ਨਸ਼ਾ ਵਿਰੋਧੀ ਮੁਹਿੰਮ ਨੂੰ ਰੋਕਣ ਲਈ ਮੇਰੇ ਖਿਲਾਫ ਇਰਾਦਾ ਕਤਲ ਦਾ ਝੂਠਾ ਮੁਕੱਦਮਾ ਦਰਜ ਕੀਤਾ ਗਿਆ: ਪਪਲਪ੍ਰੀਤ ਸਿੰਘ

ਨਸ਼ਾ ਵਿਰੋਧੀ ਮੁਹਿੰਮ ਨੂੰ ਰੋਕਣ ਲਈ ਮੇਰੇ ਖਿਲਾਫ ਇਰਾਦਾ ਕਤਲ ਦਾ ਝੂਠਾ ਮੁਕੱਦਮਾ ਦਰਜ ਕੀਤਾ ਗਿਆ: ਪਪਲਪ੍ਰੀਤ ਸਿੰਘ
ਪਪਲਪ੍ਰੀਤ ਸਿੰਘ

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਮਰੜੀ ਕਲਾਂ 'ਚ ਹੋਏ ਇੱਕ ਝਗੜੇ ਦੇ ਮਾਮਲੇ 'ਚ ਪੁਲਿਸ ਨੇ ਸਿੱਖ ਨੌਜਵਾਨ ਪਪਲਪ੍ਰੀਤ ਸਿੰਘ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਪਲਪ੍ਰੀਤ ਸਿੰਘ ਪਿੰਡ ਮਰੜੀ ਕਲਾ ਦਾ ਪੰਚ ਵੀ ਹੈ ਤੇ ਬੀਤੇ ਸਾਲ ਤੋਂ ਉਹ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਇਲਾਕੇ ਵਿੱਚ ਨਸ਼ੇ ਖਿਲਾਫ ਮੁਹਿੰਮ ਚਲਾ ਰਿਹਾ ਹੈ। 

ਪਪਲਪ੍ਰੀਤ ਸਿੰਘ ਨੇ ਇਸ ਪਰਚੇ ਸਬੰਧੀ ਦੱਸਿਆ ਕਿ ਉਹਨਾਂ ਵੱਲੋਂ ਚਲਾਈ ਜਾ ਰਹੀ ਨਸ਼ੇ ਖਿਲਾਫ ਮੁਹਿੰਮ ਤੋਂ ਤੰਗ ਕੁੱਝ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਉਹਨਾਂ 'ਤੇ ਇਹ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪਿੰਡ ਵਿੱਚ ਇੱਕ ਨੌਜਵਾਨ ਸੁਖਪ੍ਰੀਤ ਸਿੰਘ ਦਾ ਪਿੰਡ ਦੇ ਹੀ ਕੁੱਝ ਨੌਜਵਾਨਾਂ ਨਾਲ ਝਗੜਾ ਹੋ ਗਿਆ, ਜਿਸ ਵਿੱਚ ਉਹਨਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ ਸਿਰਫ ਇੱਕ ਨੌਜਵਾਨ ਉਹਨਾਂ ਨਾਲ ਸਮਾਜਿਕ ਕੰਮਾਂ ਵਿੱਚ ਤੁਰਦਾ ਹੈ, ਜਿਸ ਨੂੰ ਅਧਾਰ ਬਣਾਉਂਦਿਆਂ ਇਹ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ।

ਪਪਲਪ੍ਰੀਤ ਸਿੰਘ ਨੇ ਕਿਹਾ, "ਸੁਖਪ੍ਰੀਤ ਸਿੰਘ ਨੂੰ ਇਕੱਲੇ ਨੂੰ ਪਿੰਡ ਮਰੜੀ ਕਲਾਂ ਦੇ ਖੇਡ ਮੈਦਾਨ ਕੋਲ ਚਾਰ ਵਿਅਕਤੀਆਂ ਵੱਲੋਂ ਝਗੜੇ 'ਚ ਉਲਝਾਇਆ ਗਿਆ। ਜਦ ਕਿ ਉਸ ਵੇਲੇ ਮੈਂ ਆਪਣੇ ਘਰ ਸਾਂ। ਮੇਰੇ ਘਰ ਬੈਠੇ 'ਤੇ ਹੀ ਧਾਰਾ 307 ਦਾ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।"

ਉਹਨਾਂ ਕਿਹਾ ਕਿ ਇਹ ਧਾਰਾ 307 ਦਾ ਝੂਠਾ ਮੁੱਕਦਮਾ ਨਸ਼ਾ ਵਿਰੋਧੀ ਮੁਹਿੰਮ ਨੂੰ ਰੋਕਣ ਲਈ ਪਾਇਆ ਗਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ