ਬਾਦਲਾਂ ਦੇ ‘ਭਲਵਾਨ’ ਦੀ ਗ੍ਰਿਫ਼ਤਾਰੀ ਨੇ ਕਈ ਅਫ਼ਸਰ ਫਿਕਰਾਂ ਵਿੱਚ ਡੋਬੇ
ਸੇਵਾਮੁਕਤ ਆਈਏਐਸ ਅਧਿਕਾਰੀ ਦੇ ਪੁੱਤਰ ਦੀ ਕੰਪਨੀ ਨੂੰ ਵੀ ਲਾਭ ਪਹੁੰਚਾਇਆ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਮੰਡੀ ਬੋਰਡ ਦੇ ਨਿਗਰਾਨ ਇੰਜਨੀਅਰ (ਐਸਈ) ਸੁਰਿੰਦਰਪਾਲ ਸਿੰਘ ਪਹਿਲਵਾਨ ਦੀ ਗ੍ਰਿਫ਼ਤਾਰੀ ਨੇ ਕਈ ਅਫ਼ਸਰ ਫਿਕਰਾਂ ਵਿੱਚ ਡੋਬ ਦਿੱਤੇ ਹਨ। ਸੂਤਰਾਂ ਮੁਤਾਬਕ ਬਾਦਲ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਦੇ ਪੁੱਤਰ ਦੀ ਕੰਪਨੀ ਨੂੰ ਵੀ ‘ਭਲਵਾਨ’ ਨੇ ਲਾਭ ਪਹੁੰਚਾਇਆ ਹੈ। ਇਹ ਗੱਲ ਭਲਵਾਨ ਨੇ ਪੁੱਛ ਪੜਤਾਲ ਦੌਰਾਨ ਮੰਨੀ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਹਿਲਵਾਨ ਦੀ ਪੁਸ਼ਤਪਨਾਹੀ ਕਰਨ ਵਾਲੇ ਆਈਏਐਸ ਅਧਿਕਾਰੀਆਂ ਨੂੰ ਵਿਜੀਲੈਂਸ ਹੱਥ ਪਾਉਣ ਦੇ ਰੌਂਅ ਵਿੱਚ ਨਹੀਂ ਹੈ। ‘ਭਲਵਾਨ’ ਵਲੋਂ ਵੱਡੇ ਸਿਆਸਤਦਾਨਾਂ ਦੀ ‘ਸੇਵਾ’ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਵਿਜੀਲੈਂਸ ਦੇ ਇੱਕ ਸੀਨੀਅਰ ਅਫ਼ਸਰ ਦਾ ਮੰਨਣਾ ਹੈ ਕਿ ਸਰਕਾਰ ਨੇ ਹਾਲ ਦੀ ਘੜੀ ਕਿਸੇ ਹੋਰ ਅਧਿਕਾਰੀ ਖ਼ਿਲਾਫ਼ ਕਾਰਵਾਈ ਨੂੰ ਹਰੀ ਝੰਡੀ ਨਹੀਂ ਦਿੱਤੀ। ਸਰਕਾਰ ਦੇ ਨਰਮ ਰੁਖ਼ ਕਾਰਨ ਵਿਜੀਲੈਂਸ ਵਲੋਂ ਵੀ ਸੰਭਲ ਕੇ ਕਾਰਵਾਈ ਕੀਤੀ ਜਾ ਰਹੀ ਹੈ। ਵਿਜੀਲੈਂਸ ਦੀ ਪੂਰੀ ਜਾਂਚ ਹਾਲ ਦੀ ਘੜੀ ਪਹਿਲਵਾਨ ਦੁਆਲੇ ਕੇਂਦਰਤ ਹੈ। ਉਧਰ ਮੁਹਾਲੀ ਦੀ ਇੱਕ ਅਦਾਲਤ ਨੇ ਸੁਰਿੰਦਰਪਾਲ ਸਿੰਘ ਪਹਿਲਵਾਨ ਦਾ ਪੰਜ ਦਿਨਾਂ ਪੁਲੀਸ ਰਿਮਾਂਡ ਦੇ ਦਿੱਤਾ ਹੈ।
ਪੰਜਾਬ ਦਾ ਇੱਕ ਸੇਵਾਮੁਕਤ ਅਧਿਕਾਰੀ, ਜਿਸ ਨੇ ਬਾਦਲਾਂ ਦੇ ਰਾਜ ਦੌਰਾਨ ਆਪਣੇ ਪੁੱਤਰ ਦੀਆਂ ਕੰਪਨੀਆਂ ਰਾਹੀਂ ਕਈ ਵਿਭਾਗਾਂ ਤੋਂ ਵੱਡੇ ਪੱਧਰ ‘ਤੇ ਵਿੱਤੀ ਲਾਭ ਲਿਆ ਹੈ, ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਹੈ। ਇਹ ਸਾਬਕਾ ਅਧਿਕਾਰੀ ਬਾਦਲ ਪਰਿਵਾਰ ਦਾ ਕਰੀਬੀ ਰਿਹਾ ਹੈ। ਇਸ ਸੇਵਾਮੁਕਤ ਅਧਿਕਾਰੀ ਦੇ ਪੁੱਤਰ ਦੀਆਂ ਕੰਪਨੀਆਂ ਵਿਰੁੱਧ ਕਾਰਵਾਈ ਲਈ ਵਿਜੀਲੈਂਸ ਨੂੰ ਮੁੱਖ ਮੰਤਰੀ ਦਫ਼ਤਰ ਦੇ ਹੁਕਮਾਂ ਦੀ ਉਡੀਕ ਹੈ। ਵਿਜੀਲੈਂਸ ਅਧਿਕਾਰੀਆਂ ਨੇ ਲੁਧਿਆਣਾ ਦੇ ਇੱਕ ਚਾਰਟਡ ਅਕਾਊਂਟੈਂਟ (ਸੀਏ) ਤੋਂ ਵੀ ਪੁੱਛ ਪੜਤਾਲ ਕੀਤੀ ਹੈ। ਸੂਤਰਾਂ ਅਨੁਸਾਰ ਇਸੇ ਸੀਏ ਨੇ ਹੀ ਕੰਪਨੀਆਂ ਰਾਹੀਂ ਕਾਲੀ ਕਮਾਈ ਨੂੰ ਸਾਫ਼ ਕਰਨ ਦਾ ਰਾਹ ਦੱਸਿਆ ਸੀ। ਇਸ ਸੀਏ ਤੋਂ ਵਿਜੀਲੈਂਸ ਨੇ ਭਲਵਾਨ ਦੇ ਪਰਿਵਾਰ ਦੀਆਂ ਸਾਰੀਆਂ ਕੰਪਨੀਆਂ ਦਾ ਰਿਕਾਰਡ ਹਾਸਲ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਕੰਪਨੀਆਂ ਦੇ ਬੈਂਕ ਖਾਤਿਆਂ ਦੀ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ।
ਕੰਪਨੀਆਂ ਦੇ ਦਸਤਾਵੇਜ਼ਾਂ ਬਿਨਾਂ ਵਿਜੀਲੈਂਸ ਦੇ ਹੱਥ ਹੋਰ ਕੁੱਝ ਨਾ ਲੱਗਾ
ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮੁਢਲੇ ਤੌਰ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਨਾਂ ‘ਤੇ ਰਜਿਸਟਰਡ ਜਿਹੜੀਆਂ ਕੰਪਨੀਆਂ ਰਾਹੀਂ ਪੈਸੇ ਦਾ ਲੈਣ ਦੇਣ ਅਤੇ ਵਪਾਰ ਦਿਖਾਇਆ ਗਿਆ ਹੈ ਅਸਲ ਵਿੱਚ ਉਨ੍ਹਾਂ ਕੰਪਨੀਆਂ ਦੇ ਨਾਂ ‘ਤੇ ਵਪਾਰ ਕੀਤੇ ਜਾਣ ਦੇ ਪੁਖ਼ਤਾ ਸਬੂਤ ਨਹੀਂ ਮਿਲੇ ਹਨ। ਵਿਜੀਲੈਂਸ ਨੇ ਪਹਿਲਵਾਨ ਵਲੋਂ ਕੀਤੀਆਂ ਬੇਨਿਯਮੀਆਂ ਬਾਰੇ ਜਾਂਚ ਮਹੀਨਾ ਪਹਿਲਾਂ ਹੀ ਆਰੰਭ ਦਿੱਤੀ ਸੀ। ਤਲਾਸ਼ੀ ਮੁਹਿੰਮ ਦੌਰਾਨ ਕੰਪਨੀਆਂ ਦੇ ਦਸਤਾਵੇਜ਼ਾਂ ਬਿਨਾਂ ਵਿਜੀਲੈਂਸ ਦੇ ਹੱਥ ਹੋਰ ਕੁੱਝ ਨਹੀਂ ਲੱਗਾ। ਵਿਜੀਲੈਂਸ ਦੀਆਂ ਟੀਮਾਂ ਨੂੰ ਭਲਵਾਨ ਦੇ ਘਰੋਂ ਤੇ ਬੈਂਕ ਲਾਕਰਾਂ ਵਿਚੋਂ ਕੋਈ ਮੋਟੀ ਨਕਦੀ ਜਾਂ ਸੋਨਾ ਵੀ ਨਹੀਂ ਮਿਲਿਆ।
‘ਭਲਵਾਨ’ ਕੋਲ ਬਾਦਲ ਖਾਨਦਾਨ ਦੇ ‘ਦਾਮਾਦ’ ਹੋਣ ਦੀ ਡਿਗਰੀ
ਲੰਬੀ/ਬਿਊਰੋ ਨਿਊਜ਼ :
ਵਿਜੀਲੈਂਸ ਅੜਿੱਕੇ ਚੜ੍ਹੇ ਪੰਜਾਬ ਮੰਡੀ ਬੋਰਡ ਵਿੱਚ ਅੱਠ ਚਾਰਜਾਂ ਵਾਲੇ ਇੰਜਨੀਅਰ ਸੁਰਿੰਦਰਪਾਲ ਸਿੰਘ ‘ਭਲਵਾਨ’ ਕੋਲ ਬਾਦਲ ਖਾਨਦਾਨ ਦੇ ‘ਦਾਮਾਦ’ ਹੋਣ ਦੀ ਡਿਗਰੀ ਵੀ ਹੈ। ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦਾ ਭਾਣਜ ਜਵਾਈ ਹੈ। ਉਹ ਲੰਬੀ ਹਲਕੇ ਦੇ ਪਿੰਡ ਵੜਿੰਗਖੇੜਾ ਵਿੱਚ ਵਿਆਹਿਆ ਹੋਇਆ ਹੈ।
ਸੂਤਰਾਂ ਅਨੁਸਾਰ ਭਲਵਾਨ ਅਕਾਲੀ ਸਰਕਾਰ ਦੌਰਾਨ ਸੂਬੇ ਦੇ ਠੇਕੇਦਾਰਾਂ ਵਿੱਚ ਖ਼ੌਫ਼ ਦਾ ਕੇਂਦਰ ਬਣਿਆ ਰਿਹਾ। ਆਮ ਚਰਚਾ ਹੈ ਕਿ ਬਾਦਲਾਂ ਨਾਲ ਰਿਸ਼ਤੇਦਾਰੀ ਕਰ ਕੇ ਨਾ ਸਿਰਫ਼ ਉਸ ਦੀ ਪ੍ਰਸ਼ਾਸਨਿਕ ਪਹੁੰਚ ਸਿਖ਼ਰ ਉਤੇ ਪੁੱਜੀ, ਸਗੋਂ ਉਸ ਦੇ ਸਮੇਂ ਪੰਜਾਬ ਮੰਡੀ ਬੋਰਡ ਵਿੱਚ ਦਲਾਲੀ ਦੇ ਨਵੇਂ ਰਿਕਾਰਡ ਬਣੇ, ਜਿਸ ਤਹਿਤ ਠੇਕੇਦਾਰਾਂ ਤੋਂ ਠੇਕੇ ਦੀ ਅਲਾਟਮੈਂਟ ਸਮੇਂ ਕਥਿਤ ਤੌਰ ‘ਤੇ 7 ਫ਼ੀਸਦੀ ਰਕਮ ਐਡਵਾਂਸ ਲਈ ਜਾਂਦੀ ਸੀ, ਜਦੋਂ ਕਿ ਬਾਕੀ 3 ਫ਼ੀਸਦੀ ਕਮਿਸ਼ਨ (ਵੱਖਰਾ) ਅਦਾਇਗੀ ਸਮੇਂ ਲਿਆ ਜਾਂਦਾ ਸੀ।
ਸੂਤਰਾਂ ਅਨੁਸਾਰ ਭਲਵਾਨ ਦੇ ਦਬਾਅ ਮੂਹਰੇ ਈ-ਟੈਂਡਰਿੰਗ ਵੀ ਫੇਲ੍ਹ ਹੋ ਜਾਂਦੀ ਸੀ। ਠੇਕੇਦਾਰੀ ਸਿਸਟਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਭਲਵਾਨ ਦੇ ਅਖਾੜੇ ਵਿੱਚ ਕਹਿੰਦੇ ਕਹਾਉਂਦੇ ਠੇਕੇਦਾਰ ਪਾਣੀ ਭਰਦੇ ਸਨ। ਜਿਹੜਾ ਨਾਂਹ-ਨੁੱਕਰ ਕਰਦਾ ਉਹ ਕਿੱਤੇ ਤੋਂ ਪਾਸਾ ਵੱਟ ਜਾਂਦਾ ਸੀ। ਸੁਰਿੰਦਰਪਾਲ ਸਿੰਘ ਭਲਵਾਨ ਦੇ ਸਹੁਰੇ ਪਰਿਵਾਰ ਨਾਲ ਨੇੜਤਾ ਰੱਖਦੇ ਲੰਬੀ ਖੇਤਰ ਦੇ ਇਕ ਅਕਾਲੀ ਸਰਪੰਚ ਦਾ ਕਹਿਣਾ ਹੈ ਕਿ ”ਚੰਗਾ ਹੋ ਗਿਆ ਜਿਹੜਾ ਭਲਵਾਨ ਫੜਿਆ ਗਿਆ। ਉਸ ਨੇ ਸਾਡੀ ਠੇਕੇਦਾਰੀ ਛੁਡਵਾ ਦਿੱਤੀ ਸੀ। ਕਮਿਸ਼ਨ ਠੋਕ ਕੇ ਲੈਂਦਾ ਸੀ।”
ਅਕਾਲੀ ਦਲ ਦੇ ਸੂਤਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਭਲਵਾਨ ਬਠਿੰਡਾ ਲੋਕ ਸਭਾ ਚੋਣਾਂ ਮੌਕੇ ਕਈ ਵਿਧਾਨ ਸਭਾ ਹਲਕਿਆਂ ਦੀ ਚੋਣ ਦਾ ਖਰਚਾ ਚੁੱਕਦਾ ਸੀ। ਬਾਦਲ ਖ਼ਾਨਦਾਨ ਦੇ ਇਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਸਿੱਧੀ ਤਾਂ ਕੋਈ ਰਿਸ਼ਤੇਦਾਰੀ ਨਹੀਂ, ਸਗੋਂ ਖ਼ਾਨਦਾਨ ਦੀ ਨੰਬਰਦਾਰ ਪੱਤੀ ਦੇ ਨਰੋਤਮ ਸਿੰਘ ਢਿੱਲੋਂ ਦੇ ਭਾਣਜੇ ਮਰਹੂਮ ਕਾਕਾ ਪੰਮੀ ਵੜਿੰਗ ਦੇ ਭਣੋਈਆ ਹੋਣ ਕਰ ਕੇ ਰਿਸ਼ਤੇਦਾਰੀ ਨਿਕਲਦੀ ਹੈ ਪਰ ਉਹ ਦੂਰ ਦੀ ਰਿਸ਼ਤੇਦਾਰੀ ਹੈ। ਸੀਨੀਅਰ ਮੈਂਬਰ ਨੇ ਦੱਬੀ ਸੁਰ ਵਿੱਚ ਕਿਹਾ ਕਿ ”ਵੱਡੇ ਬਾਦਲ ਸਾਬ੍ਹ ਤਾਂ ਭਲਵਾਨ ਨੂੰ ਪਸੰਦ ਨਹੀਂ ਕਰਦੇ ਸਨ। ਇਹ ਤਾਂ ਛੋਟੇ ਬਾਦਲ ਦਾ ਚਹੇਤਾ ਸੀ।”
Comments (0)