ ਇਹ ਭੈਅ ਸਚਾਈ ਵਿਚ ਬਦਲ ਗਿਆ। ਉਹ ਸੱਚਮੁੱਚ ਇਸਲਾਮ ਦੇ ‘‘ਭੱਥੇ ਦਾ ਆਖਰੀ ਤੀਰ’’ (ਖਦੰਗੇ ਆਖਰੀ) ਸਾਬਤ ਹੋਇਆ। ਗੁਰੂ ਸਾਹਿਬ ਵਿਰੁੱਧ ਕਾਰਵਾਈ ਲਈ ਉਹ ਬਹਾਨੇ ਦੀ ਉਡੀਕ ਵਿਚ ਸੀ। ਗੁਰੂ ਸਾਹਿਬ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਲੋਕਾਂ ਦੇ ਭਾਰੀ ਇੱਕਠ ਸਾਹਮਣੇ ਸ਼ਹੀਦ ਕਰ ਦਿੱਤੇ ਗਏ। ਉਨ੍ਹਾਂ ਦਾ ਸੀਸ ਭਾਈ ਜੈਤਾ ਆਨੰਦਪੁਰ ਸਾਹਿਬ ਲੈ ਅਇਆ ਜਿੱਥੇ ਸੀਸ ਦਾ ਸਸਕਾਰ ਕੀਤਾ ਗਿਆ। ਗੁਰੂ ਸਾਹਿਬ ਦਾ ਧੜ ਲੱਖੀ ਸ਼ਾਹ ਲੁਬਾਣਾ ਆਪਣੇ ਸਾਥੀਆਂ ਦੀ ਮਦਦ ਨਾਲ ਉਠਾ ਕੇ ਲੈ ਗਿਆ ਤੇ ਲੁਬਾਣਾ ਬਰਾਦਰੀ ਦੇ ਬੰਦਿਆਂ ਨੇ ਧੜ ਦਾ ਸਸਕਾਰ ਕਰਨ ਖ਼ਾਤਰ ਆਪਣੇ ਘਰਾਂ ਨੂੰ ਅੱਗ ਲਗਾ ਦਿੱਤੀ। ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦੇ ਅਸਲ ਕਾਰਨਾਂ ਦਾ ਖੁਲਾਸਾ ਕਰਦਿਆਂ ਕਨਿੰਘਮ ਇੰਝ ਟਿੱਪਣੀ ਕਰਦਾ ਹੈ, ‘‘ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ (ਗੁਰੂ) ਤੇਗ ਬਹਾਦਰ ਨੂੰ 1675 ਵਿਚ ਬਾਗ਼ੀ ਕਰਾਰ ਦੇ ਕੇ ਸ਼ਹੀਦ ਕੀਤਾ ਗਿਆ ਸੀ।’’ ਇਸੇ ਤਰ੍ਹਾਂ ਵਿਲੀਅਮ ਇਰਵਿਨ ਦੱਸਦਾ ਹੈ ਕਿ ‘‘ਬਾਦਸ਼ਾਹ ਦੀਆਂ ਨਜ਼ਰਾਂ ਵਿਚ ਗੁਰੂ ਦਾ ਗੁਨਾਹ ਇਹ ਸੀ ਕਿ ਉਨ੍ਹਾਂ ਦੇ ਪੈਰੋਕਾਰ ਆਪਣੇ ਰਹਿਬਰ ਨੂੰ ‘ਸੱਚਾ ਪਾਤਸ਼ਾਹ’ ਅਰਥਾਤ ਅਸਲ ਬਾਦਸ਼ਾਹ ਮੰਨਦੇ ਸਨ।’’ ਇਨ੍ਹਾਂ ਦੋਵਾਂ ਇਤਿਹਾਸਕਾਰਾਂ ਦੀਆਂ ਧਾਰਨਾਵਾਂ ਖੁਸ਼ਵਕਤ ਰਾਏ ਦੇ ਕਥਨ ਨਾਲ ਹੋਰ ਸਪੱਸ਼ਟ ਹੁੰਦੀਆਂ ਹਨ। ਉਹ ਕਹਿੰਦਾ ਹੈ ਕਿ ਸਿੱਖ ਸੰਗਤ ਗੁਰੂ ਦੇ ਦਰਬਾਰ ਦਾ ਜਲੌਅ ਦੇਖ ਕੇ ਏਨੀ ਪ੍ਰਭਾਵਤ ਹੋ ਉੱਠੀ ਸੀ ਕਿ ਉਹ ਆਪਣੇ ਆਪ ਨੂੰ ਰਾਜ ਸੱਤਾ ਦੀ ਦਾਅਵੇਦਾਰ ਸਮਝਣ ਲੱਗੀ ਸੀ। ਲੇਖਕਾਂ ਦੀਆਂ ਇਹ ਧਾਰਨਾਵਾਂ ਔਰੰਗਜ਼ੇਬ ਦੇ ਮਨ ’ਚ ਬੈਠੇ ਭੈਅ ਦਾ ਹਕੀਕੀ ਕਾਰਨ ਸਥਾਪਤ ਕਰਦੀਆਂ ਹਨ।
ਔਰੰਗਜ਼ੇਬ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਨਤੀਜਾ ਕੀ ਨਿਕਲਿਆ? ਇਸ ਦਾ ਸ਼ਾਨਦਾਰ ਨਿਚੋੜ ਜੋਹਨ ਜੇ.ਐਫ. ਗੋਰਡੋਨ ਇੰਝ ਪੇਸ਼ ਕਰਦਾ ਹੈ, ‘‘ਦਿੱਲੀ ਵਿਚ ਸ਼ਹੀਦ ਕੀਤੇ ਗਏ ਗੁਰੂ ਤੇਗ ਬਹਾਦਰ ਦੇ ਲਹੂ ਦੇ ਬੀਜੇ ਬੀਜਾਂ ਨੇ ਬੜੀ ਭਰਵੀਂ ਫ਼ਸਲ ਦਾ ਝਾੜ ਦਿੱਤਾ।’’ ਗੁਰੂ ਜੀ ਸ਼ਹੀਦੀ ਤੋਂ ਪਹਿਲਾਂ, ਜਦੋਂ ਆਨੰਦਪੁਰ ਛੱਡਿਆ ਤਾਂ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੀ ਤਲਵਾਰ ਆਪਣੇ ਬੇਟੇ (ਗੁਰੂ) ਗੋਬਿੰਦ ਰਾਏ ਨੂੰ ਪਹਿਨਾਈ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਵਿਸ਼ੇਸ਼ ਤਲਵਾਰ ਗੁਰੂ ਤੇਗ ਬਹਾਦਰ ਜੀ ਨੇ (ਗੁਰੂ) ਗੋਬਿੰਦ ਸਿੰਘ ਨੂੰ ਭੇਜੀ ਸੀ। ਗੁਰੂ ਹਰਿਗੋਬਿੰਦ ਸਾਹਿਬ ਦੀ ਤਲਵਾਰ ਨੌਵੇਂ ਗੁਰੂ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਪਹਿਨਾਉਣਾ ਇਕ ਜੁਝਾਰੂ ਵਿਰਸਾ ਅਗਲੀ ਪੀੜ੍ਹੀ ਨੂੰ ਸੌਂਪਣ ਦਾ ਪ੍ਰਤੀਕ ਹੈ। ਉਂਝ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬੇਟੇ ਨੂੰ ਉਨ੍ਹਾਂ ਦੇ ਪੁਰਖਿਆਂ ਵੱਲੋਂ ਅਰੰਭੀ ਕ੍ਰਾਂਤੀ ਅੱਗੇ ਲਿਜਾਣ ਵਾਸਤੇ ਤਿਆਰ ਕਰਨ ਲਈ ਸ਼ਸਤਰ ਵਿੱਦਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਸੀ। ਘੋੜਸਵਾਰੀ, ਤੀਰਅੰਦਾਜ਼ੀ, ਨੇਜ਼ਾਬਾਜ਼ੀ, ਤੈਰਾਕੀ ਆਦਿ ਵੱਲ ਉਚੇਚਾ ਧਿਆਨ ਦਿੱਤਾ ਸੀ।’’ ਇਸ ਪ੍ਰਕਾਰ ਸਿੱਖ ਧਰਮ ਦੇ ਝੰਡੇ ਹੇਠ ਅੱਗੇ ਵਧ ਰਿਹਾ ਦੱਬੇ ਕੁਚਲੇ ਕਿਰਤੀ ਵਰਗਾਂ ਦੀ ਕ੍ਰਾਂਤੀ ਦਾ ਸੰਘਰਸ਼ ਲਗਾਤਾਰ 206 ਸਾਲ ਅਣਥੱਕ ਤੇ ਅਡੋਲ ਸਫ਼ਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਾ ਜਿੱਥੋਂ ਉਨ੍ਹਾਂ ਨੇ ਇਸ ਨੂੰ ਅਸਲੋਂ ਹੀ ਨਵੀਆਂ, ਪਰ ਜਜ਼ਬੇ ਭਰਪੂਰ ਬੁਲੰਦੀਆਂ ’ਤੇ ਪਹੁੰਚਾ ਦਿੱਤਾ।
Comments (0)