ਬਡੂੰਗਰ ਦੀ ਅਕਾਲੀ ਦਲ ਦਾ ‘ਸਟਾਰ ਪ੍ਰਚਾਰਕ’ ਬਣਨ ਤੋਂ ਕੋਰੀ ਨਾਂਹ

ਬਡੂੰਗਰ ਦੀ ਅਕਾਲੀ ਦਲ ਦਾ ‘ਸਟਾਰ ਪ੍ਰਚਾਰਕ’ ਬਣਨ ਤੋਂ ਕੋਰੀ ਨਾਂਹ

ਬਠਿੰਡਾ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਵਾਂ ਵਿਵਾਦ ਛਿੜਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ‘ਸਟਾਰ ਪ੍ਰਚਾਰਕ’ ਬਣਨ ਤੋਂ ਹੱਥ ਪਿਛਾਂਹ ਖਿੱਚ ਲਿਆ ਹੈ। ਉਹ ਹੁਣ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਚਾਰ ਲਈ ਨਹੀਂ ਜਾਣਗੇ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਜਿਹੜੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਸੌਂਪੀ ਹੈ, ਉਨ੍ਹਾਂ ਵਿੱਚ ਪ੍ਰੋ. ਬਡੂੰਗਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ‘ਸਟਾਰ ਪ੍ਰਚਾਰਕ’ ਗਿਆ ਬਣਾਇਆ ਹੈ। ਦੱਸਣਯੋਗ ਹੈ ਕਿ ਧਾਰਮਿਕ ਸੰਸਥਾ ਦਾ ਮੁਖੀ ਹੋਣ ਕਰਕੇ ਪ੍ਰੋ. ਬਡੂੰਗਰ ਦੇ ‘ਸਟਾਰ ਪ੍ਰਚਾਰਕ’ ਹੋਣ ‘ਤੇ ਸਵਾਲ ਉੱਠਣ ਲੱਗ ਪਏ ਸਨ।
ਇਸ ਸਬੰਧੀ ਪ੍ਰੋ. ਬਡੂੰਗਰ ਦਾ ਕਹਿਣਾ ਸੀ ਕਿ ਉਹ ਕਰੀਬ ਛੇ ਵਰ੍ਹੇ ਅਕਾਲੀ ਦਲ ਦੇ ਸਕੱਤਰ ਰਹੇ ਹਨ ਅਤੇ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ‘ਸਟਾਰ ਪ੍ਰਚਾਰਕਾਂ’ ਵਾਲੀ ਪੁਰਾਣੀ ਸੂਚੀ ਹੀ ਭੇਜ ਦਿੱਤੀ ਹੈ। ਉਨ੍ਹਾਂ ਆਖਿਆ ਕਿ ਉਹ ਚੋਣਾਂ ਵਿੱਚ ਨਹੀਂ ਜਾਣਗੇ ਅਤੇ ਧਾਰਮਿਕ ਘੇਰੇ ਤੱਕ ਹੀ ਸੀਮਿਤ ਰਹਿਣਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ‘ਸਟਾਰ ਪ੍ਰਚਾਰਕਾਂ’ ਵਾਲੀ ਸੂਚੀ ਵਿੱਚ ਪ੍ਰੋ. ਬਡੂੰਗਰ ਦੇ ਨਾਮ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਵੀ ਲਿਖਿਆ ਹੈ ਜਿਸ ਤੋਂ ਸਾਫ ਹੈ ਕਿ ਚੋਣ ਕਮਿਸ਼ਨ ਨੂੰ ਨਵੀਂ ਸੂਚੀ ਹੀ ਭੇਜੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ‘ਸਟਾਰ ਪ੍ਰਚਾਰਕਾਂ’ ਵਿੱਚ ਚਾਰ ਔਰਤਾਂ ਵੀ ਹਨ ਜਿਨ੍ਹਾਂ ਵਿੱਚ ਹਰਸਿਮਰਤ ਕੌਰ ਬਾਦਲ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ ਅਤੇ ਬੀਬੀ ਮਹਿੰਦਰ ਕੌਰ ਜੋਸ਼ ਸ਼ਾਮਲ ਹਨ।
ਕਾਂਗਰਸ ਪਾਰਟੀ ਵੱਲੋਂ ਬਣਾਏ ਗਏ ਸਟਾਰ ਪ੍ਰਚਾਰਕਾਂ ਵਿੱਚ ਬਾਲੀਵੁੱਡ ਦੀਆਂ ਸ਼ਖ਼ਸੀਅਤਾਂ ਸੋਨੂੰ ਸੂਦ ਤੇ ਰਾਜ ਬੱਬਰ ਤੋਂ ਇਲਾਵਾ ਨਵਜੋਤ ਸਿੱਧੂ ਵੀ ਸ਼ਾਮਲ ਹਨ। ਮਨਪ੍ਰੀਤ ਬਾਦਲ, ਰਾਜਾ ਵੜਿੰਗ, ਰਵਨੀਤ ਸਿੰਘ ਬਿੱਟੂ, ਲਾਲ ਸਿੰਘ ਤੇ ਸ਼ਮਸੇਰ ਸਿੰਘ ਦੂਲੋਂ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਕਾਂਗਰਸ ਦੀਆਂ ਅੱਠ ਮਹਿਲਾ ਸਟਾਰ ਪ੍ਰਚਾਰਕਾਂ ਵੀ ਪੰਜਾਬ ਚੋਣਾਂ ਵਿੱਚ ਪ੍ਰਚਾਰ ਕਰਨਗੀਆਂ। ਭਾਜਪਾ ਦੇ ਮਨੋਜ ਤਿਵਾੜੀ ਚੋਣਾਂ ਦੌਰਾਨ ਪੰਜਾਬ ਆਉਣਗੇ।
ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿੱਚ ਅਦਾਕਾਰ ਗੁਲ ਪਨਾਗ, ਜੱਸੀ ਜਸਰਾਜ ਤੇ ਕੁਮਾਰ ਵਿਸ਼ਵਾਸ ਸ਼ਾਮਲ ਹਨ ਜਦੋਂਕਿ ‘ਆਪ’ ਦੇ ਗੁਰਪ੍ਰੀਤ ਸਿੰਘ ਵੜੈਚ ਅਤੇ ਭਗਵੰਤ ਮਾਨ ਖ਼ੁਦ ਕਲਾਕਾਰ ਹਨ। ‘ਆਪ’ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਦੋ ਮਹਿਲਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਪ੍ਰੋ. ਬਲਜਿੰਦਰ ਕੌਰ ਅਤੇ ਪੂਨਮ ਆਜ਼ਾਦ ਸ਼ਾਮਲ ਹਨ। ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੇ ਸਿਰਫ਼ 18 ਸਟਾਰ ਪ੍ਰਚਾਰਕ ਬਣਾਏ ਹਨ ਜਿਨ੍ਹਾਂ ਵਿੱਚ ਪੰਜਾਬ ਵਿਚੋਂ ਸਿਰਫ਼ ਇੱਕ ਸਟਾਰ ਪ੍ਰਚਾਰਕ ਖ਼ੁਦ ਜਗਮੀਤ ਬਰਾੜ ਹਨ। ਬਾਕੀ 17 ਸਟਾਰ ਪ੍ਰਚਾਰਕ ਪੱਛਮੀ ਬੰਗਾਲ ਦੇ ਐਮ.ਪੀ. ਅਤੇ ਐਮ.ਐਲ.ਏ. ਹਨ।
ਇਨ੍ਹਾਂ ਸੂਚੀਆਂ ਨੂੰ ਘੋਖਣ ਤੋਂ ਲੱਗਦਾ ਹੈ ਕਿ ਕੌਮੀ ਸ਼ਖ਼ਸੀਅਤਾਂ ਵੱਲੋਂ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਗੇੜਾ ਲਾਇਆ ਜਾਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਕੇਂਦਰੀ ਵਿੱਤੀ ਮੰਤਰੀ ਅਰੁਣ ਜੇਤਲੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਮਲ ਹਨ।